ਉਪ ਰਾਸ਼ਟਰਪਤੀ ਸਕੱਤਰੇਤ

ਸਿੱਖਿਆ ਦੇ ਖੇਤਰ ਵਿੱਚ ਭਾਰਤ ਦੀ ਸ਼ਾਨਦਾਰ ਪਰੰਪਰਾ ਨੂੰ ਬਹਾਲ ਕਰਨ ਦੀ ਜ਼ਰੂਰਤ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਸਾਡੀਆਂ ਸਦੀਆਂ ਪੁਰਾਣੀ ਅਧਿਆਪਨ-ਲਰਨਿੰਗ ਪ੍ਰਣਾਲੀਆਂ ‘ਤੇ ਪੁਨਰ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਮੌਜੂਦਾ ਸਮੇਂ ਦੇ ਅਨੁਸਾਰੀ ਬਣਾਉਣ ਦਾ ਸੱਦਾ ਦਿੱਤਾ



ਲੰਬੇ ਸਮੇਂ ਦੇ ਵਿਦੇਸ਼ੀ ਸ਼ਾਸਨ ਕਾਰਨ ਭਾਰਤ ਦੀ ਸਦੀਆਂ ਪੁਰਾਣੀ ਪ੍ਰਸਿੱਧ ਸਿੱਖਿਆ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਪ੍ਰਗਤੀ ਲਈ ਸ਼ਾਂਤੀ ਦੇ ਮਹੱਤਵ ਨੂੰ ਪਹਿਲੀ ਜ਼ਰੂਰਤ ਵਜੋਂ ਰੇਖਾਂਕਿਤ ਕੀਤਾ



ਭਾਰਤ ਅਮਨ ਦੀ ਧਰਤੀ ਹੈ, ਸਾਡੇ ਸਦੀਵੀ ਆਦਰਸ਼ 'ਸਭ ਦੀ ਭਲਾਈ' ਕਰਨਾ ਸਿਖਾਉਂਦੇ ਹਨ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਹਰਿਦੁਆਰ ਵਿੱਚ ਸਾਊਥ ਏਸ਼ੀਅਨ ਇੰਸਟੀਟਿਊਟ ਆਵ੍ ਪੀਸ ਐਂਡ ਰਿਕੰਸੀਲੀਏਸ਼ਨ ਦਾ ਉਦਘਾਟਨ ਕੀਤਾ



ਉਪ ਰਾਸ਼ਟਰਪਤੀ ਨੇ ਕਿਹਾ ਕਿ ਦੱਖਣੀ ਏਸ਼ੀਆ ਦਾ ਇਤਿਹਾਸ ਅਤੇ ਸਭਿਅਤਾ ਦੀਆਂ ਕਦਰਾਂ-ਕੀਮਤਾਂ ਇੱਕੋ ਜਿਹੀਆਂ ਹਨ

Posted On: 19 MAR 2022 2:33PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਪੁਰਾਤਨ ਅਧਿਆਪਨ-ਲਰਨਿੰਗ ਪ੍ਰਣਾਲੀਆਂ ਅਤੇ ਪਰੰਪਰਾਗਤ ਗਿਆਨ ਨੂੰ ਵਰਤਮਾਨ ਸਮੇਂ ਦੇ ਅਨੁਸਾਰੀ ਬਣਾਉਣ ਲਈ ਉਨ੍ਹਾਂ ਨੂੰ ਦੁਬਾਰਾ ਵਿਚਾਰ ਕੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੀ ਸ਼ਾਨਦਾਰ ਪਰੰਪਰਾ ਨੂੰ ਬਹਾਲ ਕਰਨ ਦਾ ਸੱਦਾ ਦਿੱਤਾ।

 

ਅੱਜ ਹਰਿਦੁਆਰ ਵਿੱਚ ਸਾਊਥ ਏਸ਼ੀਅਨ ਇੰਸਟੀਟਿਊਟ ਆਵ੍ ਪੀਸ ਐਂਡ ਰਿਕੰਸੀਲੀਏਸ਼ਨ (ਐੱਸਏਆਈਪੀਆਰ) ਦਾ ਉਦਘਾਟਨ ਕਰਨ ਤੋਂ ਬਾਅਦ ਸਭਾ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਅਫ਼ਸੋਸ ਪ੍ਰਗਟਾਇਆ ਕਿ ਭਾਰਤ ਦੀ ਪ੍ਰਸਿੱਧ, ਸਦੀਆਂ ਪੁਰਾਣੀ ਸਿੱਖਿਆ ਪ੍ਰਣਾਲੀ ਲੰਬੇ ਸਮੇਂ ਦੇ ਵਿਦੇਸ਼ੀ ਸ਼ਾਸਨ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

 

ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੇ ਬਸਤੀਵਾਦੀ ਸ਼ਾਸਨ ਨੇ ਮਹਿਲਾਵਾਂ ਸਮੇਤ ਇੱਕ ਵੱਡੇ ਵਰਗ ਨੂੰ ਸਿੱਖਿਆ ਤੋਂ ਵਾਂਝਾ ਕਰ ਦਿੱਤਾ ਸੀ ਅਤੇ ਸਿਰਫ਼ ਇੱਕ ਛੋਟੇ ਕੁਲੀਨ ਵਰਗ ਨੂੰ ਰਸਮੀ ਸਿੱਖਿਆ ਤੱਕ ਪਹੁੰਚ ਹਾਸਲ ਸੀ। ਉਨ੍ਹਾਂ ਕਿਹਾ, “ਸਭ ਨੂੰ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨਾ ਜ਼ਰੂਰੀ ਹੈ, ਤਾਂ ਹੀ ਸਾਡੀ ਸਿੱਖਿਆ ਸਮਾਵੇਸ਼ੀ ਅਤੇ ਲੋਕਤਾਂਤ੍ਰਿਕ ਹੋ ਸਕਦੀ ਹੈ।” ਸ਼੍ਰੀ ਨਾਇਡੂ ਨੇ ਰਾਸ਼ਟਰੀ ਸਿੱਖਿਆ ਨੀਤੀ ਦੀ ਸਾਡੀ ਸਿੱਖਿਆ ਪ੍ਰਣਾਲੀ ਦਾ ਭਾਰਤੀਕਰਣ ਕਰਨ ਦੀ ਕੋਸ਼ਿਸ਼ 'ਤੇ ਵੀ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਉਸ ਮਾਨਸਿਕਤਾ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਜੋ ਹਰੇਕ ਭਾਰਤੀ ਚੀਜ਼ ਨੂੰ ਘਟੀਆ ਸਮਝਦੀ ਹੈ।

 

ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਪਰਿਵਾਰ ਦੇ ਬਜ਼ੁਰਗ ਛੋਟੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਤਾਂ ਜੋ ਉਹ ਸਾਡੀਆਂ ਸਮ੍ਰਿੱਧ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਨੂੰ ਬਿਹਤਰ ਢੰਗ ਨਾਲ ਗ੍ਰਹਿਣ ਕਰ ਸਕਣ। ਉਨ੍ਹਾਂ ਨੌਜਵਾਨਾਂ ਨੂੰ ਪ੍ਰਕਿਰਤੀ ਨਾਲ ਸਮਾਂ ਬਿਤਾਉਣ ਦੀ ਸਲਾਹ ਦਿੰਦਿਆਂ ਇਸ ਨੂੰ ਸਰਬਸ੍ਰੇਸ਼ਠ ਅਧਿਆਪਕ ਦੱਸਿਆ।

 

ਸਾਡੇ ਜੀਵਨ ਵਿੱਚ ਮਾਤ ਭਾਸ਼ਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਆਪਣੀ ਮਾਤ ਭਾਸ਼ਾ ਦੀ ਪ੍ਰੈਕਟਿਸ, ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਨਾਇਡੂ ਨੇ ਕਿਹਾ, "ਮੈਂ ਇੱਕ ਅਜਿਹਾ ਦਿਨ ਦੇਖਣਾ ਚਾਹਾਂਗਾ ਜਦੋਂ ਭਾਰਤੀ ਆਪਣੇ ਦੇਸ਼ਵਾਸੀਆਂ ਨਾਲ ਆਪਣੀ ਮਾਤ ਭਾਸ਼ਾ ਵਿੱਚ ਗੱਲ ਕਰਨ, ਪ੍ਰਸ਼ਾਸਨ ਮਾਤ ਭਾਸ਼ਾ ਵਿੱਚ ਚਲਾਇਆ ਜਾਵੇ ਅਤੇ ਸਾਰੇ ਸਰਕਾਰੀ ਆਦੇਸ਼ ਲੋਕਾਂ ਦੀ ਭਾਸ਼ਾ ਵਿੱਚ ਜਾਰੀ ਹੁੰਦੇ ਹੋਣ।” ਉਨ੍ਹਾਂ ਅਦਾਲਤੀ ਕਾਰਵਾਈਆਂ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਕਰਨ ਦੀ ਵੀ ਮੰਗ ਕੀਤੀ।

 

ਵਿਵਾਦਗ੍ਰਸਤ ਸੰਸਾਰ ਵਿੱਚ ਸਮਾਜਿਕ ਅਤੇ ਹੋਰ ਤਣਾਅ ਦੇ ਵਧਣ 'ਤੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਾਨਵਤਾ ਦੀ ਪ੍ਰਗਤੀ ਲਈ ਅਮਨ ਪਹਿਲੀ ਜ਼ਰੂਰਤ ਹੈ। ਉਨ੍ਹਾਂ ਕਿਹਾ "ਅਮਨ ਦਾ ਇੱਕ ਵੱਡਾ ਪ੍ਰਭਾਵ ਹੁੰਦਾ ਹੈ - ਇਹ ਸਮਾਜਿਕ ਸਦਭਾਵਨਾ ਪੈਦਾ ਕਰਦਾ ਹੈ ਅਤੇ ਪ੍ਰਗਤੀ ਅਤੇ ਸਮ੍ਰਿਧੀ ਲਈ ਰਾਹ ਪੱਧਰਾ ਕਰਦਾ ਹੈ।" ਉਨ੍ਹਾਂ ਅੱਗੇ ਕਿਹਾ, 'ਅਮਨ ਦਾ ਲਾਭਅੰਸ਼' ਹਰੇਕ ਹਿਤਧਾਰਕ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਸਮਾਜ ਲਈ ਦੌਲਤ ਅਤੇ ਖ਼ੁਸ਼ੀ ਲਿਆਉਂਦਾ ਹੈ।

 

'ਵਸੁਧੈਵ ਕੁਟੁੰਬਕਮ' ਅਤੇ 'ਲੋਕ: ਸਮਸਤਹ ਸੁਖਿਨੋ ਭਵਨਤੁ' ਦੀਆਂ ਸਾਡੀਆਂ ਸਦੀਆਂ ਪੁਰਾਣੀਆਂ ਸਭਿਅਤਾਤਮਕ ਕਦਰਾਂ-ਕੀਮਤਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਅਮਨ ਅਤੇ ਮਾਨਵਤਾ ਦੀ ਭਲਾਈ ਲਈ ਭਾਰਤ ਦੀ ਪ੍ਰਤੀਬੱਧਤਾ ਭੂਗੋਲਿਕ ਸੀਮਾਵਾਂ ਤੋਂ ਪਰ੍ਹੇ ਹੈ। ਉਨ੍ਹਾਂ ਅੱਗੇ ਕਿਹਾ “ਭਾਰਤ ਨੂੰ ਸ਼ਾਂਤੀ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਅਸੀਂ ਹਮੇਸ਼ਾ ਅਮਨ ਬਣਾਈ ਰੱਖਣ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਸਦਭਾਵਨਾ ਭਰੇ ਜੀਵਨ ਨੂੰ ਯਕੀਨੀ ਬਣਾਉਣ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਹੈ।”

 

ਦੱਖਣੀ ਏਸ਼ਿਆਈ ਦੇਸ਼ਾਂ ਦੇ ਸਾਂਝੇ ਇਤਿਹਾਸ ਅਤੇ ਸਭਿਅਤਾ ਨੂੰ ਦੇਖਦੇ ਹੋਏ, ਉਨ੍ਹਾਂ ਇਸ ਖੇਤਰ ਵਿੱਚ ਭਾਸ਼ਾਈ, ਨਸਲੀ ਅਤੇ ਸੱਭਿਆਚਾਰਕ ਵਿਵਿਧਤਾ ਦਾ ਸਨਮਾਨ ਕਰਨ ਦਾ ਵੀ ਸੱਦਾ ਦਿੱਤਾ, ਜੋ ਸਹਿਣਸ਼ੀਲਤਾ ਅਤੇ ਸ਼ਾਂਤੀਪੂਰਨ ਸਹਿਹੋਂਦ ਦੇ ਮੂਲ ਮੁੱਲਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ, "ਦੁਨੀਆ ਦੀ 'ਅਧਿਆਤਮਕ ਰਾਜਧਾਨੀ' ਵਜੋਂ, ਭਾਰਤ ਅਮਨ ਬਣਾਈ ਰੱਖਣ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।"

 

ਸਾਊਥ ਏਸ਼ੀਆ ਇੰਸਟੀਟਿਊਟ ਆਵ੍ ਪੀਸ ਐਂਡ ਰਿਕੰਸੀਲੀਏਸ਼ਨ (ਐੱਸਏਆਈਪੀਆਰ) ਦੀ ਸਥਾਪਨਾ ਵਿੱਚ ਸ਼ਾਮਲ ਹਰੇਕ ਨੂੰ ਵਧਾਈਆਂ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਇਹ ਸੰਸਥਾ ਅਕਾਦਮਿਕ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਕੇਂਦਰ ਬਣੇਗੀ ਅਤੇ ਸ਼ਾਂਤੀ ਅਤੇ ਮੇਲ-ਮਿਲਾਪ ਦੀਆਂ ਕਦਰਾਂ-ਕੀਮਤਾਂ ਨੂੰ ਫੈਲਾਉਣ ਲਈ ਇੱਕ ਪ੍ਰੇਰਣਾ (ਸਪ੍ਰਿੰਗ ਬੋਰਡ) ਵਜੋਂ ਕੰਮ ਕਰੇਗੀ। ਗ਼ੌਰਤਲਬ ਹੈ ਕਿ ਗਾਇਤਰੀ ਤੀਰਥ ਦੇ ਗੋਲਡਨ ਜੁਬਲੀ ਵਰ੍ਹੇ ਵਿੱਚ ਹਰਿਦੁਆਰ ਦੇ ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਯ ਵਿੱਚ ਐੱਸਏਆਈਪੀਆਰ ਦੀ ਸਥਾਪਨਾ ਕੀਤੀ ਗਈ ਹੈ।

 

ਇਸ ਮੌਕੇ 'ਤੇ ਉਪ ਰਾਸ਼ਟਰਪਤੀ ਨੇ ਭਗਵਾਨ ਬੁੱਧ ਅਤੇ ਸਮਰਾਟ ਅਸ਼ੋਕ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 'ਯੁੱਧਘੋਸ਼' (ਯੁੱਧ) 'ਤੇ ਧੰਮ ਘੋਸ਼ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਭਗਵਾਨ ਬੁੱਧ ਦੁਆਰਾ ਦਰਸਾਏ ਗਏ ਪੰਚਸ਼ੀਲ ਸਾਡੀ ਵਿਦੇਸ਼ ਨੀਤੀ ਦਾ ਅਧਾਰ ਹਨ।

 

ਸ਼੍ਰੀ ਨਾਇਡੂ ਨੇ ਦੇਵ ਸੰਸਕ੍ਰਿਤ ਵਿਸ਼ਵਵਿਦਿਆਲਯ ਦੁਆਰਾ ਯੋਗ ਅਤੇ ਧਿਆਨ ਨੂੰ ਦੁਨੀਆ ਭਰ ਵਿੱਚ ਮਕਬੂਲ ਬਣਾਉਣ ਲਈ ਵਿਭਿੰਨ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਯੋਗ ਨੂੰ ਮਾਨਵਤਾ ਲਈ ਭਾਰਤ ਦਾ ਵਿਲੱਖਣ ਤੋਹਫ਼ਾ ਦੱਸਿਆ।

 

ਇੰਸਟੀਟਿਊਟ ਦਾ ਉਦਘਾਟਨ ਕਰਨ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਐੱਸਏਆਈਪੀਆਰ ਅਤੇ ਏਸ਼ੀਆ ਦੇ ਪਹਿਲੇ ਸੈਂਟਰ ਫੌਰ ਬਾਲਟਿਕ ਕਲਚਰ ਐਂਡ ਸਟੱਡੀਜ਼ ਦਾ ਦੌਰਾ ਕੀਤਾ। ਉਨ੍ਹਾਂ ਪ੍ਰਗੇਸ਼ ਮਹਾਕਾਲ ਮੰਦਿਰ ਦੇ ਦਰਸ਼ਨ ਵੀ ਕੀਤੇ ਅਤੇ ਯੂਨੀਵਰਸਿਟੀ ਕੰਪਲੈਕਸ ਵਿੱਚ ਰੁਦਰਾਕਸ਼ ਦਾ ਪੌਦਾ ਲਗਾਇਆ। ਯੂਨੀਵਰਸਿਟੀ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਇੰਸਟੀਟਿਊਟ ਦੀਆਂ ਵਿਭਿੰਨ ਸੁਵਿਧਾਵਾਂ ਜਿਵੇਂ ਕਿ ਪੇਪਰ ਮੈਨੂਫੈਕਚਰਿੰਗ ਯੂਨਿਟ, ਸੈਂਟਰ ਫੌਰ ਐਗਰੀਕਲਚਰ ਐਂਡ ਕਾਊ ਬੇਸਡ ਪ੍ਰੋਡਕਟਸ ਅਤੇ ਹੈਂਡਲੂਮ ਟ੍ਰੇਨਿੰਗ ਸੈਂਟਰ ਵੀ ਦਿਖਾਈਆਂ ਗਈਆਂ। ਉਪ ਰਾਸ਼ਟਰਪਤੀ ਨੇ ਡੀਐੱਸਵੀਵੀ ਕੈਂਪਸ ਵਿੱਚ 'ਵਾਲ ਆਵ੍ ਹੀਰੋਜ਼' ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਸਮੇਤ ਯੂਨੀਵਰਸਿਟੀ ਦੀਆਂ ਵਿਭਿੰਨ ਪ੍ਰਕਾਸ਼ਨਾਂ ਨੂੰ ਲਾਂਚ ਕੀਤਾ।

 

ਇਸ ਸਮਾਗਮ ਵਿੱਚ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਵੀਐੱਸਐੱਮ (ਸੇਵਾਮੁਕਤ), ਦੇਵ ਸੰਸਕ੍ਰਿਤੀ ਯੂਨੀਵਰਸਿਟੀ ਦੇ ਚਾਂਸਲਰ ਡਾ. ਪ੍ਰਣਵ ਪੰਡਯਾ, ਵਾਈਸ-ਚਾਂਸਲਰ ਸ਼੍ਰੀ ਸ਼ਰਦ ਪਰਧੀ, ਰਜਿਸਟਰਾਰ ਡਾ. ਚਿਨਮਯ ਪੰਡਯਾ, ਸ਼੍ਰੀ ਬਲਦਾਊ ਦੇਵਾਂਗਨ, ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

***********

 

ਐੱਮਐੱਸ/ਆਰਕੇ



(Release ID: 1807369) Visitor Counter : 140