ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਜਨਤਾ ਦੇ ਵਿੱਚ ਚਰਚਾ ਅਤੇ ਸੰਵਾਦ ਦਾ ਮਜ਼ਬੂਤ ਮਾਹੌਲ ਬਣਾਉਣ ਦਾ ਸੱਦਾ ਦਿੱਤਾ


'ਮੀਡੀਆ ਨੂੰ ਸਵੈ-ਪੜਚੋਲ ਕਰਨਾ ਚਾਹੀਦਾ ਹੈ ਅਤੇ ਵਿਲੱਖਣ,ਹਾਸ਼ੀਏ 'ਤੇ ਪਏ ਲੋਕਾਂ ਦੀਆਂ ਆਵਾਜ਼ਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਜਗ੍ਹਾ ਬਣਾਉਣੀ ਚਾਹੀਦੀ ਹੈ'

'ਸਮਾਂ ਆ ਗਿਆ ਹੈ ਕਿ ਸਾਨੂੰ ਸਮਾਜਿਕ ਢਾਂਚੇ ਅਤੇ ਸੋਸ਼ਲ ਮੀਡੀਆ ਦੇ ਬਝੇ- ਬਝਾਏ ਢਾਂਚੇ (ਅਲਗੋਰਿਦਮ) ਤੋਂ ਬਾਹਰ ਆਉਣਾ ਚਾਹੀਦਾ ਹੈ': ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ 'ਸਮਾਜਿਕ ਨੈਤਿਕਤਾ' ਨੂੰ ਕਾਇਮ ਰੱਖਣ ਵਿੱਚ ਬੁੱਧੀਜੀਵੀਆਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ; ਮੌਜੂਦਾ ਮੁੱਦਿਆਂ 'ਤੇ ਬੋਲਣ ਦਾ ਸਿਵਲ ਸੁਸਾਇਟੀ ਨੂੰ ਸੱਦਾ ਦਿੱਤਾ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ 'ਲੋਕਮੰਥਨ' ਦੇ ਤੀਜੇ ਐਡੀਸ਼ਨ ਦਾ ਕੀਤਾ ਉਦਘਾਟਨ

ਉਪ ਰਾਸ਼ਟਰਪਤੀ ਨੇ ਗੁਹਾਟੀ ਵਿੱਚ ਕਾਮਾਖਿਆ ਮੰਦਰ ਦਾ ਦੌਰਾ ਕੀਤਾ, ਪੂਜਾ -ਅਰਚਨਾ ਕੀਤੀ

Posted On: 22 SEP 2022 2:49PM by PIB Chandigarh

ਉਪ ਰਾਸ਼ਟਰਪਤੀ , ਸ਼੍ਰੀ ਜਗਦੀਪ ਧਨਖੜ ਨੇ ਲੋਕਾਂ ਵਿੱਚ ਚਰਚਾ ਅਤੇ ਸੰਵਾਦ ਦਾ ਮਜ਼ਬੂਤ ਮਾਹੌਲ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਨਜ਼ਰੀਏ ਤੋਂ ਦੂਜੇ ਲੋਕਾਂ ਦੇ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ ਗਲਤ ਹੈ।

 

 ਭਾਰਤ  ਵਿੱਚ ਬਹਿਸ, ਵਿਚਾਰ-ਵਟਾਂਦਰੇ ਅਤੇ ਗਿਆਨ ਦੀ ਵੰਡ ਦੀ ਮਹਾਨ ਵਿਰਾਸਤ ਦਾ ਜ਼ਿਕਰ ਕਰਦਿਆਂ , ਉਪ ਰਾਸ਼ਟਰਪਤੀ ਨੇ ਕਿਹਾ ਕਿ ਜਨਤਾ ਦੇ ਵਿੱਚ ਖਾਸ ਤੌਰ ਤੇ ਵਿਧਾਨ ਸਭਾਵਾਂ ਵਿੱਚ ਚਰਚਾ ਦੀ ਗੁਣਵੱਤਾ ਨੂੰ ਵਧਾਉਣ ਲਈ ਅਤੀਤ ਤੋਂ ਸਬਕ ਲਿਆ ਜਾ ਸਕਦਾ ਹੈ ।

 

ਸ਼੍ਰੀ ਧਨਖੜ ਨੇ ਕਿਹਾ ਕਿ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਪੇਸ਼ ਕਰਨ ਅਤੇ ਲੋਕਾਂ ਦੀਆਂ ਨਜ਼ਰਾਂ ਦੇ ਕੇਂਦਰ ਵਿੱਚ ਕੋਲ ਹੀ ਰਿਹਣ ਦੀ ਕਾਹਲੀ ਵਿੱਚ ਟੈਲੀਵਿਜ਼ਨ ਜਾਂ ਸੋਸ਼ਲ ਮੀਡੀਆ 'ਤੇ ਹੋਣ ਵਾਲੀਆਂ ਬਹਿਸਾਂ   ਹਮਲਾਵਰ ਜੰਗ ਦੇ ਮੈਦਾਨਾਂ ਵਿੱਚ ਬਦਲ ਰਹੀਆਂ ਹਨ। ਉਨ੍ਹਾਂ ਮੀਡੀਆ ਨੂੰ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਨ ਅਤੇ ਆਤਮ-ਪੜਚੋਲ ਕਰਨ ਅਤੇ ਵਿਲੱਖਣ, ਮੌਲਿਕ ਅਤੇ ਹਾਸ਼ੀਏ 'ਤੇ ਪਈਆਂ ਆਵਾਜ਼ਾਂ ਨੂੰ ਮੁੱਖ ਧਾਰਾ ਵਿੱਚ ਆਉਣ ਲਈ ਜਗ੍ਹਾ ਬਣਾਉਣ ਦਾ ਸੱਦਾ ਦਿੱਤਾ।

 

ਸਿਹਤਮੰਦ ਅਤੇ ਖੁੱਲ੍ਹੇ ਦਿਮਾਗ਼ ਨਾਲ ਵਿਚਾਰ-ਵਟਾਂਦਰਾ ਕਰਨ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਸਮਾਜਿਕ ਢਾਂਚੇ ਅਤੇ ਸੋਸ਼ਲ ਮੀਡੀਆ ਦੇ ਬਝੇ- ਬਝਾਏ ਢਾਂਚੇ (ਅਲਗੋਰਿਦਮਾਂ) ਤੋਂ ਬਾਹਰ ਆ ਕੇ ਆਪਣੇ ਮਨ ਵਿੱਚ ਸਾਫ਼ ਸੁਥਰੇ ਵਿਚਾਰਾਂ ਨੂੰ ਆਉਣ ਦਾ ਰਸਤਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ “ਸਾਨੂੰ ਸੁਣਨ ਦੀ ਕਲਾ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ ਅਤੇ ਸੰਵਾਦ ਦੀ ਕਲਾ ਨੂੰ ਵੀ ਮੁੜ ਖੋਜਣਾ ਹੋਵੇਗਾ।,” 

 

ਉਪ ਰਾਸ਼ਟਰਪਤੀ ਨੇ ਅੱਜ ਗੁਹਾਟੀ ਵਿੱਚ ਪ੍ਰਗਿਆ ਪ੍ਰਵਾਹ ਵੱਲੋਂ ਕਰਵਾਏ ਗਏ ਰਾਸ਼ਟਰੀ ਸੰਵਾਦ 'ਲੋਕਮੰਥਨ' ਦੇ ਤੀਜੇ ਸੰਸਕਰਨ ਦਾ ਉਦਘਾਟਨ ਕੀਤਾ। ਉੱਤਰ ਪੂਰਬੀ ਭਾਰਤ ਦੇ ਅਮੀਰ ਸੱਭਿਆਚਾਰਕ ਲੋਕਾਚਾਰ ਨੂੰ ਉਜਾਗਰ ਕਰਨ ਲਈ ਆਯੋਜਕਾਂ ਦੀ  ਸ਼ਲਾਘਾ ਕਰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ ਉਹਨਾਂ ਦੀ ਵਿਭਿੰਨਤਾ ਵਿੱਚ, "ਖੇਤਰ ਦੀਆਂ ਸੱਭਿਆਚਾਰਕ ਪਰੰਪਰਾਵਾਂ ਸ਼ਾਂਤੀ, ਸਦਭਾਵਨਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਉੱਚਤਮ ਭਾਰਤੀ ਮੁੱਲਾਂ ਨਾਲ ਗੂੰਜਦੇ ਹਨ।"

 

ਉਪ ਰਾਸ਼ਟਰਪਤੀ ਨੇ ਭਾਰਤੀ ਸਮਾਜ ਵਿੱਚ ਬੁੱਧੀਜੀਵੀਆਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਵੱਖ-ਵੱਖ ਸੰਤਾਂ ਨੇ ਰਾਜਿਆਂ ਨੂੰ ਨੀਤੀਗਤ ਮੁੱਦਿਆਂ 'ਤੇ  ਇਤਿਹਾਸਕ ਸਲਾਹ ਦਿੱਤੀ ਅਤੇ ਸਮਾਜ ਵਿੱਚ ਸਦਭਾਵਨਾ ਅਤੇ ਸਥਿਰਤਾ ਨੂੰ ਯਕੀਨੀ ਬਣਾਇਆ। ਉਨ੍ਹਾਂ ਬੁੱਧੀਜੀਵੀਆਂ ਨੂੰ ਮੌਜੂਦਾ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ 'ਜੇਕਰ ਸਾਡੇ ਬੁੱਧੀਜੀਵੀ ਅਜੋਕੇ ਸਮੇਂ 'ਚ ਚੁੱਪ ਰਹਿਣ ਦਾ ਫੈਸਲਾ ਕਰ ਲੈਣ ਤਾਂ ਸਮਾਜ ਦੇ ਇਸ ਅਹਿਮ ਤਬਕੇ ਨੂੰ ਹਮੇਸ਼ਾ ਲਈ ਚੁੱਪ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਖੁੱਲ੍ਹ ਕੇ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਤਾਂ ਜੋ ਸਮਾਜਿਕ ਨੈਤਿਕਤਾ ਅਤੇ ਹੋਂਦ ਦੀ ਰਾਖੀ ਕੀਤੀ ਜਾ ਸਕੇ।"

 

ਸੰਵਿਧਾਨ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਿੱਤੀ ਗਈ ਪ੍ਰਮੁੱਖਤਾ ਅਤੇ ਸੰਵਿਧਾਨ ਸਭਾ ਦੀ ਬਹਿਸ ਦੀ ਅਮੀਰ ਪਰੰਪਰਾ ਨੂੰ ਰੇਖਾਂਕਿਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਆਜ਼ਾਦ ਅਤੇ ਸਿਹਤਮੰਦ ਚਰਚਾ ਦੇ ਮਹੱਤਵ ਦੇ ਗਵਾਹ ਹਨ, ਜਿਸ ਨੂੰ ਭਾਰਤ ਲੰਬੇ ਸਮੇਂ ਤੋਂ ਕਾਇਮ ਰੱਖਦਾ ਆ ਰਿਹਾ ਹੈ ।  ਉਨ੍ਹਾਂ ਕਿਹਾ ਕਿ “ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰ ਦਾ ਅੰਮ੍ਰਿਤ ਹੈ।,”

 

ਉਪ ਰਾਸ਼ਟਰਪਤੀ ਨੇ ਸਿਵਲ ਸੋਸਾਇਟੀ ਦੇ ਬੁੱਧੀਜੀਵੀਆਂ ਨੂੰ ਵਿਚਾਰ-ਵਟਾਂਦਰੇ ਰਾਹੀਂ ਰਾਜ ਦੀਆਂ ਤਿੰਨ ਸ਼ਾਖਾਵਾਂ – ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚਕਾਰ ਇਕਸੁਰਤਾ ਵਾਲਾ ਸੰਤੁਲਨ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਬੁੱਧੀਜੀਵੀਆਂ ਦੇ ਸੰਵਾਦ ਅਤੇ ਵਿਚਾਰ-ਵਟਾਂਦਰੇ  ਸੰਬੰਧੀ ਹਾਂ-ਪੱਖੀ ਵਤੀਰਾ ਯਕੀਨੀ ਤੌਰ 'ਤੇ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੇ ਵਿਕਾਸ ਦੀ ਅਗਵਾਈ ਕਰੇਗਾ।"

 

ਸਾਰੇ ਭਾਰਤੀਆਂ ਵਿੱਚ "ਸਾਂਝੇ ਸੱਭਿਆਚਾਰਕ ਸੂਤਰ" ਤੇ ਵਿਚਾਰ ਕਰਦੇ ਹੋਏ , ਸ਼੍ਰੀ ਧਨਖੜ ਨੇ ਕਿਹਾ ਕਿ ਸਾਡੀ 'ਵਿਲੱਖਣ ਸੱਭਿਆਚਾਰਕ ਏਕਤਾ' ਦੀ ਸੁੰਦਰਤਾ ਅਤੇ ਤਾਕਤ ਸਾਡੇ ਰਾਸ਼ਟਰੀ ਜੀਵਨ ਦੇ ਹਰ ਖੇਤਰ - ਦੁਨਿਆਵੀ, ਧਰਮ ਨਿਰਪੱਖ ਮਾਮਲਿਆਂ ਤੋਂ ਲੈ ਕੇ ਉੱਚ ਅਧਿਆਤਮਿਕ ਪਹਿਲੂਆਂ ਤੱਕ ਝਲਕਦੀ ਹੈ। ਬਿਜਾਈ ਦੇ ਮੌਸਮ ਦੌਰਾਨ ਕਿਸਾਨਾਂ ਵੱਲੋਂ ਗਾਏ ਜਾਣ ਵਾਲੇ ਗੀਤਾਂ ਤੋਂ ਲੈ ਕੇ ਵਾਤਾਵਰਣ ਪ੍ਰਤੀ ਸਾਡੀ ਸੰਪੂਰਨ ਪਹੁੰਚ ਤੱਕ, ਭਾਰਤੀਯਤਾ ਦੀ ਅੰਦਰੂਨੀ ਏਕਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

 

ਇਸ ਸਬੰਧ ਵਿੱਚ, ਉਪ ਰਾਸ਼ਟਰਪਤੀ ਨੇ "ਸਾਡਾ ਆਪਣਾ ਇਤਿਹਾਸ" ਦੀ ਭਾਵਨਾ ਵਿਕਸਤ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਲੋਕ ਪਰੰਪਰਾਵਾਂ, ਸਥਾਨਕ ਕਲਾ ਦੇ ਰੂਪ ਅਤੇ ਅਣਗਿਣਤ ਉਪ-ਭਾਸ਼ਾਵਾਂ ਸ਼ਾਮਲ ਹਨ। ਉਨ੍ਹਾਂ ਆਖਿਆਂ ਅਜਿਹਾ ਹੋਣ ਤੇ ਹੀ ਅਸੀਂ ਅਸਲ ਵਿੱਚ ਮਨ ਅਤੇ ਆਤਮਾ ਦੇ ਲਿਹਾਜ਼ ਨਾਲ ਆਜ਼ਾਦ ਹੋ ਸਕਦੇ ਹਾਂ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਬਾਰੇ ਵਿੱਚ ਸੋਚਣ ਲਈ ਮਜ਼ਬੂਤ ਇਰਾਦੇ ਨਾਲ ਕੰਮ ਕਰਨ ਅਤੇ ਸਿਰਫ਼ ਸਹੀ ਹੁਨਰ ਹੀ ਨਹੀਂ ਸਗੋਂ ਸਹੀ ਮਾਨਸਿਕਤਾ ਨਾਲ  ਕੰਮ ਕਰਨ ਦਾ ਵੀ ਸੱਦਾ ਦਿੱਤਾ "।

 

ਸਮਾਗਮ ਦੌਰਾਨ, ਉਪ ਰਾਸ਼ਟਰਪਤੀ ਨੇ ਇੱਕ ਪਰੰਪਰਾਗਤ ਅਸਾਮੀ ਧਾਰਮਿਕ ਨ੍ਰਿਤ ਪ੍ਰਦਰਸ਼ਨ, 'ਗਾਨ ਬਾਯਾਨ' ਦੇਖਿਆ। ਉਨ੍ਹਾਂ ਨੇ ਦੋ ਕਿਤਾਬਾਂ - ਲੋਕ ਮੰਥਨ ਲਈ ਇੱਕ ਸੋਵੀਨਾਰ ਅਤੇ ਮੁੱਖ ਮੰਤਰੀ ਡਾ: ਹਿਮਂਤਾ ਬਿਸਵਾ ਸਰਮਾ ਦੇ ਭਾਸ਼ਣਾਂ ਦਾ ਸੰਗ੍ਰਹਿ 'ਇਨ ਪਰਸੂਟ ਆਫ਼ ਏ ਡ੍ਰੀਮ' ਵੀ ਰਿਲੀਜ਼ ਕੀਤੀਆਂ।

 

ਦੁਪਹਿਰ ਬਾਅਦ ਉਪ ਰਾਸ਼ਟਰਪਤੀ ਗੁਹਾਟੀ ਦੇ ਰਾਜ ਭਵਨ ਪੁੱਜੇ, ਜਿੱਥੇ ਉਨ੍ਹਾਂ ਨੇ ਰਾਜ ਦੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਸ਼੍ਰੀ ਧਨਖੜ ਆਪਣੀ ਪਤਨੀ ਡਾ.ਸੁਦੇਸ਼ ਧਨਖੜ ਦੇ ਨਾਲ ਗੁਹਾਟੀ ਦੇ ਪ੍ਰਸਿੱਧ ਕਾਮਾਖਿਆ ਮੰਦਰ ਗਏ ਅਤੇ ਪੂਜਾ ਅਰਚਨਾ ਕੀਤੀ।

 

ਇਸ ਮੌਕੇ ਅਸਾਮ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ, ਅਸਾਮ ਦੇ ਮੁੱਖ ਮੰਤਰੀ ਡਾ: ਹਿਮਂਤਾ ਬਿਸਵਾ ਸਰਮਾ, ਪ੍ਰਗਿਆ ਪ੍ਰਵਾਹ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਜੇ. ਨੰਦਕੁਮਾਰ, ਲੋਕਮੰਥਨ 2022 ਦੇ ਕਾਰਜਕਾਰੀ ਪ੍ਰਧਾਨ ਡਾ.ਗਾਰਗੀ ਸੈਕੀਆ ਮਹੰਤਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

ਸਮਾਗਮ ਦੀਆਂ ਫੋਟੋਆਂ


**************

 

ਐੱਮ ਐੱਸ/ ਆਰ ਕੇ / ਡੀ ਪੀ


(Release ID: 1861647)