ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਅੱਜ ਮਾਨੇਸਰ ਵਿੱਚ 500 ਬਿਸਤਰਿਆਂ ਵਾਲੇ ਹਸਪਤਾਲ ਦੀ ਨੀਂਹ ਰੱਖੀ
ਗੁਰੂਗ੍ਰਾਮ ਅਤੇ ਨਜ਼ਦੀਕੀ ਜ਼ਿਲ੍ਹਿਆਂ ਮਹੇਂਦਰਗੜ੍ਹ, ਨੂਹ ਅਤੇ ਰੇਵਾੜੀ ਦੇ ਤਕਰੀਬਨ ਛੇ ਲੱਖ ਵਰਕਰਾਂ ਨੂੰ ਹਸਪਤਾਲ ਜ਼ਰੀਏ ਇਲਾਜ ਦੀ ਸੁਵਿਧਾ ਪ੍ਰਾਪਤ ਹੋਵੇਗੀ
ਦੇਸ਼ ਭਰ ਵਿੱਚ ਈਐੱਸਆਈਸੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿੱਚ ਯੋਗ ਕੈਂਪ ਆਯੋਜਿਤ ਕੀਤੇ ਜਾਣਗੇ: ਸ਼੍ਰੀ ਭੂਪੇਂਦਰ ਯਾਦਵ
ਈਐੱਸਆਈਸੀ ਦੇ ਡਾਕਟਰਾਂ ਲਈ ਸਮਾਨ ਤਨਖ਼ਾਹ ਸਕੇਲ ਨੀਤੀ ਅਪਣਾਈ ਜਾਵੇਗੀ
Posted On:
13 FEB 2022 6:20PM by PIB Chandigarh
ਕੇਂਦਰੀ ਕਿਰਤ ਤੇ ਰੋਜ਼ਗਾਰ, ਵਣ, ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਹਰਿਆਣਾ ਦੇ ਮਾਨੇਸਰ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ 500 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ ਵੀ ਹੋਰ ਪਤਵੰਤਿਆਂ ਸਮੇਤ ਮੌਜੂਦ ਸਨ।
ਇਸ ਮੌਕੇ 'ਤੇ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਗ਼ਰੀਬ ਲੋਕਾਂ ਦੀ ਪਹਿਲ ਦੇ ਆਧਾਰ 'ਤੇ ਸੇਵਾ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਈਐੱਸਆਈਸੀ ਦੇ ਤਹਿਤ ਨਵੀਂ ਡਿਸਪੈਂਸਰੀ ਜਾਂ ਹਸਪਤਾਲ ਸਥਾਪਿਤ ਕਰਨ ਲਈ ਦੂਰੀ ਅਤੇ ਬੀਮਾਯੁਕਤ ਵਿਅਕਤੀਆਂ ਦੀ ਸੰਖਿਆ ਦੇ ਆਦੇਸ਼ 'ਤੇ ਦੁਬਾਰਾ ਵਿਚਾਰ ਕਰੇਗਾ। ਇਸ ਤੋਂ ਇਲਾਵਾ, ਉਨ੍ਹਾਂ ਕੇਂਦਰੀ ਅਤੇ ਰਾਜ ਸਮਰਥਿਤ ਈਐੱਸਆਈਸੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਡਾਕਟਰਾਂ ਲਈ ਸਮਾਨ ਤਨਖ਼ਾਹ ਸਕੇਲ ਨੀਤੀ ਨੂੰ ਅਪਣਾਉਣ ਦਾ ਐਲਾਨ ਕੀਤਾ। ਈਐੱਸਆਈਸੀ ਹਸਪਤਾਲਾਂ ਵਿੱਚ ਨਰਸਿੰਗ ਸਟਾਫ਼ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਤਰੀ ਨੇ ਮਾਨੇਸਰ ਵਿੱਚ ਇੱਕ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਇਸ ਨਰਸਿੰਗ ਕਾਲਜ ਲਈ 5 ਏਕੜ ਜ਼ਮੀਨ ਦੇਣ ਦੀ ਪ੍ਰਤੀਬੱਧਤਾ ਦੇ ਨਾਲ ਇਸ ਐਲਾਨ ਦਾ ਸੁਆਗਤ ਕੀਤਾ ਗਿਆ।
ਸ਼੍ਰੀ ਭੂਪੇਂਦਰ ਯਾਦਵ ਨੇ ਦੱਸਿਆ ਕਿ ਅਲਵਰ ਵਿੱਚ ਈਐੱਸਆਈਸੀ ਦੇ ਤਹਿਤ ਇੱਕ ਹੋਰ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਈਐੱਸਆਈਸੀ ਹਸਪਤਾਲ ਨੌਕਰੀ ਜਾਂ ਪ੍ਰੋਫੈਸ਼ਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਲੈਸ ਹੋਣਗੇ। ਮੰਤਰੀ ਨੇ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਬੀਮਾਯੁਕਤ ਵਿਅਕਤੀਆਂ ਦੀ ਮੈਡੀਕਲ ਜਾਂਚ ਈਐੱਸਆਈਸੀ ਹਸਪਤਾਲਾਂ ਵਿੱਚ ਪੜਾਅਵਾਰ ਢੰਗ ਨਾਲ ਕੀਤੀ ਜਾਵੇਗੀ। ਸ਼੍ਰੀ ਯਾਦਵ ਨੇ ਦੱਸਿਆ ਕਿ ਈਐੱਸਆਈਸੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿੱਚ ਵਿਸ਼ਵ ਯੋਗ ਦਿਵਸ ਦੇ ਮੌਕੇ 'ਤੇ ਜੂਨ ਮਹੀਨੇ ਵਿੱਚ ਦੇਸ਼ ਭਰ ਵਿੱਚ ਯੋਗ ਕੈਂਪਾਂ ਦਾ ਆਯੋਜਨ ਕੀਤਾ ਜਾਏਗਾ। ਸ਼੍ਰੀ ਯਾਦਵ ਨੇ ਕਿਹਾ ਕਿ ਕਾਮਗਾਰਾਂ ਲਈ ਬੀਮਾ ਯਕੀਨੀ ਬਣਾਉਣ ਲਈ 4 ਮਹੀਨਿਆਂ ਦੇ ਅੰਦਰ 25 ਕਰੋੜ ਈ-ਸ਼੍ਰਮ ਕਾਰਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਅਤੇ ਘਰੇਲੂ ਕਾਮਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਦਾ ਸਰਵੇਖਣ ਸ਼ੁਰੂ ਕੀਤਾ ਗਿਆ ਹੈ।
ਇਹ ਹਸਪਤਾਲ 500 ਕਰੋੜ ਰੁਪਏ ਦੀ ਲਾਗਤ ਨਾਲ 8 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ। ਗੁਰੂਗ੍ਰਾਮ ਅਤੇ ਨਜ਼ਦੀਕੀ ਜ਼ਿਲ੍ਹਿਆਂ ਮਹੇਂਦਰਗੜ੍ਹ, ਨੂਹ ਅਤੇ ਰੇਵਾੜੀ ਦੇ ਤਕਰੀਬਨ 6 ਲੱਖ ਕਾਮਿਆਂ ਨੂੰ ਇਸ ਹਸਪਤਾਲ ਜ਼ਰੀਏ ਇਲਾਜ ਦੀ ਸੁਵਿਧਾ ਮਿਲੇਗੀ। ਇਸ ਹਸਪਤਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵਰਕਰਾਂ ਅਤੇ ਹੋਰ ਨਾਗਰਿਕਾਂ ਦਾ ਇਲਾਜ ਵੀ ਹੋਵੇਗਾ। ਇਸ ਈਐੱਸਆਈਸੀ ਹਸਪਤਾਲ ਵਿੱਚ ਐਮਰਜੈਂਸੀ, ਓਪੀਡੀ, ਆਈਸੀਯੂ, ਗਾਇਨੀਕੋਲੋਜੀ ਅਤੇ ਬਾਲ ਰੋਗ, ਆਰਥੋਪੈਡਿਕ ਅਤੇ ਕੈਂਸਰ ਦੇ ਇਲਾਜ ਦੀਆਂ ਸੁਵਿਧਾਵਾਂ ਉਪਲਭਧ ਹੋਣਗੀਆਂ। ਹਸਪਤਾਲ ਵਿੱਚ ਬਲੱਡ ਬੈਂਕ ਵੀ ਸਥਾਪਿਤ ਕੀਤਾ ਜਾਵੇਗਾ।
ਸ਼੍ਰੀ ਯਾਦਵ ਨੇ ਮਾਨੇਸਰ ਦੇ ਇਸ ਈਐੱਸਆਈਸੀ ਹਸਪਤਾਲ ਦੇ ਡਿਜ਼ਾਈਨ ਨੂੰ ਤਿਆਰ ਕਰਨ ਲਈ ਆਰਕੀਟੈਕਚਰ ਦੇ ਵਿਦਿਆਰਥੀਆਂ ਲਈ ਇੱਕ ਖੁੱਲ੍ਹੇ ਮੁਕਾਬਲੇ ਦਾ ਐਲਾਨ ਕੀਤਾ ਅਤੇ ਪਹਿਲੇ ਇਨਾਮ ਲਈ 2 ਲੱਖ ਰੁਪਏ, ਦੂਸਰੇ ਇਨਾਮ ਲਈ 1.5 ਲੱਖ ਰੁਪਏ ਅਤੇ ਤੀਸਰੇ ਇਨਾਮ ਲਈ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਪ੍ਰੋਗਰਾਮ ਦੌਰਾਨ ਕੋਰੋਨਾ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸਵੀਕ੍ਰਿਤੀ ਪੱਤਰ (ਸੈਂਕਸ਼ਨ ਲੈਟਰ), ਈ-ਸ਼੍ਰਮ ਕਾਰਡ, ਈਡੀਐੱਲਆਈ ਸਕੀਮ ਦੇ ਤਹਿਤ ਭੁਗਤਾਨ ਵੀ ਵੰਡਿਆ ਗਿਆ।
***********
ਐੱਚਆਰਕੇ/ਐੱਚਆਰ
(Release ID: 1798156)
Visitor Counter : 136