ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸੂਚਨਾ ਅਤੇ ਸਾਈਬਰ ਯੁੱਧ ਜਿਹੇ ਯੁੱਧ ਦੇ ਨਵੇਂ ਅਤੇ ਉੱਭਰ ਰਹੇ ਖੇਤਰਾਂ ਵਿੱਚ ਸਮਰੱਥਾਵਾਂ ਵਿਕਸਿਤ ਕਰਨ ਦਾ ਸੱਦਾ ਦਿੱਤਾ
ਯੁੱਧ ਦੀ ਹਾਇਬ੍ਰਿਡ ਪ੍ਰਕਿਰਤੀ ਅਤੇ ਡ੍ਰੋਨ ਅਤੇ ਰੋਬੋਟਿਕਸ ਦੀ ਵੱਧ ਰਹੀ ਵਰਤੋਂ ਨਾਲ ਯੁੱਧ ਵਿੱਚ ਇੱਕ ਪੈਰਾਡਾਈਮ ਤਬਦੀਲੀ ਆਈ ਹੈ: ਸ਼੍ਰੀ ਨਾਇਡੂ
ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੀ ਕਿਸੇ ਵੀ ਕੋਸ਼ਿਸ਼ ਨਾਲ ਸਾਡੇ ਸੁਰੱਖਿਆ ਬਲ ਸਖ਼ਤੀ ਨਾਲ ਨਜਿੱਠਣਗੇ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਰੱਖਿਆ ਅਤੇ ਏਰੋਸਪੇਸ ਟੈਕਨੋਲੋਜੀ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਲੋਕਾਂ ਨੂੰ ਸਾਡੇ ਬਹਾਦੁਰ ਸੈਨਿਕਾਂ ਦੇ ਬਲੀਦਾਨਾਂ ਬਾਰੇ ਵਧੇਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ - ਸ਼੍ਰੀ ਨਾਇਡੂ
ਮਹਿਲਾਵਾਂ ਨੂੰ ਵਰਦੀਧਾਰੀ ਸੇਵਾਵਾਂ ਸਮੇਤ ਜੀਵਨ ਦੇ ਹਰੇਕ ਖੇਤਰ ਵਿੱਚ ਬਰਾਬਰ ਦੇ ਅਵਸਰ ਦਿੱਤੇ ਜਾਣੇ ਚਾਹੀਦੇ ਹਨ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਵੈਲਿੰਗਟਨ ਵਿਖੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦਾ ਦੌਰਾ ਕੀਤਾ
Posted On:
17 MAY 2022 2:18PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਡ੍ਰੋਨਾਂ ਅਤੇ ਸਾਈਬਰ ਯੁੱਧ ਦੀ ਵੱਧਦੀ ਵਰਤੋਂ ਦੇ ਨਾਲ ਸੰਘਰਸ਼ਾਂ ਦੀ ਹਾਈਬ੍ਰਿਡ ਪ੍ਰਕਿਰਤੀ ਨੇ ਜੰਗ ਦੇ ਮੈਦਾਨ ਵਿੱਚ ਇੱਕ ਪੈਰਾਡਾਈਮ ਤਬਦੀਲੀ ਲਿਆ ਦਿੱਤੀ ਹੈ ਅਤੇ ਉਨ੍ਹਾਂ ਸਾਡੇ ਹਥਿਆਰਬੰਦ ਬਲਾਂ ਨੂੰ ਇਨ੍ਹਾਂ ਨਵੇਂ ਅਤੇ ਉੱਭਰ ਰਹੇ ਖੇਤਰਾਂ ਵਿੱਚ ਆਪਣੀਆਂ ਸਮਰੱਥਾਵਾਂ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੂੰ 'ਭਵਿੱਖ ਦੀ ਤਾਕਤ' ਵਜੋਂ ਵਿਕਸਿਤ ਕਰਨਾ ਸਾਡਾ ਵਿਜ਼ਨ ਹੋਣਾ ਚਾਹੀਦਾ ਹੈ।
ਅੱਜ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਇੱਕ ਬਹੁਤ ਹੀ ਗੁੰਝਲਦਾਰ ਅਤੇ ਅਸਥਿਰ ਸੁਭਾਅ ਵਾਲੇ ਭੂ-ਰਾਜਨੀਤਿਕ ਮਾਹੌਲ ਵਿੱਚ ਕਈ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਹ ਨੋਟ ਕਰਦੇ ਹੋਏ ਕਿ ਅਸੀਂ ਬਾਹਰੋਂ ਅਤੇ ਅੰਦਰੋਂ ਸਮਿਟ੍ਰਿਕ ਅਤੇ ਅਸਮਿਟ੍ਰਿਕ ਖਤਰਿਆਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਸਾਡੇ ਹਥਿਆਰਬੰਦ ਬਲਾਂ ਨੂੰ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਅਤੇ ਕਿਸੇ ਵੀ ਸੁਰੱਖਿਆ ਖਤਰੇ ਦਾ ਮਜ਼ਬੂਤੀ ਨਾਲ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ।
ਇਹ ਦੇਖਦੇ ਹੋਏ ਕਿ ਭਾਰਤ ਦੀ ਅਪ੍ਰੋਚ ਹਮੇਸ਼ਾ ਸ਼ਾਂਤੀਪੂਰਨ ਸਹਿ-ਹੋਂਦ ਵਾਲੀ ਰਹੀ ਹੈ ਅਤੇ ਕਦੇ ਵੀ ਵਿਸਤਾਰਵਾਦੀ ਨਹੀਂ ਹੋਈ, ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਦੁਸ਼ਮਣ ਤਾਕਤਾਂ ਦੁਆਰਾ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੀ ਕਿਸੇ ਵੀ ਕੋਸ਼ਿਸ਼ ਨਾਲ ਸਾਡੇ ਸੁਰੱਖਿਆ ਬਲਾਂ ਦੁਆਰਾ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਆਪਣੇ ਲੰਬੇ ਇਤਿਹਾਸ ਵਿੱਚ, ਭਾਰਤ ਨੇ ਕਦੇ ਵੀ ਦੂਸਰੇ ਦੇਸ਼ਾਂ 'ਤੇ ਹਮਲਾ ਨਹੀਂ ਕੀਤਾ ਅਤੇ ਅਸੀਂ ਹਮੇਸ਼ਾ ਦੂਸਰੇ ਦੇਸ਼ਾਂ ਨਾਲ ਸ਼ਾਂਤੀਪੂਰਨ ਸਹਿ-ਹੋਂਦ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਅੱਗੇ ਕਿਹਾ ਅਸੀਂ 'ਵਸੁਧੈਵ ਕੁਟੁੰਬਕਮ' ਦੀਆਂ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਦੇ ਹਾਂ।
ਇਸ ਮੌਕੇ ਸ਼੍ਰੀ ਨਾਇਡੂ ਨੇ ਕਿਹਾ ਕਿ ਭੂ-ਰਣਨੀਤਕ ਅਤੇ ਭੂ-ਰਾਜਨੀਤਿਕ ਮਜਬੂਰੀਆਂ, ਦਹਿਸ਼ਤਵਾਦ ਅਤੇ ਜਲਵਾਯੂ ਪਰਿਵਰਤਨ ਨੇ ਸੁਰੱਖਿਆ ਮੈਟ੍ਰਿਕਸ ਦੀ ਜਟਿਲਤਾ ਨੂੰ ਵਧਾ ਦਿੱਤਾ ਹੈ ਅਤੇ ਅਜਿਹੇ ਮੁੱਦਿਆਂ ਦੀ ਡੂੰਘੀ ਸਮਝ ਰੱਖਣ ਲਈ ਕਿਹਾ। ਇਹ ਸਮਝਦੇ ਹੋਏ ਕਿ ਸਮੇਂ ਦੇ ਨਾਲ ਸੁਰੱਖਿਆ ਪੈਰਾਡਾਈਮ ਵਿੱਚ ਤਬਦੀਲੀ ਅੱਜ ਦੀ ਹਕੀਕਤ ਹੈ, ਉਨ੍ਹਾਂ ਸਾਡੀ ਤਿਆਰੀ ਨੂੰ ਲਗਾਤਾਰ ਮਜ਼ਬੂਤ ਕਰਨ ਅਤੇ ਇੱਕ ਮਜ਼ਬੂਤ ਰਣਨੀਤੀ ਉਲੀਕਣ ਦੀ ਲੋੜ 'ਤੇ ਜ਼ੋਰ ਦਿੱਤਾ।
ਰੱਖਿਆ ਅਤੇ ਏਰੋਸਪੇਸ ਟੈਕਨੋਲੋਜੀ ਵਿੱਚ ਸਵੈ-ਨਿਰਭਰਤਾ ਹਾਸਲ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਇਸ ਮਹੱਤਵਪੂਰਣ ਖੇਤਰ ਵਿੱਚ ਆਤਮਨਿਰਭਰਤਾ ਵੱਲ ਕਈ ਪਹਿਲਾਂ ਕਰਨ ਲਈ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ “ਜਦੋਂ ਅਸੀਂ ਭਵਿੱਖ ਵਿੱਚ ਕਦਮ ਰੱਖਦੇ ਹਾਂ, ਤੁਹਾਨੂੰ ਸਿੰਗਲ ਸੇਵਾ ਯੋਗਤਾਵਾਂ ਤੋਂ ਮਲਟੀ ਡੋਮੇਨ ਚੁਣੌਤੀਆਂ ਲਈ ਗ੍ਰੈਜੂਏਟ ਹੋਣਾ ਪਏਗਾ ਜਿਸ ਲਈ ਜੁਆਇੰਟ ਅਤੇ ਮਲਟੀ ਡੋਮੇਨ ਅਪਰੇਸ਼ਨਾਂ ਦੀ ਪੂਰੀ ਸਮਝ ਦੀ ਲੋੜ ਹੁੰਦੀ ਹੈ।” ਅਤੇ ਉਨ੍ਹਾਂ ਡੀਐੱਸਐੱਸਸੀ ਦੇ ਟ੍ਰੇਨਰਾਂ ਅਤੇ ਫੈਕਲਟੀ ਨੂੰ ਕਿਹਾ ਕਿ ਉਹ ਸਾਰੇ ਵਿਦਿਆਰਥੀਆਂ ਵਿੱਚ ਸਾਂਝ ਅਤੇ ਤਾਲਮੇਲ ਦੀ ਭਾਵਨਾ ਪੈਦਾ ਕਰਨ।
ਇਹ ਮੰਨਦੇ ਹੋਏ ਕਿ ਹਥਿਆਰਬੰਦ ਬਲ ਸਾਡੇ ਦੇਸ਼ ਦੀਆਂ ਸਭ ਤੋਂ ਸਤਿਕਾਰਤ ਸੰਸਥਾਵਾਂ ਵਿੱਚੋਂ ਇੱਕ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਣਥੱਕ ਪ੍ਰਯਤਨਾਂ ਅਤੇ ਮਹਾਨ ਬਲੀਦਾਨਾਂ ਦੁਆਰਾ ਆਪਣੇ ਸਾਥੀ ਨਾਗਰਿਕਾਂ ਦਾ ਸਨਮਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ “ਭਾਵੇਂ ਇਹ ਬਾਹਰੀ ਹਮਲੇ ਹੋਣ ਜਾਂ ਵਿਦਰੋਹ ਨਾਲ ਲੜਨਾ ਹੋਵੇ ਜਾਂ ਕੁਦਰਤੀ ਆਪਦਾ ਦੇ ਸਮੇਂ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਕਰਨਾ ਹੋਵੇ, ਵਰਦੀ ਵਾਲੇ ਪੁਰਸ਼ ਅਤੇ ਮਹਿਲਾਵਾਂ ਨੇ ਹਮੇਸ਼ਾ ਦੇਸ਼ ਨੂੰ ਮਾਣ ਦਿੱਤਾ ਹੈ।”
ਉਪ ਰਾਸ਼ਟਰਪਤੀ ਨੇ ਸਾਡੀਆਂ ਸਰਹੱਦਾਂ 'ਤੇ ਸਥਿਤੀ ਦੇ ਨਾਲ-ਨਾਲ ਹਾਲ ਹੀ ਵਿੱਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਵੀ ਹਥਿਆਰਬੰਦ ਬਲਾਂ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ “ਜਦੋਂ ਮੈਂ ਹਥਿਆਰਬੰਦ ਬਲਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਦਾ ਹਾਂ ਤਾਂ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਮੈਨੂੰ ਹਮੇਸ਼ਾ ਉਨ੍ਹਾਂ ਦਾ ਉੱਚਾ ਮਨੋਬਲ ਅਤੇ ਡਿਊਟੀ ਪ੍ਰਤੀ ਸਮਰਪਣ ਬਹੁਤ ਪ੍ਰੇਰਣਾਦਾਇਕ ਲੱਗਦਾ ਹੈ।”
ਸਾਡੇ ਬਹਾਦਰ ਸੈਨਿਕਾਂ ਦੇ ਸਮਰਪਣ ਅਤੇ ਬਲੀਦਨਾਂ ਬਾਰੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਸਾਡੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਅਤੇ ਹਥਿਆਰਬੰਦ ਬਲਾਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨ ਲਈ ਸਾਡੇ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਨਾਇਕਾਂ ਦੇ ਸਮਾਰਕ ਬਣਾਉਣ ਦਾ ਸੱਦਾ ਦਿੱਤਾ।
ਭਾਰਤ ਵਿੱਚ ਮਹਿਲਾ ਯੋਧਿਆਂ ਦੀ ਸ਼ਾਨਦਾਰ ਪਰੰਪਰਾ ਰਹੀ ਹੈ, ਇਸ ਗੱਲ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਾਡੇ ਇਤਿਹਾਸ ਵਿੱਚ ਅਸਧਾਰਣ ਮਹਿਲਾ ਫ਼ੌਜੀ ਜਰਨੈਲਾਂ ਦੀਆਂ ਕਈ ਉਦਾਹਰਣਾਂ ਦਾ ਜ਼ਿਕਰ ਕੀਤਾ ਜਿਵੇਂ ਕਿ ਗੋਂਡਵਾਨਾ ਦੀ ਰਾਣੀ ਦੁਰਗਾਵਤੀ, ਰਾਣੀ ਅਬਕਾਕਾ, ਤੁਲੁਵਾ ਦੀ ਰਾਣੀ, ਰੁਦਰਮਾ ਦੇਵੀ, ਕਿੱਟੂਰ ਚੇਨੱਮਾ, ਰਾਣੀ ਵੇਲੂ ਨਚਿਯਾਰ, ਲਕਸ਼ਮੀਬਾਈ ਅਤੇ ਬੇਗਮ ਹਜ਼ਰਤ ਮਹਿਲ। ਉਨ੍ਹਾਂ ਮਹਿਲਾ ਅਧਿਕਾਰੀਆਂ ਲਈ ਸਥਾਈ ਕਮਿਸ਼ਨ ਨੂੰ ਲਾਗੂ ਕਰਨ ਅਤੇ ਲੜਕੀਆਂ ਲਈ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਸਾਰੇ ਸੈਨਿਕ ਸਕੂਲ ਖੋਲ੍ਹਣ ਜਿਹੀਆਂ ਵਰਦੀਧਾਰੀ ਸੇਵਾਵਾਂ ਵਿੱਚ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਸਰਕਾਰ ਦੇ ਪ੍ਰਯਤਨਾਂ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ “ਮੈਨੂੰ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਮਹਿਲਾ ਅਧਿਕਾਰੀਆਂ ਨੂੰ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ, ਜਲ ਸੈਨਾ ਦੇ ਜਹਾਜ਼ਾਂ ‘ਤੇ, ਕੋਰ ਆਵੑ ਮਿਲਟਰੀ ਪੁਲਿਸ ਅਤੇ ਵਿਦੇਸ਼ਾਂ ਦੇ ਮਿਸ਼ਨਾਂ ਵਿੱਚ ਵੀ ਤੈਨਾਤ ਕੀਤਾ ਜਾ ਰਿਹਾ ਹੈ,” ਅਤੇ ਇਨ੍ਹਾਂ ਸੰਕੇਤਾਂ ਨੂੰ ਸੁਆਗਤਯੋਗ ਰੁਝਾਨ ਦੱਸਿਆ। ਸ਼੍ਰੀ ਨਾਇਡੂ ਨੇ ਅੱਗੇ ਕਿਹ ਕਿ ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਜੀਵਨ ਦੇ ਹਰ ਖੇਤਰ ਵਿੱਚ ਮਹਿਲਾਵਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਸਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ।”
ਭਾਰਤ ਦੇ ਹਥਿਆਰਬੰਦ ਬਲਾਂ ਦੇ ਭਵਿੱਖ ਦੇ ਲੀਡਰਾਂ ਨੂੰ ਟ੍ਰੇਨਿੰਗ ਦੇਣ ਅਤੇ ਸਿੱਖਿਅਤ ਕਰਨ ਲਈ ਡੀਐੱਸਐੱਸਸੀ ਦੇ ਸ਼ਾਨਦਾਰ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਡੀਐੱਸਐੱਸਸੀ ਦੇ ਫੈਕਲਟੀ ਮੈਂਬਰਾਂ ਅਤੇ ਟ੍ਰੇਨਰਾਂ ਨੂੰ 21ਵੀਂ ਸਦੀ ਦੇ ਫੌਜੀ ਪ੍ਰੋਫੈਸ਼ਨਲਾਂ ਅਤੇ ਵਿਚਾਰਵਾਨ ਲੀਡਰਾਂ ਦਾ ਪੋਸ਼ਣ ਕਰਨ ਵਾਲੇ ਅਨੁਭਵੀ ਵਜੋਂ ਸ਼ਲਾਘਾ ਕੀਤੀ।
ਉਨ੍ਹਾਂ ਨੇ ਮਦਰਾਸ ਰੈਜੀਮੈਂਟ ਦੇ ਅਫਸਰਾਂ ਅਤੇ ਫੌਜੀਆਂ ਦੀ ਸ਼ਾਨਦਾਰ ਸੇਵਾ ਦੇ ਉਨ੍ਹਾਂ ਦੇ ਗੌਰਵਮਈ ਇਤਿਹਾਸ ਲਈ ਵੀ ਸ਼ਲਾਘਾ ਕੀਤੀ।
ਇਸ ਮੌਕੇ ਤਿਰੂ ਕੇ ਰਾਮਚੰਦਰਨ, ਜੰਗਲਾਤ ਮੰਤਰੀ, ਤਾਮਿਲਨਾਡੂ ਸਰਕਾਰ, ਲੈਫਟੀਨੈਂਟ ਜਨਰਲ ਐੱਸ ਮੋਹਨ, ਏਵੀਐੱਸਐੱਮ, ਐੱਸਐੱਮ., ਵੀਐੱਸਐੱਮ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦੇ ਕਮਾਂਡੈਂਟ, ਰੱਖਿਆ ਸੇਵਾਵਾਂ ਦੇ ਨਾਮਵਰ ਮੈਂਬਰ, ਸਾਬਕਾ ਫ਼ੌਜੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
***********
ਐੱਮਐੱਸ/ਆਰਕੇ/ਐੱਨਐੱਸ/ਡੀਪੀ
(Release ID: 1826088)
ਵਿਜ਼ੀਟਰ ਕਾਊਂਟਰ : 158