ਰਾਸ਼ਟਰਪਤੀ ਸਕੱਤਰੇਤ
ਸਿੱਖਿਆ ਵਿਦਿਆਰਥੀ ਦੇ ਜੀਵਨ ਅਤੇ ਸਮਾਜ ਦੀ ਗੁਣਵੱਤਾ ਨੂੰ ਉੱਚਾ ਚੁੱਕ ਸਕਦੀ ਹੈ: ਰਾਸ਼ਟਰਪਤੀ ਰਾਮ ਨਾਥ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਸੈਂਟਰਲ ਯੂਨੀਵਰਸਿਟੀ ਆਵ੍ ਕੇਰਲ ਦੀ 5ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ
Posted On:
21 DEC 2021 7:56PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਸ਼੍ਰੀ ਨਰਾਇਣ ਗੁਰੂ ਨੇ ਜਿਵੇਂ ਸਾਨੂੰ ਯਾਦ ਦਿਵਾਇਆ ਕਿ ਸਿੱਖਿਆ ਵਿਦਿਆਰਥੀ ਦੇ ਜੀਵਨ ਅਤੇ ਸਮਾਜ ਦੀ ਗੁਣਵੱਤਾ ਨੂੰ ਉੱਚਾ ਚੁੱਕ ਸਕਦੀ ਹੈ। ਉਹ ਅੱਜ (21 ਦਸੰਬਰ, 2021) ਕਾਸਰਗੋਡ ਵਿੱਚ ਸੈਂਟਰਲ ਯੂਨੀਵਰਸਿਟੀ ਆਵ੍ ਕੇਰਲ ਦੀ ਪੰਜਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਮਹਾਨ ਰਿਸ਼ੀ ਅਤੇ ਸਮਾਜ ਸੁਧਾਰਕ "ਵਿਦਿਆਕੋਂਦੂ ਪ੍ਰਬੁੱਧ ਰਵੁਕਾ" ਜਿਹੀਆਂ ਆਪਣੀਆਂ ਸਤਰਾਂ ਨਾਲ ਲੋਕਾਂ ਨੂੰ ਪ੍ਰੇਰਿਤ ਕਰਦੇ ਸਨ, ਜਿਸਦਾ ਅਰਥ ਹੈ, "ਸਿੱਖਿਆ ਦੁਆਰਾ ਗਿਆਨ ਪ੍ਰਾਪਤ ਕਰੋ"। ਉਨ੍ਹਾਂ ਕਿਹਾ ਕਿ ਮਹਾਨ ਪੁਰਸ਼ਾਂ ਅਤੇ ਮਹਿਲਾਵਾਂ, ਖਾਸ ਕਰਕੇ ਸਾਡੀ ਆਜ਼ਾਦੀ ਦੀ ਲਹਿਰ ਦੇ ਨੇਤਾਵਾਂ ਦੇ ਜੀਵਨ ਇਸ ਸਾਧਾਰਣ ਸੱਚ ਨੂੰ ਉਜਾਗਰ ਕਰਦੇ ਹਨ ਕਿ ਸਕੂਲ ਅਤੇ ਕਾਲਜ ਵਿਅਕਤੀਗਤ ਅਤੇ ਸਮਾਜਿਕ ਤਬਦੀਲੀ ਦੇ ਸਭ ਤੋਂ ਮਹੱਤਵਪੂਰਨ ਸਥਾਨ ਹਨ। ਇਹ ਉਹ ਵਰਕਸ਼ਾਪ ਹਨ, ਜਿੱਥੇ ਕਿਸੇ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦਿੱਤਾ ਜਾਂਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸੈਂਟਰਲ ਯੂਨੀਵਰਸਿਟੀ ਆਵ੍ ਕੇਰਲ ਦੇ ਸੁੰਦਰ ਕੈਂਪਸ ਜਿਹੀਆਂ ਵਿੱਦਿਅਕ ਥਾਵਾਂ 'ਤੇ ਉਹ ਜੋ ਜੀਵਿਤਤਾ ਅਤੇ ਊਰਜਾ ਅਨੁਭਵ ਕਰਦੇ ਹਨ, ਉਹ ਸਮਾਜਿਕ ਸਸ਼ਕਤੀਕਰਣ ਦੀਆਂ ਸੰਭਾਵਨਾਵਾਂ ਤੋਂ ਮਿਲਦੀ ਹੈ। ਇਹ ਉਹ ਥਾਂ ਹੈ ਜਿੱਥੇ ਵਿਚਾਰਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ, ਸਿਖਾਇਆ ਜਾਂਦਾ ਹੈ ਅਤੇ ਸਿੱਖਿਆ ਜਾਂਦਾ ਹੈ। ਇਸ ਪ੍ਰਕ੍ਰਿਆ ਵਿੱਚ, ਮਾਹੌਲ ਨਵੇਂ ਵਿਚਾਰਾਂ ਨੂੰ ਜਨਮ ਦੇਣ ਲਈ ਵਿਚਾਰਾਂ ਦੀ ਜੀਵਨ ਸ਼ਕਤੀ ਨਾਲ ਊਰਜਾਵਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਿਆਨ ਦਾ ਇਹ ਅਟੁੱਟ ਚੱਕਰ ਸਮਾਜ ਅਤੇ ਰਾਸ਼ਟਰ ਨੂੰ ਸਸ਼ਕਤ ਬਣਾਉਣ ਲਈ ਜ਼ਰੂਰੀ ਹੈ।
ਰਾਸ਼ਟਰੀ ਸਿੱਖਿਆ ਨੀਤੀ, 2020 ਬਾਰੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦੇ ਪ੍ਰਚਾਰ ਵਿੱਚ ਸਰਕਾਰ ਦਾ ਕੰਮ ਸਹੀ ਮਾਹੌਲ ਸਿਰਜਣ ਵਿੱਚ ਮਦਦ ਕਰਨਾ ਹੈ, ਜਿਸ ਵਿੱਚ ਨੌਜਵਾਨ ਦਿਮਾਗਾਂ ਨੂੰ ਰਚਨਾਤਮਕਤਾ ਨਾਲ ਨਿਖਾਰਿਆ ਜਾਵੇਗਾ। ਰਾਸ਼ਟਰੀ ਸਿੱਖਿਆ ਨੀਤੀ ਇੱਕ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਇੱਕ ਯੋਜਨਾਬੱਧ ਰੂਪ-ਰੇਖਾ ਹੈ, ਜੋ ਸਾਡੀ ਨੌਜਵਾਨ ਪੀੜ੍ਹੀ ਦੀ ਪ੍ਰਤਿਭਾ ਦਾ ਪਾਲਣ ਪੋਸ਼ਣ ਕਰੇਗੀ। ਇਸ ਦਾ ਉਦੇਸ਼ ਉਨ੍ਹਾਂ ਨੂੰ ਕੱਲ੍ਹ ਦੀ ਦੁਨੀਆਂ ਲਈ ਤਿਆਰ ਕਰਨਾ ਹੈ, ਜਦ ਕਿ ਉਨ੍ਹਾਂ ਨੂੰ ਸਾਡੀਆਂ ਆਪਣੀਆਂ ਪਰੰਪਰਾਵਾਂ ਨਾਲ ਜੋੜਨਾ ਵੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ, ਉਨ੍ਹਾਂ ਦੇ ਵਿਚਾਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੀ ਸਭ ਤੋਂ ਉੱਤਮ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਉਦੇਸ਼ ਸਮਾਵੇਸ਼ਣ ਅਤੇ ਉੱਤਮਤਾ ਦੋਵਾਂ ਨੂੰ ਉਤਸ਼ਾਹਿਤ ਕਰਨਾ ਹੈ। ਆਪਣੇ ਵਿਭਿੰਨ ਪਾਠਕ੍ਰਮ ਦੁਆਰਾ, ਰਾਸ਼ਟਰੀ ਸਿੱਖਿਆ ਨੀਤੀ ਉਦਾਰਵਾਦੀ ਅਤੇ ਪੇਸ਼ੇਵਰ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ, ਕਿਉਂਕਿ ਗਿਆਨ ਦੀ ਹਰੇਕ ਧਾਰਾ ਦੀ ਸਮਾਜ ਅਤੇ ਰਾਸ਼ਟਰ-ਨਿਰਮਾਣ ਵਿੱਚ ਭੂਮਿਕਾ ਹੁੰਦੀ ਹੈ। ਇਸ ਤਰ੍ਹਾਂ, ਰਾਸ਼ਟਰੀ ਸਿੱਖਿਆ ਨੀਤੀ ਭਾਰਤ ਲਈ ਜਨਸੰਖਿਆ ਲਾਭਅੰਸ਼ ਦੀ ਵਰਤੋਂ ਅਤੇ ਲਾਭ ਲੈਣ ਲਈ ਸਹਾਇਕ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਵਧਦੀ ਆਬਾਦੀ ਨਾਲ ਅਗਲੀ ਪੀੜ੍ਹੀ ਦੀ ਪ੍ਰਤਿਭਾ ਨੂੰ ਨਿਖਾਰਨ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਪੀੜ੍ਹੀ ਨੂੰ ਇੱਕੀਵੀਂ ਸਦੀ ਦੇ ਸੰਸਾਰ ਵਿੱਚ ਸਫ਼ਲਤਾ ਲਈ ਲੋੜੀਂਦੇ ਹੁਨਰ ਅਤੇ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਉਹ ਚਮਤਕਾਰ ਕਰ ਸਕਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ 21ਵੀਂ ਸਦੀ ਨੂੰ ਗਿਆਨ ਦੀ ਸਦੀ ਕਿਹਾ ਗਿਆ ਹੈ। ਗਿਆਨ ਸ਼ਕਤੀ ਵਿਸ਼ਵ ਭਾਈਚਾਰੇ ਵਿੱਚ ਕਿਸੇ ਰਾਸ਼ਟਰ ਦਾ ਸਥਾਨ ਨਿਰਧਾਰਿਤ ਕਰੇਗੀ। ਭਾਰਤ ਵਿੱਚ, ਕੇਰਲ ਨੇ ਸਾਖਰਤਾ ਅਤੇ ਸਿੱਖਿਆ ਦੇ ਨਾਜ਼ੁਕ ਮਾਪਦੰਡਾਂ 'ਤੇ ਦੂਜੇ ਰਾਜਾਂ ਦੀ ਅਗਵਾਈ ਕੀਤੀ ਹੈ। ਇਸ ਨੇ ਕੇਰਲ ਨੂੰ ਉੱਤਮਤਾ ਦੇ ਕਈ ਹੋਰ ਮਾਪਦੰਡਾਂ 'ਤੇ ਵੀ ਇੱਕ ਮੋਹਰੀ ਰਾਜ ਬਣਾਉਣ ਦੇ ਯੋਗ ਬਣਾਇਆ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ
*********
ਡੀਐੱਸ/ਐੱਸਕੇਐੱਸ
(Release ID: 1784052)
Visitor Counter : 233