ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ 13ਵੇਂ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ


ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਰੇ ਨਾਗਰਿਕਾਂ ਨੂੰ ਵੋਟਿੰਗ ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣੇ ਯੋਗਦਾਨ ਵਜੋਂ ਸਮਝਣ ਦੀ ਅਪੀਲ ਕੀਤੀ

Posted On: 25 JAN 2023 3:07PM by PIB Chandigarh

ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਜਨਵਰੀ, 2023) ਨਵੀਂ ਦਿੱਲੀ ਵਿੱਚ 13ਵੇਂ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਸੰਬੋਧਨ ਕੀਤਾ। ਇਸ ਮੌਕੇ 'ਤੇ ਰਾਸ਼ਟਰਪਤੀ ਨੇ 2022 ਦੌਰਾਨ ਚੋਣਾਂ ਦੇ ਸੰਚਾਲਨ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਰਾਜ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਸਾਲ 2022 ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ। ਵੋਟਰਾਂ ਦੀ ਜਾਗਰੂਕਤਾ ਲਈ ਵੱਡਮੁੱਲੇ ਯੋਗਦਾਨ ਲਈ ਸਰਕਾਰੀ ਮੀਡੀਆ ਅਤੇ ਸੰਚਾਰ ਸੰਸਥਾਵਾਂ ਅਤੇ ਹੋਰ ਵਿਭਾਗਾਂ ਜਿਹੇ ਮਹੱਤਵਪੂਰਨ ਹਿਤਧਾਰਕਾਂ ਨੂੰ ਵੀ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਗਏ।

ਇਸ ਮੌਕੇ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਨਾਗਰਿਕਾਂ ਦੀ ਸੂਝ-ਬੂਝ 'ਤੇ ਅਥਾਹ ਵਿਸ਼ਵਾਸ ਪ੍ਰਗਟ ਕੀਤਾ ਅਤੇ ਬਾਲਗ ਮਤਦਾਨ ਦੇ ਅਧਾਰ 'ਤੇ ਚੋਣ ਦੀ ਵਿਵਸਥਾ ਕੀਤੀ। ਭਾਰਤ ਦੇ ਲੋਕਾਂ ਨੇ ਆਪਣਾ ਵਿਸ਼ਵਾਸ ਸੱਚ ਕਰਕੇ ਦਿਖਾਇਆ ਹੈ। ਭਾਰਤ ਦੇ ਲੋਕਤੰਤਰ ਨੂੰ ਦੁਨੀਆ ਦੇ ਸਭ ਤੋਂ ਵੱਡੇ, ਜੀਵੰਤ ਅਤੇ ਸਥਿਰ ਲੋਕਤੰਤਰ ਵਜੋਂ ਸਤਿਕਾਰਿਆ ਜਾਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਪਿਛਲੇ ਸੱਤ ਦਹਾਕਿਆਂ ਦੌਰਾਨ ਚੋਣ ਪ੍ਰਕਿਰਿਆ ਰਾਹੀਂ ਸਮਾਜਿਕ ਕ੍ਰਾਂਤੀ ਸੰਭਵ ਹੋਈ ਹੈ। ਇਹ ਸਾਡੇ ਲੋਕਤੰਤਰ ਦੀ ਵੱਡੀ ਕਾਮਯਾਬੀ ਹੈ ਕਿ ਦੂਰ-ਦਰਾਜ ਦੇ ਖੇਤਰਾਂ ਵਿੱਚ ਰਹਿਣ ਵਾਲੇ ਆਮ ਵੋਟਰ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਦੇਸ਼ ਜਾਂ ਰਾਜ ਨੂੰ ਕੌਣ ਅਤੇ ਕਿਵੇਂ ਚਲਾਉਣਾ ਹੈ, ਇਹ ਫੈਸਲਾ ਕਰਨ ਵਿੱਚ ਉਸ ਦੀ ਇੱਕ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਲੋਕਤੰਤਰ ਸੰਵਿਧਾਨ ਵਿੱਚ ਦਰਜ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਦੇ ਉਦੇਸ਼ਾਂ ਦੀ ਪ੍ਰਾਪਤੀ ਵੱਲ ਲਗਾਤਾਰ ਅੱਗੇ ਵੱਧ ਰਿਹਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਚੋਣ ਕਮਿਸ਼ਨ ਅਤੇ ਹੋਰ ਸਾਰੇ ਭਾਗੀਦਾਰਾਂ ਦੇ ਸਾਂਝੇ ਯਤਨਾਂ ਨਾਲ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਚੋਣ ਕਮਿਸ਼ਨ ਦਾ ਆਦਰਸ਼ ਵਾਕ ‘ਕੋਈ ਵੀ ਵੋਟਰ ਪਿੱਛੇ ਨਹੀਂ ਰਹੇਗਾ’ ਸ਼ਲਾਘਾਯੋਗ ਹੈ। ਇਹ ਵਾਕ ਸਾਰੇ ਵੋਟਰਾਂ ਲਈ ਵੋਟਿੰਗ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਚੋਣ ਕਮਿਸ਼ਨ ਦੇ ਲਕਸ਼ ਦੀ ਵਿਆਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਰਾਸ਼ਟਰੀ ਵੋਟਰ ਦਿਵਸ ਦਾ ਥੀਮ 'ਵੋਟਿੰਗ ਜਿਹਾ ਕੁਝ ਨਹੀਂ, ਮੈਂ ਯਕੀਨੀ ਤੌਰ 'ਤੇ ਵੋਟ ਪਾਵਾਂਗਾ' ਵੋਟਰਾਂ ਦੇ ਸੰਕਲਪ ਨੂੰ ਦਰਸਾਉਂਦਾ ਹੈ। ਚੋਣ ਕਮਿਸ਼ਨ ਅਤੇ ਵੋਟਰਾਂ ਦਾ ਸਮੂਹਿਕ ਯੋਗਦਾਨ ਸਾਡੇ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਸਮਝਦੇ ਹੋਏ 'ਰਾਸ਼ਟਰ ਸਰਬਉੱਚ' ਦੀ ਭਾਵਨਾ ਨਾਲ ਵੋਟ ਪਾਉਣ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੀ ਚੋਣ ਪ੍ਰਕਿਰਿਆ ਅਤੇ ਸਾਡੇ ਲੋਕਤੰਤਰ ਦੀ ਵੱਡੀ ਪ੍ਰਾਪਤੀ ਹੈ ਕਿ ਲੋਕਤੰਤਰੀ ਪ੍ਰਕਿਰਿਆ ਵਿੱਚ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਲਗਾਤਾਰ ਵਧ ਰਹੀ ਹੈ। 2019 ਦੀਆਂ ਆਮ ਚੋਣਾਂ ਵਿੱਚ, ਮਹਿਲਾਵਾਂ ਵੋਟਰਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਥੋੜ੍ਹੀ ਵੱਧ ਸੀ। ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਸਾਡੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋਵੇਂ ਸਦਨਾਂ ਵਿੱਚ ਸਾਂਝੇ ਤੌਰ 'ਤੇ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਸੌ ਦਾ ਅੰਕੜਾ ਪਾਰ ਕਰ ਗਈ ਹੈ। ਗ੍ਰਾਮ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਮਹਿਲਾਵਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਭਾਗੀਦਾਰੀ ਅਤੇ ਗਿਣਤੀ ਹੋਰ ਵਧਣੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਤੋਂ 'ਪਹਿਲੇ ਨਾਗਰਿਕ ਦੀ ਚੋਣ - ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦਾ ਇੱਕ ਚਿੱਤਰਿਤ ਇਤਿਹਾਸ' (ਇਲੈਕਟਿੰਗ ਦ ਫਸਟ ਸਿਟੀਜ਼ਨ - ਐਨ ਇਲਸਟ੍ਰੇਟਿਡ ਕ੍ਰੋਨਿਕਲ ਆਵ੍ ਇੰਡੀਆਜ਼ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ) ਸਿਰਲੇਖ ਵਾਲੀ ਕਿਤਾਬ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ। ਇਹ ਕਿਤਾਬ ਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਦੀ ਇਤਿਹਾਸਕ ਯਾਤਰਾ ਦੀ ਇੱਕ ਝਲਕ ਦਿੰਦੀ ਹੈ।

ਸਾਲ 2011 ਤੋਂ, ਭਾਰਤ ਦੇ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ, ਭਾਵ 25 ਜਨਵਰੀ 1950 ਨੂੰ ਪੂਰੇ ਦੇਸ਼ ਵਿੱਚ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਇਸ ਜਸ਼ਨ ਦਾ ਮੁੱਖ ਉਦੇਸ਼ ਨਾਗਰਿਕਾਂ ਵਿੱਚ ਚੋਣ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਰਾਸ਼ਟਰੀ ਵੋਟਰ ਦਿਵਸ ਦੀ ਵਰਤੋਂ ਵੋਟਰਾਂ, ਖਾਸ ਤੌਰ 'ਤੇ ਨਵੇਂ ਯੋਗ ਨੌਜਵਾਨ ਵੋਟਰਾਂ ਦੇ ਪੰਜੀਕਰਨ ਦੀ ਸੁਵਿਧਾ ਲਈ ਵੀ ਕੀਤੀ ਜਾਂਦੀ ਹੈ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –

 

****

 

ਡੀਐੱਸ/ਏਕੇ 



(Release ID: 1893907) Visitor Counter : 147