ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਦੇ ਚੇਅਰਮੈਨ ਨੇ ਕੈਥਲ, ਹਰਿਆਣਾ ਵਿੱਚ ਲਾਭ ਧਨ ਗ੍ਰਾਂਟ ਅਤੇ ਮਧੂ ਮੱਖੀ ਬਕਸੇ ਵੰਡੇ
Posted On:
31 MAR 2023 5:39PM by PIB Chandigarh
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਯੋਜਨਾ ਦੇ ਤਹਿਤ 9966 ਲਾਭਪਾਤਰੀਆਂ ਨੂੰ 245.61 ਕਰੋੜ ਰੁਪਏ ਦੀ ਲਾਭ ਧਨ ਗ੍ਰਾਂਟ ਜਾਰੀ ਕੀਤੀ। ਇਨ੍ਹਾਂ ਲਾਭਪਾਤਰੀਆਂ ਨੂੰ ਇਸ ਯੋਜਨਾ ਤਹਿਤ ਉਦਯੋਗ ਸਥਾਪਤ ਕਰਨ ਲਈ ਬੈਂਕਾਂ ਵੱਲੋਂ 739.65 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਯੂਨਿਟਾਂ ਰਾਹੀਂ ਅੰਦਾਜ਼ਨ 79,728 ਲੋਕਾਂ ਨੂੰ ਵਾਧੂ ਰੋਜ਼ਗਾਰ ਮਿਲੇਗਾ।
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਨੇ ਹਰਿਆਣਾ ਦੇ ਕੈਥਲ ਵਿੱਚ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਯੋਜਨਾ ਦੇ ਤਹਿਤ 803 ਲਾਭਪਾਤਰੀਆਂ ਦੇ ਹੱਕ ਵਿੱਚ 26.45 ਕਰੋੜ ਰੁਪਏ ਦੀ ਲਾਭ ਧਨ ਗ੍ਰਾਂਟ ਵੀ ਜਾਰੀ ਕੀਤੀ। ਇਨ੍ਹਾਂ ਲਾਭਪਾਤਰੀਆਂ ਨੂੰ ਪੀਐੱਮਈਜੀਪੀ ਅਧੀਨ ਉਦਯੋਗ ਸਥਾਪਤ ਕਰਨ ਲਈ ਬੈਂਕਾਂ ਵਲੋਂ 86.57 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਲਾਭਪਾਤਰੀਆਂ ਵੱਲੋਂ ਸਥਾਪਿਤ ਕੀਤੇ ਗਏ ਯੂਨਿਟਾਂ ਰਾਹੀਂ ਕਰੀਬ 6424 ਲੋਕਾਂ ਨੂੰ ਵਾਧੂ ਰੋਜ਼ਗਾਰ ਮਿਲੇਗਾ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਸ਼ਹਿਦ ਮਿਸ਼ਨ ਤਹਿਤ 40 ਸਿੱਖਿਅਤ ਮਧੂ ਮੱਖੀ ਪਾਲਕਾਂ ਨੂੰ 400 ਮੱਖੀਆਂ ਦੇ ਬਕਸੇ ਵੀ ਵੰਡੇ।
ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਕੁਮਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਨਾ ਕੀਤੇ ਗਏ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਪੀਐੱਮਈਜੀਪੀ ਵਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ "ਮਿੱਠੀ ਕ੍ਰਾਂਤੀ" ਦਾ ਸੱਦਾ ਸ਼ਹਿਦ ਉਤਪਾਦਨ ਉਦਯੋਗ ਵਿੱਚ ਵੱਧ ਤੋਂ ਵੱਧ ਕਿਸਾਨ ਅਤੇ ਉੱਦਮੀ ਸ਼ਾਮਲ ਹੋਣ ਕਾਰਨ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਰਿਹਾ ਹੈ। ਚੇਅਰਮੈਨ ਨੇ ਇਹ ਵੀ ਦੱਸਿਆ ਕਿ ਮਧੂ ਮੱਖੀ ਪਾਲਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਫਸਲਾਂ ਦੇ ਝਾੜ ਵਿੱਚ 25 ਤੋਂ 30 ਫੀਸਦੀ ਵਾਧਾ ਹੋਇਆ ਹੈ।
ਸ਼ਹਿਦ ਮਿਸ਼ਨ ਤਹਿਤ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਵੱਲੋਂ ਕਿਸਾਨਾਂ ਅਤੇ ਬੇਰੋਜ਼ਗਾਰ ਵਿਅਕਤੀਆਂ ਨੂੰ ਸ਼ਹਿਦ ਉਤਪਾਦਨ ਦੀ ਸਿਖਲਾਈ ਦੇਣ ਦੇ ਨਾਲ-ਨਾਲ ਮਧੂ ਮੱਖੀ ਦੇ ਬਕਸੇ ਵੀ ਵੰਡੇ ਜਾ ਰਹੇ ਹਨ। ਕਮਿਸ਼ਨ ਨੇ 18 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਸਿਖਲਾਈ ਦੇ ਕੇ ਦੇਸ਼ ਭਰ ਵਿੱਚ 1 ਲੱਖ 80 ਹਜ਼ਾਰ ਤੋਂ ਵੱਧ ਮਧੂਮੱਖੀਆਂ ਦੇ ਬਕਸੇ ਅਤੇ ਮਧੂ ਮੱਖੀ ਕਲੋਨੀਆਂ ਵੰਡੀਆਂ ਹਨ। ਕੇਵਲ ਹਰਿਆਣਾ ਵਿੱਚ ਹੀ 440 ਲਾਭਪਾਤਰੀਆਂ ਨੂੰ 4400 ਮਧੂ ਮੱਖੀ ਦੇ ਬਕਸੇ ਵੰਡੇ ਗਏ ਹਨ।
ਪਿੰਡ ਦਿਉੜਾ ਵਿੱਚ ਹੋਏ ਹਨੀ ਮਿਸ਼ਨ ਸੰਵਾਦ ਪ੍ਰੋਗਰਾਮ ਦੌਰਾਨ ਚੇਅਰਮੈਨ ਨੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਲਏ। ਉਨ੍ਹਾਂ ਖਾਦੀ ਅਤੇ ਗ੍ਰਾਮ ਉਦਯੋਗ ਸੰਸਥਾਵਾਂ ਦਾ ਵੀ ਦੌਰਾ ਕੀਤਾ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।
ਇਸ ਸਮਾਗਮ ਵਿੱਚ ਹਰਿਆਣਾ ਸਰਕਾਰ ਦੇ ਅਧਿਕਾਰੀ, ਕੇਵੀਆਈਸੀ ਕਰਮਚਾਰੀ ਅਤੇ ਸਥਾਨਕ ਪਤਵੰਤੇ ਹਾਜ਼ਰ ਸਨ।
****
ਐੱਮਜੇਪੀਐੱਸ
(Release ID: 1914286)
Visitor Counter : 91