ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਹਿਲਾਵਾਂ ਨੂੰ ਜਾਇਦਾਦ ਦੇ ਬਰਾਬਰ ਅਧਿਕਾਰ ਦੇਣ ਦਾ ਸੱਦਾ ਦਿੱਤਾ
ਮਹਿਲਾਵਾਂ ਨੂੰ ਵਿਭਿੰਨ ਖੇਤਰਾਂ ਵਿੱਚ ਹਿੱਸਾ ਲੈਣ ਲਈ ਪੁਰਸ਼ਾਂ ਦੇ ਬਰਾਬਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਦੇਸ਼ ਦੀ ਆਰਥਿਕ ਪ੍ਰਗਤੀ ਵਿੱਚ ਖੇਤੀਬਾੜੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ
ਉਪ ਰਾਸ਼ਟਰਪਤੀ ਨੇ ਸ਼ਹਿਰੀ-ਗ੍ਰਾਮੀਣ ਪਾੜੇ ਨੂੰ ਪੁਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਵੈਕਸੀਨ ਸਬੰਧੀ ਝਿਜਕ ਨੂੰ ਦੂਰ ਕਰਨ ਦੀ ਅਪੀਲ ਕੀਤੀ
ਉਪ ਰਾਸ਼ਟਰਪਤੀ ਨੇ ਨੇਲੋਰ ਵਿਖੇ ਸਵਰਣ ਭਾਰਤ ਟਰੱਸਟ ਦੇ 20ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ
ਸਮਾਜ ਸੇਵਾ ਪ੍ਰਤੀ ਸਮਰਪਣ ਲਈ ਟਰੱਸਟ ਦੇ ਪ੍ਰਬੰਧਨ ਅਤੇ ਟੀਮ ਦੀ ਸ਼ਲਾਘਾ ਕੀਤੀ
प्रविष्टि तिथि:
14 NOV 2021 5:38PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਮਹਿਲਾਵਾਂ ਨੂੰ ਜਾਇਦਾਦ ਦੇ ਬਰਾਬਰ ਅਧਿਕਾਰ ਪ੍ਰਦਾਨ ਕਰਨ ਦਾ ਸੱਦਾ ਦਿੱਤਾ ਅਤੇ ਦੇਸ਼ ਦੀ ਪ੍ਰਗਤੀ ਲਈ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਸ਼ਕਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਵੈਂਕਟਚਲਮ, ਨੇਲੋਰ ਵਿਖੇ ਸਵਰਣ ਭਾਰਤ ਟਰੱਸਟ ਦੀ 20ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਹਿੱਸਾ ਲੈਂਦਿਆਂ, ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇਸ਼ ਦੀ ਆਬਾਦੀ ਦਾ ਤਕਰੀਬਨ 50 ਪ੍ਰਤੀਸ਼ਤ ਹਿੱਸਾ ਹਨ ਅਤੇ ਕਿਹਾ ਕਿ ਉਨ੍ਹਾਂ ਨੂੰ ਵਿਭਿੰਨ ਖੇਤਰਾਂ ਵਿੱਚ ਪੁਰਸ਼ਾਂ ਦੇ ਬਰਾਬਰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਮਹਿਲਾਵਾਂ ਵਿਰੁੱਧ ਅੱਤਿਆਚਾਰਾਂ ਦੀ ਨਿੰਦਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਵਿਭਿੰਨ ਵੋਕੇਸ਼ਨਾਂ ਵਿੱਚ ਕੌਸ਼ਲ ਪ੍ਰਦਾਨ ਕਰਨ ਤੋਂ ਇਲਾਵਾ ਸੰਸਦ ਵਿੱਚ ਮਹਿਲਾਵਾਂ ਨੂੰ ਰਾਖਵਾਂਕਰਨ ਪ੍ਰਦਾਨ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ।
ਇਸ ਗੱਲ 'ਤੇ ਤਸੱਲੀ ਜ਼ਾਹਿਰ ਕਰਦੇ ਹੋਏ ਕਿ ਸਵਰਣ ਭਾਰਤ ਟਰੱਸਟ ਪਿਛਲੇ 20 ਵਰ੍ਹਿਆਂ ਤੋਂ ਲੋੜਵੰਦ ਅਤੇ ਹਾਸ਼ੀਏ 'ਤੇ ਪਏ ਵਰਗਾਂ, ਖ਼ਾਸ ਤੌਰ 'ਤੇ ਗ੍ਰਾਮੀਣ ਖੇਤਰਾਂ ਦੇ ਸਸ਼ਕਤੀਕਰਣ ਦੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਹਜ਼ਾਰਾਂ ਨੌਜਵਾਨ ਗ੍ਰਾਮੀਣ ਪੁਰਸ਼ ਅਤੇ ਮਹਿਲਾਵਾਂ ਨੂੰ ਵਿਭਿੰਨ ਵੋਕੇਸ਼ਨਾਂ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ, ਉਹਨਾਂ ਵਿੱਚੋਂ ਬਹੁਤ ਸਾਰੇ ਸਫਲ ਉੱਦਮੀ ਬਣ ਰਹੇ ਹਨ। ਉਨ੍ਹਾਂ ਅੱਗੇ ਕਿਹਾ “ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਟਰੱਸਟ ਦਾ ਫੋਕਸ ਕਿਸਾਨ, ਮਹਿਲਾਵਾਂ ਅਤੇ ਨੌਜਵਾਨ ਹਨ। ਲੋਕਾਂ ਦੀ ਅਜਿਹੀ ਸੇਵਾ ਭਗਤੀ ਦਾ ਸਭ ਤੋਂ ਉੱਚਾ ਸਵਰੂਪ ਹੈ।”
ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਹਮੇਸ਼ਾ ਇਹ ਮੰਨਦੇ ਹਨ ਕਿ ਗ਼ਰੀਬ ਅਤੇ ਹਾਸ਼ੀਆਗ੍ਰਸਤ ਵਰਗਾਂ ਨੂੰ ਸਿੱਖਿਆ ਅਤੇ ਵੋਕੇਸ਼ਨਲ ਸਕਿਲਸ ਦੇ ਮਾਧਿਅਮ ਨਾਲ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ।
ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਟਰੱਸਟ ਨੇ ਕਦੇ ਵੀ ਸਰਕਾਰ ਤੋਂ ਕੋਈ ਮਦਦ ਨਹੀਂ ਲਈ, ਉਨ੍ਹਾਂ ਨੇ ਇਸ ਨੂੰ "ਕੋਈ ਮਾਮੂਲੀ ਪ੍ਰਾਪਤੀ ਨਹੀਂ" ਦਸਿਆ ਦਿੱਤਾ ਅਤੇ ਮੈਨੇਜਿੰਗ ਟਰੱਸਟੀ, ਸੁਸ਼੍ਰੀ ਦੀਪਾ ਵੈਂਕਟ, ਟਰੱਸਟੀਆਂ ਅਤੇ ਉਨ੍ਹਾਂ ਸਾਰੇ ਲੋਕਾਂ ਜਿਨ੍ਹਾਂ ਨੇ ਟਰੱਸਟ ਨੂੰ ਇਸਦੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਯੋਗ ਬਣਾਇਆ, ਦੀ ਸ਼ਲਾਘਾ ਕੀਤੀ।
ਦੇਸ਼ ਦੀ ਆਰਥਿਕ ਤਰੱਕੀ ਵਿੱਚ ਖੇਤੀਬਾੜੀ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਸਾਰੇ ਹਿਤਧਾਰਕਾਂ ਨੂੰ ਖੇਤੀਬਾੜੀ 'ਤੇ ਵਧੇਰੇ ਧਿਆਨ ਦੇਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ, ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਕੇ ਅਤੇ ਸਸ਼ਕਤ ਬਣਾ ਕੇ ਭਾਰਤ ਦੇ ਜਨਸੰਖਿਆ ਲਾਭਅੰਸ਼ ਦਾ ਪੂਰਾ ਲਾਭ ਉਠਾਇਆ ਜਾਣਾ ਚਾਹੀਦਾ ਹੈ।
ਸ਼ਹਿਰੀ-ਗ੍ਰਾਮੀਣ ਪਾੜੇ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਨੂੰ ਹੋਰ ਤੇਜ਼ੀ ਨਾਲ ਪੁਰ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਸਾਡੇ ਪਿੰਡਾਂ ਤੋਂ ਸ਼ਹਿਰਾਂ ਅਤੇ ਸ਼ਹਿਰੀ ਕੇਂਦਰਾਂ ਵੱਲ ਪਰਵਾਸ ਨੂੰ ਵੀ ਰੋਕੇਗਾ।
ਉਪ ਰਾਸ਼ਟਰਪਤੀ ਨੇ ਪਦਮ ਪੁਰਸਕਾਰਾਂ ਦੀ ਚੋਣ ਵਿੱਚ ਨਵੀਂ ਪਰੰਪਰਾ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ, ਜੋ ਇਸ ਮੌਕੇ ਮੌਜੂਦ ਸਨ, ਦੀ ਪ੍ਰਸ਼ੰਸਾ ਕੀਤੀ।
ਸ਼੍ਰੀ ਨਾਇਡੂ ਦੀ ਪ੍ਰਧਾਨਗੀ ਹੇਠ ਰਾਜ ਸਭਾ ਵਿੱਚ ਧਾਰਾ 370 ਨੂੰ ਰੱਦ ਕਰਨ ਨਾਲ ਸਬੰਧਿਤ ਬਿਲ ਪਾਸ ਹੋਣ 'ਤੇ ਸ਼੍ਰੀ ਅਮਿਤ ਸ਼ਾਹ ਵੱਲੋਂ ਕੀਤੀਆਂ ਟਿੱਪਣੀਆਂ ਦੇ ਜਵਾਬ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਇੱਕ ਇਤਿਹਾਸਿਕ ਪਲ ਸੀ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਜੰਮੂ ਅਤੇ ਕਸ਼ਮੀਰ ਦੇ ਬਾਕੀ ਭਾਰਤ ਨਾਲ ਪੂਰਨ ਏਕੀਕਰਣ ਕੀਤੇ ਜਾਣ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਵਿਸਤ੍ਰਿਤ ਚਰਚਾ ਤੋਂ ਬਾਅਦ ਬਿਲ ਪਾਸ ਹੋਣ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੇ ਖੁਸ਼ੀ ਮਨਾਈ।
ਕੋਵਿਡ-19 ਮਹਾਮਾਰੀ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਵੈਕਸੀਨ ਸਬੰਧੀ ਝਿਜਕ ਨੂੰ ਦੂਰ ਕਰਨ ਅਤੇ ਆਪਣੇ-ਆਪ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ, ਸਵਰਣ ਭਾਰਤ ਟਰੱਸਟ ਦੇ ਪ੍ਰਧਾਨ ਸ਼੍ਰੀ ਕਮਿਨੇਨੀ ਸ਼੍ਰੀਨਿਵਾਸ, ਸਵਰਣ ਭਾਰਤ ਟਰੱਸਟ ਦੇ ਟਰੱਸਟੀ ਸੁਸ਼੍ਰੀ ਦੀਪਾ ਵੈਂਕਟ ਇਮਾਨੀ, ਸ਼੍ਰੀ ਮੁਪਾਵਰਪੂ ਹਰਸ਼ਵਰਧਨ, ਟਰੱਸਟ ਦੇ ਟਰੱਸਟੀ, ਸਟਾਫ਼ ਅਤੇ ਟ੍ਰੇਨੀਜ਼ ਹੋਰ ਪਤਵੰਤਿਆਂ ਸਮੇਤ ਹਾਜ਼ਰ ਸਨ।
********* *********
ਐੱਮਐੱਸ/ਆਰਕੇ/ਐੱਨਐੱਸ
(रिलीज़ आईडी: 1771764)
आगंतुक पटल : 262