ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਮੱਧ ਪ੍ਰਦੇਸ਼ ਸਰਕਾਰ ਦੁਆਰਾ ਆਯੋਜਿਤ ਨਾਗਰਿਕ ਰਿਸੈਪਸ਼ਨ ਵਿੱਚ ਸ਼ਾਮਲ ਹੋਏ; ਕੇਂਦਰੀ ਰੱਖਿਆ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲਿਆਂ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Posted On:
15 NOV 2022 8:42PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਸ਼ਾਮ (15 ਨਵੰਬਰ, 2022) ਰਾਜ ਭਵਨ ਭੋਪਾਲ ਵਿਖੇ ਮੱਧ ਪ੍ਰਦੇਸ਼ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਸਵਾਗਤ ਵਿੱਚ ਸ਼ਿਰਕਤ ਕੀਤੀ। ਇਸ ਮੌਕੇ 'ਤੇ, ਉਨ੍ਹਾਂ ਗਵਾਲੀਅਰ ਵਿਖੇ ਡੀਆਰਡੀਓ ਦੀ 'ਮੈਕਸੀਮਮ ਮਾਈਕਰੋ-ਬਾਇਓਲੋਜੀਕਲ ਕੰਟੇਨਮੈਂਟ ਲੈਬਾਰਟਰੀ' ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੇ ਰਤਾਪਾਨੀ-ਇਟਾਰਸੀ ਸੜਕ ਪ੍ਰੋਜੈਕਟ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ।
ਸਭਾ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਵਿਕਾਸ ਯਾਤਰਾ ਵਿੱਚ ਅਮੁੱਲ ਯੋਗਦਾਨ ਪਾਇਆ ਹੈ। ਇੱਕ ਪਾਸੇ ਮੱਧ ਪ੍ਰਦੇਸ਼ ਦੀ ਵਿਲੱਖਣ ਕੁਦਰਤੀ ਸੁੰਦਰਤਾ ਹੈ ਅਤੇ ਦੂਸਰੇ ਪਾਸੇ ਇਹ ਬਹੁਤ ਸਮ੍ਰਿਧ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਹੈ। ਮਹਾਨ ਕਵੀ ਕਾਲੀਦਾਸ ਅਤੇ ਸੰਗੀਤ ਸਮਰਾਟ ਤਾਨਸੇਨ ਤੋਂ ਲੈ ਕੇ ਲਤਾ ਮੰਗੇਸ਼ਕਰ ਤੱਕ ਕਈ ਪ੍ਰਤਿਭਾਵਾਂ ਨੇ ਇਸ ਧਰਤੀ 'ਤੇ ਜਨਮ ਲਿਆ। ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸ਼ੰਕਰ ਦਿਆਲ ਸ਼ਰਮਾ ਇਸ ਮਿੱਟੀ ਦੇ ਸਪੁੱਤਰ ਸਨ। ਬਾਬਾ ਸਾਹੇਬ ਭੀਮ ਰਾਓ ਅੰਬੇਡਕਰ ਦਾ ਜਨਮ ਸਥਾਨ ਮਹੂ ਵਿੱਚ ਹੈ। ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਸ਼ਾਨਦਾਰ ਸ਼ਖਸੀਅਤ ਅਤੇ ਸ਼ਾਨਦਾਰ ਰਾਜਨੀਤਿਕ ਜੀਵਨ ਦਾ ਸ਼ੁਰੂਆਤੀ ਵਿਕਾਸ ਮੱਧ ਪ੍ਰਦੇਸ਼ ਵਿੱਚ ਹੀ ਹੋਇਆ ਸੀ।
ਰਾਸ਼ਟਰਪਤੀ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਆਕਰਸ਼ਕ ਇਤਿਹਾਸਕ ਸਥਾਨ ਹਨ। ਮਹਾਕਾਲੇਸ਼ਵਰ ਅਤੇ ਓਮਕਾਰੇਸ਼ਵਰ ਦੇ ਜਯੋਤਿਰਲਿੰਗ, ਉਜੈਨ ਦਾ ਸਿੰਹਸਥ ਕੁੰਭ, ਨਰਮਦਾ ਦਾ ਮੂਲ ਅਤੇ ਅਮਰਕੰਟਕ ਵਿੱਚ ਪਹਿਲੇ ਜੈਨ ਤੀਰਥੰਕਰ ਰਿਸ਼ਭਦੇਵ ਦਾ ਮੰਦਰ, ਚਿੱਤਰਕੂਟ ਵਿੱਚ ਭਗਵਾਨ ਸ਼੍ਰੀ ਰਾਮ ਦਾ ਬਨਵਾਸ ਸਥਾਨ, ਮੱਧ ਪ੍ਰਦੇਸ਼ ਦੇ ਅਧਿਆਤਮਿਕ ਮਹੱਤਵ ਨੂੰ ਰੇਖਾਂਕਿਤ ਕਰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਖੇਤਰ ਦੇ ਲਿਹਾਜ਼ ਨਾਲ ਮੱਧ ਪ੍ਰਦੇਸ਼ ਵਿੱਚ ਦੇਸ਼ ਦਾ ਸਭ ਤੋਂ ਵੱਡਾ ਜੰਗਲ ਹੈ। ਰਾਜ ਵਿੱਚ ਬਹੁਤ ਸਾਰੇ ਰਾਸ਼ਟਰੀ ਪਾਰਕ, ਜੰਗਲੀ ਜੀਵ ਅਸਥਾਨ (wildlife sanctuaries) ਅਤੇ ਟਾਈਗਰ ਰਿਜ਼ਰਵ ਹਨ। ਉਨ੍ਹਾਂ ਕਿਹਾ ਕਿ ਵਣਜੀਵ ਪ੍ਰੇਮੀ ਨਾਮੀਬੀਆ ਤੋਂ ਕੁਨੋ ਨੈਸ਼ਨਲ ਪਾਰਕ ਵਿੱਚ ਚੀਤਿਆਂ ਦੇ ਹਾਲ ਹੀ ਵਿੱਚ ਆਉਣ ਹੋਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਦੇਸ਼ ਵਿੱਚੋਂ ਅਲੋਪ ਹੋ ਚੁੱਕੇ ਚੀਤਿਆਂ ਦੇ ਮੁੜ ਵਸੇਬੇ ਦੀ ਮੁਹਿੰਮ ਦੀ ਸਫ਼ਲਤਾ ਦੀ ਕਾਮਨਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਇੰਦੌਰ ਸ਼ਹਿਰ ਨੂੰ ਲਗਾਤਾਰ 6ਵੀਂ ਵਾਰ ਸਭ ਤੋਂ ਸਵੱਛ ਸ਼ਹਿਰ ਦਾ ਪੁਰਸਕਾਰ ਮਿਲਿਆ ਅਤੇ ਮੱਧ ਪ੍ਰਦੇਸ਼ ਨੇ 'ਸਵੱਛ ਸਰਵੇਖਣ 2022' ਵਿੱਚ ਸਭ ਤੋਂ ਸਵੱਛ ਰਾਜ ਦਾ ਪੁਰਸਕਾਰ ਜਿੱਤਿਆ। ਇਸ ਤੋਂ ਇਲਾਵਾ, ਇੱਕ ਲੱਖ ਤੋਂ ਵੱਧ ਆਬਾਦੀ ਵਾਲੇ 100 ਸਭ ਤੋਂ ਸਵੱਛ ਸ਼ਹਿਰਾਂ ਦੀ ਰੈਂਕਿੰਗ ਵਿੱਚ, 30 ਸ਼ਹਿਰ ਮੱਧ ਪ੍ਰਦੇਸ਼ ਵਿੱਚ ਹਨ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਜਾਗਰੂਕਤਾ ਅਤੇ ਸਰਗਰਮ ਜਨਤਕ ਭਾਗੀਦਾਰੀ ਦੀ ਇੱਕ ਪ੍ਰਭਾਵਸ਼ਾਲੀ ਉਦਾਹਰਣ ਹੈ। ਉਨ੍ਹਾਂ ਰਾਜ ਵਿੱਚ ਸਵੱਛਤਾ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਮੱਧ ਪ੍ਰਦੇਸ਼ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਵੱਛਤਾ ਲਈ ਉਨ੍ਹਾਂ ਦੇ ਪ੍ਰਯਤਨ ਸਭਨਾਂ ਲਈ ਮਿਸਾਲੀ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਮੱਧ ਪ੍ਰਦੇਸ਼ ਨੇ ਸਮਾਵੇਸ਼ੀ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਕੀਤੇ ਹਨ। ਰਾਜ ਨੇ ਵਿਕਾਸ ਦੇ ਕਈ ਮਾਪਦੰਡਾਂ 'ਤੇ ਪ੍ਰਭਾਵਸ਼ਾਲੀ ਪ੍ਰਾਪਤੀਆਂ ਕੀਤੀਆਂ ਹਨ। ਮੱਧ ਪ੍ਰਦੇਸ਼ ਦਾ ਕੁੱਲ ਰਾਜ ਘਰੇਲੂ ਉਤਪਾਦ (ਜੀਐੱਸਡੀਪੀ) ਪਿਛਲੇ ਇੱਕ ਦਹਾਕੇ ਵਿੱਚ ਲਗਭਗ ਸਾਢੇ ਤਿੰਨ ਗੁਣਾ ਵਧਿਆ ਹੈ। ਇਹ ਅਨਾਜ ਦੇ ਉਤਪਾਦਨ ਵਿੱਚ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਪਿਛਲੇ ਚਾਰ ਵਰ੍ਹਿਆਂ ਵਿੱਚ ਖੇਤੀ ਵਿਕਾਸ ਦਰ ਵਿੱਚ ਔਸਤਨ 20 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਮੱਧ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਮੱਧ ਪ੍ਰਦੇਸ਼ ਦੇ ਵਿਕਾਸ ਦੀ ਯਾਤਰਾ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗੀ ਅਤੇ ਉਸ ਵਿਕਾਸ ਦਾ ਲਾਭ ਰਾਜ ਦੇ ਸਾਰੇ ਵਰਗਾਂ ਤੱਕ ਪਹੁੰਚੇਗਾ।
ਹਿੰਦੀ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
Please Click here to see the President's Speech in Hindi
**********
ਡੀਐੱਸ/ਐੱਸਐੱਸ
(Release ID: 1876453)
Visitor Counter : 140