ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਯੂਕੋ ਬੈਂਕ ਦੇ 80 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਸਮਾਰੋਹ ਵਿੱਚ ਹਿੱਸਾ ਲਿਆ

Posted On: 28 MAR 2023 1:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (28 ਮਾਰਚ, 2023) ਕੋਲਕਾਤਾ ਵਿੱਚ ਯੂਕੋ ਬੈਂਕ ਦੇ 80 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ’ਤੇ, ਰਾਸ਼ਟਰਪਤੀ ਨੇ ਵਰਚੁਅਲੀ ਯੂਕੋ ਬੈਂਕ ਦੀਆਂ 50 ਨਵੀਆਂ ਸ਼ਾਖ਼ਾਵਾਂ (ਬ੍ਰਾਂਚਾਂ) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਯੂਕੋ ਬੈਂਕ ਦੀ ਸੀਐੱਸਆਰ ਪਹਿਲ ਦੇ ਤਹਿਤ ਓਡੀਸ਼ਾ ਦੇ ਰਾਏਰੰਗਪੁਰ ਵਿੱਚ ਸ਼੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਐਂਡ ਰਿਸਰਚ ਸੈਂਟਰ ਦੇ ਨਵੀਨੀਕਰਨ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ।

ਇਸ ਅਵਸਰ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਯੂਕੋ ਬੈਂਕ 1943 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਬੈਂਕਿੰਗ ਸੈਕਟਰ ਵਿੱਚ ਮਾਰਗਦਰਸ਼ਕ ਅਤੇ ਮੋਹਰੀ ਰਿਹਾ ਹੈ। ਇਸ ਨੇ ਖੇਤੀਬਾੜੀ, ਉਦਯੋਗ, ਵਪਾਰ, ਇਨਫ੍ਰਾਸਟ੍ਰਕਚਰ ਅਤੇ ਸਮਾਜਿਕ ਭਲਾਈ ਜਿਹੇ ਵਿਭਿੰਨ ਖੇਤਰਾਂ ਵਿੱਚ ਰਿਣ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਕੇ ਸਾਡੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨੇ ਵਿਭਿੰਨ ਸਰਕਾਰੀ ਯੋਜਨਾਵਾਂ ਅਤੇ ਪਹਿਲਾਂ ਦਾ ਸਮਰਥਨ ਕਰਕੇ ਦੇਸ਼ ਦੀ ਪ੍ਰਗਤੀ ਵਿੱਚ ਵੀ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੂਕੋ ਬੈਂਕ ਆਉਣ ਵਾਲੇ ਵਰ੍ਹਿਆਂ ਵਿੱਚ ਆਪਣੀ ਵਿਰਾਸਤ ਅਤੇ ਪ੍ਰਤਿਸ਼ਠਾ ਨੂੰ ਬਣਾਈ ਰੱਖੇਗਾ ਅਤੇ ਬਦਲਾਆਂ ਅਤੇ ਇਨੋਵੇਸ਼ਨ ਨੂੰ ਅਪਣਾਉਂਦੇ ਹੋਏ ਆਪਣੀਆਂ ਮੂਲਭੂਤ ਕਦਰਾਂ-ਕੀਮਤਾਂ ਅਤੇ ਸਿਧਾਂਤਾਂ  ਦੇ  ਪ੍ਰਤੀ ਵਚਨਬੱਧ ਰਹੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਬੈਂਕਾਂ ਦੀਆਂ ਦੋ ਪ੍ਰਮੁਖ ਜ਼ਿੰਮੇਦਾਰੀਆਂ ਹੁੰਦੀਆਂ ਹਨ। ਪਹਿਲਾ, ਉਨ੍ਹਾਂ ਨੂੰ ਜਨਤਾ ਦੇ ਪੈਸੇ ਦੇ ਸਰੱਖਿਅਕ ਦੀ ਭੂਮਿਕਾ ਨਿਭਾਉਣਾ ਹੁੰਦੀ ਹੈ। ਦੂਸਰਾ, ਉਨ੍ਹਾਂ ਨੂੰ ਭਵਿੱਖ ਦੇ ਲਈ ਅਸਾਸਿਆਂ ਦਾ ਨਿਰਮਾਣ ਕਰਨ ਲਈ ਅੱਜ ਦੀ ਬੱਚਤ ਦਾ ਉਪਯੋਗ ਕਰਨਾ ਹੁੰਦਾ ਹੈ। ਇਨ੍ਹਾਂ ਦੋਹਾਂ ਜ਼ਿੰਮੇਦਾਰੀਆਂ ਦੇ ਦਰਮਿਆਨ ਸੰਤੁਲਨ ਬਿਠਾਉਣਾ ਹਰ ਬੈਂਕ ਦੇ ਲਈ ਇੱਕ ਚੁਣੌਤੀ ਹੈ। ਸਹੀ ਸੰਤੁਲਨ ਬਿਠਾਉਣ ਵਿੱਚ ਹੋਣ ਵਾਲੀ ਅਸਫ਼ਲਤਾ ਨੇ ਕਦੇ-ਕਦੇ ਵਿਸ਼ਵ ਦੇ ਵਿਭਿੰਨ ਹਿੱਸਿਆਂ ਵਿੱਚ ਆਰਥਿਕ ਚਿੰਤਾਵਾਂ ਨੂੰ ਜਨਮ ਦਿੱਤਾ ਹੈ। ਬੈਂਕ ਉਨ੍ਹਾਂ ਲੱਖਾਂ ਲੋਕਾਂ ਦੇ ਭਰੋਸੇ ਨੂੰ ਬਣਾਈ ਰੱਖਣ ਦੇ ਲਈ ਕਰਤੱਵ ਬੱਧ ਹਨ, ਜੋ ਆਪਣੇ ਬੱਚਤ ਦੇ ਪੈਸਿਆਂ ਨੂੰ ਬੈਂਕਾਂ ਵਿੱਚ ਰੱਖਦੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੂਕੋ ਬੈਂਕ ਦੇ ਪੇਸ਼ੇਵਰ ਕਰਮਚਾਰੀ (ਸਟਾਫ਼) ਅਤੇ ਸੁਚੇਤ ਲੀਡਰਸ਼ਿਪ ਪ੍ਰਭਾਵੀ ਤਰੀਕੇ ਨਾਲ ਇਹ ਜ਼ਿੰਮੇਦਾਰੀਆਂ ਨਿਭਾਉਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਫਿਨ-ਟੈੱਕ ਲੋਕਾਂ ਦੇ ਆਪਣੇ ਧਨ ਤੱਕ ਪਹੁੰਚ ਅਤੇ ਉਸ ਦਾ ਪ੍ਰਬੰਧਨ ਕਰਨ ਦੇ ਤਰੀਕਿਆਂ ਵਿੱਚ ਬਦਲਾਅ ਲਿਆ ਰਿਹਾ ਹੈ। ਭਾਰਤ ਵਿੱਚ, ਵਿਆਪਕ ਪੈਮਾਨੇ ’ਤੇ, ਇੱਥੋਂ ਤੱਕ ਕਿ ਸਭ ਤੋਂ ਗ਼ਰੀਬ ਅਤੇ ਦੂਰ-ਦੁਰਾਜ ਦੇ ਇਲਾਕਿਆਂ ਵਿੱਚ ਵੀ ਫਿਨ-ਟੈੱਕ ਨੂੰ ਅਪਣਾਇਆ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਵਿੱਚ ਲੋਕ ਅਜਿਹੀ ਤਕਨੀਕ ਨੂੰ ਅਪਣਾਉਣ ਦੇ ਲਈ ਤਿਆਰ ਹਨ ਜੋ ਉਨ੍ਹਾਂ ਨੂੰ ਸਸ਼ਕਤ ਬਣਾਉਂਦੀ ਹੋਵੇ ਅਤੇ ਸਮਾਜਿਕ ਨਿਆਂ ਪ੍ਰਦਾਨ ਕਰਦੀ ਹੋਵੇ। ਅੱਜ, ਯੂਪੀਆਈ ਨੂੰ ਵਿਆਪਕ ਤੌਰ ‘ਤੇ ਆਲਮੀ ਪੱਧਰ ’ਤੇ ਸਭ ਤੋਂ ਸਫ਼ਲ ਫਿਨ-ਟੈੱਕ ਇਨੋਵੇਸ਼ਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- 

***

ਡੀਐੱਸ/ਏਕੇ



(Release ID: 1911781) Visitor Counter : 84