ਟੈਕਸਟਾਈਲ ਮੰਤਰਾਲਾ
ਫੈਸ਼ਨ ਉਦਯੋਗ ਲਈ 5 ਐੱਫ ਭਾਰਤ ਦੇ ਟੈਕਸਟਾਈਲ ਉਦਯੋਗ ਨੂੰ ਸਸ਼ਕਤ ਬਣਾਉਣਗੇ: ਸ਼੍ਰੀ ਪੀਯੂਸ਼ ਗੋਇਲ
ਕੇਂਦਰੀ ਕੱਪੜਾ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਫਟ (NIFT) ਦੇ ਪੰਚਕੁਲਾ ਕੈਂਪਸ ਦਾ ਉਦਘਾਟਨ ਕੀਤਾ
Posted On:
12 JUL 2022 7:12PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਅੱਜ ਪੰਚਕੁਲਾ ਵਿੱਚ ਨੈਸ਼ਨਲ ਇੰਸਟੀਟਿਊਟ ਆਵੑ ਫੈਸ਼ਨ ਟੈਕਨੋਲੋਜੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ।
ਉਦਘਾਟਨ ਉਪਰੰਤ ਆਪਣੇ ਸੰਬੋਧਨ ਦੌਰਾਨ, ਸ਼੍ਰੀ ਪੀਯੂਸ਼ ਗੋਇਲ ਨੇ ਕੈਂਪਸ ਦੀ ਯੋਜਨਾਬੰਦੀ ਅਤੇ ਨਿਰਮਾਣ 'ਤੇ ਕੰਮ ਕਰਨ ਵਾਲੀਆਂ ਵਿਭਿੰਨ ਟੀਮਾਂ, ਆਰਕੀਟੈਕਚਰ ਵਿਭਾਗ, ਨਿਫਟ (NIFT), ਹਰਿਆਣਾ ਟੈਕਨੀਕਲ ਸਿੱਖਿਆ ਅਤੇ ਹੋਰ ਵਿਭਾਗਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਹਰਿਆਣਾ ਵਿੱਚ ਆਪਣੀਆਂ ਜੜ੍ਹਾਂ ਬਾਰੇ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਕੈਂਪਸ ਦੀ ਸਥਾਪਨਾ ਨੂੰ ਸੰਭਵ ਬਣਾਇਆ। ਸ਼੍ਰੀ ਗੋਇਲ ਨੇ ਭਾਰਤ ਦੇ ਟੈਕਸਟਾਈਲ ਉਦਯੋਗ ਨੂੰ ਦੁਨੀਆ ਵਿੱਚ ਇੱਕ ਵੱਡਾ ਨਾਮ ਬਣਾਉਣ ਲਈ, ਫੈਸ਼ਨ ਉਦਯੋਗ ਲਈ 5 ਐੱਫ - ਫਾਰਮ, ਫਾਈਬਰ, ਫੈਬਰਿਕ, ਫੈਸ਼ਨ ਅਤੇ ਫੌਰੇਨ ਐਕਸਪੋਰਟ ਦੇ ਮੰਤਰ ਨੂੰ ਨਵਾਂ ਰੂਪ ਦਿੱਤਾ।
ਹਰਿਆਣਾ ਦੇ ਮੁੱਖ ਮੰਤਰੀ, ਸ੍ਰੀ ਮਨੋਹਰ ਲਾਲ ਨੇ ਕੇਂਦਰ ਦੀ ਯੋਜਨਾਬੰਦੀ ਅਤੇ ਸਥਾਪਨਾ ਵਿੱਚ ਸਹਿਯੋਗ ਅਤੇ ਮਾਰਗਦਰਸ਼ਨ ਲਈ ਸਾਬਕਾ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੈਂਟਰ ਦੀ ਇਮਾਰਤ ਬੇਮਿਸਾਲ ਹੈ ਅਤੇ ਕੇਂਦਰ ਸਰਕਾਰ ਨੂੰ ਸੈਂਟਰ ਲਈ ਐਂਫੀਥੀਏਟਰ ਅਤੇ ਆਡੀਟੋਰੀਅਮ ਬਣਾਉਣ ਲਈ ਹੋਰ ਫੰਡ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਦੇਸ਼ ਭਰ ਦੇ ਵਿਦਿਆਰਥੀਆਂ ਦਾ ਹਰਿਆਣਾ ਆਉਣ 'ਤੇ ਸਵਾਗਤ ਵੀ ਕੀਤਾ।
ਇਸ ਮੌਕੇ ਸ਼੍ਰੀ ਗਿਆਨ ਚੰਦ ਗੁਪਤਾ, ਮਾਣਯੋਗ ਸਪੀਕਰ, ਹਰਿਆਣਾ ਵਿਧਾਨ ਸਭਾ, ਸ਼੍ਰੀ ਰਤਨ ਲਾਲ ਕਟਾਰੀਆ, ਮਾਣਯੋਗ ਸੰਸਦ ਮੈਂਬਰ, ਅੰਬਾਲਾ ਅਤੇ ਸ਼੍ਰੀ ਕੰਵਰਪਾਲ ਗੁਰਜਰ, ਹਰਿਆਣਾ ਦੇ ਸਿੱਖਿਆ ਮੰਤਰੀ ਵੀ ਮੌਜੂਦ ਸਨ।
ਪਤਵੰਤਿਆਂ ਦੁਆਰਾ ਪਲੇਕ ਅਤੇ ਰਿਬਨ ਕੱਟ ਕੇ ਕੈਂਪਸ ਦੇ ਉਦਘਾਟਨ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕੈਂਪਸ ਦਾ ਦੌਰਾ ਕੀਤਾ ਗਿਆ ਅਤੇ ਕੈਂਪਸ ਦੇ ਲਾਅਨ ਵਿੱਚ ਬੂਟੇ ਲਗਾਏ ਗਏ।
ਸੀਈ (ਕੰਟੀਨਿਊਇੰਗ ਐਜੂਕੇਸ਼ਨ) ਪ੍ਰੋਗਰਾਮਾਂ ਨਾਲ 2019 ਵਿੱਚ ਸਥਾਪਿਤ, ਨਿਫਟ (NIFT) ਪੰਚਕੁਲਾ, ਸਭ ਤੋਂ ਛੋਟੀਆਂ ਸੰਸਥਾਵਾਂ ਵਿੱਚੋਂ ਇੱਕ ਹੈ ਅਤੇ ਤੇਜ਼ੀ ਨਾਲ ਵਧ ਰਿਹਾ ਹੈ। ਡਿਗਰੀ ਵਿਦਿਆਰਥੀਆਂ ਦਾ ਪਹਿਲਾ ਬੈਚ (ਮਾਸਟਰਜ਼ ਆਵੑ ਫੈਸ਼ਨ ਮੈਨੇਜਮੈਂਟ) ਸਾਲ 2020 ਵਿੱਚ ਸ਼ਾਮਲ ਹੋਇਆ। 2022 ਵਿੱਚ ਆਉਟਲੁੱਕ ਇੰਡੀਆ ਦੁਆਰਾ ਕਰਵਾਏ ਗਏ ਇੱਕ ਅਧਿਐਨ ਵਿੱਚ, ਕੇਂਦਰ ਨੂੰ ਫੈਸ਼ਨ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ 13ਵਾਂ ਸਥਾਨ ਦਿੱਤਾ ਗਿਆ ਹੈ। ਨਿਫਟ ਪੰਚਕੁਲਾ ਫੈਸ਼ਨ ਡਿਜ਼ਾਈਨ, ਟੈਕਸਟਾਈਲ ਡਿਜ਼ਾਈਨ, ਫੈਸ਼ਨ ਸੰਚਾਰ ਅਤੇ ਫੈਸ਼ਨ ਟੈਕਨੋਲੋਜੀ ਵਿੱਚ ਚਾਰ ਅੰਡਰਗ੍ਰੈਜੁਏਟ ਪ੍ਰੋਗਰਾਮਾਂ ਅਤੇ ਡਿਜ਼ਾਈਨ ਸਪੇਸ ਅਤੇ ਫੈਸ਼ਨ ਮੈਨੇਜਮੈਂਟ ਵਿੱਚ ਦੋ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ।
ਇਹ ਕੈਂਪਸ ਪੰਚਕੁਲਾ ਦੇ ਸੈਕਟਰ 26 ਸਥਿਤ ਸਰਕਾਰੀ ਪੌਲੀਟੈਕਨਿਕ ਦੇ ਪਰਿਸਰ ਤੋਂ 2019 ਤੋਂ ਕੰਮ ਕਰ ਰਿਹਾ ਹੈ। ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ, ਨਿਫਟ ਪੰਚਕੁਲਾ ਨੇ ਵਿਦਿਆਰਥੀਆਂ ਦਾ ਔਨਲਾਈਨ ਸੁਆਗਤ ਕਰਨ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ। ਹੁਣ, ਮਹਾਮਾਰੀ ਦੇ ਭਿਆਨਕ ਦੌਰ ਦੇ ਖ਼ਤਮ ਹੋਣ ਤੋਂ ਬਾਅਦ, ਮੋਰਨੀ ਪਹਾੜੀਆਂ ਦੇ ਪਿਛੋਕੜ ਵਿੱਚ ਇੱਕ ਹਰੇ ਭਰੇ ਕੈਂਪਸ ਵਾਲਾ ਨਿਫਟ ਵਿਭਾਗਾਂ ਵਿੱਚ ਵਿਭਿੰਨ ਪ੍ਰਯੋਗਸ਼ਾਲਾਵਾਂ ਦੇ ਨਾਲ ਆਪਣੇ ਵਿਦਿਆਰਥੀਆਂ ਦਾ ਸੁਆਗਤ ਕਰਨ ਲਈ ਤਿਆਰ ਹੈ। ਇਹ ਕੇਂਦਰ ਹਰਿਆਣਾ ਰਾਜ ਦੇ ਵਿਦਿਆਰਥੀਆਂ ਦੇ ਦਾਖਲੇ ਲਈ ਸਟੇਟ ਡੋਮੀਸਾਈਲ ਦੀ ਵੀ ਪੇਸ਼ਕਸ਼ ਕਰਦਾ ਹੈ। ਯੋਗ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੀਆਂ ਵਿਭਿੰਨ ਸਕੀਮਾਂ ਤਹਿਤ ਵਿੱਤੀ ਸਹਾਇਤਾ ਵੀ ਮਿਲਦੀ ਹੈ। ਵਿਦਿਆਰਥਣਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕੈਂਪਸ ਵਿੱਚ 108 ਵਿਦਿਆਰਥੀਆਂ ਲਈ ਇੱਕ ਗਰਲਜ਼ ਹੋਸਟਲ ਵੀ ਹੈ, ਜੋ ਅਗਸਤ 2022 ਵਿੱਚ ਆਉਣ ਵਾਲੇ ਸੈਸ਼ਨ ਤੋਂ ਸ਼ੁਰੂ ਹੋਵੇਗਾ। ਕੋਰਸ ਅਤੇ ਫੈਕਲਟੀ ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਹੈਂਡਲੂਮ ਅਤੇ ਹੈਂਡੀਕ੍ਰਾਫਟ ਦਫ਼ਤਰ ਦੀਆਂ ਹਦਾਇਤਾਂ 'ਤੇ ਲਾਗੂ ਕੀਤੀਆਂ ਗਈਆਂ ਵਿਭਿੰਨ ਯੋਜਨਾਵਾਂ ਦੇ ਤਹਿਤ ਸਵਦੇਸ਼ੀ ਸ਼ਿਲਪਕਾਰੀ ਦੇ ਵਿਕਾਸ ਅਤੇ ਕਾਰੀਗਰਾਂ ਦੀ ਭਲਾਈ ਲਈ ਸਮਰਪਿਤ ਹਨ।
ਮਾਸਟਰ ਆਵੑ ਫੈਸ਼ਨ ਮੈਨੇਜਮੈਂਟ ਦੇ 33 ਵਿਦਿਆਰਥੀਆਂ ਦਾ ਪਹਿਲਾ ਪੋਸਟ ਗ੍ਰੈਜੂਏਟ ਬੈਚ ਸਾਲ 2022 ਵਿੱਚ ਗ੍ਰੈਜੂਏਟ ਹੋਇਆ ਅਤੇ ਟਾਟਾ ਟ੍ਰੈਂਟ, ਰਿਲਾਇੰਸ ਬ੍ਰਾਂਡ, ਲੈਂਡਮਾਰਕ ਗਰੁੱਪ, ਸ਼ਾਪਰਜ਼ ਸਟਾਪ, ਗ੍ਰਾਸੀਮ ਆਦਿ ਜਿਹੀਆਂ ਕੰਪਨੀਆਂ ਵਿੱਚ ਸਫ਼ਲਤਾਪੂਰਵਕ ਰੋਜ਼ਗਾਰ ‘ਤੇ ਲਗਾਇਆ ਗਿਆ।
ਨਿਫਟ ਦੇਸ਼ ਵਿੱਚ ਫੈਸ਼ਨ ਸਿੱਖਿਆ ਦੀ ਮੋਹਰੀ ਸੰਸਥਾ ਹੈ ਅਤੇ ਟੈਕਸਟਾਈਲ ਅਤੇ ਲਿਬਾਸ ਉਦਯੋਗ ਨੂੰ ਪ੍ਰੋਫੈ਼ਨਲ ਮਾਨਵ ਸੰਸਾਧਨ ਪ੍ਰਦਾਨ ਕਰਨ ਵਿੱਚ ਮੋਹਰੀ ਰਹੀ ਹੈ। ਇਸਨੂੰ ਭਾਰਤ ਦੇ ਰਾਸ਼ਟਰਪਤੀ ਦੀ 'ਵਿਜ਼ਿਟਰ' ਦੇ ਰੂਪ ਵਿੱਚ ਮੌਜੂਦਗੀ ਦੇ ਨਾਲ 2006 ਵਿੱਚ ਭਾਰਤੀ ਸੰਸਦ ਦੇ ਇੱਕ ਐਕਟ ਦੁਆਰਾ ਇੱਕ ਸੰਵਿਧਾਨਕ ਸੰਸਥਾ ਵਜੋਂ ਮਾਨਤਾ ਦਿੱਤੀ ਗਈ ਸੀ ਅਤੇ ਦੇਸ਼ ਭਰ ਵਿੱਚ ਇਸਦੇ 17 ਪੂਰੀ ਤਰ੍ਹਾਂ ਵਿਕਸਿਤ ਕੈਂਪਸ ਹਨ। ਇਹ ਸੰਸਥਾ ਡਿਜ਼ਾਇਨ, ਟੈਕਨੋਲੋਜੀ ਅਤੇ ਪ੍ਰਬੰਧਨ ਨਾਲ ਸਬੰਧਤ ਫੈਸ਼ਨ ਦੇ ਉੱਚੇ ਮਿਆਰਾਂ ਨੂੰ ਸਿੱਖਣ ਅਤੇ ਸਮਝਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਦਯੋਗ ਨਾਲ ਸੰਬੰਧਿਤ ਉਭਰ ਰਹੇ ਗਲੋਬਲ ਰੁਝਾਨਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰੇਰਣਾ ਲੈਣ ਲਈ ਵਿਦਿਆਰਥੀ ਸੰਸਥਾ ਨੂੰ ਭਾਰਤ ਦੇ ਰਵਾਇਤੀ ਟੈਕਸਟਾਈਲ ਅਤੇ ਸ਼ਿਲਪਕਾਰੀ ਬਾਰੇ ਜਾਣੂ ਕਰਵਾਇਆ ਜਾਂਦਾ ਹੈ।
************
ਆਰਸੀ/ਪੀਐੱਸ/ਐੱਚਆਰ/ਐੱਚਐੱਨ
(Release ID: 1841191)
Visitor Counter : 136