ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੈਰਾਲੰਪਿਕਸ ਦੇ ਕਾਂਸੀ ਮੈਡਲ ਜੇਤੂ ਸ਼ਰਦ ਕੁਮਾਰ ਨੇ ਪੈਰਾਲੰਪਿਅਨਸ ਲਈ ਪ੍ਰਧਾਨ ਮੰਤਰੀ ਮੋਦੀ ਦੀ 'ਮੀਟ ਦ ਚੈਂਪੀਅਨਸ' ਪਹਿਲ ਦੀ ਸ਼ੁਰੂਆਤ ਕੀਤੀ, ਕਿਹਾ, "ਤੁਹਾਨੂੰ ਪੌਸ਼ਟਿਕ ਤੱਤ ਦੇਣ ਲਈ ਭੋਜਨ ਮਹਿੰਗਾ ਹੋਣਾ ਜ਼ਰੂਰੀ ਨਹੀਂ"
Posted On:
07 JAN 2022 5:27PM by PIB Chandigarh
ਪੈਰਾਲੰਪਿਕਸ ਦੇ ਕਾਂਸੀ ਮੈਡਲ ਜੇਤੂ ਸ਼ਰਦ ਕੁਮਾਰ ਨੇ ਸ਼ੁੱਕਰਵਾਰ ਨੂੰ ਟੋਕੀਓ ਪੈਰਾਲੰਪਿਅਨਸ ਲਈ ਪ੍ਰਧਾਨ ਮੰਤਰੀ ਮੋਦੀ ਦੀ ਸਕੂਲ ਯਾਤਰਾ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕੇਰਲ ਦੇ ਤ੍ਰਿਵੇਂਦਰਮ ਵਿੱਚ ਜੀਐੱਚਐੱਸਐੱਸ ਫਾਰ ਗਰਲਸ ਕਾਟਨ ਹਿਲ ਦਾ ਦੌਰਾ ਕੀਤਾ।
ਮੇਜ਼ਬਾਨ ਸਕੂਲ ਦੇ ਮੈਂਬਰਾਂ ਤੋਂ ਇਲਾਵਾ, ਕੇਰਲ ਦੇ ਵਿਭਿੰਨ ਜ਼ਿਲ੍ਹਿਆਂ ਦੇ 75 ਸਕੂਲਾਂ ਦੇ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲਿਸਟ ਨਾਲ ਆਪਣੇ ਅਨੁਭਵ ਸਾਂਝੇ ਕਰਨ ਦਾ ਮੌਕਾ ਮਿਲਿਆ।
ਵਿਭਿੰਨ ਖੇਡਾਂ ਨਾਲ ਆਪਣੇ ਨਿਜੀ ਅਨੁਭਵ ਬਾਰੇ ਗੱਲ ਕਰਦੇ ਹੋਏ ਸ਼ਰਦ ਨੇ ਕਿਹਾ, "ਮੈਨੂੰ ਯਕੀਨਨ ਨਹੀਂ ਪਤਾ ਸੀ ਕਿ ਹਾਈ ਜੰਪ ਮੇਰੇ ਲਈ ਇੰਨੀ ਚੰਗੀ ਹੋਣ ਵਾਲੀ ਹੈ, ਮੈਂ ਇਸ ਨੂੰ ਇਸ ਲਈ ਚੁਣਿਆ ਕਿਉਂਕਿ ਹਾਈ-ਜੰਪ ਨੇ ਮੈਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਮੈਂ ਕ੍ਰਿਕਟ, ਫੁੱਟਬਾਲ ਅਤੇ ਟੇਬਲ ਟੈਨਿਸ ਖੇਡ ਰਿਹਾ ਸੀ, ਮੈਂ ਆਪਣੇ ਆਪ ਨੂੰ ਇਸ ਖੇਡ ਲਈ ਖੁੱਲ੍ਹੇ ਤੌਰ ‘ਤੇ ਸਮਰਪਿਤ ਕੀਤਾ ਅਤੇ ਕਦੇ ਨਹੀਂ ਕਿਹਾ ਕਿ ਮੈਂ ਸਿਰਫ਼ ਫੁੱਟਬਾਲ ਜਾਂ ਕ੍ਰਿਕੇਟ ਵਿੱਚ ਚੰਗਾ ਹਾਂ ਅਤੇ ਇਸ ਕਰਕੇ ਇਹ ਖੇਡ ਨਹੀਂ ਖੇਡਾਂਗਾ। ਮੈਂ ਦੇਖਿਆ ਕਿ ਹਰ ਖੇਡ ਦਾ ਕਿਵੇਂ ਪ੍ਰਭਾਵ ਹੁੰਦਾ ਹੈ; ਸ਼ਤਰੰਜ ਨੇ ਮੈਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਇਆ, ਫੁੱਟਬਾਲ ਨੇ ਮੈਨੂੰ ਚੁਸਤੀ ਦਿੱਤੀ ਅਤੇ ਹਾਈ ਜੰਪ ਨੇ ਮੈਨੂੰ ਦੱਸਿਆ ਕਿ ਫਿਜ਼ਿਕਸ ਅਤੇ ਸਾਇੰਸ ਕੀ ਹੈ। ਮੈਂ ਖੇਡ ਨੂੰ ਉਸ ਤਰੀਕੇ ਨਾਲ ਕੀਤਾ ਜਿਸ ਤਰ੍ਹਾਂ ਮੈਨੂੰ ਇਹ ਪਸੰਦ ਸੀ ਅਤੇ ਕਿਸੇ ਮਜਬੂਰੀ ਨੂੰ ਪੇਸ਼ ਨਹੀਂ ਆਉਣ ਦਿੱਤਾ।"
ਉਨ੍ਹਾਂ ਅੱਗੇ ਕਿਹਾ ਕਿ ਖੇਡ ਪ੍ਰਤੀ ਪਿਆਰ ਅਤੇ ਜਨੂੰਨ ਦੇ ਨਾਲ-ਨਾਲ ਅਨੁਸ਼ਾਸਿਤ ਜੀਵਨ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ।
ਉਨ੍ਹਾਂ ਕਿਹਾ "ਇੱਕ ਚੰਗੇ ਅਤੇ ਸਫ਼ਲ ਜੀਵਨ ਦਾ ਇੱਕੋ-ਇੱਕ ਸ਼ੌਰਟਕੱਟ ਹੈ ਸਮੇਂ 'ਤੇ ਖਾਣਾ, ਸੌਣਾ, ਅਨੁਸ਼ਾਸਨ ਦਾ ਪਾਲਣ ਕਰਨਾ ਅਤੇ ਚੀਜ਼ਾਂ ਨੂੰ ਅੱਧ ਵਿਚਕਾਰ ਨਾ ਛੱਡਣਾ।”
ਸ਼ਰਦ ਨੇ ਵਿਦਿਆਰਥੀਆਂ ਨਾਲ 'ਸੰਤੁਲਿਤ ਆਹਾਰ', ਤੰਦਰੁਸਤੀ ਦੀ ਮਹੱਤਤਾ 'ਤੇ ਵੀ ਗੱਲਬਾਤ ਕੀਤੀ ਅਤੇ ਕਿਹਾ, "ਤੁਹਾਨੂੰ ਪੌਸ਼ਟਿਕ ਤੱਤ ਦੇਣ ਲਈ ਭੋਜਨ ਮਹਿੰਗਾ ਹੋਣ ਦੀ ਜ਼ਰੂਰਤ ਨਹੀਂ ਹੈ, ਇੱਥੋਂ ਤੱਕ ਕਿ ਘੱਟ ਖਰਚੀਲਾ ਭੋਜਨ ਵੀ ਤੁਹਾਨੂੰ ਲੋੜੀਂਦੇ ਪੌਸ਼ਟਿਕ ਤੱਤ ਦੇ ਸਕਦਾ ਹੈ। ਇਸ ਲਈ ਭੋਜਨ ਦੀ ਹਰ ਵਸਤੂ, ਵੱਡੀ ਹੋਵੇ ਜਾਂ ਛੋਟੀ, ਮਹਿੰਗੀ ਹੋਵੇ ਜਾਂ ਸਸਤੀ, ਬਸ ਇਹ ਜਾਂਚ ਕਰੋ ਕਿ ਇਸ ਵਿੱਚ ਤੁਹਾਡੇ ਲਈ ਲੋੜੀਂਦੇ ਪੌਸ਼ਟਿਕ ਤੱਤ ਮੌਜੂਦ ਹਨ।"
ਸ਼ਰਦ, ਜੋ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਸਾਈ) ਦੇ ਕੋਚ ਹਨ, ਨੇ ਇਸ ਮੌਕੇ ਉਭਰ ਰਹੇ ਨੌਜਵਾਨ ਐਥਲੀਟਾਂ ਨੂੰ ਬਿਹਤਰ ਹਾਈ-ਜੰਪਰ ਬਣਨ ਲਈ ਸੁਝਾਅ ਦਿੱਤੇ ਅਤੇ ਟੇਬਲ ਟੈਨਿਸ ਦੀ ਖੇਡ ਵਿੱਚ ਆਪਣਾ ਹੁਨਰ ਵੀ ਦਿਖਾਇਆ।
ਇਹ ਵਿਲੱਖਣ ਪਹਿਲ ਸਰਕਾਰ ਦੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਿੱਸਾ ਹੈ ਜਿਸ ਦੀ ਸ਼ੁਰੂਆਤ ਦਸੰਬਰ 2021 ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੁਆਰਾ ਕੀਤੀ ਗਈ ਸੀ ਅਤੇ ਫਿਰ ਆਉਣ ਵਾਲੇ ਹਫ਼ਤਿਆਂ ਵਿੱਚ ਓਲੰਪਿਕ ਕਾਂਸੀ ਮੈਡਲ ਜੇਤੂ ਬਜਰੰਗ ਪੂਨੀਆ ਅਤੇ ਸੇਲਰ ਵਰੁਣ ਠੱਕਰ ਅਤੇ ਕੇ ਸੀ ਗਣਪਤੀ ਦੁਆਰਾ ਅੱਗੇ ਵਧਾਈ ਗਈ।
'ਮੀਟ ਦ ਚੈਂਪੀਅਨਸ' ਪਹਿਲ ਇੱਕ ਵਿਲੱਖਣ ਸਕੂਲ ਯਾਤਰਾ ਮੁਹਿੰਮ ਹੈ ਜੋ ਸਿੱਖਿਆ ਮੰਤਰਾਲੇ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਸਾਂਝੇ ਤੌਰ 'ਤੇ ਚਲਾਈ ਜਾ ਰਹੀ ਹੈ। ਆਪਣੇ ਦੌਰੇ ਦੌਰਾਨ, ਓਲੰਪੀਅਨਾਂ ਨੇ ਆਪਣੇ ਅਨੁਭਵ, ਜੀਵਨ ਦੇ ਸਬਕ, ਸਹੀ ਖਾਣ ਦੇ ਤਰੀਕੇ ਬਾਰੇ ਸੁਝਾਅ ਸਾਂਝੇ ਕੀਤੇ ਅਤੇ ਸਕੂਲੀ ਬੱਚਿਆਂ ਨੂੰ ਸਮੁੱਚੇ ਤੌਰ 'ਤੇ ਪ੍ਰੇਰਣਾਦਾਇਕ ਹੁਲਾਰਾ ਦਿੱਤਾ।
**********
ਐੱਨਬੀ/ਓਏ
(Release ID: 1788499)
Visitor Counter : 153