ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਕੂਲੀ ਸਿੱਖਿਆ ਵਿੱਚ ਮਾਤ ਭਾਸ਼ਾ ਦੀ ਵਰਤੋਂ 'ਤੇ ਜ਼ੋਰ ਦਿੱਤਾ
ਉੱਪ ਰਾਸ਼ਟਰਪਤੀ ਨੇ ਤੇਲੁਗੂ ਭਾਸ਼ਾ ਅਤੇ ਸਾਹਿਤ ਵਿੱਚ ਸੀ. ਨਰਾਇਣ ਰੈੱਡੀ ਦੇ ਯੋਗਦਾਨ ਨੂੰ ਯਾਦ ਕੀਤਾ
ਉੱਘੇ ਉੜੀਆ ਲੇਖਕ, ਡਾ. ਪ੍ਰਤਿਭਾ ਰੇਅ ਨੂੰ ਡਾ. ਸੀ. ਨਰਾਇਣ ਰੈੱਡੀ ਰਾਸ਼ਟਰੀ ਸਾਹਿਤਕ ਪੁਰਸਕਾਰ ਪ੍ਰਦਾਨ ਕੀਤਾ
Posted On:
29 JUL 2022 8:20PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਬੁਨਿਆਦੀ ਸਿੱਖਿਆ ਵਿੱਚ ਮਾਤ ਭਾਸ਼ਾ ਦੀ ਵਰਤੋਂ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਰਾਜ ਸਰਕਾਰਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਵਿਵਸਥਾਵਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਹੈਦਰਾਬਾਦ ਵਿੱਚ ਉੱਘੀ ਉੜੀਆ ਲੇਖਿਕਾ ਡਾ. ਪ੍ਰਤਿਭਾ ਰੇਅ ਨੂੰ ਡਾ. ਸੀ. ਨਰਾਇਣ ਰੈੱਡੀ ਰਾਸ਼ਟਰੀ ਸਾਹਿਤਕ ਪੁਰਸਕਾਰ ਪ੍ਰਦਾਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉੜੀਆ ਭਾਸ਼ਾ ਵਿੱਚ ਇੱਕ ਉੱਘੇ ਲੇਖਕ, ਡਾ. ਰੇਅ ਦੇ ਨਾਵਲ ਅਤੇ ਛੋਟੀਆਂ ਕਹਾਣੀਆਂ ਵਿਆਪਕ ਤੌਰ 'ਤੇ ਸ਼ਲਾਘਾਯੋਗ ਹਨ ਅਤੇ ਮਹੱਤਵਪੂਰਨ ਸਮਾਜਿਕ ਮੁੱਦਿਆਂ ਨੂੰ ਛੋਹੰਦੀਆਂ ਹਨ। ਉਨ੍ਹਾਂ ਨੂੰ 2011 ਵਿੱਚ ਗਿਆਨਪੀਠ ਅਵਾਰਡ, 2007 ਵਿੱਚ ਪਦਮ ਸ਼੍ਰੀ ਅਤੇ 2022 ਵਿੱਚ ਪਦਮ ਭੂਸ਼ਣ ਜਿਹੇ ਪੁਰਸਕਾਰ ਹਾਸਲ ਹੋ ਚੁੱਕੇ ਹਨ।।
ਇਸ ਮੌਕੇ 'ਤੇ ਬੋਲਦਿਆਂ, ਸ਼੍ਰੀ ਨਾਇਡੂ ਨੇ ਤੇਲੁਗੂ ਭਾਸ਼ਾ ਅਤੇ ਸਾਹਿਤ ਲਈ ਡਾ. ਸੀ. ਨਰਾਇਣ ਰੈੱਡੀ ਦੇ "ਅਮੁੱਲ ਯੋਗਦਾਨ" ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਨੇ ਤੇਲੁਗੂ ਲੋਕਾਂ ਨੂੰ ਵੱਡੇ ਪੱਧਰ 'ਤੇ ਮੋਹਿਤ ਕੀਤਾ ਹੈ। ਡਾ: ਰੈੱਡੀ ਦੀ ਮਹਾਂਕਾਵਿ ਰਚਨਾ 'ਵਿਸ਼ਵੰਭਰਾ' ਦਾ ਹਵਾਲਾ ਦਿੰਦੇ ਹੋਏ, ਜਿਸ ਨੇ ਉਨ੍ਹਾਂ ਨੂੰ ਗਿਆਨਪੀਠ ਅਵਾਰਡ ਦਿਵਾਇਆ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਮਨੁੱਖ ਅਤੇ ਕੁਦਰਤ ਦੇ ਵਿਚਕਾਰ ਗੁੰਝਲਦਾਰ ਸਬੰਧਾਂ ਨੂੰ ਸੁੰਦਰ ਰੂਪ ਵਿੱਚ ਬਿਆਨ ਕਰਦਾ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ, ਡਾ. ਰੈੱਡੀ ਨੇ ਰਾਜ ਸਭਾ ਵਿੱਚ ਬਹੁਤ ਸਾਰੇ ਉਸਾਰੂ ਸੁਝਾਅ ਦਿੱਤੇ ਅਤੇ ਸਿੱਖਿਆ ਵਿੱਚ ਮਾਤ ਭਾਸ਼ਾ ਦੀ ਵਰਤੋਂ ਲਈ ਜੋਸ਼ ਨਾਲ ਯਤਨ ਕੀਤੇ। ਇਸ ਮੌਕੇ 'ਤੇ ਸ਼੍ਰੀ ਨਾਇਡੂ ਨੇ "ਵਿਆਸ ਪੂਰਨਿਮਾ" ਸਿਰਲੇਖ ਵਾਲੇ ਡਾ. ਰੈੱਡੀ ਦੀਆਂ ਕਵਿਤਾਵਾਂ ਅਤੇ ਲੇਖਾਂ ਦਾ ਸੰਗ੍ਰਹਿ ਰਿਲੀਜ਼ ਕੀਤਾ।
ਤੇਲੰਗਾਨਾ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼੍ਰੀ ਸਿੰਗੀਰੈੱਡੀ ਨਿਰੰਜਨ ਰੈੱਡੀ, ਪੁਰਸਕਾਰ ਹਾਸਲ ਕਰਨ ਵਾਲੇ ਡਾ. ਰੇਅ, ਉੱਘੇ ਤੇਲੁਗੂ ਲੇਖਕ ਵੋਲਗਾ (ਪੋਪੁਰੀ ਲਲਿਤਾ ਕੁਮਾਰੀ), ਡਾ. ਸੀ. ਨਾਰਾਇਣ ਰੈੱਡੀ ਦੇ ਪਰਿਵਾਰਕ ਮੈਂਬਰ ਤੇ ਹੋਰਨਾਂ ਨੇ ਇਸ ਸਮਾਰੋਹ ’ਚ ਹਿੱਸਾ ਲਿਆ।
***************
ਐੱਮਐੱਸ/ਆਰਕੇ
(Release ID: 1846396)