ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਵਿੱਚ ਰਾਸ਼ਟਰਵਾਦੀ ਕਦਰਾਂ-ਕੀਮਤਾਂ ਪੈਦਾ ਕਰਨ ਦਾ ਸੱਦਾ ਦਿੱਤਾ
'ਦੇਸ਼ ਦੀ ਰੱਖਿਆ ਤੋਂ ਭਾਵ ਹੈ ਸਾਡੀ ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ ਨੂੰ ਸੁਰੱਖਿਅਤ ਰੱਖਣਾ'
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਮਹਾਨ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਜੀਵਨ ਕਹਾਣੀਆਂ ਨੂੰ ਪੜ੍ਹਨ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਪ੍ਰਸਿੱਧ ਸਮਾਜ ਸੇਵਕ ਮਰਹੂਮ ਸ਼੍ਰੀ ਸੋਮਪੱਲੀ ਸੋਮੱਈਆ ਦੀ ਕਿਤਾਬ ਰਿਲੀਜ਼ ਕੀਤੀ
Posted On:
26 MAR 2022 7:52PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਵਿੱਚ ਰਾਸ਼ਟਰਵਾਦੀ ਕਦਰਾਂ-ਕੀਮਤਾਂ ਪੈਦਾ ਕਰਨ ਦਾ ਸੱਦਾ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਹਿਤਾਂ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਸਭ ਤੋਂ ਵੱਡਾ ਫਰਜ਼ ਹੋਣਾ ਚਾਹੀਦਾ ਹੈ।
ਨੌਜਵਾਨਾਂ ਨੂੰ ਸਮਾਜ ਵਿੱਚ ਪਰਿਵਰਤਨ ਏਜੰਟ ਬਣਨ ਦੀ ਸਲਾਹ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਰਾਸ਼ਟਰੀ ਹਿਤਾਂ ਦੀ ਰੱਖਿਆ ਵਿੱਚ ਭਾਰਤ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ ਨੂੰ ਸੁਰੱਖਿਅਤ ਰੱਖਣਾ ਸ਼ਾਮਲ ਹੈ।
ਇਹ ਦੇਖਦੇ ਹੋਏ ਕਿ ਭਾਰਤ ਹਮੇਸ਼ਾ ‘ਵਸੁਧੈਵ ਕੁਟੁੰਬਕਮ’ ਦੇ ਫਲਸਫੇ ਵਿੱਚ ਵਿਸ਼ਵਾਸ ਰੱਖਦਾ ਹੈ, ਉਨ੍ਹਾਂ ਵਿਸ਼ਵ ਭਰ ਵਿੱਚ ਆਲਮੀ ਭਾਈਚਾਰੇ ਦੀ ਧਾਰਨਾ ਨੂੰ ਅੱਗੇ ਵਧਾਉਣ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਉਪ ਰਾਸ਼ਟਰਪਤੀ ਆਂਧਰ ਪ੍ਰਦੇਸ਼ ਦੇ ਉੱਘੇ ਸਮਾਜ ਸੇਵੀ ਸਵਰਗੀ ਸ਼੍ਰੀ ਸੋਮਪੱਲੀ ਸੋਮੱਈਆ ਦੀ ਜੀਵਨ ਗਾਥਾ - 'ਸਪੂਰਤੀ ਪ੍ਰਦਾਤਾ ਸ਼੍ਰੀ ਸੋਮੱਈਆ' ਕਿਤਾਬ ਨੂੰ ਰਿਲੀਜ਼ ਕਰ ਰਹੇ ਸਨ। ਸ਼੍ਰੀ ਨਾਇਡੂ ਨੇ ਜ਼ਿਕਰ ਕੀਤਾ ਕਿ ਉਹ ਸ਼੍ਰੀ ਸੋਮੱਈਆ ਨੂੰ ਆਪਣੇ ਪ੍ਰਮੁੱਖ 'ਗੁਰੂਆਂ' ਵਿੱਚੋਂ ਇੱਕ ਮੰਨਦੇ ਹਨ ਅਤੇ ਛੋਟੀ ਉਮਰ ਵਿੱਚ ਆਪਣੀ ਸ਼ਖ਼ਸੀਅਤ ਨੂੰ ਰੂਪ-ਰੇਖਾ ਦੇਣ ਦਾ ਸਿਹਰਾ ਉਨ੍ਹਾਂ ਨੂੰ ਦਿੰਦੇ ਹਨ।
ਸ਼੍ਰੀ ਨਾਇਡੂ ਨੇ ਆਂਧਰ ਪ੍ਰਦੇਸ਼ ਵਿੱਚ ਚੱਕਰਵਾਤ ਪੀੜਤਾਂ ਲਈ ਰਾਹਤ ਅਤੇ ਪੁਨਰ ਨਿਰਮਾਣ ਕਾਰਜਾਂ ਵਿੱਚ ਸ਼੍ਰੀ ਸੋਮੱਈਆ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ 'ਬਹੁਤ ਸਾਰੇ ਨੌਜਵਾਨਾਂ ਨੂੰ ਲੋਕਾਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ।'
ਰਾਸ਼ਟਰਵਾਦੀ ਕਦਰਾਂ-ਕੀਮਤਾਂ ਪ੍ਰਤੀ ਪ੍ਰਤੀਬੱਧਤਾ ਲਈ ਸ਼੍ਰੀ ਸੋਮੱਈਆ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਅਜਿਹੇ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਜੀਵਨ ਕਹਾਣੀਆਂ ਨੂੰ ਪੜ੍ਹਨ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, 'ਉਨ੍ਹਾਂ ਦੇ ਸਿਧਾਂਤਾਂ ਦਾ ਅਭਿਆਸ ਕਰਨਾ ਅਤੇ ਉਨ੍ਹਾਂ 'ਤੇ ਚਲਣਾ ਅਤੇ ਸਾਡੀ ਰਾਸ਼ਟਰੀ ਤਰੱਕੀ ਵਿੱਚ ਹਿੱਸੇਦਾਰ ਬਣਨਾ ਹੀ ਉਨ੍ਹਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ, ਜੋ ਅਸੀਂ ਉਨ੍ਹਾਂ ਨੂੰ ਦੇ ਸਕਦੇ ਹਾਂ।
ਗ਼ਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਸਮਾਜਿਕ ਵਿਤਕਰੇ ਜਿਹੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਜੋ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੀਆਂ ਹਨ, ਸ਼੍ਰੀ ਨਾਇਡੂ ਨੇ ਸਮਾਜ ਵਿੱਚ ਇਨ੍ਹਾਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਠੋਸ ਯਤਨ ਕਰਨ ਦਾ ਸੱਦਾ ਦਿੱਤਾ।
ਇਸ ਦੌਰਾਨ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ; ਸ਼੍ਰੀ ਭਾਗਿਆ, ਆਲ ਇੰਡੀਆ ਵਰਕਿੰਗ ਕਮੇਟੀ, ਆਰਐੱਸਐੱਸ ਦੇ ਮੈਂਬਰ; ਸ਼੍ਰੀ ਬਲੇਂਦਰ ਪੋਤੂਰੀ, ਪ੍ਰਧਾਨ, ਨਵਯੁੱਗ ਭਾਰਤੀ; ਸ਼੍ਰੀ ਬੂਰਲਾ ਦਕਸ਼ਿਣਾ ਮੂਰਤੀ, ਤੇਲੰਗਾਨਾ ਸੰਘਚਾਲਕ; ਲੇਖਕ ਸ਼੍ਰੀ ਕੇ ਸ਼ਿਆਮ ਪ੍ਰਸਾਦ ਅਤੇ ਹੋਰ ਪਤਵੰਤੇ ਹਾਜ਼ਰ ਸਨ।
**********
ਐੱਮਐੱਸ/ਆਰਕੇ/ਐੱਨਐੱਸ
(Release ID: 1810160)
Visitor Counter : 155