ਉਪ ਰਾਸ਼ਟਰਪਤੀ ਸਕੱਤਰੇਤ

ਉਪ-ਰਾਸ਼ਟਰਪਤੀ ਨੇ ਜਨਤਕ ਨੁਮਾਇੰਦਿਆਂ ਨੂੰ ਉੱਚ ਮਿਆਰ ਬਣਾਏ ਰੱਖਣ ਅਤੇ ਸੰਸਦ ਤੇ ਵਿਧਾਨ ਸਭਾਵਾਂ ਦੀ ਗਰਿਮਾ ਦੀ ਰੱਖਿਆ ਕਰਨ ਦੀ ਸਲਾਹ ਦਿੱਤੀ



ਉਪ-ਰਾਸ਼ਟਰਪਤੀ ਨੇ ਉੱਚ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਅਪਮਾਨਿਤ ਕਰਨ ਦੇ ਖ਼ਿਲਾਫ਼ ਚੇਤਾਵਨੀ ਦਿੱਤੀ



ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸੰਸਦੀ ਲੋਕਤੰਤਰ ਵਜੋਂ ਚੋਣਾਂ ਦੌਰਾਨ ਸ਼ਾਂਤਮਈ ਸ਼ਾਸਨ ਤਬਦੀਲੀਆਂ ਦੁਆਰਾ ਇੱਕ ਵੱਡੀ ਮਿਸਾਲ ਕਾਇਮ ਕਰ ਰਿਹਾ ਹੈ: ਉਪ-ਰਾਸ਼ਟਰਪਤੀ



ਉਪ-ਰਾਸ਼ਟਰਪਤੀ ਨੇ ਸਾਰੀਆਂ ਸਰਕਾਰਾਂ ਨੂੰ ਗ਼ਰੀਬੀ, ਅਨਪੜ੍ਹਤਾ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ



ਉਪ-ਰਾਸ਼ਟਰਪਤੀ ਨੇ ਗੋਆ ਦੀਆਂ ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ ਅਤੇ ਭਾਸ਼ਾਈ, ਸਾਹਿਤਕ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੱਤਾ



ਗੋਆ ਰਾਜ ਭਵਨ ਵਿਖੇ ਉਪ-ਰਾਸ਼ਟਰਪਤੀ ਨੇ ਦਰਬਾਰ ਹਾਲ ਦਾ ਉਦਘਾਟਨ ਕੀਤਾ

Posted On: 04 MAR 2022 4:03PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਜਨਤਕ ਨੁਮਾਇੰਦਿਆਂ ਨੂੰ ਸਲਾਹ ਦਿੱਤੀ ਕਿ ਉਹ ਉੱਚ ਮਿਆਰਾਂ ਨੂੰ ਬਣਾਈ ਰੱਖਣ ਅਤੇ ਸੰਸਦ ਅਤੇ ਉੱਚ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਦੇ ਦਫ਼ਤਰਾਂ ਜਿਹੀਆਂ ਸੰਸਥਾਵਾਂ ਦੀ ਗਰਿਮਾ ਅਤੇ ਪਵਿੱਤਰਤਾ ਦੀ ਰੱਖਿਆ ਕਰਨ।

ਗੋਆ ਦੇ ਰਾਜ ਭਵਨ ਦੇ ਵਿਹੜੇ ਵਿੱਚ ਇੱਕ ਨਵੇਂ ਬਣੇ ਅਤਿ-ਆਧੁਨਿਕ ਦਰਬਾਰ ਹਾਲ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਨੇ ਸੰਸਦ ਵਿੱਚ ਵਿਘਨ ਅਤੇ ਕੁਝ ਵਿਧਾਨ ਸਭਾਵਾਂ ਵਿੱਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਨੁਮਾਇੰਦੇ ਜੇਕਰ ਬਜਟ ਜਾਂ ਕਿਸੇ ਸੰਬੋਧਨ ਨੂੰ ਪਸੰਦ ਨਹੀਂ ਕਰਦੇ ਤਾਂ ਉਸ ਦੀ ਆਲੋਚਨਾ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਚੀਜ਼ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਲੋਕਤੰਤਰ ਕਮਜ਼ੋਰ ਹੋਵੇ। ਉਨ੍ਹਾਂ ਨੇ ਅੱਗੇ ਕਿਹਾ, “ਸਾਨੂੰ ਇਨ੍ਹਾਂ ਸੰਸਥਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।”

ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸੰਸਦੀ ਲੋਕਤੰਤਰ ਦੇ ਰੂਪ ਵਿੱਚ ਚੋਣਾਂ ਦੌਰਾਨ ਸ਼ਾਂਤੀਪੂਰਨ ਤਬਦੀਲੀ ਜਾਂ ਸ਼ਾਸਨਾਂ ਨੂੰ ਜਾਰੀ ਰੱਖ ਕੇ ਬਾਕੀ ਦੁਨੀਆਂ ਲਈ ਇੱਕ ਵੱਡੀ ਮਿਸਾਲ ਕਾਇਮ ਕਰ ਰਿਹਾ ਹੈ।

ਉਪ-ਰਾਸ਼ਟਰਪਤੀ ਨੇ ਅੱਗੇ ਕਿਹਾ, “ਲੋਕਤੰਤਰ ਵਿੱਚ ਜੇਕਰ ਤੁਸੀਂ ਕੁਝ ਪਸੰਦ ਨਹੀਂ ਕਰਦੇ, ਤਾਂ ਤੁਸੀਂ ਆਲੋਚਨਾ ਕਰ ਸਕਦੇ ਹੋ, ਤੁਸੀਂ ਸਿੱਖਿਆ ਅਤੇ ਸ਼ਾਂਤੀਪੂਰਵਕ ਅੰਦੋਲਨ ਕਰ ਸਕਦੇ ਹੋ ਅਤੇ ਆਪਣੀ ਵਾਰੀ ਦੀ ਉਡੀਕ ਕਰ ਸਕਦੇ ਹੋ। ਸਾਨੂੰ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਨ ਲਈ ਧੀਰਜ ਰੱਖਣਾ ਚਾਹੀਦਾ ਹੈ।”

ਉਪ-ਰਾਸ਼ਟਰਪਤੀ ਨੇ ਸਾਰੇ ਜਨਤਕ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿੱਚ ਹਿੱਸਾ ਲੈਣ ਅਤੇ ਆਤਮਨਿਰਭਰ ਭਾਰਤ ਦੀ ਗਤੀ ਵਿੱਚ ਯੋਗਦਾਨ ਪਾਉਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸੁਧਾਰ ਲਿਆ ਕੇ ਦੇਸ਼ ਅਤੇ ਲੋਕਾਂ ਦੇ ਜੀਵਨ ਨੂੰ ਬਦਲਣ ਦੇ ਇੱਛੁਕ ਹਨ।

ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ ਗ਼ਰੀਬੀ, ਅਨਪੜ੍ਹਤਾ, ਖੇਤਰੀ ਗ਼ੈਰ-ਬਰਾਬਰੀ, ਸਮਾਜਿਕ ਅਤੇ ਲਿੰਗਕ ਵਿਤਕਰੇ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਵੱਲ ਧਿਆਨ ਦੇਣਾ ਹਰੇਕ ਸਰਕਾਰ ਅਤੇ ਵਿਅਕਤੀ ਦਾ ਫਰਜ਼ ਹੈ।

ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ ਤੋਂ ਇਲਾਵਾ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਧਿਆਨ ਸ਼ਹਿਰੀ-ਗ੍ਰਾਮੀਣ ਪਾੜੇ ਨੂੰ ਖਤਮ ਕਰਨ, ਗ਼ਰੀਬ ਤੋਂ ਗ਼ਰੀਬ ਵਰਗ ਨੂੰ ਉੱਚਾ ਚੁੱਕਣ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਸਸ਼ਕਤ ਬਣਾਉਣ ਵੱਲ ਹੋਣਾ ਚਾਹੀਦਾ ਹੈ। “ਸਾਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਇੱਕ ਮਜ਼ਬੂਤ, ਸਥਿਰ ਅਤੇ ਖੁਸ਼ਹਾਲ ਦੇਸ਼ ਵਜੋਂ ਅੱਗੇ ਵੱਧਦਾ ਰਹੇ।”

ਉਨ੍ਹਾਂ ਨੇ ਕਿਹਾ ਕਿ ਭਾਰਤ ਜੋ ਕਦੇ ਵਿਸ਼ਵ ਗੁਰੂ ਵਜੋਂ ਜਾਣਿਆ ਜਾਂਦਾ ਸੀ, ਹਮੇਸ਼ਾ ਸ਼ਾਂਤੀਪੂਰਨ ਸਹਿ-ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਭਾਰਤ ਨੇ ਕਦੇ ਵੀ ਕਿਸੇ ਵੀ ਦੇਸ਼ ’ਤੇ ਹਮਲਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ, “ਅਸੀਂ ‘ਸਰਵੇ ਜਨ ਸੁਖਿਨੋ ਭਵੰਤੁ” ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਸਾਂਝਾ ਕਰਨਾ ਅਤੇ ਦੇਖਭਾਲ਼ ਕਰਨਾ ਭਾਰਤੀ ਦਰਸ਼ਨ ਦਾ ਧੁਰਾ ਹੈ।”

ਗੋਆ ਨੂੰ ਇੱਕ ਵਿਸ਼ੇਸ਼ ਸਥਾਨ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, “ਇਸ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ, ਕੁਦਰਤੀ ਸ਼ਾਨੋ-ਸ਼ੌਕਤ ਅਤੇ ਇੱਥੋਂ ਦੇ ਲੋਕਾਂ ਦੀ ਨਿੱਘ ਅਤੇ ਪਰਾਹੁਣਚਾਰੀ ਦੇ ਨਾਲ, ਗੋਆ ਦਾ ਮੇਰੇ ਦਿਲ ਵਿੱਚ ਹਮੇਸ਼ਾ ਇੱਕ ਵਿਸ਼ੇਸ਼ ਸਥਾਨ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਗੋਆ ਦੀ ਕੁਦਰਤੀ ਸੁੰਦਰਤਾ, ਵਿਸ਼ਾਲ ਜੰਗਲੀ ਖੇਤਰ, ਬਨਸਪਤੀ ਅਤੇ ਜੀਵ-ਜੰਤੂਆਂ ਦੀ ਵਿਵਿਧਤਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਕਰਕੇ ਇਹ ਰਾਜ ਭਾਰਤ ਵਿੱਚ ਟੂਰਿਸਟ ਸਥਾਨਾਂ ਵਿੱਚ ਸਿਖਰ ’ਤੇ ਬਣਿਆ ਹੋਇਆ ਹੈ।

ਸ਼੍ਰੀ ਨਾਇਡੂ ਨੇ ਕਿਹਾ ਕਿ ਗੋਆ ਆਪਣੀ ਕੁਦਰਤੀ ਸੁੰਦਰਤਾ ਤੋਂ ਇਲਾਵਾ ਇੱਕ ਸਿਹਤਮੰਦ ਸਮਾਜਿਕ-ਰਾਜਨੀਤਕ ਸੱਭਿਆਚਾਰ ਦਾ ਵੀ ਆਨੰਦ ਲੈਂਦਾ ਹੈ। ਉਨ੍ਹਾਂ ਨੇ ਗੋਆ ਦੀਆਂ ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ ਅਤੇ ਭਾਸ਼ਾਈ, ਸਾਹਿਤਕ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ, “ਗੋਆ ਦੇ ਸੱਭਿਆਚਾਰ, ਤਿਉਹਾਰਾਂ ਅਤੇ ਇਸ ਦੇ ਰਵਾਇਤੀ ਪਕਵਾਨਾਂ ਦੀ ਸਮ੍ਰਿੱਧ ਵਿਵਿਧਤਾ ਨੂੰ ਸੰਭਾਲਣ ਦੇ ਯਤਨਾਂ ਦਾ ਸਮਰਥਨ ਕਰਨਾ ਬਹੁਤ ਅਹਿਮ ਹੈ।”

ਉਪ-ਰਾਸ਼ਟਰਪਤੀ ਨੇ ਕਿਹਾ ਕਿ ਗੋਆ ਦੀਆਂ ਬਹੁਤ ਸਾਰੀਆਂ ਪ੍ਰਭਾਵਸ਼ਾਲੀ ਪ੍ਰਾਪਤੀਆਂ ਵਿੱਚੋਂ ਇਹ ਤੱਥ ਹੈ ਕਿ ਇਹ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਦਾ ਮਾਣ ਰੱਖਦਾ ਹੈ ਅਤੇ ਦੇਸ਼ ਦੇ ਸਭ ਤੋਂ ਘੱਟ ਗ਼ਰੀਬ ਰਾਜਾਂ ਦੀ ਸੂਚੀ ਵਿੱਚ ਸਿਖਰ ’ਤੇ ਹੈ।

ਦਰਬਾਰ ਹਾਲ ਦੀ ਸ਼ਾਨਦਾਰ ਬਣਤਰ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਇਮਾਰਤ ਗੋਆ ਦੇ ਆਰਕੀਟੈਕਚਰ ਦਾ ਪ੍ਰਤੀਬਿੰਬ ਹੈ, ਜਿਸ ਦੀਆਂ ਪਾਰਦਰਸ਼ੀ ਕੰਧਾਂ ਅਤੇ ਚੌੜੇ ਵਰਾਂਡੇ ਹਨ। ਉਨ੍ਹਾਂ ਨੇ ਦੱਸਿਆ ਕਿ 800 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਦਰਬਾਰ ਹਾਲ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਤੋਂ ਬਾਅਦ ਗੋਆ ਦਾ ਦੂਜਾ ਸਭ ਤੋਂ ਵੱਡਾ ਹਾਲ ਹੈ।

ਇਸ ਮੌਕੇ ਗੋਆ ਦੇ ਰਾਜਪਾਲ, ਸ਼੍ਰੀ ਪੀਐੱਸ ਸ੍ਰੀਧਰਨ ਪਿੱਲਈ, ਗੋਆ ਦੇ ਮੁੱਖ ਮੰਤਰੀ, ਡਾ. ਪ੍ਰਮੋਦ ਸਾਵੰਤ, ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ, ਜਲ ਮਾਰਗਾਂ ਤੇ ਟੂਰਿਜ਼ਮ ਰਾਜ ਮੰਤਰੀ, ਸ਼੍ਰੀ ਸ਼੍ਰੀਪਦ ਨਾਇਕ, ਵਿਰੋਧੀ ਧਿਰ ਦੇ ਨੇਤਾ ਸ਼੍ਰੀ ਦਿਗੰਬਰ ਕਾਮਤ ਅਤੇ ਹੋਰ ਹਾਜ਼ਰ ਸਨ।

*****

ਐੱਮਐੱਸ/ ਆਰਕੇ



(Release ID: 1803063) Visitor Counter : 159