ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪ੍ਰਯਾਗਰਾਜ ਤੋਂ ਮਹੀਨਾ ਭਰ ਚੱਲਣ ਵਾਲੀ ਦੇਸ਼ ਵਿਆਪੀ ਸਵੱਛ ਭਾਰਤ 2022 ਮੁਹਿੰਮ ਦੀ ਸ਼ੁਰੂਆਤ ਕੀਤੀ


ਸਵੱਛ ਭਾਰਤ ਤੋਂ ਬਿਨਾਂ ਅਸੀਂ ਇੱਕ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਹੀਂ ਕਰ ਸਕਦੇ: ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 01 OCT 2022 8:04PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਯੂਪੀ ਦੇ ਪ੍ਰਯਾਗਰਾਜ ਤੋਂ ਮਹੀਨਾ ਭਰ ਚੱਲਣ ਵਾਲੀ ਦੇਸ਼ ਵਿਆਪੀ ਮੁਹਿੰਮ ਸਵੱਛ ਭਾਰਤ 2022 ਦੀ ਸ਼ੁਰੂਆਤ ਕੀਤੀ। ਸ਼੍ਰੀ ਠਾਕੁਰ ਨੇ ਨਹਿਰੂ ਯੁਵਾ ਕੇਂਦਰ, ਨੈਸ਼ਨਲ ਸਰਵਿਸ ਸਕੀਮ ਦੇ ਵਲੰਟੀਅਰਾਂ ਅਤੇ ਵੱਡੀ ਗਿਣਤੀ ਵਿੱਚ ਹੋਰ ਲੋਕਾਂ ਦੇ ਨਾਲ ਪ੍ਰਯਾਗਰਾਜ ਵਿੱਚ ਸੰਗਮ ਬੀਚ 'ਤੇ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। ਇਸ ਮੌਕੇ ਸਵੱਛਤਾ ਦਾ ਪ੍ਰਣ ਵੀ ਲਿਆ ਗਿਆ। ਇਸ ਮੌਕੇ 'ਤੇ ਯੁਵਾ ਮਾਮਲੇ ਅਤੇ ਖੇਡ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

 

 ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਠਾਕੁਰ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ 75 ਲੱਖ ਕਿਲੋ ਪਲਾਸਟਿਕ ਦੇ ਕਚਰੇ ਨੂੰ ਇਕੱਠਾ ਕਰਨ ਅਤੇ ਨਿਪਟਾਰੇ ਦੇ ਆਪਣੇ ਟੀਚੇ ਤੋਂ ਕਿਤੇ ਵੱਧ ਕਚਰਾ ਇਕੱਠਾ ਕੀਤਾ ਗਿਆ ਅਤੇ ਨਿਪਟਾਰਾ ਕੀਤਾ ਗਿਆ ਸੀ ਅਤੇ ਇਸ ਲਈ ਯੁਵਾ ਮਾਮਲੇ ਵਿਭਾਗ ਨੇ ਇਸ ਸਾਲ ਸਵੱਛ ਭਾਰਤ 2022 ਮੁਹਿੰਮ ਰਾਹੀਂ ਇੱਕ ਕਰੋੜ ਕਿਲੋ ਪਲਾਸਟਿਕ ਦਾ ਕਚਰਾ ਇਕੱਠਾ ਕਰਨ ਅਤੇ ਨਿਪਟਾਰੇ ਦਾ ਟੀਚਾ ਰੱਖਿਆ ਹੈ। 

 ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇਸ ਸਾਲ ਸੁਤੰਤਰਤਾ ਦਿਵਸ ਦੇ ਭਾਸ਼ਣ ਦੌਰਾਨ ਐਲਾਨੇ ਗਏ ‘ਪਾਂਚ ਪ੍ਰਣ’ (‘Panch Pran’) ਵਿੱਚੋਂ ਇੱਕ, ਇੱਕ ਵਿਕਸਿਤ ਭਾਰਤ ਦਾ ਲਕਸ਼ ਸੀ, ਇਸ ਲਈ ਸਵੱਛ ਭਾਰਤ ਤੋਂ ਬਿਨਾਂ ਅਸੀਂ ਇੱਕ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਹੀਂ ਕਰ ਸਕਦੇ।

 

 

 ਕੇਂਦਰੀ ਮੰਤਰੀ ਨੇ ਕਿਹਾ ਕਿ ਪਲਾਸਟਿਕ ਸੜਦਾ-ਗਲਦਾ ਨਹੀਂ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਪਲਾਸਟਿਕ ਤੋਂ ਬਚਾਉਣਾ ਹੈ ਅਤੇ ਸਾਰਿਆਂ ਨੂੰ ਮਿਲ ਕੇ ਧਰਤੀ ਮਾਤਾ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਫ਼-ਸਫ਼ਾਈ ਨੂੰ ਜੀਵਨ ਜਾਚ ਵਜੋਂ ਅਪਣਾ ਕੇ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। 

 

 ਸ਼੍ਰੀ ਠਾਕੁਰ ਨੇ ਕਿਹਾ ਕਿ ਸਵੱਛ ਭਾਰਤ 2022 ਪ੍ਰੋਗਰਾਮ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 6 ਲੱਖ ਪਿੰਡਾਂ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨਾਲ ਸਬੰਧਤ ਯੂਥ ਕਲੱਬਾਂ ਅਤੇ ਨੈਸ਼ਨਲ ਸਰਵਿਸ ਸਕੀਮ ਨਾਲ ਜੁੜੀਆਂ ਸੰਸਥਾਵਾਂ ਦੇ ਨੈੱਟਵਰਕ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ ਬਲਕਿ ਲੋਕਾਂ ਨੂੰ ਸਵੱਛਤਾ ਦੀ ਮਹੱਤਤਾ ਦਾ ਅਹਿਸਾਸ ਕਰਵਾਉਣ ਦਾ ਇੱਕ ਗੰਭੀਰ ਪ੍ਰਯਤਨ ਹੈ।

 

 ਸਵੱਛ ਭਾਰਤ 2022 ਪ੍ਰੋਗਰਾਮ ਦਾ ਉਦੇਸ਼ 1 ਅਕਤੂਬਰ ਤੋਂ 31 ਅਕਤੂਬਰ 2022 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨਤਕ ਸਥਾਨਾਂ ਅਤੇ ਘਰਾਂ ਦੀ ਸਫਾਈ ਦਾ ਆਯੋਜਨ ਕਰਨਾ ਹੈ, ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ, ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ’ਸ) ਅਤੇ ਗੈਰ-ਸਰਕਾਰੀ ਸੰਸਥਾਵਾਂ ਸਮੇਤ ਸਰਕਾਰੀ ਸੰਸਥਾਵਾਂ ਨੂੰ ਸ਼ਾਮਲ ਕਰਕੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਕਚਰੇ ਤੋਂ ਮੁਕਤ ਰੱਖਣ ਲਈ ਨਾਗਰਿਕਾਂ ਵਿੱਚ ਜਾਗਰੂਕਤਾ ਅਤੇ ਮਾਣ ਦੀ ਭਾਵਨਾ ਪੈਦਾ ਕਰਨਾ ਹੈ। ਇਸ ਮੁਹਿੰਮ ਦੇ ਨਾਲ-ਨਾਲ “ਸਵੱਛ ਕਾਲ: ਅੰਮ੍ਰਿਤ ਕਾਲ” ਦਾ ਮੰਤਰ ਦਿੱਤਾ ਜਾਵੇਗਾ ਅਤੇ ਜਨ ਭਾਗੀਦਾਰੀ ਰਾਹੀਂ ਇਸ ਪ੍ਰੋਗਰਾਮ ਨੂੰ ਲੋਕ ਲਹਿਰ ਬਣਾਇਆ ਜਾਵੇਗਾ।

 

 ***********

 

 ਐੱਨਬੀ/ਓਏ



(Release ID: 1864580) Visitor Counter : 92