ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ ਨੇ ਮਾਪਦੰਡਾਂ ਦੇ ਨਿਰਮਾਣ ਵਿੱਚ ਅਕਾਦਮੀਆ ਦੀ ਸਰਗਰਮ ਸ਼ਮੂਲੀਅਤ ਲਈ ਟੈਕਨੀਕਲ ਸੰਸਥਾਵਾਂ ਨਾਲ ਸਮਝੌਤਾ ਕੀਤਾ
Posted On:
31 OCT 2022 7:38PM by PIB Chandigarh
ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਅੱਜ ਇੱਥੇ ਆਈਆਈਟੀ ਕਾਨਪੁਰ, ਆਈਆਈਟੀ (ਆਈਐੱਸਐੱਮ) ਧਨਬਾਦ ਅਤੇ ਐੱਨਆਈਟੀ ਰੁੜਕੇਲਾ ਨਾਲ ਇਨ੍ਹਾਂ ਸੰਸਥਾਵਾਂ ਵਿੱਚ ‘ਬੀਆਈਐੱਸ ਮਾਨਕੀਕਰਨ ਚੇਅਰ ਪ੍ਰੋਫੈਸਰ’ ਦੀ ਸਥਾਪਨਾ ਲਈ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ।
ਇਹ ਮਾਪਦੰਡਾਂ ਦੇ ਨਿਰਮਾਣ ਵਿੱਚ ਅਕਾਦਮੀਆ ਦੀ ਸਰਗਰਮ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਅਤੇ ਭਾਰਤੀ ਮਾਪਦੰਡਾਂ ਦੀ ਸਿੱਖਿਆ ਨੂੰ ਪਾਠਕ੍ਰਮ ਦਾ ਇੱਕ ਅਨਿੱਖੜਵਾਂ ਅੰਗ ਬਣਾਉਣ ਲਈ ਦੇਸ਼ ਦੀਆਂ ਉੱਘੀਆਂ ਸੰਸਥਾਵਾਂ ਨਾਲ ਆਪਣੀ ਸ਼ਮੂਲੀਅਤ ਨੂੰ ਸੰਸਥਾਗਤ ਬਣਾਉਣ ਦੀ ਇੱਕ ਪਹਿਲ ਹੈ। ਇਹ ਵਿਗਿਆਨ ਅਤੇ ਵੱਖ-ਵੱਖ ਇੰਜੀਨੀਅਰਿੰਗ ਆਦਿ ਵਿਸ਼ਿਆਂ ਦੇ ਖੇਤਰ ਵਿੱਚ ਅਧਿਆਪਨ, ਖੋਜ ਅਤੇ ਵਿਕਾਸ ਵਿੱਚ ਉੱਤਮਤਾ ਅਤੇ ਅਗਵਾਈ ਨੂੰ ਉਤਸ਼ਾਹਿਤ ਕਰੇਗਾ।
ਇਸ ਮੌਕੇ ਸ਼੍ਰੀ ਪ੍ਰਮੋਦ ਕੁਮਾਰ ਤਿਵਾੜੀ, ਡਾਇਰੈਕਟਰ ਜਨਰਲ, ਬੀਆਈਐੱਸ ਨੇ ਕਿਹਾ ਕਿ ਇਹ ਸਮਝੌਤਾ ਦੇਸ਼ ਵਿੱਚ ਮਾਪਦੰਡਤਾ ਅਤੇ ਅਨੁਕੂਲਤਾ ਮੁਲਾਂਕਣ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ, ਅਧਿਆਪਨ ਅਤੇ ਸਿਖਲਾਈ ਦੀ ਸਹੂਲਤ ਪ੍ਰਦਾਨ ਕਰੇਗਾ ਅਤੇ ਇਹ ਮੁੱਖ ਤੌਰ ’ਤੇ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਰਸਾਇਣਕ, ਭੂਚਾਲ ਇੰਜੀਨੀਅਰਿੰਗ, ਜਲ ਸਰੋਤਾਂ ਦਾ ਵਿਕਾਸ ਅਤੇ ਪ੍ਰਬੰਧਨ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟ, ਬੁਨਿਆਦੀ ਢਾਂਚਾ ਵਿਕਾਸ, ਮੈਡੀਕਲ ਬਾਇਓਟੈਕਨੋਲੋਜੀ ਅਤੇ ਨੈਨੋਟੈਕਨੋਲੋਜੀ, ਬਾਇਓਟੈਕਨੋਲੋਜੀ, ਬਾਇਓਮੈਟਰੀਅਲਜ਼, ਆਦਿ ਵੱਲ ਧਿਆਨ ਕੇਂਦਰਿਤ ਕਰੇਗਾ। ਇਹ ਐਸੋਸੀਏਸ਼ਨ ਨੌਜਵਾਨਾਂ ਦੀ ਮਾਪਦੰਡਤਾ ਵਿੱਚ ਸ਼ਮੂਲੀਅਤ ਨੂੰ ਵੀ ਵਧਾਏਗੀ, ਤਾਂ ਜੋ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਪੇਸ਼ੇਵਰ ਬਣਾਇਆ ਜਾ ਸਕੇ ਅਤੇ ਗੁਣਵੱਤਾ ਲਈ ਚੇਤਨਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਟੈਕਨੋਲੋਜੀ-ਅਧਾਰਿਤ ਉਤਪਾਦਾਂ ਅਤੇ ਸੇਵਾਵਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਟੈਕਨੋਲੋਜੀ ਇਨੋਵੇਸ਼ਨ ਅਤੇ ਮਾਪਦੰਡਾਂ ਦੇ ਵਿਕਾਸ ਨੂੰ ਸਹਿਜੇ ਹੀ ਜੋੜਿਆ ਜਾਵੇਗਾ।
ਪ੍ਰੋਫੈਸਰ ਕਾਂਤੇਸ਼ ਬਲਾਨੀ, ਸਰੋਤ ਅਤੇ ਅਲੂਮਨੀ ਦੇ ਡੀਨ, ਆਈਆਈਟੀ ਕਾਨਪੁਰ; ਪ੍ਰੋਫੈਸਰ ਰਾਜੀਵ ਸ਼ੇਖਰ, ਡਾਇਰੈਕਟਰ, ਆਈਆਈਟੀ (ਆਈਐੱਸਐੱਮ), ਧਨਬਾਦ; ਅਤੇ ਪ੍ਰੋਫੈਸਰ ਕੇ. ਉਮਾਮਹੇਸ਼ਵਰ ਰਾਓ, ਡਾਇਰੈਕਟਰ, ਐੱਨਆਈਟੀ ਰੁੜਕੇਲਾ ਨੇ ਇਸ ਪਹਿਲਕਦਮੀ ਪ੍ਰਤੀ ਵਚਨਬੱਧਤਾ ਦਾ ਭਰੋਸਾ ਦਿੱਤਾ ਅਤੇ ਹਰ ਲੋੜੀਂਦੀ ਸਹਾਇਤਾ ਦੇਣ ਲਈ ਸਹਿਮਤੀ ਦਿੱਤੀ।
************
ਏਡੀ/ਐੱਨਐੱਸ
(Release ID: 1872750)
Visitor Counter : 144