ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ, ਅਸੀਂ ਭਾਰਤ-ਅਫਰੀਕਾ ਭਾਈਵਾਲੀ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੰਦੇ ਹਾਂ


ਅਫਰੀਕਾ ਨਾਲ ਭਾਰਤ ਦਾ ਸਹਿਯੋਗ ਸਿਹਤ, ਡਿਜੀਟਲ ਅਤੇ ਪ੍ਰਦੂਸ਼ਣ–ਮੁਕਤ ਵਿਕਾਸ ਦੁਆਲੇ ਕੇਂਦ੍ਰਿਤ ਹੋਵੇਗਾ: ਗੈਬੌਨ ਵਿੱਚ ਵਪਾਰਕ ਭਾਈਚਾਰੇ ਨੂੰ ਉਪ ਰਾਸ਼ਟਰਪਤੀ

‘ਭਾਰਤ ਤੇ ਗੈਬੌਨ ਨੂੰ ਵਿਆਪਕ ਅਧਾਰ ਆਰਥਿਕ ਭਾਈਵਾਲੀ ਚਾਹੀਦੀ ਹੈ, ਪੂਰਕਤਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ’

‘ਵਿਦੇਸ਼ਾਂ 'ਚ ਭਾਰਤੀ ਭਾਈਚਾਰੇ ਦੀ ਸਫ਼ਲਤਾ ਨੇ ਭਾਰਤੀਆਂ ਤੇ ਭਾਰਤ ਬਾਰੇ ਵਿਸ਼ਵ ਦੀ ਧਾਰਨਾ ਨੂੰ ਨਾਟਕੀ ਢੰਗ ਨਾਲ ਬਦਲ ਦਿੱਤਾ ਹੈ’: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ 'ਤੇ ਗੈਬੌਨ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ

Posted On: 01 JUN 2022 7:08PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਦੁਹਰਾਇਆ ਕਿ ਭਾਰਤ ਦਾ ਮੰਨਣਾ ਹੈ ਕਿ ਵਿਸ਼ਵ ਦੀ ਤਰੱਕੀ ਗਲੋਬਲ ਦੱਖਣ ਦੇ ਵਿਕਾਸ 'ਤੇ ਨਿਰਭਰ ਹੈ ਅਤੇ ਇਹ ਕਿ 'ਅਸੀਂ ਭਾਰਤ-ਅਫਰੀਕਾ ਸਬੰਧਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੰਦੇ ਹਾਂ'।

ਉਪ ਰਾਸ਼ਟਰਪਤੀ, ਜੋ ਗੈਬੌਨ, ਸੇਨੇਗਲ ਅਤੇ ਕਤਰ ਦੇ ਤਿੰਨ ਦੇਸ਼ਾਂ ਦੇ ਦੌਰੇ 'ਤੇ ਹਨ, ਕੱਲ੍ਹ ਲਿਬਰੇਵਿਲੇ, ਗੈਬੌਨ ਵਿੱਚ ਭਾਰਤ-ਗੈਬੌਨ ਵਪਾਰਕ ਸਮਾਗਮ ਵਿੱਚ ਵਪਾਰਕ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਅਫਰੀਕਾ ਦੇ ਨਾਲ ਭਾਰਤ ਦੇ ਵਧਦੇ ਆਰਥਿਕ ਸਬੰਧਾਂ ਬਾਰੇ ਬੋਲਦਿਆਂ, ਉਨ੍ਹਾਂ ਕਿਹਾ ਕਿ 'ਅਫਰੀਕਾ ਨਾਲ ਸਹਿਯੋਗ ਦਾ ਭਾਰਤ ਦਾ ਆਪਣਾ ਦ੍ਰਿਸ਼ਟੀਕੋਣ ਸਿਹਤ, ਡਿਜੀਟਲ ਅਤੇ ਪ੍ਰਦੂਸ਼ਣ–ਮੁਕਤ ਵਿਕਾਸ 'ਤੇ ਕੇਂਦ੍ਰਿਤ ਹੋਵੇਗਾ। ਅਤੇ ਇਹ ਇਸ ਲਈ ਹੈ ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਅਫਰੀਕਾ ਦੀਆਂ ਵੀ ਪ੍ਰਾਥਮਿਕਤਾਵਾਂ ਹਨ।

ਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ ਮਹਾਮਾਰੀ ਦੇ ਬਾਵਜੂਦ 2021-22 ਵਿੱਚ ਭਾਰਤ-ਗੈਬੋਨ ਦੁਵੱਲਾ ਵਪਾਰ 1 ਅਰਬ ਅਮਰੀਕੀ ਡਾਲਰ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ ਭਾਰਤ ਹੁਣ ਗੈਬੌਨੀਜ਼ ਨਿਰਯਾਤ ਲਈ ਦੂਜਾ ਸਭ ਤੋਂ ਵੱਡਾ ਸਥਾਨ ਹੈ। ਉਨ੍ਹਾਂ ਤੇਲ ਅਤੇ ਗੈਸ, ਮਾਈਨਿੰਗ, ਫਾਰਮਾਸਿਊਟੀਕਲ, ਲੱਕੜ ਪ੍ਰੋਸੈੱਸਿੰਗ, ਆਦਿ ਜਿਹੇ ਵਿਭਿੰਨ ਖੇਤਰਾਂ, ਖਾਸ ਤੌਰ 'ਤੇ ਗੈਬੌਨ ਸਪੈਸ਼ਲ ਇਕਨੌਮਿਕ ਜ਼ੋਨ (GSEZ) ਵਿੱਚ ਕਈ ਭਾਰਤੀ ਕੰਪਨੀਆਂ ਦੀ ਮੌਜੂਦਗੀ ਨੂੰ ਵੀ ਨੋਟ ਕੀਤਾ। ਅੱਜ ਇਸ ਤੋਂ ਪਹਿਲਾਂ, ਸ਼੍ਰੀ ਨਾਇਡੂ ਨੇ ਗੈਬੌਨ ਸਪੈਸ਼ਲ ਇਕਨੌਮਿਕ ਜ਼ੋਨ (GSEZ) ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਭਾਰਤੀ ਉੱਦਮੀਆਂ ਨਾਲ ਗੱਲਬਾਤ ਕੀਤੀ।

ਊਰਜਾ ਸਹਿਯੋਗ ਨੂੰ ਛੋਹਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਗੈਬੌਨ ਭਾਰਤ ਦੀ ਊਰਜਾ ਸੁਰੱਖਿਆ ਲੋੜਾਂ ਲਈ ਇੱਕ ਮਹੱਤਵਪੂਰਨ ਭਾਈਵਾਲ ਹੈ, ਅਤੇ ਦੇਖਿਆ ਕਿ ਭਾਰਤ ਨੇ 2021-22 ਵਿੱਚ ਗੈਬੌਨ ਤੋਂ ਲਗਭਗ 67 ਕਰੋੜ ਅਮਰੀਕੀ ਡਾਲਰ ਦਾ ਕੱਚਾ ਤੇਲ ਦਰਾਮਦ ਕੀਤਾ। ਉਨ੍ਹਾਂ ਕਿਹਾ ਕਿ ਅੱਪਸਟ੍ਰੀਮ ਤੇ ਡਾਊਨਸਟ੍ਰੀਮ ਦੋਵੇਂ ਖੇਤਰਾਂ ’ਚ ਸਹਿਯੋਗ ਵਧਾ ਕੇ ਤੇਲ ਅਤੇ ਗੈਸ ਖੇਤਰ ਵਿੱਚ ਭਾਰਤ-ਗੈਬੌਨ ਦੀ ਸ਼ਮੂਲੀਅਤ ਨੂੰ ਵਿਵਿਧ ਕਰਨ ਦੀਆਂ ਮਹੱਤਵਪੂਰਨ ਸੰਭਾਵਨਾਵਾਂ ਹਨ।

ਡਾ. ਭਾਰਤੀ ਪ੍ਰਵੀਣ ਪਵਾਰ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਜੋ ਕਿ ਅਧਿਕਾਰਤ ਵਫ਼ਦ ਦਾ ਹਿੱਸਾ ਵੀ ਹਨ, ਨੇ ਵਪਾਰਕ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਪ੍ਰਦੂਸ਼ਣ–ਮੁਕਤ ਊਰਜਾ, ਸੇਵਾਵਾਂ, ਸਿਹਤ ਅਤੇ ਖੇਤੀਬਾੜੀ ਸਮੇਤ ਹੋਰ ਖੇਤਰਾਂ ਵਿੱਚ ਭਾਰਤ-ਗੈਬੌਨ ਸਹਿਯੋਗ ਦੀ ਹੋਰ ਖੋਜ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਭਾਰਤ ਤੇ ਗੈਬੌਨ ਨੂੰ ਆਪਣੀ ਆਰਥਿਕ ਭਾਈਵਾਲੀ ਨੂੰ ਵਿਆਪਕ ਅਧਾਰ ਬਣਾਉਣਾ ਚਾਹੀਦਾ ਹੈ ਅਤੇ ਨਿਵੇਸ਼ਾਂ ਨੂੰ ਖਿੱਚਣ ਲਈ ਆਪਣੀ ਅਰਥਵਿਵਸਥਾ ਵਿੱਚ ਪੂਰਕਤਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਗੇ ਕਿਹਾ, "ਜੇ ਅਸੀਂ ਮੁੱਖ ਸ਼ਕਤੀਆਂ ਅਤੇ ਸਹਿਯੋਗ ਲਈ ਸੰਭਾਵੀ ਮਾਰਗਾਂ ਦੀ ਪਹਿਚਾਣ ਕਰਦੇ ਹਾਂ ਤਾਂ ਮਿਲ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ।"

ਵਪਾਰਕ ਸਮਾਗਮ ਤੋਂ ਬਾਅਦ, ਸ਼੍ਰੀ ਨਾਇਡੂ ਦੀ ਭਾਰਤੀ ਪ੍ਰਵਾਸੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਦੌਰੇ ਮੌਕੇ ਆਯੋਜਿਤ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ ਗਈ ਸੀ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ ਗੈਬੋਨ ਵਿੱਚ ਇੱਕ ਛੋਟਾ ਪਰ ਅਹਿਮ ਭਾਰਤੀ ਪ੍ਰਵਾਸੀ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।

ਉਪ ਰਾਸ਼ਟਰਪਤੀ ਨੇ ਵੇਖਿਆ ਕਿ ਦੁਨੀਆ ਭਰ ਵਿੱਚ 3 ਕਰੋੜ ਮਜ਼ਬੂਤ ਪ੍ਰਵਾਸੀ ਭਾਰਤੀ ਭਾਰਤ ਦੀ ਵਿਦੇਸ਼ ਨੀਤੀ ਨੂੰ ਆਕਾਰ ਦੇਣ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਭਾਈਚਾਰੇ ਦੀ ਸਫ਼ਲਤਾ ਨੇ ਨਾਟਕੀ ਢੰਗ ਨਾਲ ਭਾਰਤੀਆਂ ਤੇ ਭਾਰਤ ਬਾਰੇ ਵਿਸ਼ਵ ਦੀ ਧਾਰਨਾ ਨੂੰ ਬਦਲ ਦਿੱਤਾ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤ ਦੀ ਪ੍ਰਾਥਮਿਕਤਾ "ਵਿਸ਼ਵ ਭਰ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਸਦੀਵੀ ਸਬੰਧਾਂ ਨੂੰ ਬਣਾਉਣਾ, ਅਤੇ ਇੱਕ ਨਵੇਂ ਭਾਰਤ ਨੂੰ ਆਕਾਰ ਦੇਣ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਲਈ ਇਨ੍ਹਾਂ ਪ੍ਰਤਿਭਾਸ਼ਾਲੀ ਅਤੇ ਸਰੋਤ ਭਰਪੂਰ ਦਿਮਾਗਾਂ ਲਈ ਢੁਕਵੇਂ ਚੈਨਲਾਂ ਅਤੇ ਵਿਧੀਆਂ ਨੂੰ ਬਣਾਉਣਾ" ਹੈ।

ਸ਼੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ ਗੈਬੌਨ ਦੇ ਭਾਈਚਾਰੇ ਨੇ ਭਾਰਤੀ ਸੱਭਿਆਚਾਰ ਨੂੰ ਜਿਊਂਦਾ ਰੱਖਿਆ ਹੈ ਤੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਪ੍ਰਮੁੱਖ ਭਾਰਤੀ ਤਿਉਹਾਰ ਪੂਰੇ ਭਾਈਚਾਰੇ ਦੁਆਰਾ ਮਿਲ ਕੇ ਮਨਾਏ ਜਾਂਦੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਥਾਨਕ ਕਾਨੂੰਨਾਂ ਤੇ ਰੀਤੀ-ਰਿਵਾਜਾਂ ਦਾ ਸਨਮਾਨ ਕਰਨ ਦੇ ਨਾਲ-ਨਾਲ 'ਸ਼ੇਅਰ ਐਂਡ ਕੇਅਰ' ਦੀਆਂ ਸਦੀਆਂ ਪੁਰਾਣੀਆਂ ਭਾਰਤੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਅਤੇ ਬਜ਼ੁਰਗਾਂ ਅਤੇ ਕੁਦਰਤ ਦਾ ਸਤਿਕਾਰ ਕਰਨ।

ਗੈਬੌਨ ਦੀ ਆਪਣੀ ਯਾਤਰਾ 'ਤੇ ਪ੍ਰਤੀਬਿੰਬਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੈਬੋਨੀ ਲੋਕਾਂ ਦੀ ਉਹਨਾਂ ਦੇ ਮਿਹਨਤੀ ਸੁਭਾਅ ਅਤੇ ਆਪਣੇ ਦੇਸ਼ ਦੀ ਸਮ੍ਰਿੱਧ ਜੈਵ ਵਿਵਿਧਤਾ ਦੀ ਰੱਖਿਆ ਲਈ ਉਹਨਾਂ ਦੇ ਯਤਨਾਂ ਲਈ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਨਾਲ ਆਪਣੀ ਗੱਲਬਾਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਗੈਬੌਨ ਦੇ ਰਾਸ਼ਟਰਪਤੀ ਨੂੰ ਭਰੋਸਾ ਦਿੱਤਾ ਸੀ ਕਿ ਭਾਰਤ ਗੈਬੌਨ ਦੇ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰਨ ਲਈ ਗੈਬੋਨ ਨਾਲ ਕੰਮ ਕਰੇਗਾ। ਉਨ੍ਹਾਂ ਇਹ ਵੀ ਦੇਖਿਆ ਕਿ ਭਾਰਤ ਤੋਂ ਗੈਬੌਨ ਤੱਕ ਖੇਤੀ ਖੇਤਰ ਵਿੱਚ ਖੇਤੀਬਾੜੀ ਸਹਿਯੋਗ ਅਤੇ ਗਿਆਨ ਦੇ ਤਬਾਦਲੇ ਦੀਆਂ ਅਥਾਹ ਸੰਭਾਵਨਾਵਾਂ ਹਨ।

ਸ਼੍ਰੀ ਨਾਇਡੂ ਨੇ ਯਾਦ ਦਿਵਾਇਆ ਕਿ ਭਾਰਤ ਸਰਕਾਰ ਨੇ ਮਹਾਦੀਪ ਵਿੱਚ ਭਾਰਤ ਦੀਆਂ ਕੂਟਨੀਤਕ ਪੈੜ–ਚਾਲਾਂ ਦੇ ਨਿਸ਼ਾਨ ਨੂੰ ਵਧਾਉਣ ਦੇ ਉਦੇਸ਼ ਨਾਲ ਅਫਰੀਕਾ ’ਚ 18 ਨਵੇਂ ਮਿਸ਼ਨ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੋਟ ਕੀਤਾ,"ਇਹ ਯਕੀਨੀ ਤੌਰ 'ਤੇ ਅਫਰੀਕਾ ਵਿੱਚ ਸਾਡੀ ਆਰਥਿਕ ਪਹੁੰਚ ਨੂੰ ਵਧਾਏਗਾ ਤੇ ਅਫਰੀਕਾ ’ਚ ਕੰਮ ਕਰਨ ’ਚ ਦਿਲਚਸਪੀ ਰੱਖਣ ਵਾਲੇ ਭਾਰਤੀ ਉਦਯੋਗਾਂ ਲਈ ਬਹੁਤ ਮਹੱਤਵ ਵਾਲਾ ਹੋਵੇਗਾ।" ਉਨ੍ਹਾਂ ਅੰਤਰਰਾਸ਼ਟਰੀ ਸ਼ਾਸਨ ਨੂੰ ਹੋਰ ਬਰਾਬਰ ਬਣਾਉਣ ਅਤੇ ਇੱਕ ਵਿਸਤ੍ਰਿਤ ਅਤੇ ਸਮਾਵੇਸ਼ੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਲਈ ਮਿਲ ਕੇ ਕੰਮ ਕਰਨ ਹਿਤ ਇੱਕ ਮਜ਼ਬੂਤ ਭਾਰਤ-ਅਫਰੀਕਾ ਸਹਿਯੋਗ ਦੀ ਮੰਗ ਕੀਤੀ।

ਇਸ ਦੌਰੇ ਵਿੱਚ ਸ਼੍ਰੀ ਨਾਇਡੂ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ, ਸ਼੍ਰੀ ਸੁਸ਼ੀਲ ਕੁਮਾਰ ਮੋਦੀ, ਸੰਸਦ ਮੈਂਬਰ ਸ਼੍ਰੀ ਵਿਜੈ ਪਾਲ ਸਿੰਘ ਤੋਮਰ, ਸੰਸਦ ਮੈਂਬਰ ਸ਼੍ਰੀ ਪੀ. ਰਵੀਨੇਂਦਰਨਾਥ, ਉਪ ਰਾਸ਼ਟਰਪਤੀ ਸਕੱਤਰੇਤ ਦੇ ਮੇਂਬਰ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

*****

ਐੱਮਐੱਸ/ਆਰਕੇ



(Release ID: 1830322) Visitor Counter : 137


Read this release in: English , Urdu , Marathi , Hindi