ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਜ ਸਭਾ ਦੇ 259ਵੇਂ ਸੈਸ਼ਨ ਦੀ ਸਮਾਪਤੀ 'ਤੇ ਮਾਣਯੋਗ ਸਭਾਪਤੀ ਦਾ ਸੰਬੋਧਨ

Posted On: 06 APR 2023 2:49PM by PIB Chandigarh

“ਮਾਣਯੋਗ ਮੈਂਬਰ ਸਾਹਿਬਾਨ!

ਰਾਜ ਸਭਾ ਦਾ 259ਵਾਂ ਸੈਸ਼ਨ ਅੱਜ ਸਮਾਪਤ ਹੋ ਰਿਹਾ ਹੈ, ਹਾਲਾਂਕਿ ਅੱਜ ਇੱਕ ਚਿੰਤਾ ਦਾ ਵਿਸ਼ਾ ਵੀ ਹੈ।

 

ਸੰਸਦ ਲੋਕਤੰਤਰ ਦੀ ਰਾਖੀ ਹੈ ਅਤੇ ਜਨਤਾ ਸਾਡੀ ਰਾਖੀ ਹੈ ਅਤੇ ਅਸੀਂ ਜਨਤਾ ਪ੍ਰਤੀ ਜਵਾਬਦੇਹ ਹਾਂ।

 

ਜਨਤਾ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ਼ ਹੈ।

 

ਪਾਰਲੀਮੈਂਟ ਦੇ ਪਵਿੱਤਰ ਸਦਨ ਲੋਕਾਂ ਦੀ ਸਰਬਪੱਖੀ ਭਲਾਈ ਲਈ ਚਰਚਾਵਾਂ, ਵਿਚਾਰ-ਵਟਾਂਦਰਿਆਂ, ਬਹਿਸਾਂ ਅਤੇ ਫੈਸਲਿਆਂ ਲਈ ਹੁੰਦੇ ਹਨ।

 

ਕਿੰਨੀ ਵਿਅੰਗਾਤਮਕ ਗੱਲ ਹੈ ਕਿ ਅੱਜ ਸੰਸਦ ਵਿੱਚ ਅਵਿਵਸਥਾ ਇੱਕ ਨਵੀਂ ਪਰੰਪਰਾ - ਇੱਕ ਨਵਾਂ ਆਦਰਸ਼ ਬਣ ਰਹੀ ਹੈ, ਜੋ ਲੋਕਤੰਤਰ ਲਈ ਖਤਰਨਾਕ ਸਾਬਤ ਹੋ ਰਹੀ ਹੈ।

 

ਇਹ ਬਹੁਤ ਚਿੰਤਾਜਨਕ ਅਤੇ ਦਰਦਨਾਕ ਹੈ!  ਸੰਸਦ ਵਿੱਚ ਬਹਿਸ, ਸੰਵਾਦ ਅਤੇ ਵਿਚਾਰ-ਵਟਾਂਦਰੇ ਦੀ ਥਾਂ ਵਿਘਨ ਅਤੇ ਭੜਕਾਹਟ ਨੇ ਲੈ ਲਈ ਹੈ।

 

ਸੰਸਦ ਨੂੰ ਸਿਆਸੀ ਹਥਿਆਰ ਬਣਾਉਣ ਦੇ ਸਾਡੀ ਰਾਜਨੀਤੀ ਲਈ ਗੰਭੀਰ ਨਤੀਜੇ ਨਿਕਲ ਸਕਦੇ ਹਨ। ਸੰਸਦ ਦੀ ਕਾਰਵਾਈ ਠੱਪ ਹੋਣ ਕਾਰਨ ਲੋਕਾਂ ਵਿੱਚ ਵੱਡੀ ਪੱਧਰ ’ਤੇ ਨਿਰਾਸ਼ਾ ਪਾਈ ਜਾ ਰਹੀ ਹੈ।  ਅਸੀਂ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਅਤੇ ਮਖੌਲ ਦਾ ਪਾਤਰ ਬਣਦੇ ਜਾ ਰਹੇ ਹਾਂ।

 

ਸਾਨੂੰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਲੋੜ ਹੈ।

 

ਆਉਣ ਵਾਲੀ ਪੀੜ੍ਹੀ ਸਾਡਾ ਨਿਰਣਾ ਸਾਡੇ ਦੁਆਰਾ ਕੀਤੇ ਗਏ ਨਾਅਰਿਆਂ ਅਤੇ ਰੌਲੇ-ਰੱਪੇ ਤੋਂ ਨਹੀਂ ਬਲਕਿ ਦੇਸ਼ ਦੇ ਵਿਕਾਸ ਦੇ ਮਾਰਗ ਨੂੰ ਮਜ਼ਬੂਤ ​​ਕਰਨ ਲਈ ਸਾਡੇ ਵੱਲੋਂ ਪਾਏ ਗਏ ਬਹੁਪੱਖੀ ਯੋਗਦਾਨਾਂ ਤੋਂ ਕਰੇਗੀ।

 

ਬਜਟ ਸੈਸ਼ਨ ਦੇ ਪਹਿਲੇ ਹਿੱਸੇ ਦੀ ਉਤਪਾਦਕਤਾ 56.3 ਫੀਸਦੀ ਰਹੀ, ਜਦਕਿ ਦੂਜੇ ਹਿੱਸੇ ਦੀ ਉਤਪਾਦਕਤਾ ਘਟ ਕੇ ਮਹਿਜ਼ 6.4 ਫੀਸਦੀ ਰਹਿ ਗਈ। ਕੁੱਲ ਮਿਲਾ ਕੇ ਸਦਨ ਦੀ ਉਤਪਾਦਕਤਾ ਸਿਰਫ 24.4 ਫੀਸਦੀ ਰਹੀ।

 

ਰਾਜ ਸਭਾ ਦਾ ਕੰਮ-ਕਾਜ 103 ਘੰਟੇ 30 ਮਿੰਟ ਲਈ ਹੰਗਾਮੇ ਅਤੇ ਰੌਲੇ-ਰੱਪੇ ਕਾਰਨ ਠੱਪ ਰਿਹਾ।

 

ਆਓ ਸਦਨ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ 'ਤੇ ਚਿੰਤਨ ਕਰੀਏ ਅਤੇ ਇਸ ਤੋਂ ਨਿਕਲਣ ਦਾ ਰਸਤਾ ਲੱਭੀਏ।

 

ਮੈਂ ਮਾਣਯੋਗ ਉਪ-ਸਭਾਪਤੀ ਅਤੇ ਵਾਈਸ-ਚੇਅਰਪਰਸਨਾਂ ਦੇ ਪੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਸਦਨ ਦੇ ਸੰਚਾਲਨ ਵਿੱਚ ਕੀਤੇ ਗਏ ਯਤਨਾਂ ਲਈ ਸਕੱਤਰ-ਜਨਰਲ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਟੀਮ ਦਾ ਧੰਨਵਾਦ ਕਰਦਾ ਹਾਂ।

 

ਮੈਂ ਇਸ ਅਵਸਰ ‘ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਆਉਣ ਵਾਲੇ ਤਿਉਹਾਰਾਂ - ਈਸਟਰ, ਬੁੱਧ ਪੂਰਨਿਮਾ, ਈਦ ਅਤੇ ਹੋਰ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਤੁਹਾਡਾ ਧੰਨਵਾਦ। ਜੈ ਹਿੰਦ!

 

  **********

 

ਐੱਮਐੱਸ/ਆਰਕੇ/ਆਰਸੀ


(Release ID: 1914453) Visitor Counter : 115
Read this release in: English , Urdu , Hindi , Tamil