ਸੂਚਨਾ ਤੇ ਪ੍ਰਸਾਰਣ ਮੰਤਰਾਲਾ
"ਲੀਡਰ" ਮਹਿਲਾਵਾਂ ਨੂੰ ਪੁਰਸ਼ਾਂ ਦੇ ਨਜ਼ਰੀਏ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਹੈ: ਫਿਲਮ ਨਿਰਮਾਤਾ ਕੋਰੇਕ ਬੋਜਾਨੋਵਸਕੀ
"ਸਾਡੀ ਫਿਲਮ ਇਹ ਦਰਸਾਉਂਦੀ ਹੈ ਕਿ ਕਿਵੇਂ ਲੋਕ ਫ਼ਰੇਬ ਨਾਲ ਦੁਨੀਆ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਦੂਜਿਆਂ ਦੀ ਵਰਤੋਂ ਕਰ ਸਕਦੇ ਹਨ": ਕੋਰੇਕ ਬੋਜਾਨੋਵਸਕੀ
"ਲੀਡਰ" ਦਰਸਾਉਂਦੀ ਹੈ ਕਿ ਕਿਵੇਂ ਆਧੁਨਿਕ ਸਮਾਂ ਮਰਦਾਂ ਅਤੇ ਮਹਿਲਾਵਾਂ ਦੇ ਰਿਸ਼ਤੇ ਨੂੰ ਬਦਲਦਾ ਹੈ
"ਲੀਡਰ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਆਧੁਨਿਕ ਸਮਾਂ ਆਮ ਤੌਰ 'ਤੇ ਮਰਦਾਂ ਅਤੇ ਮਹਿਲਾਵਾਂ ਦਰਮਿਆਨ ਸਬੰਧਾਂ ਨੂੰ ਕਿਵੇਂ ਬਦਲ ਸਕਦਾ ਹੈ। ਫਿਲਮ ਦੇ ਨਿਰਮਾਤਾ ਕੋਰੇਕ ਬੋਜਾਨੋਵਸਕੀ ਨੇ ਅੱਜ ਗੋਆ ਵਿੱਚ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਤੌਰ 'ਤੇ ਇਹ ਫਿਲਮ ਸਿਰਫ ਮਰਦਾਂ ਦੇ ਨਜ਼ਰੀਏ ਤੋਂ ਮਹਿਲਾਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ। ਲੀਡਰ, ਇੱਕ ਪੋਲਿਸ਼ ਫਿਲਮ, ਬੋਜਾਨੋਵਸਕੀ ਦੀ ਪਹਿਲੀ ਪ੍ਰੋਡਕਸ਼ਨ ਹੈ ਅਤੇ ਫਿਲਮ ਗ੍ਰਜ਼ੇਗੋਰਜ਼ ਹਾਰਟਫੀਲ ਦੇ ਸਿਨੇਮੈਟੋਗ੍ਰਾਫਰ ਦੇ ਸਾਥ ਨਾਲ ਸ਼ਾਮਲ ਹੋਈ ਹੈ।
ਇਸ ਤੇਜ਼ ਰਫਤਾਰ ਫਿਲਮ, ਜੋ ਕਿ ਬਲੈਕ ਕਾਮੇਡੀ ਦੀ ਸ਼ੈਲੀ ਨਾਲ ਸਬੰਧਿਤ ਹੈ, ਦੇ ਵਿਚਾਰ 'ਤੇ ਰੋਸ਼ਨੀ ਪਾਉਂਦੇ ਹੋਏ, ਬੋਜਾਨੋਵਸਕੀ ਨੇ ਦੱਸਿਆ ਕਿ ਇਹ ਫਿਲਮ ਇਹ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਕਿਵੇਂ ਲੋਕ ਫ਼ਰੇਬ ਨਾਲ ਦੁਨੀਆ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਦੂਜਿਆਂ ਦੀ ਵਰਤੋਂ ਕਰਦੇ ਹਨ। "ਇਹ ਮਨੁੱਖੀ ਭਾਵਨਾਵਾਂ 'ਤੇ ਇੱਕ ਤੀਬਰ ਵਿਅੰਗ ਹੈ"। ਉਨ੍ਹਾਂ ਅੱਗੇ ਕਿਹਾ ਕਿ ਉਹ ਇੱਕ ਪੋਸਟ-ਮਾਡਰਨ ਫਿਲਮ ਬਣਾਉਣ ਦੀ ਇੱਛਾ ਰੱਖਦੇ ਹਨ, ਜੋ ਸਾਰੀਆਂ ਸ਼ੈਲੀਆਂ ਵਿੱਚ ਫਿੱਟ ਹੋਵੇ।
ਜਿਸ ਫ਼ਿਲਮ ਦਾ ਇੱਫੀ 52 ਵਿਖੇ ਵਿਸ਼ਵ ਪ੍ਰੀਮੀਅਰ ਹੋਇਆ ਸੀ, ਉਸ ਨੂੰ 14 ਹੋਰ ਫ਼ਿਲਮਾਂ ਦੇ ਨਾਲ ਸਰਬੋਤਮ ਫ਼ਿਲਮ ਲਈ ਗੋਲਡਨ ਪੀਕੌਕ ਅਵਾਰਡ ਲਈ ਅੰਤਰਰਾਸ਼ਟਰੀ ਮੁਕਾਬਲੇ ਦੀ ਸ਼੍ਰੇਣੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।
ਕੇਟੀਆ ਪ੍ਰਿਵੀਜਿਏਂਸਵ ਅਤੇ ਇਗੋਰ ਪ੍ਰਿਵਿਜ਼ੀਏਂਸਵ ਦੁਆਰਾ ਨਿਰਦੇਸ਼ਿਤ, ਲੀਡਰ ਵਿਪਰੀਤ ਤਰੀਕੇ ਨਾਲ ਨਿੱਜੀ ਕੋਚਿੰਗ ਦੇ ਤਰੀਕਿਆਂ ਬਾਰੇ ਗੱਲ ਕਰਦੀ ਹੈ ਅਤੇ ਇਹ ਦੁਨੀਆ ਨੂੰ ਦਰਸਾਉਂਦੀ ਹੈ, ਜਿੱਥੇ ਸਿਰਫਿਰਿਆਂ ਵਲੋਂ ਯੋਗ ਲੋਕਾਂ ਨੂੰ ਹੇਠਾਂ ਲਾਇਆ ਜਾ ਸਕਦਾ ਹੈ, ਜਦਕਿ ਸੱਚਮੁੱਚ ਸਿਰਫਿਰੇ ਤੱਥਾਂ ਨਾਲ ਹੇਰਾਫੇਰੀ ਕਰਦੇ ਹਨ ਅਤੇ ਅਧਿਕਾਰਤ ਅਥਾਰਿਟੀ ਬਣ ਜਾਂਦੇ ਹਨ।
ਇਸ ਬਾਰੇ ਹੋਰ ਦੱਸਦਿਆਂ ਕਿ ਫਿਲਮ ਦੇ ਵਿਚਾਰ ਨੇ ਕਿਵੇਂ ਆਕਾਰ ਲਿਆ, ਬੋਜਾਨੋਵਸਕੀ ਨੇ ਕਿਹਾ ਕਿ ਸਵੈ-ਸਿਖਲਾਈ ਕੋਚਿੰਗ ਸੈਂਟਰ ਅਤੇ ਕੋਚ ਦੁਨੀਆ ਦੇ ਪੂਰੇ ਹਿੱਸੇ ਵਿੱਚ ਇੱਕ ਆਮ ਵਰਤਾਰਾ ਹੈ। ਨਿਰਮਾਤਾ ਨੇ ਕਿਹਾ, "ਫਿਲਮ ਦੇ ਜ਼ਰੀਏ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ, ਜਿਸਦੀ ਵਿਆਪਕ ਅਪੀਲ ਹੈ।"
ਬੋਜਾਨੋਵਸਕੀ ਨੇ ਅੱਗੇ ਕਿਹਾ, "ਲੀਡਰ ਨੇ 2017 ਵਿੱਚ ਇੱਕ ਲਘੂ-ਫਿਲਮ ਪ੍ਰੋਜੈਕਟ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਅਤੇ ਫਿਰ ਫੈਸਟੀਵਲਾਂ ਵਿੱਚ ਫਿਲਮ ਦੇ ਸਵਾਗਤ ਨੂੰ ਦੇਖਦੇ ਹੋਏ ਅਸੀਂ ਫਿਲਮ ਦੀ ਲੰਬਾਈ ਫ਼ੀਚਰ ਬਣਾਈ ਜੋ ਹੁਣ ਇੱਫੀ ਵਿੱਚ ਹੈ"।
ਫਿਲਮ ਬਣਾਉਣ ਦੇ ਸਭ ਤੋਂ ਚੁਣੌਤੀਪੂਰਨ ਹਿੱਸੇ ਬਾਰੇ ਪੁੱਛੇ ਜਾਣ 'ਤੇ, ਸਿਨੇਮੈਟੋਗ੍ਰਾਫਰ ਗ੍ਰਜ਼ੇਗੋਰਜ ਹਾਰਟਫੀਲ ਨੇ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਵਿਚਾਰ ਹੀ ਸੀ। ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, "ਜ਼ਿਆਦਾਤਰ ਸਮਾਂ, ਕੈਮਰਾ 6 ਆਦਮੀਆਂ ਦੇ ਨਾਲ ਇੱਕ ਕਮਰੇ ਵਿੱਚ ਘੁੰਮਦਾ ਹੈ। ਇੱਥੇ ਕੋਈ ਬਾਹਰੀ ਦ੍ਰਿਸ਼, ਪਹਾੜ ਅਤੇ ਸੁੰਦਰ ਮੌਸਮ ਨਹੀਂ ਸੀ, ਪਰ ਸਿਰਫ ਇੱਕ ਕਮਰਾ ਅਤੇ ਜੋ ਕੁਝ ਕੈਪਚਰ ਕੀਤਾ ਜਾਣਾ ਸੀ, ਉਹ ਇਨ੍ਹਾਂ 6 ਆਦਮੀਆਂ ਦੀਆਂ ਤੀਬਰ ਭਾਵਨਾਵਾਂ ਸਨ"।
ਕੋਵਿਡ ਨੇ ਫਿਲਮ ਦੇ ਨਿਰਮਾਣ ਨੂੰ ਕਿਵੇਂ ਪ੍ਰਭਾਵਿਤ ਕੀਤਾ, ਇਸ ਦੇ ਸੰਦਰਭ ਵਿੱਚ, ਬੋਜਾਨੋਵਸਕੀ ਨੇ ਦੱਸਿਆ, “ਦੁਨੀਆ ਭਰ ਵਿੱਚ ਸਥਿਤੀ ਇੱਕੋ ਜਿਹੀ ਸੀ, ਇਸ ਲਈ ਇਸਦਾ ਸਾਡੇ ਉੱਤੇ ਵੀ ਅਸਰ ਪਿਆ। ਸੈੱਟ 'ਤੇ ਕੋਵਿਡ ਕੇਸ ਕਾਰਨ ਸਾਨੂੰ ਸ਼ੂਟਿੰਗ ਰੋਕਣ ਲਈ ਮਜਬੂਰ ਹੋਣਾ ਪਿਆ। ਮਹਾਮਾਰੀ ਦੀਆਂ ਪਾਬੰਦੀਆਂ ਕਾਰਨ ਕੁਝ ਦ੍ਰਿਸ਼ ਵੀ ਬਦਲੇ ਗਏ ਸਨ।”
ਇੱਫੀ 52 'ਤੇ ਫਿਲਮ ਦੇ ਵਿਸ਼ਵ ਪ੍ਰੀਮੀਅਰ ਲਈ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਬੋਜਾਨੋਵਸਕੀ ਨੇ ਕਿਹਾ ਕਿ ਫਿਲਮ ਨੂੰ ਇੱਕ ਸਕ੍ਰੀਨ 'ਤੇ ਦੇਖਣਾ ਇੱਕ ਸ਼ਾਨਦਾਰ ਅਨੁਭਵ ਸੀ, ਜਿੱਥੇ ਜ਼ਿਆਦਾਤਰ ਦਰਸ਼ਕ ਭਾਰਤ ਤੋਂ ਹਨ। “ਸਕਰੀਨਿੰਗ ਤੋਂ ਬਾਅਦ ਅਸੀਂ ਕੁਝ ਲੋਕਾਂ ਨਾਲ ਗੱਲਬਾਤ ਕੀਤੀ। ਸਾਡਾ ਉਦੇਸ਼ ਇੱਕ ਸਵਾਲ ਦਾ ਜਵਾਬ ਦੇਣ ਦੀ ਬਜਾਏ ਲੋਕਾਂ ਵਿੱਚ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਪੈਦਾ ਕਰਨਾ ਸੀ।" ਉਨ੍ਹਾਂ ਅੱਗੇ ਕਿਹਾ, “ਇਸ ਦਾ ਓਨਾ ਹੀ ਪ੍ਰਭਾਵ ਸੀ, ਜਿੰਨਾ ਅਸੀਂ ਚਾਹੁੰਦੇ ਸੀ।”
ਲੀਡਰ ਇੱਕ ਦਿਆਲੂ ਅਤੇ ਸ਼ਰਮੀਲੇ ਲੜਕੇ ਪਿਓਟਰੇਕ ਦੀ ਕਹਾਣੀ ਹੈ, ਜੋ ਸਧਾਰਨ ਜੀਵਨ ਦੀ ਕਦਰ ਕਰਦਾ ਹੈ। ਹੋਰ ਕਰਨ ਅਤੇ ਹੋਰ ਕਮਾਉਣ ਦੇ ਦੁਨਿਆਵੀ ਦਬਾਅ ਦੇ ਕਾਰਨ, ਉਹ ਪ੍ਰੇਰਣਾ ਦੇ ਜਾਲ ਵਿੱਚ ਫਸ ਜਾਂਦਾ ਹੈ ਅਤੇ ਉਨ੍ਹਾਂ ਲੋਕਾਂ ਲਈ ਆਪਣੇ ਆਪ ਨੂੰ ਬਦਲਣ ਦਾ ਪੱਕਾ ਇਰਾਦਾ ਕਰਦਾ ਹੈ, ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਇੱਥੇ ਇਤਫ਼ਾਕ ਦੇ ਕਾਰਨ ਉਹ ਇੱਕ ਕ੍ਰਿਸ਼ਮਈ ਪਰ ਰਹੱਸਮਈ ਵਿਅਕਤੀ ਦੇ ਨਾਲ ਆਹਮੋ-ਸਾਹਮਣੇ ਹੁੰਦਾ ਹੈ, ਜਿਸਦਾ ਉਪਨਾਮ 'ਲੀਡਰ' ਹੈ ਜੋ ਇੱਕ ਸ਼ਖਸੀਅਤ ਵਿਕਾਸ ਕੋਚ ਹੈ। ਉੱਥੇ ਨਾਇਕ ਵੱਖ-ਵੱਖ ਸਥਿਤੀਆਂ ਵਾਲੇ ਦੂਜੇ ਪੁਰਸ਼ਾਂ ਨੂੰ ਮਿਲਦਾ ਹੈ, ਜੋ ਮਹਿਲਾਵਾਂ ਹੱਥੋਂ ਪੀੜਤ ਹਨ, ਜੋ ਸਾਰੇ ਲੀਡਰ ਦੁਆਰਾ ਭਾਵਨਾਤਮਕ ਫ਼ਰੇਬ ਦਾ ਸ਼ਿਕਾਰ ਹੁੰਦੇ ਹਨ।
ਨਿਰਦੇਸ਼ਕ ਜੋੜੀ ਕੇਟੀਆ ਅਤੇ ਇਗੋਰ ਪ੍ਰਿਵਿਜ਼ੀਏਂਸਵ ਨੇ ਵਾਰਸਾ ਫਿਲਮ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਇਸ ਜੋੜੀ ਨੇ ਗਲਪ, ਕਈ ਲਘੂ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਬਣਾਈਆਂ ਹਨ। ਕਈ ਸਾਲਾਂ ਤੋਂ ਕੇਟੀਆ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ। ਉਸ ਕੋਲ ਜ਼ੈੱਡਏਐੱਸਪੀ (ਪੋਲਿਸ਼ ਸੀਨ ਆਰਟਿਸਟ ਐਸੋਸੀਏਸ਼ਨ) ਦਾ ਡਿਪਲੋਮਾ ਵੀ ਹੈ।
* * ** * ** * ** * *
ਟੀਮ ਇੱਫੀ ਪੀਆਈਬੀ | ਐੱਨਟੀ/ਐੱਸਕੇਵਾਈ/ਡੀਆਰ/ ਇੱਫੀ-57
(Release ID: 1774433)
Visitor Counter : 193