ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੇ ਜਨਮ ਅਸਥਾਨ ਦਾ ਦੌਰਾ ਕੀਤਾ
ਸ਼੍ਰੀ ਅਲੂਰੀ ਦੇ ਪਰਿਵਾਰਕ ਮੈਂਬਰਾਂ ਅਤੇ ਪੰਡਰੰਗੀ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ
'ਨੌਜਵਾਨਾਂ ਨੂੰ ਸਾਡੇ ਸੁਤੰਤਰਤਾ ਸੈਨਾਨੀਆਂ ਤੋਂ ਕੁਰਬਾਨੀ ਅਤੇ ਅਟੱਲ ਪ੍ਰਤੀਬੱਧਤਾ ਦੀ ਭਾਵਨਾ ਸਿੱਖਣੀ ਚਾਹੀਦੀ ਹੈ': ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਰਾਮਾਲਯਮ ਬਾਰਲਾਪੇਟਾ ਵਿੱਚ ਸੁਤੰਤਰਤਾ ਸੈਨਾਨੀਆਂ ਸ਼੍ਰੀ ਰੂਪਕੁਲਾ ਸੁਬ੍ਰਹਮਣੀਯਮ ਅਤੇ ਸ਼੍ਰੀਮਤੀ ਰੂਪਕੁਲਾ ਵਿਸਾਲਕਸ਼ੀ ਦੇ ਬੁੱਤਾਂ ਤੋਂ ਪਰਦਾ ਹਟਾਇਆ
Posted On:
19 APR 2022 12:40PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਵਿਸ਼ਾਖਾਪਟਨਮ, ਆਂਧਰ ਪ੍ਰਦੇਸ਼ ਦੇ ਨਜ਼ਦੀਕ ਪੰਡਰੰਗੀ ਪਿੰਡ ਵਿੱਚ ਮੰਨੇ-ਪ੍ਰਮੰਨੇ ਸੁਤੰਤਰਤਾ ਸੈਨਾਨੀ ਅਤੇ ਕ੍ਰਾਂਤੀਕਾਰੀ ਸ਼੍ਰੀ ਅਲੂਰੀ ਸੀਤਾਰਾਮ ਰਾਜੂ ਦੇ ਜਨਮ ਅਸਥਾਨ ਦਾ ਦੌਰਾ ਕੀਤਾ।
ਇਸ ਨੂੰ ਆਪਣੀ ਜ਼ਿੰਦਗੀ ਦਾ ਯਾਦਗਾਰੀ ਦਿਨ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀ ਦਿਨਾਂ ਤੋਂ ਹੀ ਸ਼੍ਰੀ ਅਲੂਰੀ ਦੇ ਪ੍ਰਬਲ ਅਨੁਆਈ ਸਨ। ਸ੍ਰੀ ਅਲੂਰੀ ਦੀ ਪ੍ਰਤਿਮਾ 'ਤੇ ਫੁੱਲ ਮਾਲਾਵਾਂ ਚੜ੍ਹਾਉਣ ਤੋਂ ਬਾਅਦ ਉਹ ਸੁਤੰਤਰਤਾ ਸੈਨਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।
ਸ਼੍ਰੀ ਅਲੂਰੀ ਦੀਆਂ ਬਹਾਦਰੀ ਭਰੀਆਂ ਕੁਰਬਾਨੀਆਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ “ਉਹ ਬ੍ਰਿਟਿਸ਼ ਸਾਮਰਾਜ ਦੀ ਤਾਕਤ ਦੇ ਸਾਹਮਣੇ ਨਹੀਂ ਝੁਕੇ। ਅੰਗ੍ਰੇਜ਼ਾਂ ਦੇ ਅਨਿਆਂ ਵਿਰੁੱਧ ਲੜਨ ਲਈ ਆਦਿਵਾਸੀਆਂ ਨੂੰ ਪ੍ਰੇਰਿਤ ਕਰਦਿਆਂ ਹੋਇਆਂ, ਉਨ੍ਹਾਂ ਦਾ ਦ੍ਰਿੜ ਵਿਸ਼ਵਾਸ, ਪ੍ਰਤੀਬੱਧਤਾ, ਨਿਰਸਵਾਰਥ ਸਮਰਪਣ ਅਤੇ ਇਮਾਨਦਾਰੀ ਅਟੱਲ ਸੀ।“
ਬਾਅਦ ਵਿੱਚ ਇੱਕ ਫੇਸਬੁੱਕ ਪੋਸਟ ਵਿੱਚ ਲਿਖਦੇ ਹੋਏ, ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਜਿਵੇਂ ਕਿ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, "ਸਾਨੂੰ ਆਪਣੇ ਸੁਤੰਤਰਤਾ ਸੈਨਾਨੀਆਂ ਦੀਆਂ ਅਣਗਿਣਤ ਕੁਰਬਾਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਜੋਸ਼ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ"। ਉਨ੍ਹਾਂ ਯਾਦ ਦਿਵਾਇਆ ਕਿ ਇਨ੍ਹਾਂ ਨਾਇਕਾਂ ਨੇ "ਸਿਰਫ਼ ਇੱਕ ਵੱਖਰੀ ਭੂਗੋਲਿਕ ਹਸਤੀ ਲਈ ਨਹੀਂ, ਬਲਕਿ ਲੱਖਾਂ ਲੋਕਾਂ ਨੂੰ ਦਮਨਕਾਰੀ ਅਤੇ ਬੇਇਨਸਾਫ਼ੀ ਵਾਲੇ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਕਰਨ ਲਈ" ਲੜਾਈ ਲੜੀ ਸੀ।
ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ “ਸਾਡੇ ਸੁਤੰਤਰਤਾ ਸੈਨਾਨੀਆਂ ਤੋਂ ਕੁਰਬਾਨੀ ਅਤੇ ਅਟੱਲ ਪ੍ਰਤੀਬੱਧਤਾ ਦੀ ਭਾਵਨਾ ਸਿੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੂੰ ਕਦੇ ਵੀ ਮੂਲ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਭਾਵੇਂ ਜੋ ਵੀ ਜ਼ਰੂਰੀ ਹੋਵੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹੇ ਮਹਾਨ ਰਾਸ਼ਟਰੀ ਨਾਇਕਾਂ ਦੇ ਜਨਮ ਅਸਥਾਨਾਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਸੁਰਜੀਤ ਕਰਕੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਤਾਕੀਦ ਕੀਤੀ।
ਉਪ ਰਾਸ਼ਟਰਪਤੀ ਨੇ ਬਾਅਦ ਵਿੱਚ ਰਾਮਾਲਯਮ ਬਾਰਲਾਪੇਟਾ ਪਿੰਡ ਦਾ ਦੌਰਾ ਕੀਤਾ ਅਤੇ ਸੁਤੰਤਰਤਾ ਸੈਨਾਨੀਆਂ ਸ਼੍ਰੀ ਰੂਪਕੁਲਾ ਸੁਬ੍ਰਾਮਣੀਯਮ ਅਤੇ ਸ਼੍ਰੀਮਤੀ ਰੂਪਕੁਲਾ ਵਿਸਾਲਕਸ਼ੀ ਦੀਆਂ ਪ੍ਰਤਿਮਾਵਾਂ ਤੋਂ ਪਰਦਾ ਹਟਾਇਆ। ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਮੰਦਿਰ ਪ੍ਰਵੇਸ਼ ਅੰਦੋਲਨ, ਭਾਰਤ ਛੱਡੋ ਅੰਦੋਲਨ ਅਤੇ ਨਮਕ ਸੱਤਿਆਗ੍ਰਹਿ ਵਿੱਚ ਜੋੜੇ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਜੋਕੀ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ ਅਤੇ ਅਜਿਹੇ ਬਹੁਤ ਸਾਰੇ ਅਣਗੌਲੇ ਨਾਇਕਾਂ ਦੇ ਜੀਵਨ ਨੂੰ ਯਾਦ ਕਰਨ ਅਤੇ ਜਸ਼ਨ ਮਨਾਉਣ ਦੀ ਤਾਕੀਦ ਕੀਤੀ।
ਪੰਡਰੰਗੀ ਪਿੰਡ ਦੀ ਉਨ੍ਹਾਂ ਦੀ ਯਾਤਰਾ ਦਾ ਵਰਣਨ ਕਰਨ ਵਾਲੀ ਉਨ੍ਹਾਂ ਦੀ ਫੇਸਬੁੱਕ ਪੋਸਟ ਦਾ ਲਿੰਕ ਨਿਮਨਲਿਖਿਤ ਹੈ:
https://www.facebook.com/167328870501701/posts/1139580549943190/
***********
ਐੱਮਐੱਸ/ਆਰਕੇ
(Release ID: 1818133)
Visitor Counter : 165