ਉਪ ਰਾਸ਼ਟਰਪਤੀ ਸਕੱਤਰੇਤ

ਉਪਰਾਸ਼ਟਰਪਤੀ ਨੇ ਕਪਾਹ ਦੀ ਪੈਦਾਵਾਰ ਅਤੇ ਉਤਪਾਦਕਤਾ ਨੂੰ ਸੁਧਾਰਨ ਲਈ ਸੱਦਾ ਦਿੱਤਾ, ਕਿਸਾਨਾਂ ਦੀ ਆਮਦਨ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ


ਉਪਰਾਸ਼ਟਰਪਤੀ ਨੇ ਕਿਹਾ ਕਿ ਕੱਪੜਾ ਉਦਯੋਗ ਦੇ ਮਜ਼ਦੂਰਾਂ ਨੂੰ ਹੋਰ ਜ਼ਿਆਦਾ ਹੁਨਰਮੰਦ ਬਣਾਉਣ, ਛੋਟੇ ਕਾਰੋਬਾਰਾਂ ਨੂੰ ਹੁਲਾਰਾ ਦੇਣ, ਅਤੇ ਵਿਸ਼ਵ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ

ਉਪਰਾਸ਼ਟਰਪਤੀ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਭਾਰਤੀ ਕੱਪੜਾ ਉਦਯੋਗਦੀ ਭੂਮਿਕਾ ਨੂੰ ਯਾਦ ਕੀਤਾ; ‘ਸਾਡੀ ਸੱਭਿਅਤਾ ਦੀ ਵਿਰਾਸਤ ਵਿੱਚ ਕਪਾਹ ਦਾ ਬਹੁਤ ਵੱਡਾ ਪ੍ਰਤੀਕਾਤਮਕ ਮੁੱਲ ਹੈ’

ਸ਼੍ਰੀ ਨਾਇਡੂ ਨੇ ਕਪਾਹ ’ਤੇ ਇੱਕ ਨਵੀਨੀਕਰਨ ਟੈਕਨੋਲੋਜੀ ਮਿਸ਼ਨ ਦੀ ਜ਼ਰੂਰਤ ਲਈ ਸੱਦਾ ਦਿੱਤਾ

ਉਪਰਾਸ਼ਟਰਪਤੀ ਨੇ ਸੀਆਈਟੀਆਈ-ਸੀਡੀਆਰਏ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ

Posted On: 12 APR 2022 1:28PM by PIB Chandigarh

ਉਪਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਰੇ ਹਿੱਸੇਦਾਰਾਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਲਈ ਭਾਰਤ ਵਿੱਚ ਕਪਾਹ ਦੀ ਪੈਦਾਵਾਰ ਅਤੇ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਠੋਸ ਯਤਨ ਕਰਨ ਦਾ ਸੱਦਾ ਦਿੱਤਾ। ਵਿਸ਼ਵ ਦੇ ਦੂਜੇ ਪ੍ਰਮੁੱਖ ਕਪਾਹ ਉਤਪਾਦਕਾਂ ਦੇ ਮੁਕਾਬਲੇ ਭਾਰਤੀ ਕਪਾਹ ਦੇ ਘੱਟ ਝਾੜ ਨਿਕਲਣ ’ਤੇ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਬਿਹਤਰ ਖੋਜ ਅਤੇ ਵਧੀਆ ਅਭਿਆਸਾਂ ਨੂੰ ਅਪਣਾ ਕੇ ਕਿਸਾਨਾਂ ਨੂੰ ਸੇਧ ਦੇਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਸ਼੍ਰੀ ਨਾਇਡੂ ਨੇ ਭਾਰਤੀ ਕਪਾਹ ਉਦਯੋਗ ਦੀ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਵਧਾਉਣ ਅਤੇ “ਸਾਡੀਆਂ ਰਵਾਇਤੀ ਤਾਕਤਾਂ ਨੂੰ ਵਰਤਣ, ਆਧੁਨਿਕ ਖੇਤੀ ਵਿਗਿਆਨਿਕ ਅਭਿਆਸਾਂ ਵੱਲ ਸ਼ਿਫਟ ਕਰਨ ਅਤੇ ਕਪਾਹ ਉਦਯੋਗ ਵਿੱਚ ਇੱਕ ਵਿਸ਼ਵ ਲੀਡਰ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ” ਦਾ ਸੱਦਾ ਦਿੱਤਾ।

ਖੇਤੀਬਾੜੀ ਤੋਂ ਬਾਅਦ ਦੇਸ਼ ਵਿੱਚ ਦੂਜੇ ਸਭ ਤੋਂ ਵੱਡੇ ਰੋਜ਼ਗਾਰਦਾਤਾ ਵਜੋਂ ਕੱਪੜਾ ਉਦਯੋਗ ਖੇਤਰ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਖੇਤੀ ਉਤਪਾਦਕਤਾ ਵਿੱਚ ਸੁਧਾਰ, ਮਸ਼ੀਨੀਕਰਨ ਨੂੰ ਵਧਾਉਣ, ਕੱਪੜਾ ਉਦਯੋਗ ਦੇ ਮਜ਼ਦੂਰਾਂ ਨੂੰ ਹੋਰ ਜ਼ਿਆਦਾ ਹੁਨਰਮੰਦ ਬਣਾਉਣ, ਛੋਟੇ ਕਾਰੋਬਾਰਾਂ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ। ਸ਼੍ਰੀ ਨਾਇਡੂ ਨੇ ਵਿਸ਼ੇਸ਼ ਕਪਾਹ ਜਿਵੇਂ ਕਿ ਐਕਸਟ੍ਰ ਲੋਂਗ ਸਟੈਪਲ (ਈਐੱਲਐੱਸ) ਕਪਾਹ ਅਤੇ ਜੈਵਿਕ ਕਪਾਹ ਵਿੱਚ ਵਿਭਿੰਨਤਾ ਕਰਨ ਦਾ ਸੁਝਾਅ ਵੀ ਦਿੱਤਾ।

ਉਪਰਾਸ਼ਟਰਪਤੀ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਤੋਂ ਸੀਆਈਟੀਆਈ-ਸੀਡੀਆਰਏ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕਰ ਰਹੇ ਸਨ। ਕਨਫੈਡਰੇਸ਼ਨ ਆਵ੍ ਇੰਡੀਅਨ ਟੈਕਸਟਾਈਲ ਇੰਡਸਟਰੀ (ਸੀਆਈਟੀਆਈ) ਭਾਰਤ ਵਿੱਚ ਕੱਪੜਾ ਉਦਯੋਗ ਦਾ ਇੱਕ ਪ੍ਰਮੁੱਖ ਉਦਯੋਗ ਚੈਂਬਰ ਹੈ ਅਤੇ ਕਪਾਹ ਵਿਕਾਸ ਅਤੇ ਖੋਜ ਐਸੋਸੀਏਸ਼ਨ (ਸੀਡੀਆਰਏ) ਸੀਆਈਟੀਆਈਦਾ ਇੱਕ ਅਨਿੱਖੜਵਾਂ ਅੰਗ ਹੈ, ਜੋ ਕਪਾਹ ਖੇਤਰ ਵਿੱਚ ਵੱਖ-ਵੱਖ ਬੀਜ ਵਿਕਾਸ ਅਤੇ ਵਿਸਤਾਰ ਦੀਆਂ ਗਤੀਵਿਧੀਆਂ ਕਰਦੀ ਹੈ।

ਭਾਰਤੀ ਅਰਥਵਿਵਸਥਾ ਲਈ ਕਪਾਹ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ, ਉਪਰਾਸ਼ਟਰਪਤੀ ਨੇ ਕਿਹਾ ਕਿ ਕਪਾਹ ਦਾ “ਸਾਡੀ ਸੱਭਿਅਤਾ ਦੀ ਵਿਰਾਸਤ ਵਿੱਚ ਬਹੁਤ ਵੱਡਾ ਪ੍ਰਤੀਕਾਤਮਕ ਮੁੱਲ ਹੈ” ਵੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ‘ਸਵਦੇਸ਼ੀ ਅੰਦੋਲਨ’ਤੋਂ ਸ਼ੁਰੂ ਹੋਏ ਸਾਡੇ ਆਜ਼ਾਦੀ ਦੇ ਸੰਘਰਸ਼ ਵਿੱਚ ਕਪਾਹ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਜੋੜਦੇ ਹੋਏ, “ਬ੍ਰਿਟਿਸ਼ ਰਾਜ ਵਿਰੁੱਧ ਲੜਨ ਲਈ ਲੋਕਾਂ ਦੇ ਵਿੱਚ ਕਪਾਹ ਸਭ ਤੋਂ ਮਹੱਤਵਪੂਰਨ ਜੋੜ ਕਾਰਕਾਂ ਵਿੱਚੋਂ ਇੱਕ ਸੀ।”

ਸ਼੍ਰੀ ਨਾਇਡੂ ਨੇ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਕਿ ਦੁਨੀਆ ਦਾ ਸਭ ਤੋਂ ਵੱਡਾ ਕਪਾਹ ਉਤਪਾਦਕ (23%) ਹੋਣ ਦੇ ਬਾਵਜੂਦ ਅਤੇ ਕਪਾਹ ਦੀ ਕਾਸ਼ਤ ਹੇਠ ਸਭ ਤੋਂ ਵੱਧ ਰਕਬਾ (ਵਿਸ਼ਵ ਖੇਤਰ ਦਾ 39%) ਹੋਣ ਦੇ ਬਾਵਜੂਦ, ਭਾਰਤ ਵਿੱਚ ਪ੍ਰਤੀ ਹੈਕਟੇਅਰ ਝਾੜ 460 ਕਿਲੋ ਲਿੰਟ ਦੇ ਹੇਠਲੇ ਪੱਧਰ ’ਤੇ ਰਿਹਾ,ਜਦੋਂਕਿ ਵਿਸ਼ਵ ਔਸਤ 800 ਕਿਲੋ ਲਿੰਟ ਪ੍ਰਤੀ ਹੈਕਟੇਅਰ ਹੈ। ਇਸ ਨੂੰ ਹੱਲ ਕਰਨ ਲਈ, ਉਨ੍ਹਾਂ ਨੇ ਬੀਜਣ ਦੀ ਘਣਤਾ ਨੂੰ ਸੁਧਾਰਨ, ਕਪਾਹ ਦੀ ਵਾਢੀ ਦਾ ਮਸ਼ੀਨੀਕਰਨ ਕਰਨ ਅਤੇ ਖੇਤੀ ਵਿਗਿਆਨ ਖੋਜ ਵੱਲ ਜ਼ੋਰ ਦੇਣ ਦਾ ਸੱਦਾ ਦਿੱਤਾ।

ਕਪਾਹ ’ਤੇ ਪਹਿਲੇ ਟੈਕਨੋਲੋਜੀ ਮਿਸ਼ਨ ਦੇ ਲਾਭਾਂ ਨੂੰ ਯਾਦ ਕਰਦੇ ਹੋਏ, ਉਪਰਾਸ਼ਟਰਪਤੀ ਨੇ ਕਿਹਾ ਕਿ ਮਿਸ਼ਨ ਨੂੰ ਅਪਗ੍ਰੇਡ ਕੀਤੇ ਫਾਰਮੈਟ ਵਿੱਚ ਬਦਲਣ ਦੀ ਹੋਰ ਜ਼ਰੂਰਤ ਹੈ। ਸ਼੍ਰੀ ਨਾਇਡੂ ਨੇ ਕਿਹਾ, “ਸਾਨੂੰ ਆਪਣੀ ਬੀਜ ਤਕਨੀਕ ਵਿੱਚ ਸੁਧਾਰ ਕਰਨ, ਉਪਜ ਵਧਾਉਣ, ਗਲੋਬਲ ਸਰਵੋਤਮ ਅਭਿਆਸਾਂ ਨੂੰ ਅਪਣਾਉਣ, ਸਾਫ਼ ਅਤੇ ਉੱਚ ਗੁਣਵੱਤਾ ਵਾਲੇ ਕਪਾਹ ਦਾ ਉਤਪਾਦਨ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨ ਲਈ ਇਸ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਹੈ।”

ਉਪਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਜਿੱਥੇ ਸੂਤੀ ਧਾਗੇ ਵਿੱਚ ਭਾਰਤ ਦੀ ਵਿਸ਼ਵ ਪੱਧਰ ’ਤੇ ਮਜ਼ਬੂਤੀ ਹੈ, ਸਾਨੂੰ ਫੈਬਰਿਕ ਅਤੇ ਲਿਬਾਸ ਵਿੱਚ ਆਪਣੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਨਾ ਹੋਵੇਗਾ। ਉਨ੍ਹਾਂ ਨੇ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਛੋਟੇ ਕਾਰੋਬਾਰਾਂ ਨੂੰ ਹੁਲਾਰਾ ਦੇਣਅਤੇ ਕੱਪੜਾ ਉਦਯੋਗ ਦੇ ਮਜ਼ਦੂਰਾਂ ਨੂੰ ਹੋਰ ਜ਼ਿਆਦਾ ਹੁਨਰਮੰਦ ਬਣਾਉਣਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਜਿਵੇਂ ਕਿ ਅਮੈਂਡਿਡ - ਟੈਕਨੋਲੋਜੀ ਅੱਪਗ੍ਰੇਡੇਸ਼ਨ ਫੰਡ ਸਕੀਮ (ਏ-ਟੀਯੂਐੱਫਐੱਸ) ਅਤੇ ਸਮਰੱਥ (ਕੱਪੜਾ ਉਦਯੋਗ ਵਿੱਚ ਸਮਰੱਥਾ ਨਿਰਮਾਣ ਲਈ ਯੋਜਨਾ) ਦਾ ਨਿਸ਼ਾਨਾ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਹੈ।

ਰਵਾਇਤੀ ਕੱਪੜਾ ਉਦਯੋਗ ਦੀ ਨਿਰਯਾਤ ਪ੍ਰਤੀਯੋਗਤਾ ਵਿੱਚ ਭਾਰਤ ਦੇ ਸੁਧਾਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, “ਅਸੀਂ ਤਕਨੀਕੀ ਟੈਕਸਟਾਈਲ ਵਰਗੇ ਰੁਸ਼ਨਾਉਣ ਵਾਲੇ ਖੇਤਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਜਿਨ੍ਹਾਂ ਦੀ ਦੁਨੀਆ ਭਰ ਵਿੱਚ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।”

ਇਸ ਮੌਕੇ ਸ਼੍ਰੀ ਨਾਇਡੂ ਨੇ ਸੀਆਈਟੀਆਈ-ਸੀਡੀਆਰਏ ਪ੍ਰੋਜੈਕਟ ਖੇਤਰਾਂ ਵਿੱਚ ਉੱਤਮ ਕਪਾਹ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਇਸ ਸਮਾਗਮ ਵਿੱਚ ਇੱਕ ਕੌਫੀ ਟੇਬਲ ਬੁੱਕ – ‘ਮਿਲਨਿਅਲ ਸ਼ੇਡਜ਼ ਆਵ੍ ਕਾਟਨ’ ਵੀ ਰਿਲੀਜ਼ ਕੀਤੀ।

ਇਸ ਸਮਾਗਮ ਦੌਰਾਨ ਸ਼੍ਰੀ ਪੀਯੂਸ਼ ਗੋਇਲ, ਕੱਪੜਾ, ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਟੀ ਰਾਜਕੁਮਾਰ, ਚੇਅਰਮੈਨ, ਸੀਆਈਟੀਆਈ, ਸ਼੍ਰੀ ਪੀਡੀ ਪਟੋਦੀਆ, ਸੀਆਈਟੀਆਈ-ਸੀਡੀਆਰਏ ਦੀ ਕਪਾਹ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ, ਸ਼੍ਰੀ ਰਾਕੇਸ਼ ਮਹਿਰਾ, ਸੀਆਈਟੀਆਈ ਦੇ ਉਪ-ਚੇਅਰਮੈਨ, ਸ਼੍ਰੀ ਉਪੇਂਦਰ ਪ੍ਰਸਾਦ ਸਿੰਘ, ਕੱਪੜਾ ਮੰਤਰਾਲੇ ਦੇ ਸਕੱਤਰ, ਸ਼੍ਰੀ ਪ੍ਰੇਮ ਮਲਿਕ, ਸੀਆਈਟੀਆਈ-ਸੀਡੀਆਰਏ ਦੀ ਕਪਾਹ ਬਾਰੇ ਸਥਾਈ ਕਮੇਟੀ ਦੇ ਕੋ-ਚੇਅਰਮੈਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

************

ਐੱਮਐੱਸ/ਆਰਕੇ



(Release ID: 1816117) Visitor Counter : 115