ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਗਾਂਧੀਨਗਰ ਵਿੱਚ ਉਨ੍ਹਾਂ ਦੇ ਸਨਮਾਨ ’ਚ ਗੁਜਰਾਤ ਸਰਕਾਰ ਦੁਆਰਾ ਆਯੋਜਿਤ ਨਾਗਰਿਕ ਸੁਆਗਤ ਸਮਾਰੋਹ ਵਿੱਚ ਹਿੱਸਾ ਲਿਆ
Posted On:
03 OCT 2022 9:49PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ (3 ਅਕਤੂਬਰ, 2022) ਗਾਂਧੀਨਗਰ ਵਿੱਚ ਗੁਜਰਾਤ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਨਾਗਰਿਕ ਸੁਆਗਤ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ, ਰਾਸ਼ਟਰਪਤੀ ਨੇ ਆਪਣੇ ਸਨਮਾਨ ਵਿੱਚ ਇਹ ਸਨਮਾਨ ਸਮਾਰੋਹ ਆਯੋਜਿਤ ਕਰਨ ਲਈ ਗੁਜਰਾਤ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਵਜੋਂ ਗੁਜਰਾਤ ਦੀ ਇਹ ਉਨ੍ਹਾਂ ਦੀ ਪਹਿਲੀ ਫੇਰੀ ਹੈ ਅਤੇ ਉਹ ਲੋਕਾਂ ਦੇ ਅਥਾਹ ਉਤਸ਼ਾਹ ਅਤੇ ਪਿਆਰ ਤੋਂ ਪ੍ਰਭਾਵਿਤ ਹੋਏ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਪ੍ਰਾਚੀਨ ਕਾਲ ਤੋਂ ਹੀ ਭਾਰਤੀ ਸੱਭਿਆਚਾਰ ਅਤੇ ਸੱਭਿਅਤਾ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਢੋਲਾਵੀਰਾ ਜਿਹੀਆਂ ਥਾਵਾਂ, ਜੂਨਾਗੜ੍ਹ ਵਿਖੇ ਸਮਰਾਟ ਅਸ਼ੋਕ ਦੇ ਸ਼ਿਲਾਲੇਖ, ਮੋਢੇਰਾ ਵਿਖੇ ਸੂਰਿਆ-ਮੰਦਿਰ ਅਤੇ ਸੂਰਤ ਅਤੇ ਮੰਡਵੀ ਜਿਹੇ ਵਪਾਰਕ ਕੇਂਦਰ ਗੁਜਰਾਤ ਦੇ ਸਮ੍ਰਿੱਧ ਸੱਭਿਆਚਾਰ ਦੀਆਂ ਪੁਰਾਤਨ ਉਦਾਹਰਣਾਂ ਹਨ। ਗੁਜਰਾਤ ਵਿੱਚ ਪਾਲੀਟਾਨਾ ਅਤੇ ਗਿਰਨਾਰ ਵਿਖੇ ਜੈਨ ਮੰਦਿਰ, ਵਡਨਗਰ ਵਿਖੇ ਬੋਧੀ ਵਿਹਾਰ, ਉਦਵਾੜਾ ਵਿਖੇ ਪਾਰਸੀ ਅਗਨੀ ਮੰਦਿਰ ਹਨ। ਮੌਜੂਦਾ ਸ਼ਹਿਰਾਂ ਵਿੱਚੋਂ, ਅਹਿਮਦਾਬਾਦ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤੀ ਸ਼ਹਿਰ ਐਲਾਨਿਆ ਗਿਆ ਹੈ। ਪਿਛਲੇ 600 ਸਾਲਾਂ ਵਿੱਚ ਬਣੀਆਂ ਇਮਾਰਤਾਂ ਅਤੇ ਹੋਰ ਭੌਤਿਕ ਮਾਪਾਂ ਦਾ ਮੁੱਲਾਂਕਣ ਕਰਨ ਤੋਂ ਇਲਾਵਾ, ਯੂਨੈਸਕੋ ਨੇ ਅਹਿਮਦਾਬਾਦ ਦੇ ਲੋਕਾਂ ਦੀ ਆਪਸੀ ਸਦਭਾਵਨਾ ਅਤੇ ਸਾਂਝੇ ਸੱਭਿਆਚਾਰ ਦੀ ਪਰੰਪਰਾ ਨੂੰ ਵੀ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਨੇ ਵੀ ਮਨੁੱਖੀ ਕਦਰਾਂ–ਕੀਮਤਾਂ ਜਿਵੇਂ ਕਿ ਅਹਿੰਸਾ ਵਿੱਚ ਵਿਸ਼ਵਾਸ ਨੂੰ ਅਹਿਮਦਾਬਾਦ ਦੀ ਇੱਕ ਅਟੁੱਟ ਵਿਰਾਸਤ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਭਾਰਤ ਦੀ ਸੱਭਿਆਚਾਰਕ ਏਕਤਾ ਦਾ ਸ਼ੀਸ਼ਾ ਸੀ ਅਤੇ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਦੇ ਲੋਕ ਆਪਣੀ ਮਿਹਨਤ, ਲਗਨ ਅਤੇ ਸਮਾਜ ਸੇਵਾ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ‘ਗੁਜਰਾਤ ਮਾਡਲ’ ਨੂੰ ਰੂਪ ਦਿੱਤਾ ਜਿਸ ਨੇ ਗੁਜਰਾਤ ਦੀ ਤਰੱਕੀ ਦਾ ਰਾਹ ਪੱਧਰਾ ਕੀਤਾ। ਅੱਜ ਉਹ ਭਾਰਤ ਦੇ ਸਰਬਪੱਖੀ ਵਿਕਾਸ ਨੂੰ ਨਵੇਂ ਆਯਾਮ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਸੱਭਿਆਚਾਰ ਦੇ ਆਦਰਸ਼ ਪ੍ਰਤੀਨਿਧੀ ਹਨ।
ਰਾਸ਼ਟਰਪਤੀ ਨੇ ਨੋਟ ਕੀਤਾ ਕਿ ਦੁਨੀਆ ਦੇ ਲਗਭਗ ਦੋ–ਤਿਹਾਈ ਹੀਰਿਆਂ ਦਾ ਉਤਪਾਦਨ ਗੁਜਰਾਤ ਵਿੱਚ ਹੁੰਦਾ ਹੈ। ਭਾਰਤ ਦੇ ਹੀਰਿਆਂ ਦੀ ਬਰਾਮਦ ਦਾ 95 ਫੀਸਦੀ ਹਿੱਸਾ ਇਸ ਸੂਬੇ ਦਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਭਾਰਤ ਦੀ ਕੁੱਲ ਬਰਾਮਦ ਵਿੱਚ ਪਹਿਲੇ ਸਥਾਨ 'ਤੇ ਹੈ, ਜਿਸ ਦਾ ਹਿੱਸਾ ਲਗਭਗ 21 ਫੀਸਦੀ ਹੈ। ਇਹ ਸਟਾਰਟ-ਅੱਪ ਈਕੋਸਿਸਟਮ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਪ੍ਰਮੁੱਖ ਨਿਰਮਾਣ ਕੇਂਦਰ ਵਜੋਂ ਗੁਜਰਾਤ ਰੋਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਨ ਵਿੱਚ ਭਾਰਤ ਦੀ ਚੋਟੀ ਦੀ ਰੈਂਕਿੰਗ ਪਿੱਛੇ ਗੁਜਰਾਤ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਆਇਆ ‘ਚਿੱਟਾ ਇਨਕਲਾਬ’ ਹੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇਸ਼ ਦੇ 76 ਫੀਸਦੀ ਨਮਕ ਦਾ ਉਤਪਾਦਨ ਕਰਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜੇ ਇੱਕ ਹਲਕੇ–ਫੁਲਕੇ ਅੰਦਾਜ਼ ’ਚ ਆਖਣਾ ਹੋਵੇ ਕਿ 'ਸਾਰੇ ਦੇਸ਼ ਵਾਸੀ ਗੁਜਰਾਤ ਦਾ ਨਮਕ ਖਾਂਦੇ ਹਨ' (ਯੇ ਕਹਾ ਜਾ ਸਕਤਾ ਹੈ ਕਿ ਸਭ ਦੇਸ਼ਵਾਸੀ ਗੁਜਰਾਤ ਕਾ ਨਮਕ ਖਾਤੇ ਹੈਂ)।
ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਨੇ ਸਨਅਤੀ ਵਿਕਾਸ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਨੂੰ ਉੱਚ ਤਰਜੀਹ ਦਿੱਤੀ ਹੈ। ਉਨ੍ਹਾਂ ਨੋਟ ਕੀਤਾ ਕਿ ਗੁਜਰਾਤ ਦੇਸ਼ ਵਿੱਚ ਛੱਤ ਉੱਪਰ ਸੂਰਜੀ ਊਰਜਾ ਦਾ ਸਭ ਤੋਂ ਵੱਡਾ ਜਨਰੇਟਰ ਹੈ। ਗੁਜਰਾਤ ਪਵਨ ਊਰਜਾ ਉਤਪਾਦਨ ਵਿੱਚ ਵੀ ਮੋਹਰੀ ਰਾਜਾਂ ਵਿੱਚੋਂ ਇੱਕ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਦੇਸ਼ ਦੇ ਸਭ ਤੋਂ ਵੱਧ ਨਿਵੇਸ਼ਕ–ਪੱਖੀ ਰਾਜਾਂ ਵਿੱਚੋਂ ਇੱਕ ਹੈ। ਇਸ ਰਾਜ ਨੇ ਆਧੁਨਿਕ ਬੁਨਿਆਦੀ ਢਾਂਚੇ ਅਤੇ ਸੰਪਰਕ ਦੇ ਵਿਕਾਸ ਵਿੱਚ ਪ੍ਰਭਾਵਸ਼ਾਲੀ ਤਰੱਕੀ ਕੀਤੀ ਹੈ। ਉਨ੍ਹਾਂ ਗੁਜਰਾਤ ਦੇ ਰਾਜਪਾਲ ਦੇ ਮਾਰਗ–ਦਰਸ਼ਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਦੀ ਅਗਵਾਈ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਗੁਜਰਾਤ ਦੀ ਵਿਕਾਸ ਯਾਤਰਾ ਹੋਰ ਵੀ ਤੇਜ਼ ਰਫਤਾਰ ਨਾਲ ਅੱਗੇ ਵਧਦੀ ਰਹੇਗੀ।
ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ –
************
ਡੀਐੱਸ/ਏਕੇ
(Release ID: 1864999)
Visitor Counter : 112