ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ (ਡਬਲਿਊਸੀਡੀ) ਮੰਤਰਾਲੇ ਦੀ ਦੂਜੀ ਜੀ20 ਐਮਪਾਵਰ ਦੀ ਦੋ ਦਿਨਾਂ ਬੈਠਕ ਅੱਜ ਤਿਰੂਵਨੰਤਪੁਰਮ ਵਿੱਚ ‘ਮਹਿਲਾ ਸਸ਼ਕਤੀਕਰਨ: ਇਕੁਇਟੀ ਅਤੇ ਆਰਥਿਕਤਾ ਦੋਵਾਂ ਲਈ ਜਿੱਤ ਦੀ ਸਥਿਤੀ’ ਵਿਸ਼ੇ ਨਾਲ ਸ਼ੁਰੂ ਹੋਈ
ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਡਾ. ਮੁੰਜਪਾਰਾ ਮਹਿੰਦਰਭਾਈ ਨੇ ਇੱਕ ਅਜਿਹੀ ਵਾਤਾਵਰਣ ਪ੍ਰਣਾਲੀ ਦੀ ਸਿਰਜਣਾ ਵੱਲ ਕੰਮ ਕਰਨ ਦਾ ਸੱਦਾ ਦਿੱਤਾ ਜੋ ਔਰਤਾਂ ਦੀ ਉੱਦਮਤਾ ਅਤੇ ਅਗਵਾਈ ਦਾ ਪੋਸ਼ਣ ਕਰਦੀ ਹੈ
ਆਪਣੇ ਉਦਘਾਟਨੀ ਭਾਸ਼ਣ ਵਿੱਚ, ਕੇਂਦਰੀ ਰਾਜ ਮੰਤਰੀ ਨੇ ਉੱਦਮਤਾ, ਸਟੈੱਮ (STEM) ਸਿੱਖਿਆ, ਅਤੇ ਜ਼ਮੀਨੀ ਪੱਧਰ 'ਤੇ ਔਰਤਾਂ ਦੀ ਅਗਵਾਈ 'ਤੇ ਜ਼ੋਰ ਦੇ ਕੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਦੇਣ ਦੀ ਤਾਕੀਦ ਕੀਤੀ
ਸਕੱਤਰ, ਡਬਲਿਊਸੀਡੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਜੀ20 ਦੇਸ਼ਾਂ ਦੀ ਵਿਕਾਸ ਕਹਾਣੀ ਵਿੱਚ ਔਰਤਾਂ ਨੂੰ ਸਰਗਰਮ ਏਜੰਟਾਂ ਵਜੋਂ ਸ਼ਾਮਲ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਇੱਕ ਜੀਵਨ ਚੱਕਰ ਨਿਰੰਤਰ ਪਹੁੰਚ ਵਿੱਚ ਔਰਤਾਂ ਦੇ ਮੁੱਦਿਆਂ 'ਤੇ ਧਿਆਨ ਕੇਂਦ੍ਰਤ ਕਰਕੇ ਉਦਾਹਰਣ ਵਜੋਂ ਅਗਵਾਈ ਕਰਦਾ ਹੈ
ਭਾਰਤ ਦੀ ਪ੍ਰਧਾਨਗੀ ਹੇਠ ਦੂਸਰੀ ਜੀ20 ਐਮਪਾਵਰ ਮੀਟਿੰਗ ਟਿਕਾਊ ਵਿਕਾਸ ਨੂੰ ਪ੍ਰਾਪਤ ਕਰਨ ਵਿੱਚ ਲਿੰਗ ਸਮਾਨਤਾ ਅਤੇ ਔਰਤਾਂ ਦੀ ਆਰਥਿਕ ਪ੍ਰਤੀਨਿਧਤਾ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ
Posted On:
05 APR 2023 4:28PM by PIB Chandigarh
ਜੀ20 ਐਮਪਾਵਰ ਦੀ ਦੂਜੀ ਬੈਠਕ ਅੱਜ ਤਿਰੂਵਨੰਤਪੁਰਮ ਵਿੱਚ ‘ਮਹਿਲਾ ਸਸ਼ਕਤੀਕਰਨ: ਇਕੁਇਟੀ ਅਤੇ ਆਰਥਿਕਤਾ ਦੋਵਾਂ ਲਈ ਜਿੱਤ ਦੀ ਸਥਿਤੀ’ ਦੇ ਥੀਮ ਨਾਲ ਸ਼ੁਰੂ ਹੋਈ। ਦੋ-ਦਿਨਾਂ ਐਮਪਾਵਰ ਬੈਠਕ ਦੇ ਡੈਲੀਗੇਟਾਂ, ਪੈਨਲਿਸਟਾਂ ਅਤੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ (ਡਬਲਿਊਸੀਡੀ), ਡਾ. ਮੁੰਜਪਾਰਾ ਮਹਿੰਦਰਭਾਈ ਨੇ ਇੱਕ ਵਾਤਾਵਰਣ ਪ੍ਰਣਾਲੀ ਦੀ ਸਿਰਜਣਾ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ ਜੋ ਔਰਤਾਂ ਦੀ ਉੱਦਮਤਾ ਅਤੇ ਲੀਡਰਸ਼ਿਪ ਦਾ ਪੋਸ਼ਣ ਕਰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਕਾਰੋਬਾਰਾਂ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਸਲਾਹ, ਸਮਰੱਥਾ ਨਿਰਮਾਣ ਅਤੇ ਫੰਡਿੰਗ ਤੱਕ ਵਧੇਰੇ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ। ਰਾਜ ਮੰਤਰੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ, ਉੱਦਮਤਾ, ਸਟੈੱਮ (STEM) ਸਿੱਖਿਆ, ਅਤੇ ਜ਼ਮੀਨੀ ਪੱਧਰ 'ਤੇ ਔਰਤਾਂ ਦੀ ਅਗਵਾਈ 'ਤੇ ਜ਼ੋਰ ਦਿੰਦੇ ਹੋਏ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਦੀ ਤਾਕੀਦ ਕੀਤੀ। ਫੋਕਸ ਦੇ ਮੁੱਖ ਖੇਤਰਾਂ ਵਿੱਚੋਂ ਇੱਕ ਔਰਤਾਂ ਦੀ ਉੱਦਮਤਾ ਹੈ, ਜਿਸ ਨੂੰ ਭਾਰਤ ਲਿੰਗ ਸਮਾਨਤਾ ਅਤੇ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਸਮਝਦਾ ਹੈ। ਭਾਰਤ ਨੇ ਇਸ ਖੇਤਰ ਵਿੱਚ ਪਹਿਲਾਂ ਹੀ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿਸ ਨਾਲ 230 ਮਿਲੀਅਨ ਤੋਂ ਵੱਧ ਔਰਤਾਂ ਨੇ ਵਪਾਰਕ ਕਰਜ਼ੇ ਲਏ ਹਨ, ਜਿਸ ਨਾਲ ਭਾਰਤ ਦੇ ਹੇਠਲੇ ਪੱਧਰ 'ਤੇ ਉੱਦਮਤਾ ਦੇ ਮੌਕੇ ਪੈਦਾ ਹੋਏ ਹਨ।

ਰਾਜ ਮੰਤਰੀ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਰਤ ਸੰਸਾਧਨਾਂ ਤੱਕ ਪਹੁੰਚ, ਵਿੱਤ, ਅਤੇ ਡਿਜੀਟਲ ਸਾਖਰਤਾ ਦੁਆਰਾ ਔਰਤਾਂ ਅਤੇ ਲੜਕੀਆਂ ਨੂੰ ਸਸ਼ਕਤ ਕਰ ਰਿਹਾ ਹੈ - ਔਰਤਾਂ ਲਈ 257 ਮਿਲੀਅਨ ਤੋਂ ਵੱਧ ਜਨ ਧਨ ਬੈਂਕ ਖਾਤੇ ਖੋਲ੍ਹੇ ਗਏ, ਵਿੱਤੀ ਸੇਵਾਵਾਂ ਤੱਕ ਪਹੁੰਚ ਵਧਾਈ ਗਈ ਅਤੇ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ। ਦੇਸ਼ ਦਾ ਗੈਰ-ਰਵਾਇਤੀ ਖੇਤਰਾਂ ਜਿਵੇਂ ਕਿ ਹਥਿਆਰਬੰਦ ਬਲਾਂ ਵਿੱਚ ਮਹਿਲਾ ਲੀਡਰਾਂ ਦਾ ਸਮਰਥਨ ਕਰਨ ਦਾ ਇੱਕ ਮਜ਼ਬੂਤ ਟਰੈਕ ਰਿਕਾਰਡ ਹੈ, ਲਗਭਗ 2091 ਮਹਿਲਾ ਅਧਿਕਾਰੀਆਂ ਨੇ ਭਾਰਤੀ ਹਥਿਆਰਬੰਦ ਬਲਾਂ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕੀਤਾ ਹੈ।
ਰਾਜ ਮੰਤਰੀ ਨੇ ਕਿਹਾ ਕਿ ਜੀ20 ਐਮਪਾਵਰ ਦੇ ਤਹਿਤ, ਭਾਰਤ ਅੱਗੇ ਚੱਲ ਕੇ ਇੱਕ ਗਲੋਬਲ ਸਲਾਹਕਾਰ ਅਤੇ ਸਮਰੱਥਾ-ਨਿਰਮਾਣ ਪਲੈਟਫਾਰਮ ਦੀ ਸਿਰਜਣਾ, ਇੱਕ ਟਿਕਾਊ ਵਿੱਤੀ ਮਾਡਲ ਸਥਾਪਤ ਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਸਮਰਥਨ ਅਤੇ ਉਤਸ਼ਾਹਿਤ ਕਰਨ ਲਈ ਇੱਕ ਈ-ਮਾਰਕੀਟਪਲੇਸ ਸਥਾਪਿਤ ਕਰਨ ਦੀ ਕਲਪਨਾ ਕਰਦਾ ਹੈ।
ਰਾਜ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਯਾਦ ਕੀਤਾ, "ਔਰਤਾਂ ਸਾਡੇ ਸਮਾਜ ਦੀ ਰੀੜ੍ਹ ਹਨ। ਉਹ ਸਾਡੇ ਭਵਿੱਖ ਨੂੰ ਘੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੂੰ ਸਸ਼ਕਤ ਕਰਨਾ ਨਾ ਸਿਰਫ਼ ਸਾਡੀ ਨੈਤਿਕ ਜ਼ਿੰਮੇਵਾਰੀ ਹੈ, ਬਲਕਿ ਟਿਕਾਊ ਵਿਕਾਸ ਲਈ ਜ਼ਰੂਰੀ ਸ਼ਰਤ ਵੀ ਹੈ।"
ਭਾਰਤ ਵਿੱਚ ਔਰਤਾਂ ਦੇ ਸਬੰਧ ਵਿੱਚ ਨੀਤੀਗਤ ਕਾਰਵਾਈਆਂ ਬਾਰੇ ਬੋਲਦਿਆਂ, ਰਾਜ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੀ ਅੱਧੀ ਆਬਾਦੀ ਨੂੰ ਘੱਟ ਵਰਤੋਂ ਅਤੇ ਘੱਟ ਨੁਮਾਇੰਦਗੀ ਵਾਲੇ ਨਹੀਂ ਰਹਿਣ ਦੇਣਾ ਚਾਹੀਦਾ ਹੈ।
ਆਪਣੇ ਸੰਬੋਧਨ ਵਿੱਚ ਸਕੱਤਰ, ਡਬਲਿਊਸੀਡੀ, ਸ਼੍ਰੀ ਇੰਦੇਵਰ ਪਾਂਡੇ ਨੇ ਜ਼ੋਰ ਦਿੱਤਾ ਕਿ ਸਾਰੇ ਜੀ20 ਦੇਸ਼ਾਂ ਦੀ ਵਿਕਾਸ ਕਹਾਣੀ ਵਿੱਚ ਔਰਤਾਂ ਨੂੰ ਸਰਗਰਮ ਏਜੰਟਾਂ ਵਜੋਂ ਸ਼ਾਮਲ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਇੱਕ ਜੀਵਨ ਚੱਕਰ ਨਿਰੰਤਰ ਪਹੁੰਚ ਵਿੱਚ ਔਰਤਾਂ ਦੇ ਮੁੱਦਿਆਂ 'ਤੇ ਧਿਆਨ ਕੇਂਦ੍ਰਤ ਕਰਕੇ ਮਿਸਾਲ ਦੇ ਕੇ ਅਗਵਾਈ ਕਰਦਾ ਹੈ। ਸਕੱਤਰ, ਡਬਲਿਊਸੀਡੀ ਨੇ ਦੱਸਿਆ ਕਿ ਕਿਵੇਂ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ, ਆਯੁਸ਼ਮਾਨ ਭਾਰਤ (ਏਬੀ), ਭਾਰਤ ਦੇ 500 ਮਿਲੀਅਨ ਤੋਂ ਵੱਧ ਨਾਗਰਿਕਾਂ, ਜਿਨ੍ਹਾਂ ਵਿੱਚੋਂ 49.3% ਲਾਭਪਾਤਰੀਆਂ ਔਰਤਾਂ ਹਨ, ਨੂੰ ਮੁਫਤ ਇਲਾਜ ਮੁਹੱਈਆ ਕਰਵਾ ਕੇ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਪੱਧਰ 'ਤੇ ਸਿਹਤ ਸੰਭਾਲ਼ ਪ੍ਰਣਾਲੀ (ਰੋਕਥਾਮ, ਪ੍ਰਚਾਰ ਅਤੇ ਐਂਬੂਲੇਟਰੀ ਦੇਖਭਾਲ਼ ਨੂੰ ਕਵਰ ਕਰਦੀ ਹੈ) ਨੂੰ ਸੰਬੋਧਿਤ ਕਰਦੀ ਹੈ। ਇਸ ਤੋਂ ਇਲਾਵਾ, 82.7 ਮਿਲੀਅਨ ਔਰਤਾਂ ਨੂੰ ਛਾਤੀ ਦੇ ਕੈਂਸਰ ਅਤੇ 56.6 ਮਿਲੀਅਨ ਔਰਤਾਂ ਨੂੰ ਸਰਵਾਈਕਲ ਕੈਂਸਰ ਲਈ ਮੁਫ਼ਤ ਸਕੈਨ ਕੀਤਾ ਗਿਆ ਹੈ।

ਸਕੱਤਰ, ਡਬਲਿਊਸੀਡੀ ਨੇ ਇਹ ਵੀ ਦੱਸਿਆ ਕਿ ਔਰਤਾਂ ਵਿੱਚ ਮਾਹਵਾਰੀ ਦੀ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਫਾਰਮੇਸੀਆਂ (ਜਨ ਔਸ਼ਧੀ ਕੇਂਦਰਾਂ) ਰਾਹੀਂ 0.012 ਡਾਲਰ (1 ਰੁਪਏ) ਵਿੱਚ 310 ਮਿਲੀਅਨ ਆਕਸੋ-ਬਾਇਓਡੀਗ੍ਰੇਡੇਬਲ ਸੈਨੇਟਰੀ ਉਤਪਾਦ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੀ ਸਰਵਉੱਚ ਭਾਵਨਾ 'ਤੇ ਅਧਾਰਿਤ, ਤਿਰੂਵਨੰਤਪੁਰਮ ਵਿਖੇ ਜੀ20 ਐਮਪਾਵਰ ਦੀ ਮੀਟਿੰਗ ਭਾਰਤ ਅਤੇ ਦੁਨੀਆ ਭਰ ਦੀਆਂ ਕੁਝ ਚੋਟੀ ਦੀਆਂ ਮਹਿਲਾ ਲੀਡਰਾਂ, ਵਿਗਿਆਨੀਆਂ, ਖੋਜਕਰਤਾਵਾਂ, ਉੱਦਮੀਆਂ, ਸੱਭਿਆਚਾਰਕ ਕਲਾਕਾਰਾਂ ਅਤੇ ਸਮਾਜਿਕ ਦੂਰਦਰਸ਼ੀਆਂ ਨੂੰ ਇਕੱਠਾ ਕਰਦੀ ਹੈ। ਸਕੱਤਰ ਡਬਲਿਊਸੀਡੀ ਨੇ ਹਰੇਕ ਜੀ20 ਡੈਲੀਗੇਟ ਮਹਿਮਾਨ ਦੇਸ਼ ਅਤੇ ਅੰਤਰਰਾਸ਼ਟਰੀ ਸੰਗਠਨ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੀਮਾਵਾਂ ਨੂੰ ਪਾਰ ਕਰਨ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਆਪਣੇ ਵਿਅਕਤੀਗਤ ਯੋਗਦਾਨ ਦੀਆਂ ਆਪਣੀਆਂ ਉਮੀਦਾਂ ਤੋਂ ਅੱਗੇ ਵੱਧਣ।
ਉਨ੍ਹਾਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੇ ਸ਼ਬਦਾਂ ਨੂੰ ਯਾਦ ਕਰਦੇ ਹੋਏ, ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਸਮਾਪਤੀ ਕੀਤੀ, ਜਿਨ੍ਹਾਂ ਨੇ ਔਰਤਾਂ ਦੀ ਚੌਥੀ ਵਿਸ਼ਵ ਕਾਨਫਰੰਸ ਦੀ 25ਵੀਂ ਵਰ੍ਹੇਗੰਢ 'ਤੇ ਕਿਹਾ ਸੀ: "ਔਰਤਾਂ ਸੰਖਿਆਤਮਕ ਤੌਰ 'ਤੇ ਮਨੁੱਖਤਾ ਦਾ ਅੱਧਾ ਹਿੱਸਾ ਹਨ, ਪਰ ਉਨ੍ਹਾਂ ਦਾ ਪ੍ਰਭਾਵ ਸਮਾਜ, ਰਾਜਨੀਤੀ ਅਤੇ ਆਰਥਿਕਤਾ ਦੇ ਸਾਰੇ ਪਹਿਲੂਆਂ ਨੂੰ ਬਦਲ ਦਿੰਦਾ ਹੈ। ਭਾਰਤ ਵਿੱਚ, ਅਸੀਂ ਆਪਣੀ ਵਿਕਾਸ ਯਾਤਰਾ ਦੇ ਸਾਰੇ ਪਹਿਲੂਆਂ ਵਿੱਚ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਦੀ ਕੇਂਦਰੀਤਾ ਨੂੰ ਪਛਾਣਦੇ ਹਾਂ।”
ਆਪਣੇ ਸੁਆਗਤੀ ਭਾਸ਼ਣ ਵਿੱਚ, ਜੀ20 ਐਮਪਾਵਰ ਚੇਅਰ, ਡਾ. ਸੰਗੀਤਾ ਰੈੱਡੀ ਨੇ ਉਜਾਗਰ ਕੀਤਾ ਕਿ ਭਾਰਤ ਵਿੱਚ STEM ਗ੍ਰੈਜੂਏਟਾਂ ਵਿੱਚੋਂ 43% ਔਰਤਾਂ ਹਨ - ਜੋ ਕਿ ਦੁਨੀਆ ਵਿੱਚ ਸਰਵੋਤਮ ਵਿੱਚੋਂ ਇੱਕ ਹੈ; ਭਾਰਤ ਕੋਲ ਦੁਨੀਆ ਦੇ ਸਰਵਸ੍ਰੇਸ਼ਠ ਭਾਈਚਾਰਕ ਪ੍ਰੋਗਰਾਮਾਂ ਵਿੱਚੋਂ ਇੱਕ ਪ੍ਰੋਗਰਾਮ (ਕਮਿਊਨਿਟੀ ਰਿਸੋਰਸ ਪਰਸਨ (ਸੀਆਰਪੀ’ਸ) (ਜਿਵੇਂ ਕਿ ਪਸ਼ੂ ਸਾਖੀ, ਕ੍ਰਿਸ਼ੀ ਸਾਖੀ, ਬੈਂਕ ਸਾਖੀ, ਬੀਮਾ ਸਾਖੀ, ਪੋਸ਼ਨ ਸਾਖੀ ਆਦਿ) ਵਜੋਂ ਸਿਖਲਾਈ ਪ੍ਰਾਪਤ ਲਗਭਗ 4 ਲੱਖ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਮੈਂਬਰਾਂ ਨਾਲ) ਮੌਜੂਦ ਹੈ; ਅਤੇ ਡਿਜੀਟਲਾਈਜ਼ੇਸ਼ਨ ਔਰਤਾਂ ਦੇ ਵਿੱਤੀ ਅਤੇ ਆਰਥਿਕ ਸਮਾਵੇਸ਼ ਨੂੰ ਸਮਰੱਥ ਬਣਾਉਣ ਲਈ ਇੱਕ ਵਿਸ਼ਾਲ ਤਬਦੀਲੀ ਲਿਆ ਰਹੀ ਹੈ।
ਇੱਕ ਵਿਲੱਖਣ ਡਿਜੀਟਲ ਟ੍ਰੈਜੈਕਟਰੀ ਸ਼ੁਰੂ ਕਰਨ ਤੋਂ ਬਾਅਦ, ਭਾਰਤ ਅੱਜ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਤੈਨਾਤੀ ਵਿੱਚ ਮੋਹਰੀ ਹੈ - ਭਾਵੇਂ ਇਹ ਅੰਤਰ-ਕਾਰਜਸ਼ੀਲਤਾ ਦੇ ਸਿਧਾਂਤ 'ਤੇ ਅਧਾਰਿਤ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਹੋਵੇ, ਜੋ ਰਗੜ ਰਹਿਤ ਭੁਗਤਾਨ ਪ੍ਰਦਾਨ ਕਰਦਾ ਹੈ; ਜਨ ਧਨ-ਆਧਾਰ-ਮੋਬਾਈਲ (JAM) ਤ੍ਰਿਏਕ ਨੇ ਵਿੱਤੀ ਸਮਾਵੇਸ਼ ਨੂੰ ਸਮਰੱਥ ਬਣਾਇਆ ਹੈ; ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਨੇ ਕਲਿਆਣਕਾਰੀ ਸਕੀਮਾਂ ਦੀ ਸਪੁਰਦਗੀ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਡਾ. ਰੈੱਡੀ ਨੇ ਮੈਂਟਰਸ਼ਿਪ ਪਲੈਟਫਾਰਮ 'ਤੇ ਹੋਈ ਪ੍ਰਗਤੀ ਨੂੰ ਉਜਾਗਰ ਕੀਤਾ - ਜੋ ਕਿ ਜੀ20 ਮੈਂਬਰ ਮਹਿਲਾ ਪੇਸ਼ੇਵਰਾਂ ਅਤੇ ਉੱਦਮੀਆਂ ਨੂੰ ਪੇਸ਼ੇਵਰ ਮਾਰਗਦਰਸ਼ਨ ਲਈ 1-ਔਨ-1 ਸਲਾਹਕਾਰ ਅਤੇ ਡਿਜੀਟਲ ਇਨਕਲੂਜ਼ਨ ਪਲੈਟਫਾਰਮ ਤੱਕ ਪਹੁੰਚ ਕਰਨ ਲਈ ਸਮਰਥਨ ਕਰਨ ਦੀ ਕਲਪਨਾ ਕਰਦਾ ਹੈ - ਜੋ ਕਿ ਇੱਕ ਸਿੱਖਿਆ ਅਤੇ ਇੱਕ ਅਪਸਕਿਲਿੰਗ ਪੋਰਟਲ ਹੋਵੇਗਾ। ਡਾ. ਰੈੱਡੀ ਨੇ ਕਿਹਾ ਕਿ ਦੁਨੀਆ ਦੀਆਂ ਔਰਤਾਂ ਲਈ ਭਾਰਤ ਦਾ ਤੋਹਫ਼ਾ 121 ਭਾਸ਼ਾਵਾਂ ਵਿੱਚ ਉਪਲਬਧ ਇੱਕ ਡਿਜੀਟਲ ਸਮਾਵੇਸ਼ ਅਤੇ ਪ੍ਰਵਾਹ ਪਲੈਟਫਾਰਮ ਹੋਵੇਗਾ ਅਤੇ ਸਾਰੇ ਦੇਸ਼ਾਂ ਦੀ ਸਮੱਗਰੀ 'ਤੇ ਅਧਾਰਿਤ ਹੋਵੇਗਾ।
ਉਦਘਾਟਨੀ ਸੈਸ਼ਨ ਤੋਂ ਪਹਿਲਾਂ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਦੁਆਰਾ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ ਦੁਆਰਾ ਤਿਆਰ ਕੀਤੀ ਗਈ ਇਹ ਪ੍ਰਦਰਸ਼ਨੀ, ਆਰਥਿਕਤਾ ਅਤੇ ਰਵਾਇਤੀ ਉੱਦਮਾਂ 'ਤੇ ਔਰਤਾਂ ਦੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ ਅਤੇ ਕੇਰਲ ਦੇ ਸਮ੍ਰਿੱਧ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਵਿੱਚ ਔਰਤਾਂ ਦੀ ਭੂਮਿਕਾ ਨੂੰ ਦਰਸਾਉਂਦੀ ਹੈ।
ਭਾਰਤ ਦੀ ਪ੍ਰਧਾਨਗੀ ਹੇਠ ਦੂਸਰੀ ਜੀ20 ਐਮਪਾਵਰ ਬੈਠਕ ਟਿਕਾਊ ਵਿਕਾਸ ਨੂੰ ਪ੍ਰਾਪਤ ਕਰਨ ਵਿੱਚ ਲਿੰਗ ਸਮਾਨਤਾ ਅਤੇ ਔਰਤਾਂ ਦੀ ਆਰਥਿਕ ਨੁਮਾਇੰਦਗੀ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ। 2 ਦਿਨਾਂ ਮੀਟਿੰਗ ਵਿੱਚ ਵਿਭਿੰਨ ਮੁੱਖ ਵਿਸ਼ਿਆਂ 'ਤੇ ਪੈਨਲ ਵਿਚਾਰ-ਵਟਾਂਦਰਾ ਹੋਵੇਗਾ ਜਿਵੇਂ ਕਿ 'ਮੈਂਟਰਿੰਗ ਅਤੇ ਸਮਰੱਥਾ ਨਿਰਮਾਣ ਦੁਆਰਾ ਔਰਤਾਂ ਦੀ ਉੱਦਮਤਾ ਨੂੰ ਅੱਗੇ ਵਧਾਉਣਾ, ਮਾਰਕੀਟ ਤੱਕ ਪਹੁੰਚ ਅਤੇ ਵਿੱਤ, ਕਾਰੋਬਾਰਾਂ ਨੂੰ ਵਧਾਉਣ ਲਈ STEM ਸਿੱਖਿਆ ਦੀ ਭੂਮਿਕਾ ਅਤੇ ਨਵੀਨਤਾ, ਜ਼ਮੀਨੀ ਪੱਧਰ ਸਮੇਤ ਸਾਰੇ ਪੱਧਰਾਂ 'ਤੇ ਲੀਡਰਸ਼ਿਪ ਨੂੰ ਸਮਰੱਥ ਬਣਾਉਣਾ, ਸਿੱਖਿਆ ਦੀ ਗੁਣਵੱਤਾ ਅਤੇ ਪਹੁੰਚ ਲਈ ਨਿਵੇਸ਼ ਵਧਾਉਣਾ, ਡਿਜੀਟਲ ਹੁਨਰ ਅਤੇ ਭਵਿੱਖ ਲਈ ਨੌਕਰੀਆਂ।
ਐਮਪਾਵਰ ਔਰਤਾਂ ਦੀ ਆਰਥਿਕ ਪ੍ਰਤੀਨਿਧਤਾ ਦੇ ਸਸ਼ਕਤੀਕਰਨ ਅਤੇ ਪ੍ਰਗਤੀ ਲਈ ਜੀ20 ਗਠਜੋੜ ਹੈ ਜੋ ਜੀ20 ਦੇਸ਼ਾਂ ਵਿੱਚ ਔਰਤਾਂ ਦੀ ਅਗਵਾਈ ਅਤੇ ਸਸ਼ਕਤੀਕਰਨ ਨੂੰ ਤੇਜ਼ ਕਰਨ ਲਈ ਕਾਰੋਬਾਰਾਂ ਅਤੇ ਸਰਕਾਰਾਂ ਵਿਚਕਾਰ ਸਭ ਤੋਂ ਵੱਧ ਸਮਾਵੇਸ਼ੀ ਅਤੇ ਕਾਰਵਾਈ-ਸੰਚਾਲਿਤ ਗਠਜੋੜ ਬਣਨ ਦੀ ਕੋਸ਼ਿਸ਼ ਕਰਦਾ ਹੈ। ਭਾਰਤ ਦੀ ਪ੍ਰਧਾਨਗੀ ਹੇਠ ਜੀ20 ਐਮਪਾਵਰ 2023 ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਹਿਲਾ-ਅਗਵਾਈ ਵਾਲੇ ਵਿਕਾਸ ਏਜੰਡੇ ਦੇ ਵਿਜ਼ਨ ਨਾਲ ਮੇਲ ਖਾਂਦਾ ਹੈ।
**********
ਐੱਸਐੱਸ/ਏਕੇਐੱਸ
(Release ID: 1914124)