ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਿਨੇਮਾ ਨੇ ਦੁਨੀਆ ਵਿੱਚ ਭਾਰਤ ਲਈ ਇੱਕ ਪਹਿਚਾਣ ਬਣਾਈ ਹੈ: ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ
ਮੰਤਰੀ ਨੇ ਭਾਰਤੀ ਸਿਨੇਮਾ ਦੇ ਰਾਸ਼ਟਰੀ ਅਜਾਇਬ ਘਰ (ਨੈਸ਼ਨਲ ਮਿਊਜ਼ੀਅਮ ਆਵ੍ ਇੰਡੀਅਨ ਸਿਨੇਮਾ) ਦਾ ਦੌਰਾ ਕੀਤਾ; ਕਿਹਾ ਕਿ ਇਹ ਮੁੰਬਈ ਵਿੱਚ ਇੱਕ ਦੇਖਣ ਲਾਇਕ ਆਕਰਸ਼ਣ ਹੈ
प्रविष्टि तिथि:
21 APR 2022 3:17PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਮੁੰਬਈ ਦੇ ਪੇਡਰ ਰੋਡ 'ਤੇ ਫਿਲਮ ਡਿਵੀਜ਼ਨ ਕੰਪਲੈਕਸ ਵਿਖੇ ਸਥਿਤ ਨੈਸ਼ਨਲ ਮਿਊਜ਼ੀਅਮ ਆਵ੍ ਇੰਡੀਅਨ ਸਿਨੇਮਾ (ਐੱਨਐੱਮਆਈਸੀ) ਦਾ ਦੌਰਾ ਕੀਤਾ।
ਦੋ ਇਮਾਰਤਾਂ - 19ਵੀਂ ਸਦੀ ਦਾ ਵਿਰਾਸਤੀ ਢਾਂਚਾ ਗੁਲਸ਼ਨ ਮਹਿਲ ਅਤੇ ਕਸਟਮ ਬਿਲਡ ਨਿਊ ਮਿਊਜ਼ੀਅਮ ਬਿਲਡਿੰਗ ਵਿੱਚ ਸਥਿਤ ਇਸ ਮਿਊਜ਼ੀਅਮ ਨੇ ਮੰਤਰੀ ਦਾ ਧਿਆਨ ਖਿੱਚਿਆ। ਅਜਾਇਬ ਘਰ ਦਾ ਵਿਜ਼ੂਅਲ ਟੂਰ ਲੈਣ ਤੋਂ ਬਾਅਦ, ਮੰਤਰੀ ਨੇ ਟਿੱਪਣੀ ਕੀਤੀ, "ਭਾਰਤੀ ਸਿਨੇਮਾ ਦੇ ਰਾਸ਼ਟਰੀ ਅਜਾਇਬ ਘਰ ਦਾ ਦੌਰਾ ਫਿਲਮਾਂ, ਖਾਸ ਤੌਰ 'ਤੇ ਭਾਰਤੀ ਫਿਲਮਾਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਇੱਕ ਲਾਜ਼ਮੀ ਦੌਰਾ ਹੈ; ਤੁਹਾਡੀ ਮੁੰਬਈ ਦੀ ਯਾਤਰਾ ਅਧੂਰੀ ਰਹੇਗੀ ਜੇਕਰ ਤੁਸੀਂ ਮੁੰਬਈ ਵਿੱਚ ਆ ਕੇ ਵੀ ਐੱਨਐੱਮਆਈਸੀ ਨਹੀਂ ਜਾਂਦੇ ਹੋ।"

ਸ਼੍ਰੀ ਠਾਕੁਰ ਨੇ ਦੇਸ਼ ਭਰ ਦੇ ਫਿਲਮ ਪ੍ਰੇਮੀਆਂ ਅਤੇ ਫਿਲਮਾਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਅਤੇ ਇਸ ਦੇ ਵਿਕਾਸ ਬਾਰੇ ਜਾਣਨ ਲਈ ਐੱਨਐੱਮਆਈਸੀ ਦਾ ਦੌਰਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ “ਇੱਥੇ ਐੱਨਐੱਮਆਈਸੀ ਵਿੱਚ ਕੁਝ ਸਮਾਂ ਬਿਤਾਓ ਅਤੇ ਮਿਊਜ਼ੀਅਮ ਤੁਹਾਨੂੰ 100 ਵਰ੍ਹੇ ਪਿੱਛੇ ਲੈ ਜਾਵੇਗਾ, ਜਦੋਂ ਸਿਨੇਮਾ ਬਿਨਾਂ ਕਿਸੇ ਆਧੁਨਿਕ ਟੈਕਨੀਕ ਜਾਂ ਉਪਕਰਣ ਦੇ ਬਣਾਇਆ ਜਾਂਦਾ ਸੀ।” ਉਨ੍ਹਾਂ ਨੇ ਅੱਗੇ ਕਿਹਾ "ਅੱਜ ਅਸੀਂ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗ੍ਰਾਫਿਕਸ ਅਤੇ ਗੇਮਿੰਗ, ਟੈਕਨੋਲੋਜੀ ਬਾਰੇ ਗੱਲ ਕਰਦੇ ਹਾਂ, ਪਰ ਇੱਥੇ ਅਸੀਂ ਇਹ ਦੇਖਾਂਗੇ ਕਿ ਇਨ੍ਹਾਂ ਦਿਨਾਂ ਵਿੱਚ ਫਿਲਮਾਂ ਕਿਵੇਂ ਬਣਾਈਆਂ ਜਾਂਦੀਆਂ ਸਨ ਅਤੇ ਅੱਜ ਤੱਕ ਕੀ ਤਰੱਕੀ ਹੋਈ ਹੈ।” ਮੰਤਰੀ ਨੇ ਉਸ ਸਮੇਂ ਦੇ ਫਿਲਮ ਨਿਰਮਾਤਾਵਾਂ ਅਤੇ ਟੈਕਨੀਸ਼ੀਅਨਾਂ ਦੁਆਰਾ ਫਿਲਮਾਂ ਦੀ ਸ਼ੂਟਿੰਗ ਲਈ ਅਜਿਹੇ ਵੱਡੇ ਕੈਮਰਿਆਂ ਨੂੰ ਮਾੜੇ ਹਾਲਾਤ ਵਾਲੇ ਖੇਤਰਾਂ ਵਿੱਚ ਲੈ ਕੇ ਜਾਣ ਦੇ ਦਰਦ ਬਾਰੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਕਿਵੇਂ ਟੈਕਨੋਲੋਜੀ ਨੇ ਮਾਨਵ ਜੀਵਨ ਅਤੇ ਫਿਲਮ ਬਣਾਉਣ ਵਿੱਚ ਅਸਾਨੀ ਕੀਤੀ ਹੈ।

ਜਦੋਂ ਕਿ ਗੁਲਸ਼ਨ ਮਹਿਲ ਦੀ ਵਿਰਾਸਤੀ ਇਮਾਰਤ ਵਿੱਚ ਡਿਸਪਲੇ, ਵਿਭਿੰਨ ਆਕਾਰਾਂ ਦੇ ਅੱਠ ਵੱਖੋ-ਵੱਖਰੇ ਹਾਲਾਂ ਵਿੱਚ ਫੈਲੇ ਹੋਏ, ਭਾਰਤੀ ਸਿਨੇਮਾ ਦੇ ਇਤਿਹਾਸ ਨੂੰ ਮੂਕ ਯੁਗ ਤੋਂ ਲੈ ਕੇ ਨਵੀਂ ਲਹਿਰ ਤੱਕ ਦੀ ਝਲਕ ਦਿੰਦੇ ਹਨ, ਨਿਊ ਮਿਊਜ਼ੀਅਮ ਦੀ ਇਮਾਰਤ ਵਿੱਚ ਜ਼ਿਆਦਾਤਰ ਇੰਟਰਐਕਟਿਵ ਡਿਸਪਲੇ ਕੀਤੇ ਗਏ ਹਨ।
ਫਿਲਮ ਸੰਪਤੀਆਂ, ਵਿੰਟੇਜ ਸਾਜ਼ੋ-ਸਾਮਾਨ, ਪੋਸਟਰ, ਮਹੱਤਵਪੂਰਨ ਫਿਲਮਾਂ ਦੀਆਂ ਕਾਪੀਆਂ, ਪ੍ਰਚਾਰ ਸੰਬੰਧੀ ਪਰਚੇ, ਸਾਊਂਡ ਟ੍ਰੈਕ, ਟ੍ਰੇਲਰ, ਟ੍ਰਾਂਸਪਰੇਸੀਆਂ, ਪੁਰਾਣੇ ਸਿਨੇਮਾ ਰਸਾਲੇ, ਫਿਲਮ ਨਿਰਮਾਣ ਅਤੇ ਡਿਸਟ੍ਰੀਬਿਊਸ਼ਨ ਨੂੰ ਕਵਰ ਕਰਨ ਵਾਲੇ ਅੰਕੜਿਆਂ ਆਦਿ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਭਾਰਤੀ ਸਿਨੇਮਾ ਦੇ ਇਤਿਹਾਸ ਨੂੰ ਇੱਕ ਕਾਲਕ੍ਰਮਿਕ ਕ੍ਰਮ ਵਿੱਚ ਦਰਸਾਇਆ ਗਿਆ ਹੈ। ਫਿਲਮ ਡਿਵੀਜ਼ਨ ਦੇ ਡਾਇਰੈਕਟਰ ਜਨਰਲ ਰਵਿੰਦਰ ਭਾਕਰ ਨੇ ਮਿਊਜ਼ੀਅਮ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਸਿਨੇਮਾ ਭਾਰਤ ਦੀ ਸਭ ਤੋਂ ਵੱਡੀ ਸੌਫਟ ਪਾਵਰ ਹੈ
ਸਿਨੇਮਾ ਦੀ ਭੂਮਿਕਾ ਬਾਰੇ ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ, "ਭਾਰਤੀ ਸਿਨੇਮਾ ਸਾਡੇ ਦੇਸ਼ ਦੀ ਸੌਫਟ ਪਾਵਰ ਹੈ ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।" ਉਨ੍ਹਾਂ ਇਹ ਵੀ ਟਿੱਪਣੀ ਕੀਤੀ ਕਿ ਮਨੋਰੰਜਨ ਦੇ ਜ਼ਰੀਏ ਭਾਰਤੀ ਸਿਨੇਮਾ ਦੁਨੀਆ ਵਿੱਚ ਭਾਰਤ ਦੀ ਪਹਿਚਾਣ ਬਣਾਉਣ ਵਿੱਚ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਵੱਧ ਫਿਲਮਾਂ ਭਾਰਤ ਵਿੱਚ ਬਣਦੀਆਂ ਹਨ।
ਰਿਵਾਜ ਅਨੁਸਾਰ, ਮੰਤਰੀ ਨੇ ਐੱਨਐੱਮਆਈਸੀ ਦੇ ਪਰਿਸਰ ਵਿੱਚ ਇੱਕ ਪੌਦਾ ਵੀ ਲਗਾਇਆ ਅਤੇ ਫਿਲਮ ਡਿਵੀਜ਼ਨ, ਐੱਨਐੱਮਆਈਸੀ, ਸੈਂਟਰਲ ਬੋਰਡ ਆਵ੍ ਫਿਲਮ ਸਰਟੀਫਿਕੇਸ਼ਨ ਅਤੇ ਐੱਨਐੱਫਡੀਸੀ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਮਈ ਵਿੱਚ, ਐੱਨਐੱਮਆਈਸੀ ਕੰਪਲੈਕਸ, ਜਿਸ ਵਿੱਚ ਅਤਿ-ਆਧੁਨਿਕ ਆਡੀਟੋਰੀਅਮ ਸ਼ਾਮਲ ਹਨ, ਦਸਤਾਵੇਜ਼ੀ, ਸ਼ਾਰਟਸ ਅਤੇ ਐਨੀਮੇਸ਼ਨ ਫਿਲਮਾਂ (ਐੱਮਆਈਐੱਫਐੱਫ) ਲਈ 17ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ।
ਦਿਨ ਦੀ ਸ਼ੁਰੂਆਤ ਵਿੱਚ, ਮੰਤਰੀ ਨੇ ਟਾਈਮਸ ਗਰੁੱਪ ਦੇ ਇੰਡੀਆ ਇਕਨੌਮਿਕ ਕਨਕਲੇਵ ਦਾ ਉਦਘਾਟਨ ਕੀਤਾ ਅਤੇ ਮੁੱਖ ਭਾਸ਼ਣ ਦਿੱਤਾ।
ਐਡੀਸ਼ਨਲ ਫੋਟੋਆਂ




*****
(रिलीज़ आईडी: 1818863)
आगंतुक पटल : 189