ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਆਪਣੇ ਨਿਵਾਸ ’ਤੇ ਸਕੂਲੀ ਬੱਚਿਆਂ ਨਾਲ ਹੋਲੀ ਮਨਾਈ



ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ – ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਕੰਮ ਕਰੋ



ਸਰਦਾਰ ਪਟੇਲ ਮੇਰੀ ਪ੍ਰੇਰਣਾ, ਮੇਰੀ ਮਜ਼ਬੂਤ ਇੱਛਾ–ਸ਼ਕਤੀ ਦੇ ਸਰੋਤ ਹਨ – ਸ਼੍ਰੀ ਨਾਇਡੂ

Posted On: 18 MAR 2022 1:39PM by PIB Chandigarh

 

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਉਪ-ਰਾਸ਼ਟਰਪਤੀ ਨਿਵਾਸ ਵਿਖੇ ਸਕੂਲੀ ਬੱਚਿਆਂ ਤੇ ਸਕੱਤਰੇਤ ਦੇ ਸਟਾਫ਼ ਮੈਂਬਰਾਂ ਨਾਲ ਹੋਲੀ ਮਨਾਈ। ਦਿੱਲੀ ਨਗਰ ਨਿਗਮ (MCD) ਦੁਆਰਾ ਚਲਾਏ ਜਾਣ ਵਾਲੇ ਸਕੂਲਾਂ ਸਮੇਤ ਦਿੱਲੀ ਦੇ ਚਾਰ ਸਕੂਲਾਂ ਦੇ ਬੱਚੇ ਉਪ ਰਾਸ਼ਟਰਪਤੀ ਨਿਵਾਸ 'ਤੇ ਗਏ ਅਤੇ ਹੋਲੀ ਦੇ ਮੌਕੇ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਤਸ਼ਾਹਿਤ ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾਈਆਂ ਤਾਂ ਉਪ-ਰਾਸ਼ਟਰਪਤੀ ਬਹੁਤ ਖੁਸ਼ ਹੋਏ।

 

 

ਇੱਕ ਵਿਦਿਆਰਥੀ ਦੁਆਰਾ ਪੁੱਛੇ ਸਵਾਲ ਕਿ ਕੀ ਉਹ ਕਦੇ ਨਿਰਾਸ਼ ਹੁੰਦੇ ਹਨ, ਦੇ ਜਵਾਬ ’ਚ ਸ਼੍ਰੀ ਨਾਇਡੂ ਨੇ ਕਿਹਾ,"ਨਹੀਂ, ਮੈਂ ਨਿਰਾਸ਼ ਨਹੀਂ ਹੁੰਦਾ ਪਰ ਕਈ ਵਾਰ, ਜਦੋਂ ਕੁਝ ਸੰਸਦ ਮੈਂਬਰ ਸਦਨ ਵਿੱਚ ਮਿਆਰਾਂ ਅਨੁਸਾਰ ਵਿਵਹਾਰ ਨਹੀਂ ਕਰਦੇ ਹਨ ਤਾਂ ਮੈਂ ਨਿਰਾਸ਼ ਹੋ ਜਾਂਦਾ ਹਾਂ।" ਉਨ੍ਹਾਂ ਇਹ ਵੀ ਕਿਹਾ ਕਿ ਸਰਦਾਰ ਪਟੇਲ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ ਲਈ ਪ੍ਰੇਰਨਾ ਸਰੋਤ ਹਨ।

ਇੱਕ ਹੋਰ ਸਵਾਲ ਕਿ ਉਪ-ਰਾਸ਼ਟਰਪਤੀ ਆਪਣੇ ਸਰਕਾਰੀ ਫ਼ਰਜ਼ਾਂ ਅਤੇ ਪਰਿਵਾਰਕ ਜ਼ਿੰਮੇਦਾਰੀਆਂ ਵਿਚਾਲੇ ਸੰਤੁਲਨ ਕਿਵੇਂ ਕਾਇਮ ਕਰਦੇ ਹਨ, ਦੇ ਜਵਾਬ ’ਚ ਸ਼੍ਰੀ ਨਾਇਡੂ ਨੇ ਕਿਹਾ,"ਆਪਣੇ ਸਰਗਰਮ ਸਿਆਸੀ ਕਰੀਅਰ ਦੌਰਾਨ ਮੈਂ ਪਰਿਵਾਰ ਨਾਲ ਇਨਸਾਫ ਨਹੀਂ ਕਰ ਸਕਿਆ ਪਰ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ, ਹੁਣ ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰਦਾ ਹਾਂ।’’ ਉਨ੍ਹਾਂ ਅੱਗੇ ਕਿਹਾ, "ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਤੌਰ 'ਤੇ, ਮੇਰੇ ਕੋਲ ਸੰਵਿਧਾਨਕ ਫ਼ਰਜ਼ ਅਤੇ ਜ਼ਿੰਮੇਦਾਰੀਆਂ ਹਨ, ਪਰ ਮੈਂ ਹਮੇਸ਼ਾ ਆਪਣੀ ਪੋਤੀ ਅਤੇ ਪੋਤੇ ਨਾਲ ਗੱਲ ਕਰਨੀ ਚਾਹੁੰਦਾ ਹਾਂ।"

 

 

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਹਮੇਸ਼ਾ ਆਪਣੀ ਮਾਂ, ਮਾਤ ਭੂਮੀ ਅਤੇ ਮਾਂ-ਬੋਲੀ ਨਾਲ ਪਿਆਰ ਅਤੇ ਸਤਿਕਾਰ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਜੀਓ ਅਤੇ ਕੰਮ ਕਰੋ। 'ਸ਼ੇਅਰ ਅਤੇ ਕੇਅਰ' ਦੇ ਸਾਡੇ ਸਦੀਆਂ ਪੁਰਾਣੇ ਸੱਭਿਆਤਮਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦਿਆਂ ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਹਮਦਰਦੀ ਵਾਲਾ ਰਵੱਈਆ ਵਿਕਸਤ ਕਰਨ ਦੀ ਅਪੀਲ ਕੀਤੀ।

ਇਸ ਤੋਂ ਪਹਿਲਾਂ ਦਿਨ ਵਿੱਚ, ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਫ਼ੋਨ ਉੱਤੇ ਹੋਲੀ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀ ਉਪ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਹੋਲੀ ਦੇ ਸ਼ੁਭ ਮੌਕੇ 'ਤੇ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ ਹਨ।

*********

ਐੱਮਐੱਸ/ਆਰਕੇ/ਐੱਨਐੱਸ



(Release ID: 1807207) Visitor Counter : 128