ਸੈਰ ਸਪਾਟਾ ਮੰਤਰਾਲਾ
azadi ka amrit mahotsav

ਭਾਰਤ 17-18 ਮਾਰਚ, 2023 ਨੂੰ ਕਾਸ਼ੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਟੂਰਿਜ਼ਮ ਮੰਤਰੀਆਂ ਦੀ ਮੀਟਿੰਗ (ਟੀਐੱਮਐੱਮ) ਦੀ ਮੇਜ਼ਬਾਨੀ ਕਰੇਗਾ


17 ਮਾਰਚ, 2023 ਨੂੰ ਟੂਰਜ਼ਿਮ ਮੰਤਰੀਆਂ ਦੀ ਮੀਟਿੰਗ ਵਿੱਚ ਸੰਯੁਕਤ ਟੂਰਿਜ਼ਮ ਕਾਰਜ ਯੋਜਨਾ ਨੂੰ ਅਪਣਾਇਆ ਜਾਵੇਗਾ

Posted On: 13 MAR 2023 6:08PM by PIB Chandigarh

ਭਾਰਤ 17 ਅਤੇ 18 ਮਾਰਚ, 2023 ਨੂੰ ਕਾਸ਼ੀ (ਵਾਰਾਣਸੀ) ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਟੂਰਿਜ਼ਮ ਮੰਤਰੀਆਂ ਦੀ ਮੀਟਿੰਗ (ਟੀਐੱਮਐੱਮ) ਦੀ ਮੇਜ਼ਬਾਨੀ ਕਰੇਗਾ। ਕਾਸ਼ੀ ਨੂੰ ਐੱਸਸੀਓ ਦੀ ਪਹਿਲੀ ਸੱਭਿਆਚਾਰਕ ਰਾਜਧਾਨੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਰਤਮਾਨ ਵਿੱਚ ਭਾਰਤ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦਾ ਪ੍ਰਧਾਨ ਹੈ।

 

ਇਸ ਮੀਟਿੰਗ ਦੇ ਦੌਰਾਨ ਐੱਸਸੀਓ ਮੈਂਬਰ ਦੇਸ਼ਾਂ ਦੇ ਵਿੱਚ ਟੂਰਿਜ਼ਮ ਖੇਤਰ ਵਿੱਚ ਸਹਿਯੋਗ ਦੇ ਵਿਕਾਸ ਨੂੰ ਲੈ ਕੇ ਸੰਯੁਕਤ ਟੂਰਿਜ਼ਮ ਕਾਰਜ ਯੋਜਨਾ ਅਪਣਾਈ ਜਾਵੇਗੀ। ਇਸ ਤੋਂ ਪਹਿਲਾਂ 14 ਅਤੇ 15 ਮਾਰਚ, 2023 ਨੂੰ ਦੂਜੀ ਟੂਰਿਜ਼ਮ ਮਾਹਿਰ ਵਰਕਿੰਗ ਗਰੁੱਪ ਦੀ ਮੀਟਿੰਗ ਹੋਵੇਗੀ। ਇਸ ਵਿੱਚ 17 ਮਾਰਚ, 2023 ਨੂੰ ਐੱਸਸੀਓ ਟੂਰਿਜ਼ਮ ਮੰਤਰੀਆਂ ਦੀ ਮੀਟਿੰਗ ਵਿੱਚ ਅਪਣਾਏ ਜਾਣ ਤੋਂ ਪਹਿਲਾਂ ਸੰਯੁਕਤ ਟੂਰਿਜ਼ਮ ਕਾਰਜ ਯੋਜਨਾ ’ਤੇ ਚਰਚਾ ਕੀਤੀ ਜਾਵੇਗੀ ਅਤੇ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਦੂਜੀ ਈਡਬਲਿਯੂਜੀ ਮੀਟਿੰਗ ਦੇ ਦੌਰਾਨ ਚਰਚਾ ਕੀਤੀ ਜਾਣ ਵਾਲੀ ਸੰਯੁਕਤ ਕਾਰਜ ਯੋਜਨਾ ਵਿੱਚ ਵੱਖ-ਵੱਖ ਵਿਸ਼ੇ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਐੱਸਸੀਓ ਟੂਰਿਜ਼ਮ ਬ੍ਰਾਂਡ ਦੇ ਪ੍ਰਚਾਰ ਨਾਲ ਸੰਬੰਧਿਤ ਕੰਮ, ਟੂਰਿਜ਼ਮ ਵਿੱਚ ਐੱਸਸੀਓ ਮੈਂਬਰ ਦੇਸ਼ਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ, ਟੂਰਿਜ਼ਮ ਵਿੱਚ ਸੂਚਨਾ ਅਤੇ ਡਿਜੀਟਲ ਟੈਕਨੋਲੋਜੀ ਨੂੰ ਸਾਂਝਾ ਕਰਨਾ, ਮੈਡੀਕਲ ਅਤੇ ਸਿਹਤ ਟੂਰਿਜ਼ਮ ਵਿੱਚ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਸ਼ਾਮਲ ਹਨ। ਇਸ ਸੰਯੁਕਤ ਕਾਰਜ ਯੋਜਨਾ ਨੂੰ ਕਾਸ਼ੀ ਵਿੱਚ 17 ਮਾਰਚ, 2023 ਨੂੰ ਐੱਸਸੀਓ ਟੂਰਿਜ਼ਮ ਮੰਤਰੀਆਂ ਦੀ ਮੀਟਿੰਗ ਵਿੱਚ ਅਪਣਾਇਆ ਜਾਵੇਗਾ।

ਭਾਰਤ ਨੇ 2023 ਦੇ ਲਈ ਐੱਸਸੀਓ (ਸ਼ੰਘਾਈ ਸਹਿਯੋਗ ਸੰਗਠਨ) ਦੀ ਪ੍ਰਧਾਨਗੀ ਪ੍ਰਾਪਤ ਕੀਤੀ ਹੈ। ਭਾਰਤ ਦੀ ਪ੍ਰਧਾਨਗੀ ਦੇ ਇੱਕ ਹਿੱਸੇ ਦੇ ਤਹਿਤ ਭਾਰਤ ਸਰਕਾਰ ਦੇ ਟੂਰਿਜ਼ਮ  ਮੰਤਰਾਲੇ ਨੇ ਵੱਖ-ਵੱਖ ਟੂਰਿਜ਼ਮ ਟਰੈਕ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ। ਇਨ੍ਹਾਂ ਵਿੱਚ (i) 9 ਤੋਂ 11 ਫਰਵਰੀ 2023 ਤੱਕ ਐੱਸਏਟੀਟੀਈ (ਸਾਊਥ ਏਸ਼ੀਆ ਟਰੈਵਲ ਐਂਡ ਟੂਰਿਜ਼ਮ ਐਕਸਚੇਂਜ) ਦੇ ਦੌਰਾਨ ਐੱਸਸੀਓ ਟੂਰਿਜ਼ਮ ਮਾਰਕੀਟ (ਮਾਰਟ), (ii) 13 ਤੋਂ 18 ਮਾਰਚ 2023 ਤੱਕ ਕਾਸ਼ੀ (ਵਾਰਾਣਸੀ) ਵਿੱਚ ਐੱਸਸੀਓ ਮਾਹਿਰ ਪੱਧਰੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਅਤੇ ਐੱਸਸੀਓ ਟੂਰਿਜ਼ਮ ਮੰਤਰੀ ਦੀ ਮੀਟਿੰਗ, ਅਤੇ (iii) 13-19 ਅਪ੍ਰੈਲ, 2023 ਤੱਕ ਮੁੰਬਈ ਵਿੱਚ ਐੱਸਸੀਓ ਫੂਡ ਫੈਸਟੀਵਲ ਸ਼ਾਮਲ ਹੈ।

ਐੱਸਸੀਓ ਦੇ ਅੱਠ ਮੈਂਬਰ ਦੇਸ਼ ਵਿਸ਼ਵ ਦੀ ਜਨਸੰਖਿਆ ਦਾ ਲਗਭਗ 42 ਫੀਸਦੀ ਅਤੇ ਗਲੋਬਲ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 25 ਫੀਸਦੀ ਹਿੱਸੇ ਦਾ ਪ੍ਰਤੀਨਿਧੀਤਵ ਕਰਦੇ ਹਨ। ਇਸ ਖੇਤਰ ਵਿੱਚ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਹਨ, ਜਿਸ ਨੂੰ ਐੱਸਸੀਓ ਦੇਸ਼ਾਂ ਬਾਰੇ ਜਾਗਰੂਕਤਾ ਵਿੱਚ ਵਾਧਾ ਕਰਕੇ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਐੱਸਸੀਓ ਮੈਂਬਰ ਦੇਸ਼ਾਂ, ਨਿਰੀਖਕਾਂ ਅਤੇ ਹਿੱਸੇਦਾਰਾਂ ਦੀ ਕੁੱਲ ਸੱਭਿਆਚਾਰਕ ਵਿਰਾਸਤ ਵਿੱਚ 207 ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ ਸ਼ਾਮਲ ਹਨ। ਇਸ ਖੇਤਰ ਦੀ ਵਿਲੱਖਣ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਐੱਸਸੀਓ ਮੈਂਬਰ ਦੇਸ਼ਾਂ ਨੇ ਰੋਟੇਟਿੰਗ ਪਹਿਲ ਦੇ ਤਹਿਤ ਹਰ ਸਾਲ ਇੱਕ ਸ਼ਹਿਰ (ਐੱਸਸੀਓ ਮੈਂਬਰ ਦੇਸ਼ਾਂ ਵਿੱਚੋਂ) ਨੂੰ ਟੂਰਿਜ਼ਮ ਅਤੇ ਸੱਭਿਆਚਾਰਕ ਰਾਜਧਾਨੀ ਦੇ ਰੂਪ ਵਿੱਚ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ। ਇਹ ਵਰਣਨਯੋਗ ਹੈ ਕਿ ਇਸ ਪਹਿਲ ਦੇ ਤਹਿਤ “ਕਾਸ਼ੀ” (ਵਾਰਾਣਸੀ) ਨੂੰ ਐੱਸਸੀਓ ਦੀ ਪਹਿਲੀ ਸੱਭਿਆਚਾਰਕ ਰਾਜਧਾਨੀ ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਹੈ।

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਇੱਕ ਅੰਤਰ ਸਰਕਾਰੀ ਸੰਗਠਨ ਹੈ, ਜਿਸ ਦੀ ਸਥਾਪਨਾ 15 ਜੂਨ, 2001 ਨੂੰ ਸ਼ੰਘਾਈ ਵਿੱਚ ਕੀਤੀ ਗਈ ਸੀ। ਵਰਤਮਾਨ ਵਿੱਚ ਐੱਸਸੀਓ ਵਿੱਚ ਅੱਠ ਮੈਂਬਰ ਦੇਸ਼ (ਚੀਨ, ਭਾਰਤ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਰੂਸ, ਪਾਕਿਸਤਾਨ, ਤਜ਼ਾਕਿਸਤਾਨ, ਅਤੇ ਉਜ਼ਬੇਕਿਸਤਾਨ), ਪੂਰੀ ਮੈਂਬਰਸ਼ਿਪ ਗ੍ਰਹਿਣ ਕਰਨ ਦੇ ਚਾਹਵਾਨ ਚਾਰ ਨਿਰੀਖਕ ਰਾਜ (ਅਫ਼ਗ਼ਾਨਿਸਤਾਨ, ਬੇਲਾਰੂਸ, ਈਰਾਨ ਅਤੇ ਮੰਗੋਲੀਆ) ਅਤੇ ਛੇ “ਡਾਇਲੋਗ ਪਾਰਟਨਰ” (ਅਰਮੇਨੀਆ, ਅਜ਼ਰਬਾਈਜਾਨ, ਕੰਬੋਡੀਆ, ਨੇਪਾਲ, ਸ਼੍ਰੀਲੰਕਾ ਅਤੇ ਤੁਰਕੀ ) ਸ਼ਾਮਲ ਹਨ।

******

ਐੱਨਬੀ/ਐੱਸਕੇ


(Release ID: 1906889) Visitor Counter : 136


Read this release in: Kannada , English , Urdu , Hindi