ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਜਾਂਚ ਬਿਊਰੋ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ


"ਸੀਬੀਆਈ ਨੇ ਆਪਣੇ ਕੰਮ ਅਤੇ ਸਕਿੱਲਸ ਨਾਲ ਦੇਸ਼ ਦੇ ਆਮ ਨਾਗਰਿਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ"

“ਪ੍ਰੋਫੈਸ਼ਨਲ ਅਤੇ ਦਕਸ਼ ਸੰਸਥਾਵਾਂ ਤੋਂ ਬਿਨਾਂ ਵਿਕਸਿਤ ਭਾਰਤ ਸੰਭਵ ਨਹੀਂ ਹੈ”

“ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਸੀਬੀਆਈ ਦੀ ਮੁੱਖ ਜ਼ਿੰਮੇਵਾਰੀ ਹੈ”

"ਭ੍ਰਿਸ਼ਟਾਚਾਰ ਕੋਈ ਸਾਧਾਰਣ ਅਪਰਾਧ ਨਹੀਂ ਹੈ, ਇਹ ਗਰੀਬਾਂ ਦੇ ਹੱਕ ਖੋਹ ਲੈਂਦਾ ਹੈ, ਇਹ ਹੋਰ ਵੀ ਕਈ ਅਪਰਾਧਾਂ ਨੂੰ ਜਨਮ ਦਿੰਦਾ ਹੈ, ਭ੍ਰਿਸ਼ਟਾਚਾਰ ਨਿਆਂ ਅਤੇ ਲੋਕਤੰਤਰ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ"

"ਜੈਮ ਟ੍ਰਿਨਿਟੀ ਲਾਭਾਰਥੀਆਂ ਨੂੰ ਪੂਰਾ ਲਾਭ ਯਕੀਨੀ ਬਣਾ ਰਹੀ ਹੈ"

“ਅੱਜ ਦੇਸ਼ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ”

“ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸਾਡੇ ਪ੍ਰਯਾਸਾਂ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਇਹ ਦੇਸ਼ ਦੀ ਇੱਛਾ ਹੈ, ਇਹ ਦੇਸ਼ ਵਾਸੀਆਂ ਦੀ ਇੱਛਾ ਹੈ। ਦੇਸ਼, ਕਾਨੂੰਨ ਅਤੇ ਸੰਵਿਧਾਨ ਤੁਹਾਡੇ ਨਾਲ ਹਨ”

Posted On: 03 APR 2023 1:56PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਕੇਂਦਰੀ ਜਾਂਚ ਬਿਊਰੋ ਦੀ ਸਥਾਪਨਾ 1 ਅਪ੍ਰੈਲ 1963 ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਇੱਕ ਮਤੇ ਦੁਆਰਾ ਕੀਤੀ ਗਈ ਸੀ।

 

ਪ੍ਰੋਗਰਾਮ ਦੇ ਦੌਰਾਨ, ਵਿਸ਼ਿਸ਼ਟ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਸੀਬੀਆਈ ਦੇ ਸਰਵੋਤਮ ਜਾਂਚ ਅਧਿਕਾਰੀਆਂ ਲਈ ਗੋਲਡ ਮੈਡਲ ਪ੍ਰਾਪਤ ਕਰਨ ਵਾਲਿਆਂ ਲਈ ਇੱਕ ਇਨਵੈਸਟੀਚਰ ਸੈਰੇਮਨੀ ਵੀ ਆਯੋਜਿਤ ਕੀਤੀ ਗਈ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਮੈਡਲ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨੇ ਸ਼ਿਲੌਂਗ, ਪੁਣੇ ਅਤੇ ਨਾਗਪੁਰ ਵਿਖੇ ਸੀਬੀਆਈ ਦੇ ਨਵੇਂ ਬਣੇ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਸੀਬੀਆਈ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਵਰ੍ਹੇ ਨੂੰ ਦਰਸਾਉਂਦੀ ਹੋਈ ਇੱਕ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਜਾਰੀ ਕੀਤਾ ਅਤੇ ਸੀਬੀਆਈ ਦਾ ਟਵਿੱਟਰ ਹੈਂਡਲ ਵੀ ਲਾਂਚ ਕੀਤਾ। ਉਨ੍ਹਾਂ ਨੇ ਸੀਬੀਆਈ ਦੇ ਅੱਪਡੇਟ ਕੀਤੇ ਐਡਮਿਨਿਸਟ੍ਰੇਸ਼ਨ ਮੈਨੂਅਲ, ਬੈਂਕ ਫਰਾਡਜ਼ ਉੱਤੇ ਐਨ ਅਲਮੈਨਕ - ਕੇਸ ਸਟੱਡੀਜ਼ ਐਂਡ ਲਰਨਿੰਗਜ਼, ਇਨ ਪਰਸੂਟ ਆਫ ਜਸਟਿਸ - ਸੀਬੀਆਈ ਕੇਸਾਂ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਅਤੇ ਵਿਦੇਸ਼ਾਂ ਵਿੱਚ ਸਥਿਤ ਖੁਫੀਆ ਜਾਣਕਾਰੀ ਅਤੇ ਸਬੂਤਾਂ ਦੇ ਆਦਾਨ-ਪ੍ਰਦਾਨ ਲਈ ਅੰਤਰਰਾਸ਼ਟਰੀ ਪੁਲਿਸ ਸਹਿਯੋਗ 'ਤੇ ਇੱਕ ਹੈਂਡਬੁੱਕ ਵੀ ਜਾਰੀ ਕੀਤਾ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੀਬੀਆਈ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਮੌਕੇ 'ਤੇ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸੰਸਥਾ ਨੇ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਵਜੋਂ 60 ਸਾਲਾਂ ਦਾ ਸਫ਼ਰ ਪੂਰਾ ਕੀਤਾ ਹੈ। ਇਹ ਨੋਟ ਕਰਦੇ ਹੋਏ ਕਿ ਇਨ੍ਹਾਂ ਛੇ ਦਹਾਕਿਆਂ ਦੌਰਾਨ ਸੰਸਥਾ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੀਬੀਆਈ ਨਾਲ ਸਬੰਧਿਤ ਮਾਮਲਿਆਂ ਲਈ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਇੱਕ ਸੰਗ੍ਰਹਿ ਵੀ ਅੱਜ ਲਾਂਚ ਕੀਤਾ ਗਿਆ ਹੈ ਜੋ ਸਾਨੂੰ ਸੀਬੀਆਈ ਦੇ ਇਤਿਹਾਸ ਦੀ ਝਲਕ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸ਼ਹਿਰਾਂ ਵਿੱਚ ਭਾਵੇਂ ਇਹ ਨਵੇਂ ਦਫ਼ਤਰ ਹਨ, ਟਵਿੱਟਰ ਹੈਂਡਲ ਜਾਂ ਹੋਰ ਸੁਵਿਧਾਵਾਂ ਵੀ ਅੱਜ ਸ਼ੁਰੂ ਕੀਤੀਆਂ ਗਈਆਂ ਹਨ ਜੋ ਸੀਬੀਆਈ ਨੂੰ ਮਜ਼ਬੂਤ ​​ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ, “ਆਪਣੇ ਕੰਮ ਅਤੇ ਕੌਸ਼ਲ ਦੇ ਜ਼ਰੀਏ, ਸੀਬੀਆਈ ਨੇ ਦੇਸ਼ ਦੇ ਆਮ ਨਾਗਰਿਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ।” ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਕੋਈ ਅਣਸੁਲਝਿਆ ਕੇਸ ਆਉਂਦਾ ਹੈ, ਤਾਂ ਇੱਕ ਸਾਂਝੀ ਸਹਿਮਤੀ ਬਣਦੀ ਹੈ ਕਿ ਇਸ ਕੇਸ ਨੂੰ ਸੀਬੀਆਈ ਨੂੰ ਸੌਂਪਿਆ ਜਾਵੇ। ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵਾਰ ਸੀਬੀਆਈ ਨੂੰ ਕੇਸ ਸੌਂਪੇ ਜਾਣ ਲਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਹਨ। ਪੰਚਾਇਤ ਪੱਧਰ 'ਤੇ ਵੀ ਜਦੋਂ ਕੋਈ ਮਾਮਲਾ ਉੱਠਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ, ਨਾਗਰਿਕਾਂ ਦੀ ਆਪਸੀ ਆਵਾਜ਼ ਸੀਬੀਆਈ ਜਾਂਚ ਦੀ ਮੰਗ ਕਰਦੀ ਹੈ। ਪ੍ਰਧਾਨ ਮੰਤਰੀ ਨੇ ਆਮ ਲੋਕਾਂ ਦਾ ਭਰੋਸਾ ਜਿੱਤਣ ਦੀ ਅਸਾਧਾਰਣ ਪ੍ਰਾਪਤੀ ਨੂੰ ਨੋਟ ਕਰਦੇ ਹੋਏ ਇਹ ਟਿੱਪਣੀ ਕੀਤੀ “ਸੀਬੀਆਈ ਦਾ ਨਾਮ ਹਰ ਕਿਸੇ ਦੇ ਬੁੱਲਾਂ 'ਤੇ ਹੈ। ਇਹ ਸੱਚਾਈ ਅਤੇ ਨਿਆਂ ਲਈ ਇੱਕ ਬ੍ਰਾਂਡ ਵਾਂਗ ਹੈ।” ਪ੍ਰਧਾਨ ਮੰਤਰੀ ਨੇ 60 ਵਰ੍ਹਿਆਂ ਦੇ ਇਸ ਸਫ਼ਰ ਵਿੱਚ ਸੀਬੀਆਈ ਨਾਲ ਜੁੜੇ ਸਭਨਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਬਿਊਰੋ ਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿਣ ਲਈ ਕਿਹਾ।  ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਚਿੰਤਨ ਸ਼ਿਵਿਰ ਨੂੰ ਅਤੀਤ ਤੋਂ ਸਿੱਖਣਾ ਚਾਹੀਦਾ ਹੈ ਅਤੇ ਅੰਮ੍ਰਿਤ ਕਾਲ ਦੇ ਉਸ ਮਹੱਤਵਪੂਰਨ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਦੀ ਯੋਜਨਾ ਬਣਾਉਣੀ ਚਾਹੀਦੀ ਹੈ, ਜਿਸ ਦੌਰਾਨ ਕਰੋੜਾਂ ਭਾਰਤੀਆਂ ਨੇ ਵਿਕਸਿਤ ਭਾਰਤ ਦੀ ਪ੍ਰਾਪਤੀ ਦਾ ਪ੍ਰਣ ਲਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੋਫੈਸ਼ਨਲ ਅਤੇ ਦਕਸ਼ ਸੰਸਥਾਵਾਂ ਤੋਂ ਬਿਨਾਂ ਵਿਕਸਿਤ ਭਾਰਤ ਸੰਭਵ ਨਹੀਂ ਹੈ ਅਤੇ ਇਸ ਨਾਲ ਸੀਬੀਆਈ 'ਤੇ ਵੱਡੀ ਜ਼ਿੰਮੇਵਾਰੀ ਆਉਂਦੀ ਹੈ।

 

ਪ੍ਰਧਾਨ ਮੰਤਰੀ ਨੇ ਬਹੁ-ਆਯਾਮੀ ਅਤੇ ਬਹੁ-ਅਨੁਸ਼ਾਸਨੀ ਜਾਂਚ ਏਜੰਸੀ ਦੇ ਕਾਰਨਾਮੇ ਅਰਜਿਤ ਕਰਨ ਲਈ ਸੀਬੀਆਈ ਦੀ ਸ਼ਲਾਘਾ ਕੀਤੀ ਅਤੇ ਇਸਦੇ ਵਿਸਤ੍ਰਿਤ ਖੇਤਰ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਤੌਰ 'ਤੇ ਸੀਬੀਆਈ ਦੀ ਮੁੱਖ ਜ਼ਿੰਮੇਵਾਰੀ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ। ਉਨ੍ਹਾਂ ਕਿਹਾ, “ਭ੍ਰਿਸ਼ਟਾਚਾਰ ਕੋਈ ਆਮ ਅਪਰਾਧ ਨਹੀਂ ਹੈ, ਇਹ ਗਰੀਬਾਂ ਦੇ ਅਧਿਕਾਰਾਂ ਨੂੰ ਖੋਹ ਲੈਂਦਾ ਹੈ, ਇਸ ਨਾਲ ਹੋਰ ਵੀ ਕਈ ਅਪਰਾਧ ਪੈਦਾ ਹੁੰਦੇ ਹਨ, ਭ੍ਰਿਸ਼ਟਾਚਾਰ ਨਿਆਂ ਅਤੇ ਲੋਕਤੰਤਰ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ।” ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਜਮਹੂਰੀਅਤ ਵਿੱਚ ਰੁਕਾਵਟ ਪੈਦਾ ਕਰਦਾ ਹੈ ਅਤੇ ਸਭ ਤੋਂ ਪਹਿਲੀ ਮਾਰ ਨੌਜਵਾਨਾਂ ਦੇ ਸੁਪਨੇ ਬਣਦੇ ਹਨ ਕਿਉਂਕਿ ਅਜਿਹੇ ਹਾਲਾਤ ਵਿੱਚ ਇੱਕ ਖਾਸ ਕਿਸਮ ਦਾ ਵਾਤਾਵਰਣ ਪ੍ਰਤਿਭਾ ਨੂੰ ਮਾਰਦਾ ਹੈ।  ਪ੍ਰਧਾਨ ਮੰਤਰੀ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ, ਭ੍ਰਿਸ਼ਟਾਚਾਰ ਭਾਈ-ਭਤੀਜਾਵਾਦ ਅਤੇ ਇੱਕ ਵੰਸ਼ਵਾਦੀ ਪ੍ਰਣਾਲੀ ਨੂੰ ਵਧਾਵਾ ਦਿੰਦਾ ਹੈ ਜੋ ਦੇਸ਼ ਦੀ ਤਾਕਤ ਨੂੰ ਕਮਜ਼ੋਰ ਕਰਦਾ ਹੈ, ਅਤੇ ਵਿਕਾਸ ਵਿੱਚ ਗੰਭੀਰ ਰੁਕਾਵਟ ਪੈਦਾ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਬਦਕਿਸਮਤੀ ਨਾਲ, ਭਾਰਤ ਨੂੰ ਆਜ਼ਾਦੀ ਦੇ ਸਮੇਂ ਭ੍ਰਿਸ਼ਟਾਚਾਰ ਦੀ ਵਿਰਾਸਤ ਮਿਲੀ ਅਤੇ ਇਸ ਤੱਥ 'ਤੇ ਅਫਸੋਸ ਪ੍ਰਗਟ ਕੀਤਾ ਕਿ ਇਸ ਨੂੰ ਦੂਰ ਕਰਨ ਦੀ ਬਜਾਏ, ਕੁਝ ਲੋਕ ਇਸ ਬਿਮਾਰੀ ਨੂੰ ਪਾਲਦੇ ਰਹੇ। ਉਨ੍ਹਾਂ ਨੇ ਸਿਰਫ਼ ਇੱਕ ਦਹਾਕਾ ਪਹਿਲਾਂ ਦੇ ਘੁਟਾਲਿਆਂ ਦੇ ਦ੍ਰਿਸ਼ ਅਤੇ ਦੰਡ ਦੀ ਪ੍ਰਚਲਿਤ ਭਾਵਨਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੇ ਸਿਸਟਮ ਨੂੰ ਢਾਹ ਲਾਈ ਅਤੇ ਨੀਤੀਗਤ ਅਧਰੰਗ ਦੇ ਮਾਹੌਲ ਨੇ ਵਿਕਾਸ ਨੂੰ ਰੋਕ ਦਿੱਤਾ।

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ 2014 ਤੋਂ ਬਾਅਦ ਤੋਂ ਹੀ ਸਰਕਾਰ ਦੀ ਤਰਜੀਹ ਸਿਸਟਮ ਵਿੱਚ ਵਿਸ਼ਵਾਸ ਪੈਦਾ ਕਰਨਾ ਰਹੀ ਹੈ ਅਤੇ ਇਸ ਲਈ ਸਰਕਾਰ ਨੇ ਮਿਸ਼ਨ ਮੋਡ ਵਿੱਚ ਕਾਲੇ ਧਨ ਅਤੇ ਬੇਨਾਮੀ ਜਾਇਦਾਦ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਭ੍ਰਿਸ਼ਟਾਚਾਰ ਦੇ ਕਾਰਨਾਂ ਦੇ ਨਾਲ-ਨਾਲ ਭ੍ਰਿਸ਼ਟਾਚਾਰੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰੀ ਟੈਂਡਰ ਜਾਰੀ ਕਰਨ ਦੀਆਂ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਲਿਆਉਣ ਨੂੰ ਯਾਦ ਕੀਤਾ ਅਤੇ 2ਜੀ ਅਤੇ 5ਜੀ ਸਪੈਕਟਰਮ ਅਲਾਟਮੈਂਟ ਵਿੱਚ ਅੰਤਰ ਨੂੰ ਵੀ ਉਜਾਗਰ ਕੀਤਾ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਦੇ ਹਰੇਕ ਵਿਭਾਗ ਵਿੱਚ ਖਰੀਦਦਾਰੀ ਕਰਨ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਜੀਈਐੱਮ (GeM - ਸਰਕਾਰੀ ਈ-ਮਾਰਕੇਟਪਲੇਸ) ਪੋਰਟਲ ਦੀ ਸਥਾਪਨਾ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਇੰਟਰਨੈੱਟ ਬੈਂਕਿੰਗ ਅਤੇ ਯੂਪੀਆਈ ਪਹਿਲਾਂ ਦੀ ‘ਫੋਨ ਬੈਂਕਿੰਗ’ ਦੀ ਖਰਾਬੀ ਦੇ ਬਿਲਕੁਲ ਉਲਟ ਹਨ।  ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਨੂੰ ਇੱਕ ਬਰਾਬਰੀ 'ਤੇ ਲਿਆਉਣ ਲਈ ਹਾਲ ਹੀ ਦੇ ਵਰ੍ਹਿਆਂ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਗੌੜੇ ਆਰਥਿਕ ਅਪਰਾਧੀ ਕਾਨੂੰਨ (Fugitive Economic Offenders Act) ਦਾ ਜ਼ਿਕਰ ਕੀਤਾ ਜਿਸ ਨੇ ਹੁਣ ਤੱਕ ਭਗੌੜੇ ਅਪਰਾਧੀਆਂ ਦੀਆਂ 20 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ।

 

ਸਰਕਾਰੀ ਖਜ਼ਾਨੇ ਨੂੰ ਲੁੱਟਣ ਦੇ ਦਹਾਕਿਆਂ ਪੁਰਾਣੇ ਤਰੀਕਿਆਂ ਵਿੱਚੋਂ ਇੱਕ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟ ਲੋਕ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨੂੰ ਭੇਜੀ ਜਾਂਦੀ ਸਹਾਇਤਾ ਨੂੰ ਲੁੱਟਣ ਦੀ ਹੱਦ ਤੱਕ ਚਲੇ ਜਾਂਦੇ ਸਨ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਰਾਸ਼ਨ, ਘਰ, ਵਜ਼ੀਫ਼ਾ, ਪੈਨਸ਼ਨ ਜਾਂ ਕੋਈ ਹੋਰ ਸਰਕਾਰੀ ਸਕੀਮ ਹੋਵੇ, ਅਸਲ ਲਾਭਾਰਥੀ ਹਰ ਵਾਰ ਆਪਣੇ ਆਪ ਨੂੰ ਤੰਗ ਮਹਿਸੂਸ ਕਰਦਾ ਸੀ। ਸ਼੍ਰੀ ਮੋਦੀ ਨੇ ਕਿਹਾ, “ਇਥੋਂ ਤੱਕ ਕਿ ਇੱਕ ਪ੍ਰਧਾਨ ਮੰਤਰੀ ਨੇ ਇੱਕ ਵਾਰ ਕਿਹਾ ਸੀ, ਗਰੀਬਾਂ ਨੂੰ ਭੇਜੇ ਗਏ ਹਰ ਰੁਪਏ ਦੇ ਬਦਲੇ ਸਿਰਫ 15 ਪੈਸੇ ਹੀ ਪਹੁੰਚਦੇ ਹਨ।”  ਡਾਇਰੈਕਟ ਬੈਨੀਫਿਟ ਟਰਾਂਸਫਰ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ 27 ਲੱਖ ਕਰੋੜ ਰੁਪਏ ਗਰੀਬਾਂ ਨੂੰ ਟਰਾਂਸਫਰ ਕੀਤੇ ਹਨ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਇੱਕ ਰੁਪਏ ਦੇ ਪਿੱਛੇ 15 ਪੈਸੇ ਦੇ ਸਿਧਾਂਤ ਦੇ ਅਧਾਰ 'ਤੇ 16 ਲੱਖ ਕਰੋੜ ਪਹਿਲਾਂ ਹੀ ਗਾਇਬ ਹੋ ਚੁੱਕੇ ਹੋਣਗੇ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਲਾਭਾਰਥੀਆਂ ਨੂੰ ਜਨ ਧਨ, ਆਧਾਰ ਅਤੇ ਮੋਬਾਈਲ ਦੀ ਤ੍ਰਿਏਕ ਨਾਲ ਆਪਣਾ ਪੂਰਾ ਹੱਕ ਮਿਲ ਰਿਹਾ ਹੈ, ਜਦੋਂ ਕਿ 8 ਕਰੋੜ ਤੋਂ ਵੱਧ ਫਰਜ਼ੀ ਲਾਭਾਰਥੀਆਂ ਨੂੰ ਸਿਸਟਮ ਤੋਂ ਹਟਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਡੀਬੀਟੀ ਕਾਰਨ ਦੇਸ਼ ਦੇ ਲਗਭਗ 2.25 ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਗਏ ਹਨ।”

 

ਪ੍ਰਧਾਨ ਮੰਤਰੀ ਨੇ ਇੰਟਰਵਿਊ ਦੇ ਨਾਂ 'ਤੇ ਭਰਤੀਆਂ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਸੇ ਕਰਕੇ ਕੇਂਦਰ ਵਿੱਚ ਗਰੁੱਪ ਸੀ ਅਤੇ ਗਰੁੱਪ ਡੀ ਸੇਵਾਵਾਂ ਵਿੱਚ ਇੰਟਰਵਿਊ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਯੂਰੀਆ ਨਾਲ ਸਬੰਧਿਤ ਘੁਟਾਲਿਆਂ ਨੂੰ ਯੂਰੀਆ ਦੀ ਨਿੰਮ-ਕੋਟਿੰਗ ਰਾਹੀਂ ਨੱਥ ਪਾਈ ਗਈ। ਪ੍ਰਧਾਨ ਮੰਤਰੀ ਨੇ ਰੱਖਿਆ ਸੌਦਿਆਂ ਵਿੱਚ ਵੱਧਦੀ ਪਾਰਦਰਸ਼ਤਾ ਅਤੇ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ 'ਤੇ ਜ਼ੋਰ ਦੇਣ 'ਤੇ ਵੀ ਟਿੱਪਣੀ ਕੀਤੀ।

 

ਪ੍ਰਧਾਨ ਮੰਤਰੀ ਨੇ ਜਾਂਚ ਵਿੱਚ ਦੇਰੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਦੇਰੀ ਅਤੇ ਨਿਰਦੋਸ਼ਾਂ ਨੂੰ ਤੰਗ ਪ੍ਰੇਸ਼ਾਨ ਕਰਨ ਬਾਰੇ ਲੰਮੀ ਚਰਚਾ ਕੀਤੀ। ਉਨ੍ਹਾਂ ਨੇ ਪ੍ਰਕਿਰਿਆ ਨੂੰ ਤੇਜ਼ ਕਰਨ, ਸਰਵੋਤਮ ਅੰਤਰਰਾਸ਼ਟਰੀ ਵਿਵਹਾਰਾਂ ਨੂੰ ਅਪਣਾਉਣ ਅਤੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਭ੍ਰਿਸ਼ਟਾਂ ਨੂੰ ਜਲਦੀ ਜਵਾਬਦੇਹ ਠਹਿਰਾਉਣ ਦਾ ਰਾਹ ਸਾਫ ਕੀਤਾ ਜਾ ਸਕੇ।

 

ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ "ਅੱਜ ਦੇਸ਼ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ।" ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਭ੍ਰਿਸ਼ਟਾਂ ਦੇ ਖਿਲਾਫ ਬਿਨਾਂ ਕਿਸੇ ਝਿਜਕ ਦੇ ਕਾਰਵਾਈ ਕਰਨ, ਭਾਵੇਂ ਉਹ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ। ਉਨ੍ਹਾਂ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰੀਆਂ ਦੀਆਂ ਸ਼ਕਤੀਆਂ ਦੇ ਇਤਿਹਾਸ ਅਤੇ ਉਨ੍ਹਾਂ ਦੁਆਰਾ ਜਾਂਚ ਏਜੰਸੀਆਂ ਨੂੰ ਦਾਗਦਾਰ ਕਰਨ ਲਈ ਬਣਾਈ ਗਈ ਵਾਤਾਵਰਣ ਪ੍ਰਣਾਲੀ ਤੋਂ ਨਾ ਘਬਰਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ “ਇਹ ਲੋਕ ਤੁਹਾਡਾ ਧਿਆਨ ਭਟਕਾਉਂਦੇ ਰਹਿਣਗੇ, ਪਰ ਤੁਹਾਨੂੰ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸਾਡੇ ਪ੍ਰਯਾਸਾਂ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਇਹ ਦੇਸ਼ ਦੀ ਇੱਛਾ ਹੈ, ਇਹ ਦੇਸ਼ ਵਾਸੀਆਂ ਦੀ ਇੱਛਾ ਹੈ। ਦੇਸ਼, ਕਾਨੂੰਨ ਅਤੇ ਸੰਵਿਧਾਨ ਤੁਹਾਡੇ ਨਾਲ ਹਨ।”

 

ਪ੍ਰਧਾਨ ਮੰਤਰੀ ਨੇ ਬਿਹਤਰ ਨਤੀਜਿਆਂ ਲਈ ਵੱਖੋ-ਵੱਖ ਏਜੰਸੀਆਂ ਦਰਮਿਆਨ ਸਿਲੋਜ਼ ਨੂੰ ਖ਼ਤਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਦੁਹਰਾਇਆ ਕਿ ਸਾਂਝੀ ਅਤੇ ਬਹੁ-ਅਨੁਸ਼ਾਸਨੀ ਜਾਂਚ ਆਪਸੀ ਭਰੋਸੇ ਦੇ ਮਾਹੌਲ ਵਿੱਚ ਹੀ ਸੰਭਵ ਹੋਵੇਗੀ। ਅੰਤਰਰਾਸ਼ਟਰੀ ਲੈਣ-ਦੇਣ ਅਤੇ ਭੂਗੋਲਿਕ ਸੀਮਾਵਾਂ ਤੋਂ ਬਾਹਰ ਵੀ ਵੱਡੇ ਪੱਧਰ 'ਤੇ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਸ਼ਕਤੀ ਵਧ ਰਹੀ ਹੈ ਜਦਕਿ ਰੁਕਾਵਟਾਂ ਪੈਦਾ ਕਰਨ ਵਾਲੇ ਵੀ ਵਧ ਰਹੇ ਹਨ।  ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਭਾਰਤ ਦੇ ਸਮਾਜਿਕ ਤਾਣੇ-ਬਾਣੇ, ਇਸ ਦੀ ਏਕਤਾ ਅਤੇ ਭਾਈਚਾਰਕ ਸਾਂਝ, ਇਸ ਦੇ ਆਰਥਿਕ ਹਿੱਤਾਂ ਅਤੇ ਇਸ ਦੀਆਂ ਸੰਸਥਾਵਾਂ 'ਤੇ ਵੀ ਹਮਲੇ ਵਧਣਗੇ। ਉਨ੍ਹਾਂ ਅਪਰਾਧ ਅਤੇ ਭ੍ਰਿਸ਼ਟਾਚਾਰ ਦੇ ਬਹੁ-ਰਾਸ਼ਟਰੀ ਸੁਭਾਅ ਨੂੰ ਸਮਝਣ ਅਤੇ ਅਧਿਐਨ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ "ਭ੍ਰਿਸ਼ਟਾਚਾਰ ਦਾ ਪੈਸਾ ਇਸ 'ਤੇ ਖਰਚ ਕੀਤਾ ਜਾਵੇਗਾ।” ਜਾਂਚ ਵਿੱਚ ਫੋਰੈਂਸਿਕ ਸਾਇੰਸ ਦੀ ਵਰਤੋਂ ਨੂੰ ਹੋਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਆਧੁਨਿਕ ਟੈਕਨੋਲੋਜੀ ਕਾਰਨ ਅਪਰਾਧ ਗਲੋਬਲ ਬਣ ਰਹੇ ਹਨ, ਪਰ ਇਹ ਇੱਕ ਹੱਲ ਵੀ ਹੈ।”

 

ਪ੍ਰਧਾਨ ਮੰਤਰੀ ਨੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਇੱਕ ਇਨੋਵੇਟਿਵ ਪਹੁੰਚ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟੈੱਕ-ਸਮਰਥਿਤ ਉੱਦਮੀਆਂ ਅਤੇ ਨੌਜਵਾਨਾਂ ਨੂੰ ਜੋੜਨ ਅਤੇ ਵਿਭਾਗ ਵਿੱਚ ਟੈੱਕ-ਗਿਆਨ ਰੱਖਣ ਵਾਲੇ ਨੌਜਵਾਨ ਅਫਸਰਾਂ ਦੀ ਬਿਹਤਰ ਵਰਤੋਂ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਬਿਊਰੋ ਵਿੱਚ 75 ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਨੂੰ ਕੰਪਾਇਲ ਕਰਨ ਲਈ ਸੀਬੀਆਈ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਸਮਾਂਬੱਧ ਤਰੀਕੇ ਨਾਲ ਇਸ 'ਤੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੰਸਥਾ ਦੇ ਵਿਕਾਸ ਦੀ ਪ੍ਰਕਿਰਿਆ ਅਣਥੱਕ ਜਾਰੀ ਰਹਿਣੀ ਚਾਹੀਦੀ ਹੈ।

 

ਇਸ ਮੌਕੇ 'ਤੇ ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਕੇਂਦਰੀ ਰਾਜ ਮੰਤਰੀ, ਸ਼੍ਰੀ ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਅਤੇ ਸੀਬੀਆਈ ਦੇ ਡਾਇਰੈਕਟਰ ਸ਼੍ਰੀ ਸੁਬੋਧ ਕੁਮਾਰ ਜੈਸਵਾਲ ਮੌਜੂਦ ਸਨ।

 

 

 

 

 

 

 

 

 

 

 

 *********


ਡੀਐੱਸ/ਟੀਐੱਸ



(Release ID: 1913949) Visitor Counter : 108