ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਖੇਲੋ ਇੰਡੀਆ ਯੂਥ ਗੇਮਸ 2021 ਦਾ ਉਦਘਾਟਨ ਕੀਤਾ; ਇਸ ਸ਼ਾਨਦਾਰ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੀ ਸ਼ਿਰਕਤ ਕੀਤੀ
ਕੇਂਦਰ ਸਰਕਾਰ ਨੇ ਖੇਡ ਬਜਟ 2014 ਵਿੱਚ 864 ਕਰੋੜ ਰੁਪਏ ਤੋਂ ਵਧਾ ਕੇ 2022 ਵਿੱਚ 1,992 ਕਰੋੜ ਰੁਪਏ ਕੀਤਾ ਹੈ: ਸ਼੍ਰੀ ਅਮਿਤ ਸ਼ਾਹ
ਖੇਲੋ ਇੰਡੀਆ ਯੂਥ ਗੇਮਸ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਨਤੀਜਾ ਹਨ: ਸ਼੍ਰੀ ਅਨੁਰਾਗ ਠਾਕੁਰ
Posted On:
04 JUN 2022 11:00PM by PIB Chandigarh
ਐੱਸਬੀਆਈ ਖੇਲੋ ਇੰਡੀਆ ਯੂਥ ਗੇਮਸ 2021, ਹਰਿਆਣਾ ਦੀ ਸ਼ਨੀਵਾਰ ਨੂੰ ਜ਼ੋਰਦਾਰ ਸ਼ੁਰੂਆਤ ਹੋਈ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਵਿੱਚ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ਾਨਦਾਰ ਤਾਊ ਦੇਵੀ ਲਾਲ ਖੇਡ ਕੰਪਲੈਕਸ ਵਿਖੇ ਉਤਸ਼ਾਹੀ ਦਰਸ਼ਕਾਂ ਦੀ ਅਗਵਾਈ ਕੀਤੀ। ਇਹ ਖੇਡ ਕੰਪਲੈਕਸ ਅਗਲੇ 10 ਦਿਨਾਂ ਤੱਕ ਮੈਡਲਾਂ ਲਈ ਖਿਡਾਰੀਆਂ ਵਿਚਕਾਰ ਜ਼ਿਆਦਾਤਰ ਮੁਕਾਬਲਿਆਂ ਦਾ ਗਵਾਹ ਬਣੇਗਾ।
ਇਨ੍ਹਾਂ ਖੇਡਾਂ ਦੇ ਉਦਘਾਟਨ ਮੌਕੇ ਬੋਲਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ, “ਮੈਨੂੰ ਬਹੁਤ ਖੁਸ਼ੀ ਹੈ ਕਿ ਹਰਿਆਣਾ ਇੱਕ ਰਾਜ, ਜੋ ਦੇਸ਼ ਦੀ ਨਿਰਵਿਵਾਦ ਖੇਡ ਰਾਜਧਾਨੀ ਹੈ, ਖੇਲੋ ਇੰਡੀਆ ਯੂਥ ਗੇਮਸ ਦੇ ਚੌਥੇ ਸੰਸਕਰਣ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ ਕਿ ਐਥਲੀਟਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ। ਕੇਂਦਰ ਸਰਕਾਰ ਨੇ ਖੇਡਾਂ ਦਾ ਬਜਟ 2014 ਵਿੱਚ 864 ਕਰੋੜ ਰੁਪਏ ਤੋਂ ਵਧਾ ਕੇ 2022 ਵਿੱਚ 1,992 ਕਰੋੜ ਰੁਪਏ ਕਰ ਦਿੱਤਾ ਹੈ ਅਤੇ ਇਸ ਦੇ ਨਤੀਜੇ ਵਜੋਂ ਟੋਕੀਓ ਓਲੰਪਿਕਸ ਵਿੱਚ 7 ਮੈਡਲਾਂ ਦੇ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ, ਜੋ ਕਿ 2016 ਵਿੱਚ ਪਿਛਲੀਆਂ ਓਲੰਪਿਕਸ ਨਾਲੋਂ 5 ਵੱਧ ਹੈ। ਇਸੇ ਤਰ੍ਹਾਂ ਪੈਰਾਲੰਪਿਕ ਵਿੱਚ 2016 ਵਿੱਚ ਸਿਰਫ਼ ਚਾਰ ਤੋਂ ਵੱਧ ਕੇ 2021 ਵਿੱਚ ਮੈਡਲਾਂ ਦੀ ਗਿਣਤੀ 19 ਹੋ ਗਈ।
2,262 ਲੜਕੀਆਂ ਸਮੇਤ ਲਗਭਗ 5000 ਐਥਲੀਟ ਅਗਲੇ 10 ਦਿਨਾਂ ਵਿੱਚ ਪੰਜ ਦੇਸੀ ਖੇਡਾਂ ਸਮੇਤ 25 ਰੋਮਾਂਚਕ ਖੇਡਾਂ ਵਿੱਚ ਗੋਲਡ ਮੈਡਲ ਅਤੇ ਪ੍ਰਸਿੱਧੀ ਲਈ ਮੁਕਾਬਲਾ ਕਰਨਗੇ।
ਮੁਕਾਬਲੇ ਐਤਵਾਰ ਨੂੰ ਹੀ ਸ਼ੁਰੂ ਹੋ ਜਾਣਗੇ, ਜਿਨ੍ਹਾਂ ਵਿੱਚ ਵੇਟ-ਲਿਫਟਿੰਗ, ਕੁਸ਼ਤੀ, ਸਾਈਕਲਿੰਗ, ਯੋਗ-ਆਸਣ ਅਤੇ ਗੱਤਕੇ ਵਿੱਚ 25 ਗੋਲਡ ਮੈਡਲ ਦਾਅ ’ਤੇ ਹੋਣਗੇ।
ਇਸ ਸਮਾਗਮ ਵਿੱਚ ਬੋਲਦੇ ਹੋਏ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ, “ਮੈਂ ਹਰਿਆਣਾ ਨੂੰ ਖੇਲੋ ਇੰਡੀਆ ਯੂਥ ਗੇਮਸ (ਕੇਆਈਵਾਈਜੀ) 2021 ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ। ਇਹ ਸਿਰਫ਼ ਇੱਕ ਖੇਡ ਪ੍ਰਤੀਯੋਗਤਾ ਹੀ ਨਹੀਂ ਸਗੋਂ ਸੱਭਿਆਚਾਰਾਂ ਦਾ ਮੇਲ ਵੀ ਹੈ ਕਿਉਂਕਿ ਜਦੋਂ ਦੇਸ਼ ਭਰ ਦੇ ਐਥਲੀਟ ਇੱਥੇ ਆਉਂਦੇ ਹਨ ਤਾਂ ਉਹ ਨਾ ਸਿਰਫ਼ ਆਪਣੇ ਖੇਡ ਹੁਨਰ ਨੂੰ ਨਾਲ ਲੈ ਕੇ ਆਉਂਦੇ ਹਨ ਬਲਕਿ ਆਪਣੇ ਸੱਭਿਆਚਾਰ ਨੂੰ ਵੀ ਆਪਣੇ ਨਾਲ ਲੈ ਕੇ ਆਉਂਦੇ ਹਨ। 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੇ ਦ੍ਰਿਸ਼ਟੀਕੋਣ ਦੀ ਇਹ ਇੱਕ ਸ਼ਾਨਦਾਰ ਮਿਸਾਲ ਹੈ, ਜਿੱਥੇ ਦੇਸ਼ ਭਰ ਦੇ ਲੋਕ ਇਕੱਠੇ ਹੋ ਰਹੇ ਹਨ ਅਤੇ ਦੇਸ਼ ਨੂੰ ਮਜ਼ਬੂਤ ਬਣਾ ਰਹੇ ਹਨ।"
90 ਮਿੰਟ ਦੇ ਰੋਮਾਂਚਕ ਪ੍ਰੋਗਰਾਮ ਨੇ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਨੂੰ ਮੋਹ ਲਿਆ। ਰਫਤਾਰ ਵਜੋਂ ਜਾਣੇ ਜਾਂਦੇ ਪ੍ਰਸਿੱਧ ਪੰਜਾਬੀ ਅਤੇ ਹਿੰਦੀ ਰੈਪਰ ਦਿਲਿਨ ਨਾਇਰ ਨੇ ਇਸ ਸਮਾਗਮ ਵਿੱਚ ਇੱਕ ਸ਼ੋਅ ਸਟਾਪਰ ਵਜੋਂ ਪੇਸ਼ਕਾਰੀ ਕੀਤੀ ਅਤੇ ਕੇਆਈਵਾਈਜੀ 2021 ਦਾ ਗੀਤ 'ਅਬ ਕੀ ਬਾਰ ਹਰਿਆਣਾ' ਗਾਇਆ।
ਕੇਂਦਰੀ ਗ੍ਰਹਿ ਮੰਤਰੀ ਦਾ ਸੁਆਗਤ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, “ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਵਿਚਕਾਰ ਸ਼੍ਰੀ ਅਮਿਤ ਸ਼ਾਹ ਜੀ ਹਨ, ਜਿਨ੍ਹਾਂ ਦੀ ਖੇਡਾਂ ਵਿੱਚ ਡੂੰਘੀ ਦਿਲਚਸਪੀ ਕਾਰਨ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣਾਇਆ ਗਿਆ ਹੈ। ਉਹ ਭਾਰਤ ਨੂੰ ਇੱਕ ਖੇਡ ਰਾਸ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਗਵਾਈ ਕਰ ਰਹੇ ਹਨ।"
ਆਪਣੇ ਭਾਸ਼ਣ ਵਿੱਚ, ਸ਼੍ਰੀ ਠਾਕੁਰ ਨੇ ਹਰੇਕ ਐਥਲੀਟ ਨੂੰ ਖੇਡਾਂ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ, “ਖੇਲੋ ਇੰਡੀਆ ਯੂਥ ਗੇਮਸ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਦਾ ਨਤੀਜਾ ਹਨ। ਉਨ੍ਹਾਂ ਦੀ ਦ੍ਰਿਸ਼ਟੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਐਥਲੀਟਾਂ ਨੂੰ ਉਨ੍ਹਾਂ ਦੀ ਲੋੜੀਂਦੀ ਸਹਾਇਤਾ ਮਿਲੇ। ਭਾਵੇਂ ਇਹ ਲਗਭਗ 2500 ਐਥਲੀਟਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਜੇਬ ਖਰਚ ਕਰਨ ਦੀ ਗੱਲ ਹੋਵੇ, ਭਾਵੇਂ ਖੇਲੋ ਇੰਡੀਆ ਐਥਲੀਟਾਂ ਨੂੰ ਖੇਲੋ ਇੰਡੀਆ ਅਕੈਡਮੀਆਂ ਵਿੱਚ ਸਿਖਲਾਈ ਦੇਣ ਲਈ 5 ਲੱਖ ਰੁਪਏ ਦੀ ਫੰਡਿੰਗ ਹੋਵੇ ਜਾਂ ਟੌਪਸ (TOPS) ਰਾਹੀਂ ਪ੍ਰਤਿਭਾਸ਼ਾਲੀ ਐਥਲੀਟਾਂ ਨੂੰ ਵਿਦੇਸ਼ੀ ਅਨੁਭਵ ਮੁਹੱਈਆ ਕਰਵਾਉਣਾ ਹੋਵੇ, ਖਿਡਾਰੀਆਂ ਨੂੰ ਵਿਅਕਤੀਗਤ ਸਹਾਇਤਾ ਅਤੇ ਹਰੇਕ ਲਈ 6 ਲੱਖ ਰੁਪਏ ਸਾਲਾਨਾ ਭੱਤੇ ਦੀ ਗੱਲ ਹੋਵੇ, ਖਿਡਾਰੀਆਂ ਨੂੰ ਸਮੁੱਚੀ ਸਹਾਇਤਾ ਉਪਲਬਧ ਹੈ। ਇੱਕ ਐਥਲੀਟ ਹੋਣ ਦੇ ਨਾਤੇ ਤੁਹਾਨੂੰ ਸਿਰਫ਼ ਚੰਗਾ ਖੇਡਣਾ ਹੈ, ਤੁਹਾਨੂੰ ਆਪਣੀਆਂ ਲੋੜਾਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਾਂਗੇ।"
ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਇਤਿਹਾਸ ਅਤੇ ਵਿਰਾਸਤ, ਸ਼ਾਨ ਅਤੇ ਖੁਸ਼ਹਾਲੀ, ਸਮ੍ਰਿੱਧੀ ਅਤੇ ਵਿਭਿੰਨਤਾ ਨੂੰ ਦਰਸਾਉਂਦਾ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਮਨੋਰੰਜਨ ਪੇਸ਼ ਕੀਤਾ ਗਿਆ।
ਸ਼ਾਨਦਾਰ ਸਮਾਗਮ ਦੀ ਸ਼ੁਰੂਆਤ ਕੇਆਈਵਾਈਜੀ ਦੇ ਪ੍ਰਸਿੱਧ ਮਸਕਟ, ਵਿਜਯਾ ਦ ਟਾਈਗਰ ਅਤੇ ਜਯਾ ਦ ਬਲੈਕ ਬਕ ਦੇ ਨੱਚਦੇ ਹੋਏ ਸਟੇਡੀਅਮ ਵਿੱਚ ਦਾਖਲ ਹੋਣ ਦੇ ਨਾਲ ਹੀ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋਇਆ। ਹਾਲਾਂਕਿ, ਦਰਸ਼ਕਾਂ ਵੱਲੋਂ ਸਭ ਤੋਂ ਜ਼ਿਆਦਾ ਸ਼ਲਾਘਾ ਹਰਿਆਣਾ ਦੇ ਆਪਣੇ ਮਸਕਟ ਦ ਬੁੱਲ ਨੂੰ ਮਿਲੀ।
ਇਨ੍ਹਾਂ ਮਸਕਟ ਨੂੰ ਖੇਲੋ ਇੰਡੀਆ ਦੇ ਮੂਲ ਗੀਤ 'ਹਮ, ਹਮ, ਹਮ' ਦੀ ਆਕਰਸ਼ਕ ਧੁਨ ਨਾਲ ਟ੍ਰੈਕਟਰਾਂ 'ਤੇ ਸਟੇਡੀਅਮ 'ਚ ਲਿਆਂਦਾ ਗਿਆ।
ਸਾਰੇ ਪ੍ਰਤੀਯੋਗੀਆਂ ਦੀ ਤਰਫੋਂ ਐਥਲੀਟਾਂ ਨੇ ਓਲੰਪਿਕਸ ਸ਼ੈਲੀ ਵਿੱਚ ਖੇਡ ਦੇ ਨਿਯਮਾਂ ਅਤੇ ਸ਼ਾਨਦਾਰ ਖੇਡਾਂ ਦੀ ਭਾਵਨਾ ਦਾ ਸਤਿਕਾਰ ਕਰਨ ਅਤੇ ਪਾਲਣਾ ਕਰਨ ਦੀ ਸਹੁੰ ਚੁੱਕੀ।
ਓਲੰਪਿਕਸ ਮੈਡਲ ਜੇਤੂ ਯੋਗੇਸ਼ਵਰ ਦੱਤ, ਪੈਰਾਲੰਪਿਕ ਗੋਲਡ ਮੈਡਲ ਜੇਤੂ ਸੁਮਿਤ ਅੰਤਿਲ, ਪੈਰਾਲੰਪਿਕ ਸਿਲਵਰ ਮੈਡਲ ਜੇਤੂ ਯੋਗੇਸ਼ ਕਥੂਨੀਆ, ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਮੈਡਲ ਜੇਤੂ ਮਨੀਸ਼ਾ ਮੌਨ ਸਮੇਤ ਕਈ ਉੱਘੇ ਐਥਲੀਟ ਨੌਜਵਾਨ ਪ੍ਰਤੀਯੋਗੀਆਂ ਨੂੰ ਪ੍ਰੇਰਿਤ ਕਰਨ ਲਈ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਸਟੇਡਿਅਮ ਵਿੱਚ ਮਸ਼ਾਲ ਰਿਲੇਅ ਵਿੱਚ ਹਿੱਸਾ ਲਿਆ। ਮਸ਼ਾਲ ਰਿਲੇਅ 25 ਦਿਨ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਪੂਰੇ ਰਾਜ ਦੀ ਯਾਤਰਾ ਕਰਕੇ ਅੰਤ ਵਿੱਚ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਪਹੁੰਚੀ, ਜੋ ਅਗਲੇ 10 ਦਿਨਾਂ ਤੱਕ ਖੇਡ ਗਤੀਵਿਧੀਆਂ ਦਾ ਕੇਂਦਰ ਬਿੰਦੂ ਬਣਿਆ ਰਹੇਗਾ।
**********
ਐੱਨਬੀ/ਓਏ
(Release ID: 1831388)
Visitor Counter : 146