ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਇੰਟਰਨੈਸ਼ਨਲ ਗੀਤਾ ਸੈਮੀਨਾਰ ਵਿੱਚ ਸ਼ਿਰਕਤ ਕੀਤੀ; ਹਰਿਆਣਾ ਸਰਕਾਰ ਦੇ ਸਿਹਤ, ਰੋਡ ਟ੍ਰਾਂਸਪੋਰਟ ਅਤੇ ਸਿੱਖਿਆ ਨਾਲ ਸਬੰਧਿਤ ਕਈ ਪ੍ਰੋਜੈਕਟ ਕੀਤੇ/ਨੀਂਹ ਪੱਥਰ


ਗੀਤਾ ਮਨੁੱਖਤਾ ਲਈ ਜੀਵਨ ਸੰਹਿਤਾ ਅਤੇ ਅਧਿਆਤਮਕ ਚਾਨਣ ਮੁਨਾਰਾ ਹੈ; ਗੀਤਾ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣਾ ਮਹੱਤਵਪੂਰਨ ਹੈ: ਰਾਸ਼ਟਰਪਤੀ ਮੁਰਮੂ

Posted On: 29 NOV 2022 4:33PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਨਵੰਬਰ, 2022) ਕੁਰੂਕਸ਼ੇਤਰ, ਹਰਿਆਣਾ ਵਿੱਚ ਇੰਟਰਨੈਸ਼ਨਲ ਗੀਤਾ ਸੈਮੀਨਾਰ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ 'ਮੁੱਖਯਮੰਤਰੀ ਸਵਾਸਥਯ ਸਰਵੇਕਸ਼ਮ ਯੋਜਨਾ' ਵੀ ਲਾਂਚ ਕੀਤੀ; ਅਤੇ ਹਰਿਆਣਾ ਦੀਆਂ ਸਾਰੀਆਂ ਜਨਤਕ ਰੋਡ ਟ੍ਰਾਂਸਪੋਰਟ ਸੁਵਿਧਾਵਾਂ ਲਈ ਈ-ਟਿਕਟਿੰਗ ਪ੍ਰੋਜੈਕਟਾਂ ਦੇ ਨਾਲ-ਨਾਲ ਸਿਰਸਾ ਵਿੱਚ ਵਰਚੁਅਲ ਮੋਡ ਜ਼ਰੀਏ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ 'ਤੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀਮਦ ਭਗਵਦ ਗੀਤਾ ਸਹੀ ਅਰਥਾਂ 'ਚ ਆਲਮੀ ਪੁਸਤਕ ਹੈ। ਇਸ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਇਹ ਭਾਰਤ ਦੀ ਸਭ ਤੋਂ ਪ੍ਰਸਿੱਧ ਪੁਸਤਕ ਹੈ। ਜਿੰਨੀਆਂ ਟਿੱਪਣੀਆਂ ਗੀਤਾ 'ਤੇ ਲਿਖੀਆਂ ਗਈਆਂ ਹਨ ਸ਼ਾਇਦ ਹੀ ਕਿਸੇ ਹੋਰ ਪੁਸਤਕ ਉੱਤੇ ਲਿਖੀਆਂ ਗਈਆਂ ਹੋਣ। ਜਿਸ ਤਰ੍ਹਾਂ ਯੋਗ ਪੂਰੇ ਵਿਸ਼ਵ ਭਾਈਚਾਰੇ ਲਈ ਭਾਰਤ ਦਾ ਤੋਹਫ਼ਾ ਹੈ, ਉਸੇ ਤਰ੍ਹਾਂ ਗੀਤਾ ਵੀ ਭਾਰਤ ਦਾ ਪੂਰੀ ਮਨੁੱਖਤਾ ਲਈ ਰੂਹਾਨੀ ਤੋਹਫ਼ਾ ਹੈ। ਗੀਤਾ ਮਨੁੱਖਤਾ ਲਈ ਜੀਵਨ ਜਾਚ ਅਤੇ ਅਧਿਆਤਮਕ ਚਾਨਣ ਮੁਨਾਰਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗੀਤਾ ਸਾਨੂੰ ਸਖ਼ਤ ਮਿਹਨਤ ਕਰਨ ਅਤੇ ਨਤੀਜੇ ਦੀ ਚਿੰਤਾ ਨਾ ਕਰਨ ਦੀ ਸਿੱਖਿਆ ਦਿੰਦੀ ਹੈ। ਸਵੈ-ਹਿਤ ਤੋਂ ਬਿਨਾ ਸਖ਼ਤ ਮਿਹਨਤ ਕਰਨਾ ਜੀਵਨ ਦਾ ਸਹੀ ਮਾਰਗ ਹੈ। ਅਕਿਰਿਆਸ਼ੀਲਤਾ ਅਤੇ ਇੱਛਾ ਦੋਹਾਂ ਦਾ ਤਿਆਗ ਕਰਕੇ ਕੰਮ ਕਰਨ ਨਾਲ ਜੀਵਨ ਸਾਰਥਕ ਹੋ ਜਾਂਦਾ ਹੈ। ਸੁਖ-ਦੁਖ ਵਿੱਚ ਇੱਕ ਸਮਾਨ ਰਹਿਣਾ, ਲਾਭ-ਹਾਨੀ ਨੂੰ ਬਰਾਬਰ ਸਮਝ ਕੇ ਸਵੀਕਾਰ ਕਰਨਾ, ਆਦਰ-ਅਨਾਦਰ ਤੋਂ ਪ੍ਰਭਾਵਿਤ ਨਾ ਹੋਣਾ ਅਤੇ ਹਰ ਹਾਲਤ ਵਿੱਚ ਸੰਤੁਲਨ ਬਣਾਈ ਰੱਖਣਾ ਗੀਤਾ ਦਾ ਬਹੁਤ ਉਪਯੋਗੀ ਸੰਦੇਸ਼ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀਮਦ ਭਗਵਦ ਗੀਤਾ ਇੱਕ ਅਜਿਹੀ ਪੁਸਤਕ ਹੈ, ਜੋ ਪ੍ਰਤੀਕੂਲ ਪਰਿਸਥਿਤੀਆਂ ਵਿੱਚ ਉਤਸ਼ਾਹ ਪੈਦਾ ਕਰਦੀ ਹੈ ਅਤੇ ਉਦਾਸੀ ਵਿੱਚ ਉਮੀਦ ਦਾ ਸੰਚਾਰ ਕਰਦੀ ਹੈ। ਇਹ ਜੀਵਨ-ਨਿਰਮਾਣ ਦੀ ਪੁਸਤਕ ਹੈ। ਉਨ੍ਹਾਂ ਇੰਟਰਨੈਸ਼ਨਲ ਗੀਤਾ ਮਹੋਤਸਵ ਦੇ ਪ੍ਰਬੰਧਕਾਂ ਨੂੰ ਗੀਤਾ ਦੇ ਸੰਦੇਸ਼ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੀਤਾ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣਾ ਵਧੇਰੇ ਜ਼ਰੂਰੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਉਹ ਸਿਹਤ ਸਰਵੇਖਣ ਯੋਜਨਾ ਅਤੇ ਓਪਨ ਲੂਪ ਟਿਕਟਿੰਗ ਪ੍ਰਣਾਲੀ ਸ਼ੁਰੂ ਕਰਨ ਅਤੇ ਸਿਰਸਾ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਣ 'ਤੇ ਪ੍ਰਸੰਨ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਸਾਨੂੰ ਗੀਤਾ ਦੀ ਸਿੱਖਿਆ 'ਸਰਵ-ਭੂਤ-ਹਿਤੇ ਰਤਾਹ' (‘sarva-bhūta-hite ratāḥ’) ਦੀ ਯਾਦ ਦਿਵਾਉਂਦੀਆਂ ਹਨ, ਜਿਸ ਦਾ ਅਰਥ ਹੈ ਕਿ ਸਾਰੇ ਜੀਵ-ਜੰਤੂਆਂ ਦੀ ਭਲਾਈ ਵਿੱਚ ਲਗੇ ਵਿਅਕਤੀ ਪਰਮਾਤਮਾ ਦੀ ਕਿਰਪਾ ਦੇ ਹੱਕਦਾਰ ਹਨ। ਉਨ੍ਹਾਂ ਨੇ ਇਨ੍ਹਾਂ ਲੋਕ-ਕਲਿਆਣ ਪਹਿਲਾਂ ਲਈ ਹਰਿਆਣਾ ਸਰਕਾਰ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

***

ਡੀਐੱਸ/ਏਕੇ 



(Release ID: 1879824) Visitor Counter : 96