ਉਪ ਰਾਸ਼ਟਰਪਤੀ ਸਕੱਤਰੇਤ

ਡਿਜੀਟਲ ਲਰਨਿੰਗ ਨਾਲ ਡਿਜੀਟਲ ਡਿਵਾਈਡ ਨਹੀਂ ਹੋਣਾ ਚਾਹੀਦਾ: ਉਪ ਰਾਸ਼ਟਰਪਤੀ


ਸਿੱਖਿਆ ਦਾ ਮੰਤਰ ਹੋਣਾ ਚਾਹੀਦਾ ਹੈ - ਗਲੇ ਲਗਾਓ, ਜੁੜੋ, ਗਿਆਨ ਦਿਓ, ਸਸ਼ਕਤ ਕਰੋ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸਾਡੀ ਅਧਿਆਪਨ ਵਿਧੀ ਨੂੰ ਬਦਲਣ ਦਾ ਸੱਦਾ ਦਿੱਤਾ
ਬੱਚਿਆਂ ਦੀ ਸਿੱਖਿਆ 'ਤੇ ਮਹਾਮਾਰੀ ਦੇ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕੀਤੀ
ਉਪ ਰਾਸ਼ਟਰਪਤੀ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਗੈਰ-ਬਸਤੀਵਾਦੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ
ਅਧਿਆਪਕਾਂ ਨੂੰ ਫਿੱਟ ਰਹਿਣਾ ਚਾਹੀਦਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਨੈਸ਼ਨਲ ਇੰਸਟੀਚਿਊਟ ਆਵ੍ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ (ਐੱਨਆਈਟੀਟੀਟੀਆਰ), ਚੇਨਈ ਵਿਖੇ ਸਪੋਰਟਸ ਸੈਂਟਰ ਅਤੇ ਓਪਨ ਐਜੂਕੇਸ਼ਨਲ ਰਿਸੋਰਸ (ਓਬੀਆਰ) ਦਾ ਉਦਘਾਟਨ ਕੀਤਾ

Posted On: 14 FEB 2022 3:03PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿੱਥੇ ਕੇਂਦਰ ਅਤੇ ਰਾਜ ਸਰਕਾਰਾਂ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕ ਰਹੀਆਂ ਹਨ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਕੋਈ ਡਿਜੀਟਲ ਵੰਡ ਨਾ ਹੋਵੇ। ਇਸ ਨੂੰ ਯਕੀਨੀ ਬਣਾਉਣ ਲਈ, ਉਨ੍ਹਾਂ ਖ਼ਾਸ ਤੌਰ 'ਤੇ ਗ੍ਰਾਮੀਣ ਖੇਤਰਾਂ ਅਤੇ ਦੂਰ-ਦੁਰਾਡੇ ਦੇ ਸਥਾਨਾਂ ਵਿੱਚ ਇੰਟਰਨੈਟ ਤੱਕ ਪਹੁੰਚ ਵਧਾਉਣ ਅਤੇ 'ਵਿਦਿਅਕ ਅਨੁਭਵ ਦੇ ਕੇਂਦਰ ਵਿੱਚ ਸਮਾਵੇਸ਼ ਨੂੰ ਰੱਖਣ' ਲਈ ਕਿਹਾ। ਉਨ੍ਹਾਂ ਕਿਹਾ 'ਮੰਤਰ ਹੋਣਾ ਚਾਹੀਦਾ ਹੈ - ਗਲੇ ਲਗਾਓ, ਜੁੜੋ, ਗਿਆਨ ਦਿਓ ਅਤੇ ਸਸ਼ਕਤ ਕਰੋ’।



 

ਅੱਜ ਚੇਨਈ ਵਿੱਚ ਨੈਸ਼ਨਲ ਇੰਸਟੀਚਿਊਟ ਆਵ੍ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ (ਐੱਨਆਈਟੀਟੀਟੀਆਰ) ਵਿੱਚ ਸਪੋਰਟਸ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਸਭਾ ਨੂੰ ਸੰਬੋਧਨ ਕਰਦਿਆਂ, ਸ਼੍ਰੀ ਨਾਇਡੂ ਨੇ ਸਿੱਖਿਆ 'ਤੇ ਮਹਾਮਾਰੀ ਦੇ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕੀਤੀ, ਅਤੇ ਕਿਹਾ ਕਿ ਸਕੂਲ ਬੰਦ ਹੋਣ ਨਾਲ ਲੜਕੀਆਂ, ਗ਼ਰੀਬ ਪਿਛੋਕੜ ਵਾਲੇ ਬੱਚੇ, ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ, ਦਿਵੱਯਾਂਗ ਬੱਚੇ ਅਤੇ ਨਸਲੀ ਘੱਟ ਗਿਣਤੀ ਦੇ ਬੱਚੇ ਆਪਣੇ ਸਾਥੀਆਂ ਨਾਲੋਂ ਵੱਧ ਪ੍ਰਭਾਵਿਤ ਹੋਏ ਹਨ।

 ਇਸ ਮੌਕੇ ਉਪ ਰਾਸ਼ਟਰਪਤੀ ਨੇ ਅੱਜ ਐੱਨਆਈਟੀਟੀਟੀਆਰ ਓਪਨ ਐਜੂਕੇਸ਼ਨਲ ਰਿਸੋਰਸ (ਓਈਆਰ) ਦਾ ਉਦਘਾਟਨ ਵੀ ਕੀਤਾ। ਡਿਸਟੈਂਸ ਐਜੂਕੇਸ਼ਨ ਜ਼ਰੀਏ ਸਮਾਵੇਸ਼ ਨੂੰ ਬਿਹਤਰ ਬਣਾਉਣ ਲਈ ਇਸ ਨੂੰ ਇੱਕ ਮਹੱਤਵਪੂਰਨ ਕਦਮ ਦੱਸਦੇ ਹੋਏ, ਉਨਾਂ ਕਿਹਾ ਕਿ ਇਹ ਅਧਿਆਪਕਾਂ ਨੂੰ ਉਨ੍ਹਾਂ ਦੇ ਗਿਆਨ ਅਧਾਰ ਅਤੇ ਅਧਿਆਪਨ ਵਿਧੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।

ਸਰਕਾਰਾਂ ਨੂੰ ਸੁਧਾਰਾਤਮਕ ਕਾਰਵਾਈ ਕਰਨ ਦਾ ਸੱਦਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਇੱਕ ਮਹੱਤਵਪੂਰਣ ਉਪਾਅ ਈ-ਲਰਨਿੰਗ ਵਿੱਚ ਅਧਿਆਪਕਾਂ ਦੇ ਕੌਸ਼ਲ ਨੂੰ ਅਪਗ੍ਰੇਡ ਕਰਨਾ ਹੈ।  

ਭਾਰਤ ਵਿੱਚ ਮਿਆਰੀ ਅਧਿਆਪਕ ਟ੍ਰੇਨਿੰਗ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ “ਅਧਿਆਪਕ ਕਿਸੇ ਰਾਸ਼ਟਰ ਦੀ ਬੌਧਿਕ ਜੀਵਨ ਰੇਖਾ ਬਣਾਉਂਦੇ ਹਨ ਅਤੇ ਇਸਦੇ ਵਿਕਾਸ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।”

 ਸ਼੍ਰੀ ਨਾਇਡੂ ਨੇ ਅਜਿਹੇ ਅਧਿਆਪਕ ਪੈਦਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ 'ਸਿੱਖਣ ਵਾਲੇ ਅਤੇ ਗਿਆਨ ਦੇ ਸਿਰਜਣਹਾਰ ਹਨ- ਅਜਿਹੇ ਅਧਿਆਪਕ ਜੋ ਜੀਵਨ ਨੂੰ ਛੂਹ ਲੈਂਦੇ ਹਨ ਅਤੇ ਮਾਨਵ ਹਾਲਾਤ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ'। ਉਨ੍ਹਾਂ ਅੱਗੇ ਕਿਹਾ “ਸਾਨੂੰ ਆਪਣੇ ਕਲਾਸਰੂਮਾਂ ਵਿੱਚ, ਖ਼ਾਸ ਕਰਕੇ ਗ੍ਰਾਮੀਣ ਭਾਰਤ ਵਿੱਚ ਪ੍ਰੇਰਣਾਦਾਇਕ, ਪਰਿਵਰਤਨਸ਼ੀਲ ਲੀਡਰਾਂ ਦੀ ਲੋੜ ਹੈ।”

ਭਾਰਤ ਦੇ ਜਨਸੰਖਿਆ ਲਾਭ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਭਾਰਤ ਦੀ ਵੱਡੀ ਨੌਜਵਾਨ ਆਬਾਦੀ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਅਧਿਆਪਕਾਂ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਸਿੱਖਿਆ ਦਾ ਮਤਲਬ ਸਿਰਫ਼ ਡਿਗਰੀਆਂ ਨਹੀਂ ਹਨ,” ਅਤੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਗਿਆਨ, ਸਸ਼ਕਤੀਕਰਨ ਅਤੇ ਸਿਆਣਪ ਹੈ। ਉਪ ਰਾਸ਼ਟਰਪਤੀ ਨੇ ਸੰਸਥਾਨਾਂ ਨੂੰ ਵਿਦਿਆਰਥੀਆਂ ਵਿੱਚ ਸੰਜਮੀ ਅਤੇ ਸਕਾਰਾਤਮਕ ਰਵੱਈਆ ਵਿਕਸਿਤ ਕਰਨ 'ਤੇ ਧਿਆਨ ਦੇਣ ਦਾ ਸੱਦਾ ਵੀ ਦਿੱਤਾ। 

ਉਪ ਰਾਸ਼ਟਰਪਤੀ ਨੇ 'ਕੋਵਿਡ ਯੋਧੇ' ਵਜੋਂ ਅਧਿਆਪਕਾਂ ਦੀ ਭੂਮਿਕਾ ਅਤੇ ਮਹਾਮਾਰੀ ਦੌਰਾਨ ਆਪਣੇ ਵਿਦਿਆਰਥੀਆਂ ਦੀ ਅਕਾਦਮਿਕ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਨ ਭਾਈਚਾਰੇ ਨੇ ਟੈਕਨੋਲੋਜੀ ਦੀ ਖੋਜ ਕੀਤੀ ਅਤੇ 'ਵਿਦਿਆਰਥੀਆਂ ਦੇ ਸਿੱਖਣ ਵਿੱਚ ਸਹਾਇਤਾ ਕਰਨ ਲਈ ਆਪਣੀਆਂ ਰਣਨੀਤੀਆਂ ਅਤੇ ਵਿਧੀਆਂ ਨੂੰ ਮੁੜ ਤੋਂ ਤਿਆਰ ਕਰਨ ਵਿੱਚ ਕਮਾਲ ਦਾ ਲਚੀਲਾਪਣ ਪ੍ਰਦਰਸ਼ਿਤ ਕੀਤਾ।'

ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਇੱਕ ਦੂਰਅੰਦੇਸ਼ੀ ਦਸਤਾਵੇਜ਼ ਵਜੋਂ ਦਰਸਾਉਂਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਦੇਸ਼ ਵਿੱਚ ਐਜੂਕੇਸ਼ਨ ਈਕੋਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ ਅਤੇ ਨੌਜਵਾਨ ਫੈਕਲਟੀ ਮੈਂਬਰਾਂ ਨੂੰ ਊਰਜਾਵਾਨ ਅਤੇ ਪ੍ਰੇਰਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਬੌਧਿਕ ਤੌਰ 'ਤੇ ਜੀਵੰਤ, ਸਹਿਯੋਗੀ ਮਾਹੌਲ ਵਿੱਚ ਮਹੱਤਵਪੂਰਨ ਰਾਸ਼ਟਰੀ ਅਤੇ ਗਲੋਬਲ ਚੁਣੌਤੀਆਂ ਅਤੇ ਮੌਕਿਆਂ ਨਾਲ ਨਜਿੱਠਣ ਲਈ ਇਨੋਵੇਟਿਵ ਰਣਨੀਤੀਆਂ ਅਪਣਾਉਣ ਦੀ ਤਾਕੀਦ ਕੀਤੀ।

ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਗੈਰ-ਬਸਤੀਵਾਦੀ (de-colonisation) ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਭਾਰਤ ਦੀਆਂ ਪੁਰਾਤਨ ਗਿਆਨ ਪ੍ਰਣਾਲੀਆਂ ਅਤੇ ਮਹਾਨ ਰਿਸ਼ੀਆਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਇੱਕ ਵਿਸ਼ਵ ਗੁਰੂ - ਇੱਕ ਗਿਆਨ ਦਾਤਾ ਬਣਾਇਆ ਸੀ। ਉਸ ਅਹੁਦੇ ਨੂੰ ਦੁਬਾਰਾ ਹਾਸਲ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਸਮਾਜ ਨੂੰ ਜਾਤ, ਧਰਮ, ਖੇਤਰ ਅਤੇ ਭਾਸ਼ਾ ਦੇ ਆਧਾਰ ’ਤੇ ਵੰਡੀਆਂ ਤੋਂ ਮੁਕਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸੰਭਾਲਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਭਾਰਤੀ ਭਾਸ਼ਾਵਾਂ ਵਿੱਚ ਟੈਕਨੀਕਲ ਕੋਰਸ ਸ਼ੁਰੂ ਕਰਨ ਲਈ ਏਆਈਸੀਟੀਈ ਦੀ ਸ਼ਲਾਘਾ ਕੀਤੀ।  

ਇਹ ਗੱਲ ਦੁਹਰਾਉਂਦਿਆਂ ਕਿ ਕਿਸੇ ਵੀ ਭਾਸ਼ਾ ਨੂੰ ਥੋਪਿਆ ਜਾਂ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਭਾਸ਼ਾਵਾਂ ਸਿੱਖੀਆਂ ਜਾਣ ਪਰ ਮਾਂ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ।

 ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ 'ਅਨੁਭਵਪੂਰਣ ਸਿੱਖਿਆ' ਪ੍ਰਦਾਨ ਕਰਨ ਦੀ ਸਲਾਹ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀ ਲਰਨਿੰਗ ਦੀ ਵਿਧੀ ਰਚਨਾਤਮਕਤਾ ਅਤੇ ਇਨੋਵੇਟਿਵ ਨਤੀਜਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੀ ਹੈ। ਉਨ੍ਹਾਂ ਸਿੱਖਿਆ ਨੂੰ ਸੰਚਾਰ ਦੇ ਇੱਕ ਤਰਫ਼ਾ ਮੋਡ ਤੋਂ ਦੋ-ਤਰਫ਼ਾ ਮੋਡ ਵਿੱਚ ਲਿਜਾਣ ਲਈ ਕਿਹਾ ਜਿੱਥੇ ਗਤੀਵਿਧੀਆਂ ਨੂੰ ਸਮੱਗਰੀ ਤੋਂ ਪ੍ਰਸੰਗ ਤੱਕ ਜੋੜਨ ਦੀ ਲੋੜ ਹੈ। 

ਐੱਨਆਈਟੀਟੀਟੀਆਰ ਨੂੰ ਚੰਗੀ ਤਰ੍ਹਾਂ ਸਟ੍ਰਕਚਰਡ ਅਤੇ ਵਿਗਿਆਨਕ ਤੌਰ 'ਤੇ ਤਿਆਰ ਕੀਤੇ ਗਏ ਟ੍ਰੇਨਿੰਗ ਪ੍ਰੋਗਰਾਮਾਂ ਜ਼ਰੀਏ ਉੱਤਮ ਅਧਿਆਪਕ ਪੈਦਾ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਸੱਦਾ ਦਿੰਦੇ ਹੋਏ, ਉਨ੍ਹਾਂ ਪਿਛਲੇ ਦੋ ਵਰ੍ਹਿਆਂ ਵਿੱਚ 60,000 ਤੋਂ ਵੱਧ ਟ੍ਰੇਨੀਜ਼ ਨੂੰ ਟ੍ਰੇਨਿੰਗ ਦੇਣ ਦੇ ਇਸ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਵਿਦੇਸ਼ ਮੰਤਰਾਲੇ ਦੇ ਭਾਰਤੀ ਟੈਕਨੀਕਲ ਅਤੇ ਆਰਥਿਕ ਸਹਿਯੋਗ ਦੇ ਤਹਿਤ ਟ੍ਰੇਨਿੰਗ ਦੇਣ ਲਈ ਸੰਸਥਾ ਦੀ ਸ਼ਲਾਘਾ ਕੀਤੀ।

ਐੱਨਆਈਟੀਟੀਟੀਆਰ ਵਿਖੇ ਸਪੋਰਟਸ ਸੈਂਟਰ ਦੇ ਉਦਘਾਟਨ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਸ਼੍ਰੀ ਨਾਇਡੂ, ਜੋ ਕਿ ਖੁਦ ਇੱਕ ਖੇਡ ਪ੍ਰੇਮੀ ਹਨ, ਨੇ ਅਧਿਆਪਕਾਂ ਨੂੰ ਫਿੱਟ ਰਹਿਣ ਅਤੇ ਆਪਣੇ ਵਿਦਿਆਰਥੀਆਂ ਨੂੰ ਖੇਡਾਂ ਜਾਂ ਯੋਗ ਦੀ ਨਿਯਮਿਤ ਪ੍ਰੈਕਟਿਸ ਕਰਨ ਲਈ ਉਤਸ਼ਾਹਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਬਿਮਾਰੀਆਂ ਦੇ ਵਿਰੁੱਧ ਚੰਗੀ ਪ੍ਰਤੀਰੋਧਕ ਸ਼ਕਤੀ ਲਈ ਸਰੀਰਕ ਤੰਦਰੁਸਤੀ ਅਤੇ ਸੁਅਸਥ ਭੋਜਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।

ਬਾਅਦ ਵਿੱਚ, ਐੱਨਆਈਟੀਟੀਟੀਆਰ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਾਡੇ ਅਧਿਆਪਨ ਦੇ ਤਰੀਕਿਆਂ ਨੂੰ ਬਦਲਣ ਦੀ ਲੋੜ 'ਤੇ ਜ਼ੋਰ ਦਿੱਤਾ, ਖ਼ਾਸ ਕਰਕੇ ਟੈਕਨੀਕਲ ਸੰਸਥਾਵਾਂ ਵਿੱਚ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਗ੍ਰਾਮੀਣ-ਸ਼ਹਿਰੀ ਪਾੜੇ ਨੂੰ ਦੂਰ ਕਰਨ ਅਤੇ ਸ਼ਹਿਰਾਂ ਵੱਲ ਪਰਵਾਸ ਨੂੰ ਰੋਕਣ ਲਈ ਗ੍ਰਾਮੀਣ ਖੇਤਰਾਂ ਵਿੱਚ ਵਧੀਆ ਹਸਪਤਾਲ, ਸਕੂਲ, ਸੜਕਾਂ ਅਤੇ ਕਨੈਕਟੀਵਿਟੀ ਵਰਗੀਆਂ ਬਿਹਤਰ ਸੁਵਿਧਾਵਾਂ ਪੈਦਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਸਮਾਰਟ ਸਿਟੀਜ਼ ਪ੍ਰੋਗਰਾਮ 'ਤੇ ਧਿਆਨ ਕੇਂਦਰਿਤ ਕਰਨ ਅਤੇ ਹੋਰ ਸ਼ਹਿਰੀ ਕੇਂਦਰਾਂ ਨੂੰ ਉਨ੍ਹਾਂ ਦੀਆਂ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਨ ਲਈ ਮਾਡਲ ਸ਼ਹਿਰ ਬਣਾਉਣ ਦੀ ਵੀ ਅਪੀਲ ਕੀਤੀ।

ਇਸ ਮੌਕੇ ਤਾਮਿਲਨਾਡੂ ਦੇ ਸਿਹਤ ਮੰਤਰੀ ਤਿਰੂ ਮਾ ਸੁਬਰਾਮਨੀਅਨ, ਐੱਨਆਈਟੀਟੀਟੀਆਰ ਚੇਨਈ ਦੇ ਬੋਰਡ ਆਵ੍ਗਵਰਨਰਜ਼ ਦੇ ਚੇਅਰਮੈਨ ਡਾ. ਵੀਐੱਸਐੱਸ ਕੁਮਾਰ, ਐੱਨਆਈਟੀਟੀਟੀਆਰ, ਚੇਨਈ ਦੇ ਡਾਇਰੈਕਟਰ ਡਾ. ਊਸ਼ਾ ਨਤੇਸਨ, ਐੱਨਆਈਟੀਟੀਟੀਆਰ ਦੇ ਪ੍ਰੋਫੈਸਰ ਡਾ. ਜੀ ਕੁਲੰਥਾਈਵੇਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 ***********

ਐੱਮਐੱਸ/ਆਰਕੇ/ਡੀਪੀ



(Release ID: 1798538) Visitor Counter : 141


Read this release in: English , Urdu , Hindi , Malayalam