ਗ੍ਰਹਿ ਮੰਤਰਾਲਾ
ਭਾਰਤ ਅਤੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਹੋਮਲੈਂਡ ਸਕਿਉਰਿਟੀ ਡਾਇਲੌਗ ਦਾ ਆਯੋਜਨ
Posted On:
12 JAN 2022 7:14PM by PIB Chandigarh
ਭਾਰਤ ਅਤੇ ਅਮਰੀਕਾ ਹੋਮਲੈਂਡ ਸਕਿਓਰਿਟੀ ਡਾਇਲੌਗ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਅੱਜ ਵਰਚੁਅਲ ਮੋਡ ਵਿੱਚ ਹੋਈ। ਬੈਠਕ ਦੀ ਸਹਿ-ਪ੍ਰਧਾਨਗੀ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ, ਸ਼੍ਰੀ ਅਜੈ ਭੱਲਾ ਅਤੇ ਸੰਯੁਕਤ ਰਾਜ ਅਮਰੀਕਾ (ਯੂਐੱਸਏ) ਸਰਕਾਰ ਦੇ ਰਣਨੀਤੀ, ਨੀਤੀ ਅਤੇ ਯੋਜਨਾਵਾਂ ਲਈ ਅੰਡਰ ਸੈਕਟਰੀ, ਹੋਮਲੈਂਡ ਸੁਰੱਖਿਆ ਵਿਭਾਗ, ਸ਼੍ਰੀ ਰਾਬਰਟ ਸਿਲਵਰਸ ਨੇ ਕੀਤੀ। ਬੈਠਕ ਵਿੱਚ ਦੋਵਾਂ ਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਬੈਠਕ ਦੌਰਾਨ, ਦੋਵਾਂ ਧਿਰਾਂ ਨੇ ਚਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਅਗਲੇ ਕਦਮਾਂ ਦੀ ਪਹਿਚਾਣ ਕੀਤੀ ਜੋ ਹੋਰਨਾਂ ਮੁੱਦਿਆਂ ਤੋਂ ਇਲਾਵਾ ਅਤਿਵਾਦ ਨਾਲ ਨਜਿੱਠਣ, ਸਾਈਬਰ ਸੁਰੱਖਿਆ, ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਗਲੋਬਲ ਸਪਲਾਈ ਚੇਨਾਂ ਨੂੰ ਸੁਰੱਖਿਅਤ ਕਰਨ, ਸਮੁੰਦਰੀ ਸੁਰੱਖਿਆ, ਹਵਾਬਾਜ਼ੀ ਸੁਰੱਖਿਆ, ਕਸਟਮ ਲਾਗੂਕਰਨ ਅਤੇ ਵਪਾਰ ਸੁਰੱਖਿਆ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਅਵਸਰਾਂ ਅਤੇ ਤਾਲਮੇਲ ਦਾ ਪਤਾ ਲਗਾਉਣ ਲਈ ਚੁੱਕੇ ਜਾ ਸਕਦੇ ਹਨ।
ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਕਿ ਕਾਨੂੰਨ ਲਾਗੂ ਕਰਨ ਦੀ ਸ਼ਮੂਲੀਅਤ, ਗਲੋਬਲ ਸਪਲਾਈ ਚੇਨਾਂ ਨੂੰ ਸੁਰੱਖਿਅਤ ਕਰਨ, ਹਵਾਬਾਜ਼ੀ ਸੁਰੱਖਿਆ, ਖੋਜੀ ਸਹਿਯੋਗ, ਅਤੇ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ 'ਤੇ ਹੋਮਲੈਂਡ ਸਕਿਉਰਿਟੀ ਡਾਇਲੌਗ ਦੇ ਤਹਿਤ ਮੌਜੂਦਾ ਉਪ-ਸਮੂਹ ਆਉਣ ਵਾਲੇ ਮਹੀਨਿਆਂ ਵਿੱਚ ਵੱਖਰੇ ਤੌਰ 'ਤੇ ਮਿਲਣਗੇ ਅਤੇ ਇਹ ਪਤਾ ਲਗਾਉਣ ਲਈ ਵਿਚਾਰ-ਵਟਾਂਦਰਾ ਕਰਨਗੇ ਕਿ ਚਲ ਰਹੇ ਸਹਿਯੋਗ ਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।
ਬੈਠਕ ਦੋਵਾਂ ਧਿਰਾਂ ਦੁਆਰਾ ਚਲ ਰਹੀ ਸਾਂਝੇਦਾਰੀ 'ਤੇ ਤਸੱਲੀ ਪ੍ਰਗਟ ਕਰਦਿਆਂ ਅਤੇ ਆਪਸੀ ਸਰੋਕਾਰ ਦੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਅਤੇ ਸਹਿਯੋਗ ਨੂੰ ਹੋਰ ਗਹਿਰਾ ਕਰਨ ਲਈ ਸਹਿਮਤੀ ਦੇ ਨਾਲ ਸਮਾਪਤ ਹੋਈ।
ਦੋਵੇਂ ਧਿਰਾਂ ਇਸ ਵਰ੍ਹੇ ਦੇ ਅੰਤ ਵਿੱਚ ਮੰਤਰੀ ਪੱਧਰ ਦੀ ਹੋਮਲੈਂਡ ਸਕਿਓਰਿਟੀ ਡਾਇਲੌਗ ਆਯੋਜਿਤ ਕਰਨ ਪ੍ਰਤੀ ਉਤਸੁਕ ਹਨ।
*********
ਐੱਨਡਬਲਿਊ/ਏਵਾਈ/ਆਰਆਰ
(Release ID: 1789533)
Visitor Counter : 150