ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਤੱਥ-ਅਧਾਰਿਤ ਖੋਜ ਦੁਆਰਾ ਭਾਰਤੀ ਇਤਿਹਾਸ ਦੇ ਉਦੇਸ਼ਪੂਰਨ ਪੁਨਰ-ਮੁੱਲਾਂਕਣ ਦਾ ਸੱਦਾ ਦਿੱਤਾ
ਇਤਿਹਾਸਕਾਰਾਂ ਨੂੰ ਸੱਚ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਭਾਰਤੀ ਇਤਿਹਾਸ ਦੀ ਚੋਣਵੀਂ ਜਾਂ ਅਧੂਰੀ ਜਾਣਕਾਰੀ ਵਿਰੁੱਧ ਚਿਤਾਵਨੀ ਦਿੱਤੀ
ਉਪ ਰਾਸ਼ਟਰਪਤੀ ਨੇ ਸੁਤੰਤਰਤਾ ਸੰਗ੍ਰਾਮ ਦੇ ਅਣਗੌਲੇ ਭਾਰਤੀ ਨਾਇਕਾਂ 'ਤੇ ਵਧੇਰੇ ਖੋਜ ਕਰਨ ਦਾ ਸੱਦਾ ਦਿੱਤਾ
'ਆਜ਼ਾਦੀ ਘੁਲਾਟੀਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਨਾ ਸਾਡਾ ਸਰਬਉੱਚ ਦੇਸ਼ਭਗਤੀ ਮਿਸ਼ਨ'
ਉਪ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਆਜ਼ਾਦੀ ਦੀ ਲੜਾਈ ਸਾਨੂੰ ਸਮਾਜਿਕ ਸਦਭਾਵਨਾ ਅਤੇ ਭਾਈਚਾਰੇ ਦੀ ਮਹੱਤਤਾ ਸਿਖਾਉਂਦੀ ਹੈ
ਇਤਿਹਾਸ ਕਿਸੇ ਚੁਣੇ ਹੋਏ ਕੁਝ ਲੋਕਾਂ ਦੁਆਰਾ ਏਕਾਧਿਕਾਰ ਵਾਲਾ ਵਿਸ਼ੇਸ਼ ਵਿਸ਼ਾ ਨਹੀਂ ਹੋਣਾ ਚਾਹੀਦਾ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਭਾਰਤੀ ਇਤਿਹਾਸਿਕ ਖੋਜ ਪਰਿਸ਼ਦ (ICHR) ਦੇ ਗੋਲਡਨ ਜੁਬਲੀ ਸਾਲ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲਿਆ, ਆਜ਼ਾਦੀ ਸੰਘਰਸ਼ 'ਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
Posted On:
28 MAR 2022 5:21PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਇਤਿਹਾਸਕਾਰਾਂ ਨੂੰ ਸਚਾਈ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ ਹੈ ਅਤੇ ਤੱਥਾਂ 'ਤੇ ਅਧਾਰਿਤ ਖੋਜ ਰਾਹੀਂ ਭਾਰਤੀ ਇਤਿਹਾਸ ਦੇ ਉਦੇਸ਼ਪੂਰਨ ਪੁਨਰ-ਮੁੱਲਾਂਕਣ ਦਾ ਸੱਦਾ ਦਿੱਤਾ।
ਇਤਿਹਾਸਿਕ ਖੋਜ ਵਿੱਚ ਵਧੇਰੇ ਅਕਾਦਮਿਕ ਕਠੋਰਤਾ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ "ਭਾਰਤੀ ਇਤਿਹਾਸ ਦੀ ਚੋਣਵੀਂ ਜਾਂ ਅਧੂਰੀ ਜਾਣਕਾਰੀ" ਦੇ ਵਿਰੁੱਧ ਸਾਵਧਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਤਿਹਾਸਿਕ ਤੱਥਾਂ ਨੂੰ ਵਿਚਾਰਧਾਰਕ ਦ੍ਰਿਸ਼ਟੀਕੋਣ ਰਾਹੀਂ ਦੁਹਰਾਉਣਾ ਇੱਕ ਵਿਗੜਿਆ ਨਜ਼ਰੀਆ ਪ੍ਰਦਾਨ ਕਰੇਗਾ, ਜਿਵੇਂ ਕਿ ਬਸਤੀਵਾਦੀ ਸ਼ਾਸਨ ਅਧੀਨ ਕੀਤਾ ਗਿਆ ਸੀ। ਇਸ ਦੀ ਬਜਾਏ, ਉਨ੍ਹਾਂ ਨੇ ਇਤਿਹਾਸਕਾਰਾਂ ਨੂੰ 'ਇੰਡੀਅਨ ਕੌਂਸਲ ਆਵ੍ ਹਿਸਟੋਰੀਕਲ ਰਿਸਰਚ (ICHR) ਜਿਹੀਆਂ ਵਿਸ਼ੇਸ਼ ਸੰਸਥਾਵਾਂ ਦੀ ਮਦਦ ਨਾਲ ਇਤਿਹਾਸ ਦੀ ਵਿਗਿਆਨਕ ਲੇਖਣੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਉਪ ਰਾਸ਼ਟਰਪਤੀ ਸੰਸਕ੍ਰਿਤੀ ਮੰਤਰਾਲੇ ਦੁਆਰਾ ਆਯੋਜਿਤ ਇੰਡੀਅਨ ਕੌਂਸਲ ਆਵ੍ ਹਿਸਟੋਰੀਕਲ ਰਿਸਰਚ (ICHR) ਦੇ ਗੋਲਡਨ ਜੁਬਲੀ ਸਾਲ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈ ਰਹੇ ਸਨ। ਉਨ੍ਹਾਂ ਨੇ ਇਸ ਮੌਕੇ 'ਤੇ ਆਈਸੀਐੱਚਆਰ ਦੁਆਰਾ 'ਭਾਰਤ ਦੀ ਆਜ਼ਾਦੀ ਦੇ ਸੰਘਰਸ਼' 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਸ਼੍ਰੀ ਨਾਇਡੂ ਨੇ ਸੁਤੰਤਰਤਾ ਸੰਗ੍ਰਾਮ ਦੇ ਅਣਗੌਲੇ ਭਾਰਤੀ ਨਾਇਕਾਂ 'ਤੇ ਵਧੇਰੇ ਖੋਜ ਕਰਨ ਲਈ ਵੀ ਕਿਹਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ 'ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿਰਫ਼ ਫੁਟਨੋਟ ਤੱਕ ਹੀ ਸੀਮਿਤ' ਸਨ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, ਉਨ੍ਹਾਂ ਨੇ ਕਿਹਾ, ਉਨ੍ਹਾਂ ਦੀਆਂ ਵਿਅਕਤੀਗਤ ਕਹਾਣੀਆਂ ਉਨ੍ਹਾਂ ਦੇ ਦਰਦ, ਸੰਘਰਸ਼ ਅਤੇ ਮਹਾਨ ਮਾਣ ਨੂੰ ਪ੍ਰਗਟ ਕਰਨ ਲਈ ਦਸਤਾਵੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਮਾਤ ਭੂਮੀ ਲਈ ਲੜੇ ਸਨ। ਉਨ੍ਹਾਂ ਨੇ ਕਿਹਾ, 'ਅਣਕਹੇ ਇਤਿਹਾਸ ਨੂੰ ਦੱਸਿਆ ਜਾਣਾ ਚਾਹੀਦਾ ਹੈ।
ਇੱਥੋਂ ਤੱਕ ਕਿ ਪ੍ਰਸਿੱਧ ਨਾਇਕਾਂ ਬਾਰੇ ਵੀ, ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਇਤਿਹਾਸਿਕ ਖੋਜ ਨੂੰ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਦੇ ਵੱਖ-ਵੱਖ ਪਹਿਲੂਆਂ ਨੂੰ ਵਧੇਰੇ ਵਿਆਪਕ ਢੰਗ ਨਾਲ ਡੂੰਘਾਈ ਨਾਲ ਖੋਜਣਾ ਚਾਹੀਦਾ ਹੈ। ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਬਾਇਲੀ ਅਤੇ ਕਿਸਾਨ ਬਗਾਵਤਾਂ ਦਾ ਵਧੇਰੇ ਵਿਸਤਾਰ ਨਾਲ ਅਧਿਐਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ 'ਆਮ ਲੋਕਾਂ ਦੀ ਅਥਾਹ ਹਿੰਮਤ ਨੂੰ ਸਮਝਿਆ ਜਾ ਸਕੇ ਜਿਨ੍ਹਾਂ ਨੇ ਬਿਨਾਂ ਕਿਸੇ ਸੰਗਠਨਾਤਮਕ ਸਮਰਥਨ ਦੇ ਅੰਗਰੇਜ਼ਾਂ ਨਾਲ ਲੜਿਆ ਸੀ।
ਸ਼੍ਰੀ ਨਾਇਡੂ ਨੇ ਦੇਖਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਬਹੁਤ ਸਾਰੇ ਲੋਕ ਹਨ, ਅਤੇ ਉਹ ਸਾਰੇ ‘ਰਾਸ਼ਟਰੀ ਨਾਇਕ’ਹਨ।
ਸ਼੍ਰੀ ਨਾਇਡੂ ਨੇ ਕਿਹਾ, 'ਇਹ ਸਾਡਾ ਫਰਜ਼ ਹੈ-ਸਾਡੇ ਸੁਤੰਤਰਤਾ ਸੈਨਾਨੀਆਂ ਦੁਆਰਾ ਕੀਤੀਆਂ ਮਹਾਨ ਕੁਰਬਾਨੀਆਂ ਅਤੇ ਬਸਤੀਵਾਦੀ ਸ਼ਾਸਕਾਂ ਤੋਂ ਆਜ਼ਾਦੀ ਲੈਣ ਲਈ ਉਨ੍ਹਾਂ ਦੇ ਮਹਾਨ ਸੰਘਰਸ਼ ਨੂੰ ਯਾਦ ਕਰਨਾ ਸਾਡਾ ਸਰਬਉੱਚ ਦੇਸ਼ਭਗਤੀ ਮਿਸ਼ਨ ਹੈ।'
ਭਾਈਚਾਰਾ, ਸਹਿਣਸ਼ੀਲਤਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਜਿਹੀਆਂ ਭਾਰਤ ਦੀਆਂ ਸੱਭਿਅਤਾਤਮਕ ਕਦਰਾਂ-ਕੀਮਤਾਂ ਨੂੰ ਛੋਹਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ, 'ਇਨ੍ਹਾਂ ਕਦਰਾਂ-ਕੀਮਤਾਂ ਨੇ ਸਾਨੂੰ ਪਰਿਭਾਸ਼ਿਤ ਕੀਤਾ ਹੈ ਅਤੇ ਸਾਡੇ ਸੱਭਿਅਤਾ ਇਤਿਹਾਸ ਵਿੱਚ ਸਥਿਰ ਰਹੇ ਹਨ। ਸਮੇਂ ਦੇ ਨਾਲ ਰਾਜੇ ਅਤੇ ਰਾਜ ਬਦਲਦੇ ਰਹੇ, ਪਰ ਇਹ ਕਦਰਾਂ-ਕੀਮਤਾਂ ਸਾਡੇ ਲਈ ਮਾਰਗ ਦਰਸ਼ਕ ਬਣੀਆਂ ਰਹੀਆਂ।
ਉਨ੍ਹਾਂ ਨੇ ਕਿਹਾ ਕਿ ਭੂਗੋਲਿਕ ਵਿਵਿਧਤਾਵਾਂ, ਭਾਸ਼ਾਈ, ਧਾਰਮਿਕ ਅਤੇ ਨਸਲੀ ਵਿਵਿਧਤਾ ਦੇ ਬਾਵਜੂਦ, ‘‘ਅਸੀਂ ਭਾਰਤੀ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਾਂ। ਇਸ ਲਈ ਮੈਂ ਕਹਿੰਦਾ ਹਾਂ, ਅਸੀਂ ਸਾਰੇ ਬੁਨਿਆਦੀ ਤੌਰ 'ਤੇ ਪਹਿਲਾਂ ਭਾਰਤੀ ਹਾਂ। ਸਾਡੀਆਂ ਖੇਤਰੀ, ਧਾਰਮਿਕ ਅਤੇ ਭਾਸ਼ਾਈ ਪਛਾਣਾਂ ਤਾਂ ਬਾਅਦ ਵਿੱਚ ਆਉਂਦੀਆਂ ਹਨ।’’
ਲੋਕਾਂ ਨੂੰ ਭਾਰਤੀ ਇਤਿਹਾਸ ਬਾਰੇ ਗੰਭੀਰਤਾ ਨਾਲ ਸਿੱਖਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਤਿਹਾਸ 'ਸਾਡੇ ਮਨਾਂ ਦੇ ਕਿਸੇ ਵੀ ਘਟੀਆ ਕਿਸਮ ਦੀ ਹੀਣ ਭਾਵਨਾ ਨੂੰ ਬੰਦ ਕਰ ਸਕਦਾ ਹੈ'। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਨੂੰ ਸੁਣਾਉਣਾ 'ਸਾਨੂੰ ਨਾ ਸਿਰਫ਼ ਰਾਸ਼ਟਰਵਾਦ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ, ਸਗੋਂ ਸਮਾਜਿਕ ਸਦਭਾਵਨਾ ਅਤੇ ਭਾਈਚਾਰੇ ਦੀ ਵੀ ਯਾਦ ਦਿਵਾਉਂਦਾ ਹੈ।'
ਇਹ ਸੁਝਾਅ ਦਿੰਦੇ ਹੋਏ ਕਿ 'ਇਤਿਹਾਸ ਇੱਕ ਵਿਸ਼ੇਸ਼ ਵਿਸ਼ਾ ਨਹੀਂ ਹੋਣਾ ਚਾਹੀਦਾ ਜਿਸ 'ਤੇ ਕੁਝ ਚੁਣੇ ਹੋਏ ਲੋਕਾਂ ਦਾ ਏਕਾਧਿਕਾਰ ਹੋਵੇ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤਕ ਅਤੇ ਇਤਿਹਾਸਿਕ ਸਰੋਤਾਂ ਅਤੇ ਪੁਰਾਤਨ ਅਤੇ ਮੱਧਕਾਲੀ ਯੁੱਗਾਂ ਦੇ ਬਿਰਤਾਂਤਾਂ ਦੇ ਅਨੁਵਾਦ ਦੇ ਖੇਤਰ ਵਿੱਚ ਬਹੁਤ ਸਾਰਾ ਕੰਮ ਕੀਤਾ ਜਾਣਾ ਹੈ।
ਸ਼੍ਰੀ ਨਾਇਡੂ ਨੇ ਰਾਜ ਸਰਕਾਰਾਂ ਨੂੰ ਬੱਚਿਆਂ ਲਈ ਮਹੱਤਵਪੂਰਨ ਇਤਿਹਾਸਿਕ ਸਥਾਨਾਂ ਦੇ ਨਿਯਮਤ ਦੌਰੇ ਦਾ ਆਯੋਜਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਕੂਲੀ ਪਾਠ ਪੁਸਤਕਾਂ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਦੀਆਂ ਕਹਾਣੀਆਂ ਨੂੰ ਦਿਲਚਸਪ ਤਰੀਕੇ ਨਾਲ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਮੇਰਾ ਵਿਸ਼ਵਾਸ ਹੈ ਕਿ ਸਾਡੀਆਂ ਇਤਿਹਾਸਿਕ ਸ਼ਖ਼ਸੀਅਤਾਂ ਦੇ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੋਣੇ ਚਾਹੀਦੇ ਹਨ।’’
ਉਪ ਰਾਸ਼ਟਰਪਤੀ ਨੇ ਇਤਿਹਾਸਿਕ ਖੋਜ ਵਿੱਚ 50 ਸਾਲ ਪੂਰੇ ਕਰਨ ਅਤੇ "ਭਾਰਤੀ ਇਤਿਹਾਸ ਵਿੱਚ ਮਹੱਤਵਪੂਰਨ ਪਾੜੇ ਨੂੰ ਭਰਨ ਲਈ ਲਗਨ" ਲਈ ਆਈਸੀਐੱਚਆਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ, ਖਾਸ ਤੌਰ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਲਈ ਸਵਰਾਜ ਪ੍ਰਾਪਤ ਕਰਨ ਦੇ ਮਹਾਨ ਸੰਘਰਸ਼ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਆਈਸੀਐੱਚਆਰ ਦੁਆਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਈਆਂ ਜਾ ਰਹੀਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਨ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਪ੍ਰਦਰਸ਼ਨੀ ਦਾ ਦੌਰਾ ਕਰਨ ਅਤੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਜਾਣਨ ਅਤੇ ਆਈਸੀਐੱਚਆਰ ਦੇ ਯਤਨਾਂ ਦੀ ਸ਼ਲਾਘਾ ਕਰਨ ਦਾ ਸੱਦਾ ਵੀ ਦਿੱਤਾ।
ਮਾਣਯੋਗ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਪ੍ਰੋ. ਰਘੁਵੇਂਦਰ ਤੰਵਰ, ਚੇਅਰਮੈਨ, ਆਈਸੀਐੱਚਆਰ ਪ੍ਰੋ. ਅਰਵਿੰਦ ਪੀ. ਜਾਮਖੇਡਕਰ, ਸਾਬਕਾ ਚੇਅਰਮੈਨ, ਆਈਸੀਐੱਚਆਰ ਪ੍ਰੋ. ਕੁਮਾਰ ਰਤਨਮ, ਮੈਂਬਰ ਸਕੱਤਰ, ਆਈਸੀਐੱਚਆਰ ਅਤੇ ਹੋਰ ਪਤਵੰਤੇ ਸਮਾਗਮ ਦੌਰਾਨ ਹਾਜ਼ਰ ਸਨ।
*****
ਐੱਮਐੱਸ/ਆਰਕੇ
(Release ID: 1810772)
Visitor Counter : 151