ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨੂੰ ਲਾਹੇਵੰਦ, ਟਿਕਾਊ ਅਤੇ ਜਲਵਾਯੂ ਅਨੁਕੂਲ ਬਣਾਉਣ ਲਈ ਠੋਸ ਪ੍ਰਯਤਨ ਕਰਨ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਖੇਤੀ ਵਿਵਿਧਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ; ਅਨਾਜ ਉਤਪਾਦਨ ਨੂੰ ਘਟਾਉਣ ਅਤੇ ਦਾਲ਼ਾਂ, ਤੇਲ ਬੀਜਾਂ ਅਤੇ ਹੋਰ ਫਸਲਾਂ ਦੇ ਉਤਪਾਦਨ ਨੂੰ ਵਧਾਉਣ ’ਤੇ ਜ਼ੋਰ
ਕਿਸਾਨਾਂ ਨੂੰ ਜ਼ਰੂਰਤ ਤੋਂ ਵੱਧ ਉਪਲਬਧ ਫਸਲਾਂ ਦੀ ਬਜਾਏ ਮੰਗ ਵਾਲੀਆਂ ਫਸਲਾਂ ਉਗਾਉਣ ਲਈ ਉਤਸ਼ਾਹਿਤ ਕਰੋ: ਉਪ ਰਾਸ਼ਟਰਪਤੀ
ਖੇਤੀਬਾੜੀ ਉਤਪਾਦਕਤਾ ਨੂੰ ਪ੍ਰਭਾਵਤ ਕਰਨ ਵਾਲੇ ਮੁੱਦਿਆਂ ’ਤੇ ਤੁਰੰਤ ਧਿਆਨ ਦਿਓ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕੇਂਦਰ ਅਤੇ ਰਾਜਾਂ ਨੂੰ ਖੇਤੀਬਾੜੀ ਨੂੰ ਲਾਭਦਾਇਕ ਬਣਾਉਣ ਲਈ ਚੰਗੀ ਤਰ੍ਹਾਂ ਤਾਲਮੇਲ ਬਣਾਉਣ ਵਾਲੀ ਟੀਮ ਇੰਡੀਆ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ
ਮਿਲੇਟਸ (millets) ਵਿੱਚ ਸਿਹਤਮੰਦ ਭੋਜਨ ਦੇ ਰੂਪ ਵਿੱਚ ਬ੍ਰਾਂਡਿੰਗ ਅਤੇ ਮਾਰਕਿਟਿੰਗ ਕਰਨ ਅਤੇ ਕੀਮਤੀ ਵਿਦੇਸ਼ੀ ਮੁਦਰਾ ਕਮਾਉਣ ਦੀ ਵੱਡੀ ਸੰਭਾਵਨਾ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਖੇਤੀ ਰਸਾਇਣਾਂ ਅਤੇ ਖਾਦਾਂ ਦੀ ਵਰਤੋਂ ਘਟਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਪ੍ਰੋਫ਼ੈਸਰ ਜੈਸ਼ੰਕਰ ਤੇਲੰਗਾਨਾ ਸਟੇਟ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਵੀ. ਪ੍ਰਵੀਨ ਰਾਓ ਨੂੰ ਐੱਮਐੱਸ ਸਵਾਮੀਨਾਥਨ ਅਵਾਰਡ ਪ੍ਰਦਾਨ ਕੀਤਾ
Posted On:
08 DEC 2021 7:47PM by PIB Chandigarh
ਉਪ ਰਾਸ਼ਟਰਪਤੀ ਨੇ ਅੱਜ ਕਿਸਾਨਾਂ ਨੂੰ ਫਸਲਾਂ ਦੀ ਵਿਵਿਧਤਾ ਲਈ ਉਤਸ਼ਾਹਿਤ ਕਰਦੇ ਹੋਏ ਖੇਤੀਬਾੜੀ ਨੂੰ ਅਨੁਕੂਲ, ਲਾਹੇਵੰਦ, ਟਿਕਾਊ ਅਤੇ ਲਾਭਕਾਰੀ ਬਣਾਉਣ ਲਈ ਠੋਸ ਯਤਨ ਕਰਨ ਦਾ ਸੱਦਾ ਦਿੱਤਾ।
ਸੁਚੱਜੀ ਵਿਉਂਤਬੰਦੀ ਰਾਹੀਂ ਦੇਸ਼ ਵਿੱਚ ਖੇਤੀ ਉਤਪਾਦਨ ਵਿੱਚ ਵਿਵਿਧਤਾ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਅਨਾਜ ਉਤਪਾਦਨ ਨੂੰ ਘਟਾਉਣ ਅਤੇ ਦਾਲ਼ਾਂ, ਤੇਲ ਬੀਜਾਂ ਅਤੇ ਹੋਰ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਸੁਚੇਤ ਯਤਨ ਕਰਨੇ ਹੋਣਗੇ।
ਪ੍ਰੋਫ਼ੈਸਰ ਜੈਸ਼ੰਕਰ ਤੇਲੰਗਾਨਾ ਸਟੇਟ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਵੀ. ਪ੍ਰਵੀਨ ਰਾਓ ਨੂੰ 'ਐੱਮ.ਐੱਸ. ਸਵਾਮੀਨਾਥਨ ਅਵਾਰਡ' ਪ੍ਰਦਾਨ ਕਰਦੇ ਹੋਏ, ਉਨ੍ਹਾਂ ਨੇ ਤੁਪਕਾ ਸਿੰਚਾਈ ਅਤੇ ਹੋਰ ਮਾਇਕਰੋ ਸਿੰਚਾਈ ਤਕਨੀਕਾਂ ਰਾਹੀਂ ਬਿਹਤਰ ਪਾਣੀ ਪ੍ਰਬੰਧਨ ਨਾਲ ਫਸਲਾਂ ਨੂੰ ਉਗਾਉਣ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਡਾ. ਰਾਓ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ। ਇਹ ਧਿਆਨ ਦਿੰਦਿਆਂ ਕਿ ਪਾਣੀ ਦੁਰਲੱਭ ਸਰੋਤ ਹੈ, ਉਨ੍ਹਾਂ ਨੇ ਨੀਤੀ ਨਿਰਮਾਤਾਵਾਂ ਅਤੇ ਵਿਗਿਆਨੀਆਂ ਨੂੰ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਖੇਤਾਂ ਵਿੱਚ ਪਾਣੀ ਦੀ ਵਰਤੋਂ ਵਿੱਚ ਸੁਧਾਰ ਕਰਨ ਲਈ ਸਹਾਇਤਾ ਕਰਨ ਲਈ ਅਜਿਹੇ ਪ੍ਰਯਤਨ ਕਰਨ ਦਾ ਸੱਦਾ ਦਿੱਤਾ।
ਇਹ ਪੁਰਸਕਾਰ ਸੇਵਾਮੁਕਤ ਆਈਸੀਏਆਰ ਇੰਪਲਾਇਜ਼ ਐਸੋਸੀਏਸ਼ਨ (RICAREA) ਅਤੇ ਨੁਜ਼ੀਵੇਦੁ ਸੀਡਜ਼ ਲਿਮਿਟਿਡ ਦੁਆਰਾ ਸਥਾਪਿਤ ਕੀਤਾ ਗਿਆ ਸੀ।
ਭਾਰਤ ਵਿੱਚ ਖੇਤੀਬਾੜੀ ਪੁਨਰਜਾਗਰਣ ਲਿਆਉਣ ਲਈ ਪ੍ਰੋ. ਸਵਾਮੀਨਾਥਨ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਖੇਤੀਬਾੜੀ ਅਤੇ ਖੇਤੀ ਅਭਿਆਸਾਂ ਵਿੱਚ ਆਪਣੇ ਸ਼ਾਨਦਾਰ ਯੋਗਦਾਨ ਨਾਲ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਇਸ ਮੌਕੇ ਉਪ ਰਾਸ਼ਟਰਪਤੀ ਨੇ ਕਿਸਾਨਾਂ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਰੱਕੀ ਦੇਸ਼ ਦੀ ਤਰੱਕੀ ਨੂੰ ਨਿਰਧਾਰਤ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖੇਤੀਬਾੜੀ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ, ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਸਮੇਂ ਦੀ ਘਾਟ ਦੀ ਸਮੱਸਿਆ ਤੋਂ ਲੈ ਕੇ ਹੁਣ ਦੇਸ਼ ਨੂੰ ਅਨਾਜ ਦੀਆਂ ਫਸਲਾਂ ਦੀ ਬਹੁਤਾਤ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ 1950-51 ਵਿੱਚ ਅਨਾਜ ਦਾ ਉਤਪਾਦਨ 50.83 ਮਿਲੀਅਨ ਟਨ ਸੀ, ਉਹ 2020-21 ਵਿੱਚ ਵਧ ਕੇ 308.66 ਮਿਲੀਅਨ ਟਨ ਹੋ ਗਿਆ ਹੈ। ਦੁੱਧ, ਅੰਡੇ, ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਵੀ ਸ਼ਾਨਦਾਰ ਵਾਧਾ ਦੇਖਿਆ ਗਿਆ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਨੂੰ ਲੋੜ ਤੋਂ ਵੱਧ ਉਪਲਬਧ ਫਸਲਾਂ ਦੀ ਬਜਾਏ ਮੰਗ ਵਾਲੀਆਂ ਫਸਲਾਂ ਉਗਾਉਣ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਸਬੰਧੀ ਉਨ੍ਹਾਂ ਨੇ ਰਵਾਇਤੀ ਫਸਲਾਂ ਤੋਂ ਪਰੇ ਜਾਣ ਦਾ ਸੁਝਾਅ ਦਿੱਤਾ ਅਤੇ ਕਿਸਾਨਾਂ ਦੀ ਟਿਕਾਊ ਆਮਦਨ ਪੈਦਾ ਕਰਨ ਲਈ ਪਸ਼ੂ ਪਾਲਣ, ਬਾਗਬਾਨੀ, ਮੱਛੀ ਪਾਲਣ, ਰੇਸ਼ਮ ਦੀ ਖੇਤੀ ਆਦਿ ਵਰਗੇ ਸਹਾਇਕ ਖੇਤਰਾਂ ਵਿੱਚ ਵਿਵਿਧਤਾ ਲਿਆਉਣ ਦੀ ਜ਼ਰੂਰਕ 'ਤੇ ਜ਼ੋਰ ਦਿੱਤਾ।
ਇਹ ਧਿਆਨ ਦਿੰਦਿਆਂ ਕਿ ਖੇਤੀਬਾੜੀ ਉਤਪਾਦਕਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ ਵਿੱਚ ਖੇਤਾਂ ਦੀਆਂ ਜ਼ਮੀਨਾਂ ਦੇ ਸੁੰਗੜਦੇ ਆਕਾਰ, ਮਾਨਸੂਨ 'ਤੇ ਨਿਰਭਰਤਾ, ਸਿੰਚਾਈ ਤੱਕ ਸੀਮਤ ਪਹੁੰਚ, ਖੇਤੀਬਾੜੀ ਕਰਜ਼ੇ ਤੱਕ ਸਮੇਂ ਸਿਰ ਪਹੁੰਚ ਦੀ ਘਾਟ, ਖੇਤੀ ਉਤਪਾਦਾਂ ਦੀਆਂ ਗੈਰ-ਲਾਭਕਾਰੀ ਕੀਮਤਾਂ, ਕੋਲਡ ਸਟੋਰੇਜ ਸੁਵਿਧਾਵਾਂ ਦੀ ਅਣਹੋਂਦ ਅਤੇ ਇੱਕ ਵਿਹਾਰਕ ਮੰਡੀਕਰਣ ਨੈੱਟਵਰਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ, “ਸਾਨੂੰ ਇਨ੍ਹਾਂ ਸਾਰੇ ਮੁੱਦਿਆਂ ਨੂੰ ਤੁਰੰਤ ਭਾਵਨਾ ਨਾਲ ਹੱਲ ਕਰਨ ਦੀ ਲੋੜ ਹੈ। ਸਾਨੂੰ ਫੂਡ ਪ੍ਰੋਸੈੱਸਿੰਗ ਯੂਨਿਟਾਂ ਦਾ ਵਿਸਤਾਰ ਕਰਨ ਅਤੇ ਖੇਤੀ ਉਤਪਾਦਾਂ ਦੀਆਂ ਕੀਮਤਾਂ ਦੀ ਬਿਹਤਰ ਭਵਿੱਖਬਾਣੀ ਨੂੰ ਸਮਰੱਥ ਬਣਾਉਣ ਦੀ ਲੋੜ ਹੈ। ਕੇਵਲ ਤਦ ਹੀ ਭਾਰਤੀ ਕਿਸਾਨ ਆਪਣੀ ਪੂਰੀ ਸਮਰੱਥਾ ਨੂੰ ਮਹਿਸੂਸ ਕਰਨਗੇ ਅਤੇ ਕੇਵਲ ਤਦ ਹੀ ਖੇਤੀ ਉਨ੍ਹਾਂ ਲਈ ਇੱਕ ਲਾਭਕਾਰੀ ਅਤੇ ਟਿਕਾਊ ਗਤੀਵਿਧੀ ਬਣ ਜਾਵੇਗੀ। ਸਾਡੀ ਵੱਡੀ ਆਬਾਦੀ ਦੀ ਪੋਸ਼ਣ ਸੁਰੱਖਿਆ ਨੂੰ ਪੂਰਾ ਕਰਨ ਲਈ ਉਤਪਾਦਕਤਾ ਵਿੱਚ ਸੁਧਾਰ ਕਰਨਾ ਵੀ ਮਹੱਤਵਪੂਰਨ ਹੈ।"
ਸ਼੍ਰੀ ਨਾਇਡੂ ਨੇ ਕੇਂਦਰ ਅਤੇ ਰਾਜਾਂ ਦੋਵਾਂ ਨੂੰ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਸੁਚਾਰੂ ਤਾਲਮੇਲ ਵਾਲੀ ਟੀਮ ਇੰਡੀਆ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। “ਇਹ ਸਭ ਕੁਝ ਹੋਰ ਵੀ ਜ਼ਰੂਰੀ ਹੈ ਕਿਉਂਕਿ ਕਿਸਾਨਾਂ ਦੀ ਵੱਡੀ ਬਹੁਗਿਣਤੀ ਅਸੰਗਠਿਤ ਅਤੇ ਆਵਾਜ਼ਹੀਣ ਹੈ”। ਉਹ ਚਾਹੁੰਦੇ ਹਨ ਕਿ ਚਾਰ ਪੀ’ਜ਼ -ਪਾਰਲੀਮੈਂਟ, ਪੋਲੀਟੀਕਲ ਲੀਡਰ, ਪਾਲਿਸੀ ਮੇਕਰ ਅਤੇ ਪ੍ਰੈੱਸ ਕਿਸਾਨਾਂ ਅਤੇ ਖੇਤੀਬਾੜੀ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ।
ਸ਼੍ਰੀ ਨਾਇਡੂ ਨੇ ਵਿਗਿਆਨੀਆਂ ਨੂੰ ਐਕਸਟੈਨਸ਼ਨ ਪ੍ਰੋਗਰਾਮਾਂ ਨੂੰ ਆਮ ਕਿਸਾਨਾਂ ਲਈ ਪਹੁੰਚਯੋਗ ਅਤੇ ਸਮਝਣਯੋਗ ਬਣਾਉਣ ਦਾ ਸੱਦਾ ਦਿੱਤਾ। “ਖੋਜ ਸੰਸਥਾਵਾਂ ਨੂੰ ਕਿਸਾਨ ਭਾਈਚਾਰੇ ਤੱਕ ਉਨ੍ਹਾਂ ਦੀ ਮਾਤ-ਭਾਸ਼ਾ ਨੂੰ ਸਮਝਣ ਵਾਲੀ ਮੁੱਢਲੀ ਭਾਸ਼ਾ ਵਿੱਚ ਪਹੁੰਚ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪਿੰਡਾਂ ਵਿੱਚ ਕਿਸਾਨਾਂ ਤੱਕ ਪਹੁੰਚਣ ਲਈ ਸਾਰੇ ਆਧੁਨਿਕ ਆਡੀਓ-ਵਿਜ਼ੂਅਲ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।’’
ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਜਵਾਰ, ਪਰਲ, ਫਿੰਗਰ ਅਤੇ ਫੌਕਸਟੇਲ (Sorghum, Pearl Millet, Finger Millet and Foxtail Millet) ਨੂੰ ਵੱਖ-ਵੱਖ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਸਿਹਤਮੰਦ ਭੋਜਨ ਵਿਕਲਪਾਂ ਵਜੋਂ ਮੁੜ ਖੋਜਿਆ ਜਾ ਰਿਹਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਨ੍ਹਾਂ ਸਿਹਤਮੰਦ ਭੋਜਨਾਂ ਵਿੱਚ ਬ੍ਰਾਂਡਿੰਗ ਅਤੇ ਮਾਰਕਿਟਿੰਗ ਕਰਨ ਅਤੇ ਕੀਮਤੀ ਵਿਦੇਸ਼ੀ ਮੁਦਰਾ ਕਮਾਉਣ ਦੀ ਵੱਡੀ ਸੰਭਾਵਨਾ ਹੈ।
ਉੱਚ-ਗੁਣਵੱਤਾ ਵਾਲੇ ਫਲਾਂ ਅਤੇ ਸਬਜ਼ੀਆਂ ਵਿੱਚ ਭਾਰਤ ਦੇ ਵੱਡੇ ਨਿਰਯਾਤਕ ਬਣਨ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਕਿਸਾਨਾਂ ਨੂੰ ਵਿਸ਼ਵੀਕਰਨ ਦੇ ਲਾਭਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ, ਸਗੋਂ ਪੇਂਡੂ ਭਾਰਤ ਵਿੱਚ ਰੋਜ਼ਗਾਰ ਪੈਦਾ ਕਰੇਗਾ ਅਤੇ ਦੇਸ਼ ਨੂੰ ਕੀਮਤੀ ਵਿਦੇਸ਼ੀ ਮੁਦਰਾ ਕਮਾਉਣ ਦੇ ਯੋਗ ਬਣਾਉਂਦਾ ਹੈ।
ਉਪ ਰਾਸ਼ਟਰਪਤੀ ਨੇ ਖੇਤੀਬਾੜੀ ਰਸਾਇਣਾਂ ਅਤੇ ਖਾਦਾਂ ਦੀ ਵਰਤੋਂ ਨੂੰ ਘਟਾਉਣ ਲਈ ਰਣਨੀਤੀਆਂ ਵਿਕਸਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਨਾ ਸਿਰਫ਼ ਮਿੱਟੀ ਦੀ ਸਿਹਤ ਨੂੰ ਯਕੀਨੀ ਬਣਾਇਆ ਜਾ ਸਕੇ ਸਗੋਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖਪਤਕਾਰਾਂ ਦੀ ਸਿਹਤ ਨੂੰ ਵੀ ਯਕੀਨੀ ਬਣਾਇਆ ਜਾ ਸਕੇ।
ਇਹ ਦੇਖਦੇ ਹੋਏ ਕਿ ਕੁਝ ਕੈਂਸਰ ਭੋਜਨ ਵਿੱਚ ਬਚੇ ਹੋਏ ਜ਼ਹਿਰੀਲੇ ਰਸਾਇਣਾਂ ਨਾਲ ਜੁੜੇ ਹੋਏ ਹਨ, ਉਪ ਰਾਸ਼ਟਰਪਤੀ ਨੇ ਰਸਾਇਣਾਂ ਦੀ ਘੱਟ ਵਰਤੋਂ ਨਾਲ ਫਸਲ ਉਤਪਾਦਨ ਪ੍ਰਣਾਲੀ ਵਿਕਸਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤੀ ਵਿਗਿਆਨੀਆਂ ਅਤੇ ਖੇਤੀ ਰਸਾਇਣ ਉਦਯੋਗ ਨੂੰ ਅਪੀਲ ਕੀਤੀ ਕਿ ਉਹ ਸਾਰਿਆਂ ਦੇ ਭਲੇ ਲਈ ਇਸ ਦਿਸ਼ਾ ਵਿੱਚ ਕੰਮ ਕਰਨ।
ਇਸ ਮੌਕੇ ’ਤੇ ਤੇਲੰਗਾਨਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਨਿਰੰਜਨ ਰੈੱਡੀ, ਤੇਲੰਗਾਨਾ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਸ਼੍ਰੀ ਐੱਮ. ਰਘੁਨੰਦਨ ਰਾਓ, ਆਰਆਈਸੀਏਆਰਈਏ ਦੇ ਪ੍ਰਧਾਨ ਡਾ. ਐੱਮ.ਵੀ.ਆਰ. ਪ੍ਰਸਾਦ, ਨੁਜ਼ੀਵੇਦੁ ਸੀਡਜ਼ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਐੱਮ ਪ੍ਰਭਾਕਰ ਰਾਓ, ਖੇਤੀਬਾੜੀ ਵਿਗਿਆਨੀ ਅਤੇ ਹੋਰ ਹਾਜ਼ਰ ਹੋਏ।
**********
ਐੱਮਐੱਸ/ਆਰਕੇ
(Release ID: 1779830)
Visitor Counter : 135