ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪੁਣੇ ਯੂਨੀਵਰਸਿਟੀ ਦੇ ਖਸ਼ਾਬਾ ਜਾਧਵ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ


ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ; ਖੇਲੋ ਇੰਡੀਆ ਦਾ ਬਜਟ 657 ਕਰੋੜ ਰੁਪਏ ਤੋਂ ਵਧਾ ਕੇ 974 ਕਰੋੜ ਰੁਪਏ ਕਰ ਦਿੱਤਾ ਗਿਆ

ਰਾਜਾਂ, ਯੂਨੀਵਰਸਿਟੀਆਂ, ਖੇਡ ਫੈਡਰੇਸ਼ਨਾਂ ਅਤੇ ਕਾਰਪੋਰੇਟਾਂ ਨੂੰ ਭਾਰਤ ਭਰ ਵਿੱਚ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਪੈਦਾ ਕਰਨ ਲਈ ਹੱਥ ਮਿਲਾਉਣ ਦੀ ਤਾਕੀਦ ਕੀਤੀ

Posted On: 28 MAY 2022 3:34PM by PIB Chandigarh

 ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਭਾਰਤੀ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੁਕਾਬਲਾ ਕਰਨ ਅਤੇ ਉੱਤਕ੍ਰਿਸ਼ਟ ਬਣਾਉਣ ਦੀ ਸੁਵਿਧਾ ਦੇਣ ਲਈ ਦੇਸ਼ ਵਿੱਚ ਖੇਡ ਬੁਨਿਆਦੀ ਢਾਂਚੇ ਦੇ ਹਰ ਪੱਧਰ 'ਤੇ ਵਿਕਾਸ 'ਤੇ ਜ਼ੋਰ ਦਿੱਤਾ ਹੈ।

https://static.pib.gov.in/WriteReadData/userfiles/image/Pune_anurag1.JPEGNMVH.jpg



 

 ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਬੋਲਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, "ਕੇਂਦਰ, ਰਾਜਾਂ, ਯੂਨੀਵਰਸਿਟੀਆਂ, ਖੇਡ ਫੈਡਰੇਸ਼ਨਾਂ ਅਤੇ ਕਾਰਪੋਰੇਟਸ ਨੂੰ ਦੇਸ਼ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਬਣਾਉਣ ਲਈ ਹੱਥ ਮਿਲਾਉਣਾ ਚਾਹੀਦਾ ਹੈ।”  ਉਨ੍ਹਾਂ ਭਾਰਤ ਦੇ ਪਹਿਲੇ ਓਲੰਪਿਕ ਵਿਅਕਤੀਗਤ ਤਗਮਾ ਜੇਤੂ ਖਸ਼ਾਬਾ ਜਾਧਵ ਦੇ ਨਾਮ 'ਤੇ ਆਪਣੇ ਅਤਿ-ਆਧੁਨਿਕ ਖੇਡ ਕੰਪਲੈਕਸ ਦਾ ਨਾਮ ਰੱਖਣ ਲਈ ਪੁਣੇ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਇਤਫਾਕਨ, 1952 ਦੇ ਹੇਲਸਿੰਕੀ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲਾ, ਖਾਸ਼ਾਬਾ ਜਾਧਵ ਪੁਣੇ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਸੀ।

 

 ਸ਼੍ਰੀ ਠਾਕੁਰ ਨੇ ਅੱਗੇ ਕਿਹਾ, ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਤਗਮਾ ਜੇਤੂ ਅਥਲੀਟਾਂ ਅਤੇ ਖਿਡਾਰੀਆਂ ਨੂੰ ਪੈਦਾ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਹਨ ਅਤੇ ਕਿਹਾ ਕਿ ਬੈਂਗਲੁਰੂ ਵਿੱਚ ਹਾਲ ਹੀ ਵਿੱਚ ਸਮਾਪਤ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ 7,000 ਤੋਂ ਵੱਧ ਨੌਜਵਾਨਾਂ ਦੁਆਰਾ ਹਿੱਸਾ ਲਿਆ ਜਾਣਾ ਬੜੀ ਖੁਸ਼ੀ ਦੀ ਗੱਲ ਹੈ।

 

 ਮੰਤਰੀ ਨੇ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ, ਜੋ ਚੋਟੀ ਦੀਆਂ 5 ਯੂਨੀਵਰਸਿਟੀਆਂ ਵਿੱਚ ਰਹੀ ਹੈ। ਉਨ੍ਹਾਂ ਅੱਗੇ ਕਿਹਾ “ਹੁਣ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ, ਮੈਨੂੰ ਯਕੀਨ ਹੈ ਕਿ ਪੁਣੇ ਯੂਨੀਵਰਸਿਟੀ ਦੇ ਐਥਲੀਟ ਅੱਗੇ ਵਧਣਗੇ ਅਤੇ ਭਵਿੱਖ ਵਿੱਚ ਯੂਨੀਵਰਸਿਟੀ ਖੇਡਾਂ ਵਿੱਚ ਚੋਟੀ ਦੇ 2-3 ਸਥਾਨਾਂ ਲਈ ਲਕਸ਼ ਰੱਖਣਗੇ।” ਸ਼੍ਰੀ ਠਾਕੁਰ ਨੇ ਹੋਰ ਯੂਨੀਵਰਸਿਟੀਆਂ ਨੂੰ ਵੀ ਪੁਣੇ ਯੂਨੀਵਰਸਿਟੀ ਦੁਆਰਾ ਖੇਡ ਬੁਨਿਆਦੀ ਢਾਂਚਾ ਬਣਾਉਣ ਵਿੱਚ ਕੀਤੀ ਪਹਿਲ ਦਾ ਅਨੁਸਰਣ ਕਰਨ ਦਾ ਸੱਦਾ ਦਿੱਤਾ।

 

 ਵਾਸਤਵਿਕ ਜੀਵਨ ਪ੍ਰਤੀਯੋਗਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਹਰੇਕ ਪੱਧਰ 'ਤੇ ਵੱਧ ਤੋਂ ਵੱਧ ਖੇਡ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਖੁਦ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਗਹਿਰੀ ਦਿਲਚਸਪੀ ਲੈ ਰਹੇ ਹਨ, ਜਿਸ ਬਾਰੇ ਉਨ੍ਹਾਂ ਦੁਆਰਾ ਵਿਭਿੰਨ ਭਾਰਤੀ ਐਥਲੀਟਾਂ ਨਾਲ ਨਿਯਮਿਤ ਗੱਲਬਾਤ ਤੋਂ ਦੇਖਿਆ ਜਾ ਸਕਦਾ ਹੈ। ਸ਼੍ਰੀ ਠਾਕੁਰ ਨੇ ਦੱਸਿਆ ਕਿ ਖੇਲੋ ਇੰਡੀਆ ਦੇ ਬਜਟ ਵਿੱਚ 50 ਫੀਸਦੀ ਤੋਂ ਵੱਧ ਵਾਧਾ ਕਰ ਕੇ 657 ਕਰੋੜ ਰੁਪਏ ਤੋਂ 974 ਕਰੋੜ ਰੁਪਏ ਕਰ ਦਿੱਤਾ ਗਿਆ ਹੈ।

 

 ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖੇਡਾਂ 'ਤੇ ਸਰਕਾਰ ਦੇ ਜ਼ੋਰ ਨੇ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਵਿੱਚ ਮਦਦ ਕੀਤੀ ਹੈ, ਜੋ ਕਿ ਓਲੰਪਿਕ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸਾਡੇ ਪ੍ਰਦਰਸ਼ਨ ਵਿੱਚ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕਸ ਵਿੱਚ ਰਿਕਾਰਡ 7 ਤਗਮੇ, ਪੈਰਾਲੰਪਿਕਸ ਵਿੱਚ 19 ਤਗਮੇ, ਹਾਲ ਹੀ ਵਿੱਚ ਸਮਾਪਤ ਹੋਈਆਂ ਡੈਫਲੰਪਿਕਸ ਵਿੱਚ 16 ਤਗਮੇ ਅਤੇ ਭਾਰਤ ਵੱਲੋਂ ਪਹਿਲੀ ਵਾਰ ਥੌਮਸ ਕੱਪ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣਾ ਭਾਰਤ ਵਿੱਚ ਖੇਡਾਂ ਦੇ ਭਵਿੱਖ ਲਈ ਪ੍ਰਮਾਣ ਹਨ।

 

 ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਂਦੇ ਹੋਏ ਪੜ੍ਹਾਈ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਲਈ ਚੰਗੀ ਸਿੱਖਿਆ ਵੀ ਬਹੁਤ ਜ਼ਰੂਰੀ ਹੈ। ਇਸ ‘ਤੇ ਸ਼੍ਰੀ ਠਾਕੁਰ ਨੇ ਅਧਿਆਪਕਾਂ ਨੂੰ ਤਾਕੀਦ ਕੀਤੀ ਕਿ ਉਹ ਵਿਅਕਤੀਗਤ ਮਾਰਗਦਰਸ਼ਨ ਅਤੇ ਅਤਿਰਿਕਤ ਕਲਾਸਾਂ ਨਾਲ ਖਿਡਾਰੀਆਂ ਦੀ ਪੜ੍ਹਾਈ ਨਾਲ ਸਿੱਝਣ ਵਿੱਚ ਮਦਦ ਕਰਨ, ਜੋ ਕਿ ਉਹ ਵਿਭਿੰਨ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਕਾਰਨ ਖੁੰਝ ਗਏ ​​ਹੋਣਗੇ।

 

 ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸਪੋਰਟਸ ਕੰਪਲੈਕਸ ਦੇ ਪ੍ਰਵੇਸ਼ ਦੁਆਰ 'ਤੇ ਸਵਾਮੀ ਵਿਵੇਕਾਨੰਦ, ਜਿਨ੍ਹਾਂ ਦਾ ਜਨਮ ਦਿਨ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਅਤੇ ਓਲੰਪੀਅਨ ਖਸ਼ਾਬਾ ਜਾਧਵ ਦੀਆਂ ਜੀਵਨ-ਆਕਾਰ ਦੀਆਂ ਕਾਂਸੀ ਦੀਆਂ ਪ੍ਰਤਿਮਾਵਾਂ ਤੋਂ ਪਰਦਾ ਹਟਾਇਆ।

 

ਸਪੋਰਟਸ ਕੰਪਲੈਕਸ ਬਾਰੇ:

 

 ਖਾਸ਼ਾਬਾ ਜਾਧਵ ਸਪੋਰਟਸ ਕੰਪਲੈਕਸ 27 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਸਿੰਥੈਟਿਕ ਐਥਲੈਟਿਕ ਟ੍ਰੈਕ, ਫੁੱਟਬਾਲ, ਐਸਟ੍ਰੋ ਟਰਫ ਲਾਅਨ ਟੈਨਿਸ ਕੋਰਟ, ਅੰਤਰਰਾਸ਼ਟਰੀ ਪੱਧਰ ਦੀ ਸ਼ੂਟਿੰਗ ਰੇਂਜ, ਅਤਿ ਆਧੁਨਿਕ ਜਿਮਨੇਜ਼ੀਅਮ ਹੈ। ਇਸ ਤੋਂ ਇਲਾਵਾ ਕੰਪਲੈਕਸ ਵਿੱਚ ਖੋ-ਖੋ, ਕਬੱਡੀ, ਕੋਰਫ ਬਾਲ, ਹੈਂਡ ਬਾਲ ਜਿਹੀਆਂ ਆਊਟਡੋਰ ਖੇਡਾਂ ਦੀਆਂ ਸੁਵਿਧਾਵਾਂ ਸ਼ਾਮਲ ਹਨ। ਇਥੇ ਬੈਡਮਿੰਟਨ, ਬਾਸਕਟ ਬਾਲ, ਵਾਲੀਬਾਲ, ਹੈਂਡ ਬਾਲ, ਜੂਡੋ, ਕਰਾਟੇ, ਨੈੱਟ ਬਾਲ, ਟੇਬਲ ਟੈਨਿਸ, ਕੁਸ਼ਤੀ, ਵੇਟ ਲਿਫਟਿੰਗ, ਬੌਕਸਿੰਗ ਅਤੇ ਜਿਮਨਾਸਟਿਕਸ ਦੀਆਂ ਸੁਵਿਧਾਵਾਂ ਵਾਲਾ ਇੱਕ ਬਹੁਮੰਤਵੀ ਇਨਡੋਰ ਹਾਲ ਵੀ ਹੈ।  ਕੰਪਲੈਕਸ ਵਿੱਚ ਜਲਦੀ ਹੀ ਇੱਕ ਅੰਤਰਰਾਸ਼ਟਰੀ ਪੱਧਰ ਦਾ ਸਵੀਮਿੰਗ ਪੂਲ, ਕ੍ਰਿਕਟ ਅਤੇ ਐਸਟ੍ਰੋ ਟਰਫ ਹਾਕੀ ਏਰੀਨਾ ਬਣਾਇਆ ਜਾਵੇਗਾ।


 

 ************

 

 ਪੀਆਈਬੀ ਮੁੰ/ਐੱਮਡੀ/ਜੇਪੀਐੱਸ/ਐੱਮਆਈ

 ਫੋਟੋਆਂ

https://static.pib.gov.in/WriteReadData/userfiles/image/Pune_anurag2.JPEG6VUK.jpg


 

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਏਸ ਸ਼ੂਟਰ ਅੰਜਲੀ ਭਾਗਵਤ ਨਾਲ


 

https://static.pib.gov.in/WriteReadData/userfiles/image/Pune_anurag3.JPEGEMJH.jpg

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਦੇ ਐਥਲੀਟਾਂ ਨਾਲ।



(Release ID: 1829095) Visitor Counter : 106