ਰਾਸ਼ਟਰਪਤੀ ਸਕੱਤਰੇਤ

ਹਰਕੋਰਟ ਬਟਲਰ ਟੈਕਨੀਕਲ ਯੂਨੀਵਰਸਿਟੀ (ਐੱਚਬੀਟੀਯੂ) ਜਿਹੀਆਂ ਸੰਸਥਾਵਾਂ ਨੂੰ ਆਪਣੇ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਹਰਕੋਰਟ ਬਟਲਰ ਟੈਕਨੀਕਲ ਯੂਨੀਵਰਸਿਟੀ, ਕਾਨਪੁਰ ਦੇ ਸ਼ਤਾਬਦੀ ਸਮਾਗਮਾਂ ਦੀ ਸ਼ਲਾਘਾ ਕੀਤੀ

Posted On: 25 NOV 2021 2:11PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਹਰਕੋਰਟ ਬਟਲਰ ਟੈਕਨੀਕਲ ਯੂਨੀਵਰਸਿਟੀ (ਐੱਚਬੀਟੀਯੂ) ਜਿਹੀਆਂ ਸੰਸਥਾਵਾਂ ਨੂੰ ਆਪਣੇ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਉਹ ਅੱਜ (25 ਨਵੰਬਰ, 2021) ਕਾਨਪੁਰ ਵਿੱਚ ਹਰਕੋਰਟ ਬਟਲਰ ਟੈਕਨੀਕਲ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਐੱਚਬੀਟੀਯੂ ਨੂੰ ਤੇਲ, ਪੇਂਟ, ਪਲਾਸਟਿਕ ਅਤੇ ਫੂਡ ਟੈਕਨਾਲੋਜੀ ਦੇ ਖੇਤਰਾਂ ਵਿੱਚ ਯੋਗਦਾਨ ਲਈ ਮਾਨਤਾ ਦਿੱਤੀ ਗਈ ਹੈ। ਇਸ ਸੰਸਥਾ ਦਾ ਸ਼ਾਨਦਾਰ ਇਤਿਹਾਸ 20ਵੀਂ ਸਦੀ ਦੇ ਸ਼ੁਰੂ ਤੋਂ ਭਾਰਤ ਵਿੱਚ ਹੋ ਰਹੇ ਉਦਯੋਗਿਕ ਵਿਕਾਸ ਨਾਲ ਜੁੜਿਆ ਹੋਇਆ ਹੈ। ਕਾਨਪੁਰ ਦੀ ‘ਮਾਨਚੈਸਟਰ ਆਫ਼ ਦਿ ਈਸਟ’, ‘ਲੇਦਰ ਸਿਟੀ ਆਵ੍ ਦ ਵਰਲਡ’ ਅਤੇ ‘ਇੰਡਸਟ੍ਰੀਅਲ ਹੱਬ’ਵਜੋਂ ਪ੍ਰਸਿੱਧੀ ਪਿੱਛੇ ਐੱਚਬੀਟੀਯੂਦੁਆਰਾ ਪ੍ਰਦਾਨ ਕੀਤੀ ਗਈ ਟੈਕਨੋਲੋਜੀ ਅਤੇ ਮਨੁੱਖੀ ਸੰਸਾਧਨਾਂ ਦਾ ਅਹਿਮ ਯੋਗਦਾਨ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਐੱਚਬੀਟੀਯੂ ਆਪਣੀ ਸ਼ਤਾਬਦੀ ਮਨਾ ਰਿਹਾ ਹੈ, ਦੇਸ਼ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅਤੇ ਜਦੋਂ ਸਾਲ 2047 ਵਿੱਚ,ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾ ਰਿਹਾ ਹੋਵੇਗਾ, ਉਦੋਂ ਐੱਚਬੀਟੀਯੂ ਆਪਣੇ 125 ਸਾਲ ਮਨਾ ਰਿਹਾ ਹੋਵੇਗਾ। ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਵਿੱਚ ਐੱਚਬੀਟੀਯੂ ਦੀ ਮੌਜੂਦਾ ਰੈਂਕਿੰਗ 166 ਹੈ, ਰਾਸ਼ਟਰਪਤੀ ਨੇ ਕਿਹਾ ਕਿ ਐੱਚਬੀਟੀਯੂ ਦੇ ਸਾਰੇ ਹਿੱਸੇਦਾਰਾਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਲ 2047 ਤੱਕ ਇਸ ਯੂਨੀਵਰਸਿਟੀ ਦੀ ਰੈਂਕਿੰਗ ਦੇਸ਼ ਦੀਆਂ ਚੋਟੀਦੀਆਂ ਸੰਸਥਾਵਾਂ ਵਿੱਚੋਂ 25 ਵਿੱਚ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਨੂੰ ਭਰੋਸਾ ਹੈ ਕਿ ਸਾਰੇ ਹਿੱਸੇਦਾਰ ਐੱਚਬੀਟੀਯੂਅਤੇ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ।

ਭਾਰਤ ਵਿੱਚ ਨਵੀਨਤਾ ਅਤੇ ਟੈਕਨੋਲੋਜੀ ਦੇ ਵਿਕਾਸ ਦੀ ਲੋੜ ’ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਵਿੱਚ ਸਿਰਫ਼ ਉਹੀ ਦੇਸ਼ ਮੋਹਰੀ ਰਹਿੰਦੇ ਹਨ, ਜੋ ਨਵੀਨਤਾ ਅਤੇ ਨਵੀਂ ਤਕਨੀਕ ਨੂੰ ਪਹਿਲ ਦਿੰਦੇ ਹਨ ਅਤੇ ਆਪਣੇ ਨਾਗਰਿਕਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਗਾਤਾਰ ਸਮਰੱਥ ਬਣਾਉਂਦੇ ਹਨ। ਸਾਡੇ ਦੇਸ਼ ਨੇ ਟੈਕਨੋਲੋਜੀ ਦੇ ਖੇਤਰ ਵਿੱਚ ਵੀ ਆਪਣੀ ਭਰੋਸੇਯੋਗਤਾ ਵਧਾਈ ਹੈ ਪਰ ਅਸੀਂ ਹਾਲੇ ਲੰਬਾ ਸਫ਼ਰ ਤੈਅ ਕਰਨਾ ਹੈ। ਇਸ ਸੰਦਰਭ ਵਿੱਚ, ਐੱਚਬੀਟੀਯੂ ਜਿਹੀਆਂ ਸੰਸਥਾਵਾਂ ਦੀ ਭੂਮਿਕਾ ਅਹਿਮ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਤਕਨੀਕੀ ਸੰਸਥਾਵਾਂ ਨੂੰ ਆਪਣੇ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਅਜਿਹਾ ਮਾਹੌਲ ਦੇਣਾ ਚਾਹੀਦਾ ਹੈ ਜਿਸ ਵਿੱਚ ਉਹ ‘ਨੌਕਰੀ ਭਾਲਣ ਵਾਲੇ’ ਦੀ ਬਜਾਏ ‘ਨੌਕਰੀ ਦੇਣ ਵਾਲੇ’ ਬਣ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ।

ਤਕਨੀਕੀ ਸਿੱਖਿਆ ਵਿੱਚ ਵਿਦਿਆਰਥਣਾਂ ਦੀ ਘੱਟ ਹਿੱਸੇਦਾਰੀ ਵੱਲ ਇਸ਼ਾਰਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਹ ਦੇਸ਼ ਭਰ ਦੀਆਂ ਕਈ ਵਿੱਦਿਅਕ ਸੰਸਥਾਵਾਂ ਦੇ ਕਨਵੋਕੇਸ਼ਨਾਂ ਵਿੱਚ ਸ਼ਾਮਲ ਹੋਏ ਹਨ ਜਿੱਥੇ ਉਨ੍ਹਾਂ ਨੇ ਦੇਖਿਆ ਕਿ ਲੜਕੀਆਂ ਦਾ ਪ੍ਰਦਰਸ਼ਨ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਪਰ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥਣਾਂ ਦੀ ਭਾਗੀਦਾਰੀ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਨਾਲ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਮਿਲੇਗਾ।

ਪਿਛਲੇ ਸ਼ਨੀਵਾਰ ਨਵੀਂ ਦਿੱਲੀ ਵਿੱਚ ਆਯੋਜਿਤ ਸਵੱਛ ਸਰਵੇਖਣ ਅਵਾਰਡ 2021 ਦਾ ਜ਼ਿਕਰ ਕਰਦੇ ਹੋਏ, ਰਾਸ਼ਟਰਪਤੀ ਨੇ ਨੋਟ ਕੀਤਾ ਕਿ ਦੇਸ਼ ਦੀਆਂ ਸ਼ਹਿਰੀ ਬਾਡੀਆਂ ਵਿੱਚ ਸਵੱਛ ਸਰਵੇਖਣ ਵਿੱਚ, ਕਾਨਪੁਰ ਸ਼ਹਿਰ 2016 ਵਿੱਚ 173ਵੇਂ ਸਥਾਨ ਤੋਂ 2021 ਵਿੱਚ 21ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਨਪੁਰ ਦੇ ਲੋਕਾਂ ਨੂੰ ਜਾਣਦੇ ਹਨ। ਜੇ ਉਹ ਕੁਝ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਇਸ ਨੂੰ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸ਼ਹਿਰ ਦੀ ਸਫ਼ਾਈ ਦੇ ਲਕਸ਼ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਕਾਨਪੁਰ ਦਾ ਪ੍ਰਸ਼ਾਸਨ ਅਤੇ ਨਗਰ ਨਿਗਮ ਸਵੱਛਤਾ ਵਿੱਚ ਲਗਾਤਾਰ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਇੰਦੌਰ ਸ਼ਹਿਰ ਤੋਂ ਪ੍ਰੇਰਣਾ ਲੈ ਕੇ ਕਾਨਪੁਰ ਨੂੰ ਦੇਸ਼ ਦੇ ਪੰਜ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿੱਚ ਦਰਜਾਬੰਦੀ ਕਰਨ ਲਈ ਉਪਰਾਲੇ ਕਰਨਗੇ।

ਰਾਸ਼ਟਰਪਤੀ ਦਾ ਹਿੰਦੀ ਵਿੱਚ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

 

 **********

ਡੀਐੱਸ / ਬੀਐੱਮ



(Release ID: 1775175) Visitor Counter : 127