ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਦੋਸਤਾਂ ਨੂੰ ਸੰਬੋਧਨ

Posted On: 20 MAY 2022 10:59AM by PIB Chandigarh

ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਵਿੱਚ ਅੱਜ ਤੁਹਾਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਆਪਣੇ ਨਾਲ ਭਾਰਤ ਵਿੱਚ ਤੁਹਾਡੇ ਭਰਾਵਾਂ ਅਤੇ ਭੈਣਾਂ ਵੱਲੋਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ। ਜਦੋਂ ਤੋਂ ਮੈਂ ਤੁਹਾਡੇ ਖ਼ੂਬਸੂਰਤ ਦੇਸ਼ ਵਿੱਚ ਆਇਆ ਹਾਂ, ਮੇਰੇ ਪ੍ਰਤੀਨਿਧੀ ਮੰਡਲ ਦਾ ਅਤੇ ਮੇਰਾ ਬਹੁਤ ਗਰਮਜੋਸ਼ੀ ਅਤੇ ਪਿਆਰ ਨਾਲ ਸੁਆਗਤ ਕੀਤਾ ਗਿਆ ਹੈ ਅਤੇ ਤੁਸੀਂ ਸਾਨੂੰ ਅਸਲ ਵਿੱਚ ਵਿਸ਼ੇਸ਼ ਮਹਿਸੂਸ ਕਰਾਇਆ ਹੈ। ਮੈਂ ਤੁਹਾਡੀ ਪ੍ਰਾਹੁਣਚਾਰੀ ਲਈ ਅਸਲ ਵਿੱਚ ਆਭਾਰੀ ਹਾਂ।

ਦੋਸਤੋ,

ਪਿਛਲੇ 42 ਸਾਲਾਂ ਵਿੱਚ, ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਲੋਕਾਂ ਨੇ ਆਸ਼ਾਵਾਦ ਅਤੇ ਤਰੱਕੀ ਨਾਲ ਭਰਪੂਰ ਇੱਕ ਜਮਹੂਰੀ, ਬਹੁਲ ਅਤੇ ਬਹੁ-ਨਸਲੀ ਸਮਾਜ ਦੀ ਸਿਰਜਣਾ ਕੀਤੀ ਹੈ। ਇਸ ਛੋਟੇ ਪਰ ਜੀਵੰਤ ਦੇਸ਼ ਦੀਆਂ ਆਰਥਿਕ ਪ੍ਰਾਪਤੀਆਂ ਸ਼ਲਾਘਾਯੋਗ ਹਨ। ਦੂਰਦਰਸ਼ੀ ਨੇਤਾਵਾਂ ਦੀਆਂ ਪੀੜ੍ਹੀਆਂ ਦੀ ਬੁੱਧੀਮਾਨ ਅਗਵਾਈ ਹੇਠ, ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਲੋਕਾਂ ਨੇ ਇਸ ਟਾਪੂ ਦੇਸ਼ ਨੂੰ ਕੈਰੇਬੀਅਨ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਇੱਕ ਪ੍ਰਭਾਵਸ਼ਾਲੀ ਉਦਾਹਰਣ ਵਿੱਚ ਬਦਲ ਦਿੱਤਾ ਹੈ।

ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਇੱਥੇ ਰਹਿ ਰਹੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਧਰਤੀ ਨੂੰ ਆਪਣੀ ਮੰਨ ਲਿਆ ਹੈ। ਉਹ ਦੂਸਰੇ ਭਾਈਚਾਰਿਆਂ ਨਾਲ ਸ਼ਾਂਤੀ ਅਤੇ ਸਦਭਾਵਨਾ ਵਿੱਚ ਰਹਿੰਦੇ ਹਨ ਅਤੇ ਐੱਸਵੀਜੀ ਦੇ ਵਿਕਾਸ ਵਿੱਚ ਭਰਪੂਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਸਕਾਰਾਤਮਕ ਪਹੁੰਚ ਦੇ ਨਤੀਜੇ ਵਜੋਂ, ਭਾਰਤੀ ਡਾਇਸਪੋਰਾ ਐੱਸਵੀਜੀ ਵਿੱਚ ਸਤਿਕਾਰ ਅਤੇ ਪਿਆਰ ਪ੍ਰਾਪਤ ਕਰਦੇ ਹਨ। ਸੇਂਟ ਵਿਨਸੈਂਟ ਵਿੱਚ 1 ਜੂਨ ਨੂੰ ਭਾਰਤੀ ਆਗਮਨ ਦਿਵਸ ਅਤੇ 7 ਅਕਤੂਬਰ ਨੂੰ ਭਾਰਤੀ ਵਿਰਾਸਤ ਦਿਵਸ ਵਜੋਂ ਐਲਾਨ ਕਰਨਾ ਇਸ ਮਹੱਤਵ ਨੂੰ ਦਰਸਾਉਂਦਾ ਹੈ ਕਿ ਇਹ ਦੇਸ਼ ਆਪਣੇ ਭਾਰਤੀ ਸਬੰਧਾਂ ਨੂੰ ਆਪਣੇ ਨਾਲ ਜੋੜਦਾ ਹੈ। ਅਸਲ ਵਿੱਚ ਇਹ ਮੇਰੇ ਅਤੇ ਭਾਰਤੀ ਭਾਈਚਾਰੇ ਲਈ ਇੱਕ ਮਾਣ ਵਾਲਾ ਪਲ ਹੋਵੇਗਾ ਜਦੋਂ ਮੈਂ ਜਲਦੀ ਹੀ ਕਾਲਡਰ ਰੋਡ ਦਾ ਨਾਮ ਬਦਲ ਕੇ ‘ਇੰਡੀਆ ਡਰਾਈਵ’ ਕਰਨ ਵਾਲੀ ਤਖ਼ਤੀ ਤੋਂ ਪਰਦਾ ਉਠਾਵਾਂਗਾ।

ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਨਾਲ ਸਾਡੀ ਵਿਕਾਸਾਤਮਕ ਭਾਈਵਾਲੀ ਵਿਸ਼ਵ-ਵਿਆਪੀ ਭਾਈਚਾਰੇ ਦੀ ਭਾਵਨਾ 'ਤੇ ਅਧਾਰਿਤ ਹੈ। ਅਸੀਂ ਇੱਥੇ ਆਪਣੇ ਭਰਾਵਾਂ ਅਤੇ ਭੈਣਾਂ ਦਾ ਸਮਰਥਨ ਕਰਨਾ ਚਾਹੁੰਦੇ ਹਾਂ, ਇੱਕ ਮਜ਼ਬੂਤ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਨਿਰਮਾਣ ਵਿੱਚ, ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਨਾਲ ਜੋ ਲੋਕਾਂ ਦੀ ਭਲਾਈ ਲਈ ਮਹੱਤਵ ਵਧਾਉਂਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਭਾਰਤ, ਇਸ ਦੀ ਵਿਸ਼ਾਲ ਊਰਜਾ ਅਤੇ ਤੇਜ਼ ਆਰਥਿਕ ਵਿਕਾਸ ਨਾਲ ਜੁੜਨ ਦੀ ਵੀ ਤਾਕੀਦ ਕਰਦਾ ਹਾਂ।

ਦੇਵੀਓ ਅਤੇ ਸੱਜਣੋ,

ਮੈਂ ਇੱਕ ਵਾਰ ਫਿਰ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਵਿੱਚ ਰਹਿਣ ਵਾਲੇ ਭਾਰਤੀਆਂ ਅਤੇ ਭਾਰਤੀ ਡਾਇਸਪੋਰਾ ਪ੍ਰਤੀ ਆਪਣੀ ਹਾਰਦਿਕ ਪ੍ਰਸੰਸਾ ਪ੍ਰਗਟ ਕਰਦਾ ਹਾਂ। ਤੁਸੀਂ ਭਾਰਤ ਦੀ ਅਮੀਰ ਵਿਭਿੰਨਤਾ, ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਦਰਸਾਉਂਦੇ ਹੋ। ਸਾਨੂੰ ਤੁਹਾਡੇ ਅਤੇ ਤੁਹਾਡੀਆਂ ਪ੍ਰਾਪਤੀਆਂ 'ਤੇ ਮਾਣ ਹੈ।

ਮੈਂ ਤੁਹਾਡੇ ਅਤੇ ਤੁਹਾਡੇ ਪਰਿਵਾਰਾਂ ਦੇ ਮੈਂਬਰਾਂ ਦੇ ਉੱਜਵਲ ਭਵਿੱਖ, ਖੁਸ਼ਹਾਲੀ, ਸ਼ਾਂਤੀ ਅਤੇ ਸਿਹਤ ਨਾਲ ਭਰਪੂਰ ਹੋਣ ਦੀ ਕਾਮਨਾ ਕਰਦਾ ਹਾਂ। ਅਸੀਂ ਆਪਣੇ ਪ੍ਰਵਾਸੀ ਭਾਰਤੀਯ ਭਰਾਵਾਂ ਅਤੇ ਭੈਣਾਂ ਦਾ ਤੁਹਾਡੇ ਆਪਣੇ ਮੂਲ ਦੇਸ਼, ਭਾਵ ਭਾਰਤ ਵਿੱਚ ਸੁਆਗਤ ਕਰਨ ਲਈ ਉਤਸੁਕ ਹਾਂ।

ਤੁਹਾਡਾ ਬਹੁਤ ਬਹੁਤ ਧੰਨਵਾਦ,

ਜੈ ਹਿੰਦ!

*****

ਡੀਐੱਸ/ਬੀਐੱਮ



(Release ID: 1826955) Visitor Counter : 105