ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਤੱਥਾਂ ਦੇ ਅਧਾਰ ‘ਤੇ ਭਾਰਤ ਦੇ ਇਤਿਹਾਸ ਦਾ ਮੁੜ ਮੁੱਲਾਂਕਣ ਕਰਨ ਦਾ ਸੱਦਾ ਦਿੱਤਾ
ਸ਼੍ਰੀ ਨਾਇਡੂ ਨੇ ਭਾਰਤ ਦੇ ਅਤੀਤ ਦੇ ਬਸਤੀਵਾਦੀ ਦ੍ਰਿਸ਼ਟੀਕੋਣ ਤੋਂ ਦੂਰ ਰਹਿਣ ਦਾ ਸੱਦਾ ਦਿੰਦੇ ਹੋਏ ਨੌਜਵਾਨਾਂ ਨੂੰ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਅਤੇ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਬਾਰੇ ਪੜ੍ਹਨ ਦੀ ਅਪੀਲ ਕੀਤੀ
ਦੇਸ਼ ਦੇ ਨੇਤਾਵਾਂ ਅਤੇ ਸੁਤੰਤਰਤਾ ਸੈਨਾਨੀਆਂ 'ਤੇ ਭਾਰਤੀ ਭਾਸ਼ਾਵਾਂ 'ਚ ਹੋਰ ਕਿਤਾਬਾਂ ਦੀ ਲੋੜ ਹੈ: ਉਪ ਰਾਸ਼ਟਰਪਤੀ
ਚੁਣੇ ਹੋਏ ਨੁਮਾਇੰਦੇ ਜਨਤਕ ਜੀਵਨ ਵਿੱਚ ਉੱਚਤਮ ਕਦਰਾਂ-ਕੀਮਤਾਂ ਦੀ ਪਾਲਣਾ ਕਰਨ, ਸੰਸਦ ਦਾ ਨਿਰਾਦਰ ਅਤੇ ਲੋਕਤੰਤਰ ਦੇ ਮਿਆਰ ਨੂੰ ਨਾ ਡੇਗਣ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸ਼੍ਰੀ ਯਾਰਲਾਗੱਡਾ ਲਕਸ਼ਮੀ ਪ੍ਰਸਾਦ ਦੀ ਕਿਤਾਬ 'ਗਾਂਧੀਟੋਪੀ ਗਵਰਨਰ' ਰਿਲੀਜ਼ ਕੀਤੀ
Posted On:
15 DEC 2021 6:17PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤੀ ਇਤਿਹਾਸ ਦੇ ਉਦੇਸ਼ਪੂਰਨ ਪੁਨਰ-ਮੁੱਲਾਂਕਣ ਬਿਹਤਰ ਤੱਥ-ਅਧਾਰਿਤ ਖੋਜਾਂ ਜ਼ਰੀਏ ਕਰਨ ਦੀ ਲੋੜ ਦੱਸੀ। ਭਾਰਤ ਦੇ ਅਤੀਤ ਦੇ ਬਸਤੀਵਾਦੀ ਪਰਿਪੇਖ ਵਿੱਚ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਭਾਰਤੀ ਸੁਤੰਤਰਤਾ ਸੈਨਾਨੀਆਂ ਅਤੇ ਨੇਤਾਵਾਂ ਬਾਰੇ ਵਧੇਰੇ ਕਿਤਾਬਾਂ ਦੇ ਨਾਲ ਭਾਰਤੀ ਇਤਿਹਾਸ ਦੇ ਲਈ ਇੱਕ ਨਵੇਂ ਦ੍ਰਿਸ਼ਟੀਕੋਣ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਕਰਨ ਅਤੇ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਤੋਂ ਸਬਕ ਲੈਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਸਤੀਵਾਦੀ ਸ਼ਾਸਨ ਦੌਰਾਨ ਭਾਰਤੀਆਂ ਦੇ ਮਨਾਂ ਵਿੱਚ ਪੈਦਾ ਹੋਈ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਮਾਨਸਿਕਤਾ ਉੱਭਰ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ।
ਆਂਧਰ ਪ੍ਰਦੇਸ਼ ਰਾਜਭਾਸ਼ਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਯਾਰਲਾਗੱਡਾ ਲਕਸ਼ਮੀ ਪ੍ਰਸਾਦ ਦੁਆਰਾ ਲਿਖੀ ਪੁਸਤਕ 'ਗਾਂਧੀਟੋਪੀ ਗਵਰਨਰ' ਇੱਥੇ ਉਪ ਰਾਸ਼ਟਰਪਤੀ ਨਿਵਾਸ ਸਥਾਨ 'ਤੇ ਰਿਲੀਜ਼ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸੁਤੰਤਰਤਾ ਸੈਨਾਨੀਆਂ ਬਾਰੇ ਹੋਰ ਪੁਸਤਕਾਂ ਪ੍ਰਕਾਸ਼ਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਦੇਸ਼ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਿਹਾ ਹੈ। ਉਨ੍ਹਾਂ ਰਾਜਾਂ ਨੂੰ ਇਸ ਸਬੰਧ ਵਿੱਚ ਅੱਗੇ ਆਉਣ ਅਤੇ ਆਪੋ-ਆਪਣੇ ਖੇਤਰਾਂ ਦੇ ਨੇਤਾਵਾਂ 'ਤੇ ਕਿਤਾਬਾਂ ਛਾਪਣ ਦਾ ਸੱਦਾ ਦਿੱਤਾ।
ਇਸ ਮੌਕੇ 'ਤੇ, ਉਪ ਰਾਸ਼ਟਰਪਤੀ ਨੇ ਬ੍ਰਿਟਿਸ਼ ਪ੍ਰਸ਼ਾਸਨ ਵਿੱਚ ਇੱਕ ਉੱਘੇ ਸੁਤੰਤਰਤਾ ਸੈਨਾਨੀ, ਵਿਧਾਇਕ ਅਤੇ ਕੇਂਦਰੀ ਪ੍ਰਾਂਤਾਂ ਦੇ ਗਵਰਨਰ ਸ਼੍ਰੀ ਏਡਪੁਗੰਤੀ ਰਾਘਵੇਂਦਰ ਰਾਓ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ। ਪੁਸਤਕ ਸ਼੍ਰੀ ਰਾਓ ਦੇ ਜੀਵਨ ਬਾਰੇ ਦੱਸਦੀ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਸ਼੍ਰੀ ਰਾਘਵੇਂਦਰ ਰਾਓ ਨੇ ਬ੍ਰਿਟਿਸ਼ ਸਰਕਾਰ ਵਿੱਚ ਕੰਮ ਕਰਦੇ ਹੋਏ ਵੀ ਸਵੈ-ਸ਼ਾਸਨ ਅਤੇ ਸਵਰਾਜ ਲਈ ਆਪਣਾ ਸੰਘਰਸ਼ ਜਾਰੀ ਰੱਖਿਆ। ਗਵਰਨਰ ਹੋਣ ਦੇ ਨਾਤੇ, ਉਨ੍ਹਾਂ ਖੁਦ ਵੀ ਖਾਦੀ ਦੀ ਵਰਤੋਂ ਕਰਦਿਆਂ ਉਸ ਦਾ ਪ੍ਰਚਾਰ-ਪ੍ਰਸਾਰ ਕੀਤਾ ਅਤੇ ਦੂਜਿਆਂ ਲਈ ਇੱਕ ਉਦਾਹਰਣ ਪੇਸ਼ ਕੀਤੀ।
ਸ਼੍ਰੀ ਰਾਘਵੇਂਦਰ ਰਾਓ ਦੁਆਰਾ ਜਨਤਕ ਜੀਵਨ ਵਿੱਚ ਅਪਣਾਈਆਂ ਗਈਆਂ ਮਿਸਾਲੀ ਕਦਰਾਂ-ਕੀਮਤਾਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਅੱਜ ਦੇ ਕਾਨੂੰਨ ਨਿਰਮਾਤਾਵਾਂ ਨੂੰ ਸਾਡੇ ਸੁਤੰਤਰਤਾ ਸੈਨਾਨੀਆਂ ਅਤੇ ਸੰਵਿਧਾਨ ਨਿਰਮਾਤਾਵਾਂ ਦੁਆਰਾ ਨਿਰਧਾਰਿਤ ਉੱਚ ਮਾਪਦੰਡਾਂ ਨੂੰ ਆਤਮ-ਪੜਚੋਲ ਕਰਨ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਲੋੜ ਹੈ। ਕੁਝ ਤਾਜ਼ਾ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸੰਸਦ ਦਾ ਨਿਰਾਦਰ ਅਤੇ ਲੋਕਤੰਤਰ ਦੇ ਮਿਆਰ ਨੂੰ ਨੀਵਾਂ ਨਹੀਂ ਕਰ ਸਕਦੇ।
ਸ਼੍ਰੀ ਨਾਇਡੂ ਨੇ ਕਿਤਾਬ ਪ੍ਰਕਾਸ਼ਿਤ ਕਰਨ ਲਈ ਲੇਖਕ ਸ਼੍ਰੀ ਯਾਰਲਾਗੱਡਾ ਲਕਸ਼ਮੀ ਪ੍ਰਸਾਦ ਅਤੇ ਪ੍ਰਕਾਸ਼ਕ ਸ਼੍ਰੀ ਵਿਜੇ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਤਮਿਲ ਨਾਡੂ ਦੇ ਸਾਬਕਾ ਰਾਜਪਾਲ ਸ਼੍ਰੀ ਪੀ ਐੱਸ ਰਾਮਮੋਹਨ ਰਾਓ, ਪੁਸਤਕ ਦੇ ਲੇਖਕ ਸ਼੍ਰੀ ਯਾਰਲਗੱਡਾ ਲਕਸ਼ਮੀ ਪ੍ਰਸਾਦ, ਅਮੇਸਕੋ ਬੁਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਵਿਜੈ ਕੁਮਾਰ ਅਤੇ ਹੋਰ ਮੌਜੂਦ ਸਨ।
*********
ਐੱਮਐੱਸ/ਆਰਕੇ
(Release ID: 1782066)
Visitor Counter : 173