ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਕੂਲਾਂ ਨੂੰ ਮਜ਼ਬੂਤ ਚਰਿੱਤਰ ਵਿਕਸਿਤ ਕਰਨ ਤੇ ਛੋਟੀ ਉਮਰ ਤੋਂ ਹੀ ਬੱਚਿਆਂ ’ਚ ਕੌਮੀ ਕਦਰਾਂ-ਕੀਮਤਾਂ ਪੈਦਾ ਕਰਨ ਦਾ ਸੱਦਾ ਦਿੱਤਾ
'ਹਰ ਤਰ੍ਹਾਂ ਦੀਆਂ ਔਕੜਾਂ ਦੇ ਬਾਵਜੂਦ ਭਾਰਤ ਦੀਆਂ ਸੱਭਿਆਤਮਕ ਕਦਰਾਂ-ਕੀਮਤਾਂ ਦੀ ਏਕਤਾ ਤੇ ਸਦਭਾਵਨਾ ਦੀ ਰਾਖੀ ਕਰੋ'
ਉਪ ਰਾਸ਼ਟਰਪਤੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਖੁੱਲ੍ਹ ਕੇ ਬੋਲਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ
'ਮਾਤ ਭਾਸ਼ਾ ਸਵੈ-ਮਾਣ ਵਧਾਉਂਦੀ ਹੈ ਅਤੇ ਸੱਭਿਆਚਾਰਕ ਸਾਂਝ ਦੀ ਭਾਵਨਾ ਦਿੰਦੀ ਹੈ'
ਉਪ ਰਾਸ਼ਟਰਪਤੀ ਨੇ ਹੈਦਰਾਬਾਦ ਪਬਲਿਕ ਸਕੂਲ ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ
Posted On:
30 JUL 2022 5:06PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਕੂਲਾਂ ਨੂੰ ਬੱਚਿਆਂ ਵਿੱਚ ਇੱਕ ਮਜ਼ਬੂਤ ਨੈਤਿਕ ਚਰਿੱਤਰ ਬਣਾਉਣ ਅਤੇ ਛੋਟੀ ਉਮਰ ਤੋਂ ਹੀ ਏਕਤਾ, ਸਦਭਾਵਨਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੀਆਂ ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਯਾਦ ਕੀਤਾ ਕਿ "ਸਾਡੇ ਸੰਸਥਾਪਕ ਪਿਤਾਵਾਂ ਨੇ ਇੱਕ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ ਜੋ ਧਰਮ, ਨਸਲ, ਜਾਤ, ਲਿੰਗ, ਜਾਂ ਇੱਥੋਂ ਤੱਕ ਕਿ ਜਨਮ ਸਥਾਨ ਦੇ ਅਧਾਰ 'ਤੇ ਵੀ ਵਿਤਕਰਾ ਨਾ ਕਰੇ। ਅਜਿਹੀਆਂ ਸਮਾਵੇਸ਼ੀ ਅਤੇ ਬਹੁਲਵਾਦੀ ਕਦਰਾਂ-ਕੀਮਤਾਂ ਹੀ ਭਾਰਤ ਨੂੰ ਕੌਮਾਂ ਦੇ ਭਾਈਚਾਰੇ ਵਿੱਚੋਂ ਇੱਕ ਵਿਸ਼ੇਸ਼ ਰਾਸ਼ਟਰ ਬਣਾਉਂਦੀਆਂ ਹਨ। ਇਨ੍ਹਾਂ ਕਦਰਾਂ-ਕੀਮਤਾਂ ਦਾ ਅਭਿਆਸ ਕਰਨ ਅਤੇ ਹਰ ਤਰ੍ਹਾਂ ਦੀਆਂ ਔਕੜਾਂ ਦੇ ਬਾਵਜੂਦ ਇਨ੍ਹਾਂ ਦੀ ਰਾਖੀ ਕਰਨ ਦਾ ਪ੍ਰਣ ਲਓ।
ਉਪ ਰਾਸ਼ਟਰਪਤੀ ਅੱਜ ਹੈਦਰਾਬਾਦ ’ਚ ਹੈਦਰਾਬਾਦ ਪਬਲਿਕ ਸਕੂਲ, ਰਾਮੰਥਾਪੁਰ ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕਰ ਰਹੇ ਸਨ। ਇਸ ਮੀਲ ਪੱਥਰ 'ਤੇ ਸਕੂਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਵਿੱਦਿਅਕ ਸੰਸਥਾਵਾਂ ਵਿੱਚ 'ਉੱਤਮਤਾ' ਨੂੰ ਪਹਿਰੇਦਾਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਕੂਲਾਂ ਨੂੰ ਸਲਾਹ ਦਿੱਤੀ ਕਿ ਉਹ "ਰਾਸ਼ਟਰੀ ਸਿੱਖਿਆ ਨੀਤੀ 2020 ਦਾ ਪੂਰਾ ਲਾਭ ਲੈਣ" ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਵਿਕਾਸ ਨੂੰ - ਬੌਧਿਕ, ਨੈਤਿਕ ਅਤੇ ਰਚਨਾਤਮਕ ਰੂਪ ਵਿੱਚ ਉਤਸ਼ਾਹਿਤ ਕਰਨ।
ਸਕੂਲਾਂ ਵਿੱਚ ਮਾਤ–ਭਾਸ਼ਾ ਦੀ ਵਰਤੋਂ ਦੇ ਮੁੱਦੇ ਨੂੰ ਛੋਹੰਦਿਆਂ ਸ਼੍ਰੀ ਨਾਇਡੂ ਨੇ ਚਿੰਤਾ ਜ਼ਾਹਰ ਕੀਤੀ ਕਿ ਕੁਝ ਸਕੂਲ "ਵਿਦਿਆਰਥੀ ਦੀ ਮਾਤ–ਭਾਸ਼ਾ ਨੂੰ ਨੀਵਾਂ ਸਮਝਦੇ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਅੰਗਰੇਜ਼ੀ ਵਿੱਚ ਬੋਲਣ ਅਤੇ ਸਿੱਖਣ ਲਈ ਉਤਸ਼ਾਹਿਤ ਕਰਦੇ ਹਨ"। ਉਨ੍ਹਾਂ ਦੱਸਿਆ ਕਿ "ਆਪਣੀ ਮਾਤ ਭਾਸ਼ਾ ਵਿੱਚ ਸਿੱਖਣਾ ਤੇ ਸੁਤੰਤਰ ਰੂਪ ਵਿੱਚ ਸੰਚਾਰ ਕਰਨਾ ਨਾ ਸਿਰਫ਼ ਵਿੱਦਿਅਕ ਨਤੀਜਿਆਂ ਵਿੱਚ ਸੁਧਾਰ ਕਰਦਾ ਹੈ, ਬਲਕਿ ਇਸ ਤੋਂ ਵੀ ਮਹੱਤਵਪੂਰਨ, ਸਵੈ-ਮਾਣ ਨੂੰ ਵਧਾਉਂਦਾ ਹੈ ਅਤੇ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਸਾਂਝ ਦੀ ਭਾਵਨਾ ਪੈਦਾ ਕਰਦਾ ਹੈ"।
ਰਾਸ਼ਟਰੀ ਸਿੱਖਿਆ ਨੀਤੀ ਦੀਆਂ ਸਿਫ਼ਾਰਸ਼ਾਂ ਦਾ ਹਵਾਲਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਪ੍ਰਾਇਮਰੀ ਪੱਧਰ 'ਤੇ ਸਿੱਖਿਆ ਦੇ ਮਾਧਿਅਮ ਨੂੰ ਮਾਤ ਭਾਸ਼ਾਵਾਂ ਵੱਲ ਤਬਦੀਲ ਕਰਨਾ ਅਤੇ ਹੌਲੀ-ਹੌਲੀ ਇਸ ਨੂੰ ਉੱਚ ਪੱਧਰਾਂ ਤੱਕ ਵੀ ਵਧਾਉਣਾ ਚਾਹਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ,“ਸਾਡੇ ਬੱਚਿਆਂ ਦੀ ਸ਼ਖ਼ਸੀਅਥ ਨੂੰ ਘੜਨ ਅਤੇ ਉਹਨਾਂ ਦੇ ਚਰਿੱਤਰ ਨੂੰ ਢਾਲਣ ਲਈ ਮਾਤ ਭਾਸ਼ਾ ਦੀ ਮਹੱਤਤਾ ਨੂੰ ਬਹੁਤਾ ਨਹੀਂ ਦੱਸਿਆ ਜਾ ਸਕਦਾ।”
ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਨੂੰ ਸਫਲਤਾ ਲਈ ਬਹੁਤ ਮਹੱਤਵਪੂਰਨ ਗੁਣ ਦੱਸਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਉੱਚੇ ਟੀਚੇ ਰੱਖਣ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਦੇਸ਼ ਦੇ ਦੂਸਰੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ 'ਤੇ ਪਹੁੰਚਣ ਲਈ 'ਅਨੁਸ਼ਾਸਨ, ਸਮਰਪਣ, ਪ੍ਰਤੀਬੱਧਤਾ ਅਤੇ ਸਖ਼ਤ ਮਿਹਨਤ' ਨੂੰ ਸਿਹਰਾ ਦਿੰਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦਿੱਤਾ ਕਿ "ਮਿਹਨਤ ਦਾ ਕੋਈ ਬਦਲ ਨਹੀਂ ਹੈ।"
ਐੱਚਪੀਐੱਸ, ਰਾਮੰਤਪੁਰ ਦੇ ਵਿਸ਼ਾਲ ਅਤੇ ਹਰੇ ਭਰੇ ਕੈਂਪਸ ਲਈ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਚਾਹੁੰਦੇ ਸਨ ਕਿ ਸਾਰੀਆਂ ਵਿੱਦਿਅਕ ਅਤੇ ਹੋਰ ਸੰਸਥਾਵਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਵੇ ਤਾਂ ਜੋ ਕੈਂਪਸ ਵਿੱਚ ਸੂਰਜ ਦੀ ਰੋਸ਼ਨੀ ਅਤੇ ਹਵਾ ਦਾ ਮੁਫਤ ਪ੍ਰਵਾਹ ਹੋ ਸਕੇ। ਕੁਦਰਤ ਨਾਲ ਪਿਆਰ ਕਰਨ ਅਤੇ ਇਕਸੁਰਤਾ ਵਿਚ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਚਾਹਿਆ ਕਿ ਵਿਦਿਆਰਥੀ ਸਿਰਫ਼ ਆਪਣੀ ਪੜ੍ਹਾਈ 'ਤੇ ਹੀ ਨਹੀਂ, ਬਲਕਿ ਆਪਣੀ ਸਰੀਰਕ ਤੰਦਰੁਸਤੀ 'ਤੇ ਵੀ ਧਿਆਨ ਦੇਣ।
ਸਮਾਰੋਹ ਦੌਰਾਨ ਰਵਾਇਤੀ 'ਵੰਦਨਾ ਨ੍ਰਿਤਯਮ' ਪੇਸ਼ ਕਰਨ ਵਾਲੇ ਨੌਜਵਾਨ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਅਪਨਾਉਣ ਲਈ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੰਗੀਤ ਅਤੇ ਨ੍ਰਿਤ ਦੀ ਇੱਕ ਮਹਾਨ ਪਰੰਪਰਾ ਹੈ, ਜੋ ਨਾ ਸਿਰਫ਼ ਸਾਡੀ ਅਟੁੱਟ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਬਣਦੇ ਹਨ, ਬਲਕਿ ਇੱਕ ਮਹਾਨ ਤਣਾਅ ਮੁਕਤੀ ਵਜੋਂ ਵੀ ਕੰਮ ਕਰਦੇ ਹਨ।
ਇਸ ਮੌਕੇ ਸ਼੍ਰੀ ਮੁਹੰਮਦ ਮਹਿਮੂਦ ਅਲੀ, ਤੇਲੰਗਾਨਾ ਦੇ ਗ੍ਰਹਿ ਮੰਤਰੀ, ਸ਼੍ਰੀ ਬੀ. ਸੁਭਾਸ਼ ਰੈੱਡੀ, ਵਿਧਾਨ ਸਭਾ ਦੇ ਮੈਂਬਰ, ਸ਼੍ਰੀਮਤੀ ਵਕਾਤੀ ਕਰੁਣਾ, ਸਕੱਤਰ, ਸਿੱਖਿਆ ਅਤੇ ਚੇਅਰਮੈਨ ਬੋਰਡ ਆਵ੍ ਗਵਰਨਰ, ਹੈਦਰਾਬਾਦ ਪਬਲਿਕ ਸਕੂਲ, ਪ੍ਰਬੰਧਕ, ਸਟਾਫ਼, ਮਾਪੇ, ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਹੋਰ ਹਾਜ਼ਰ ਸਨ।
******************
ਐੱਮਐੱਸ/ਆਰਕੇ
(Release ID: 1846640)
Visitor Counter : 146