ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

‘ਜਨਜਾਤੀਯ ਗੌਰਵ ਦਿਵਸ’ ਦੇ ਅਵਸਰ ‘ਤੇ ਪ੍ਰਧਾਨ ਮੰਤਰੀ 15 ਨਵੰਬਰ ਨੂੰ ਮੱਧ ਪ੍ਰਦੇਸ਼ ਜਾਣਗੇ


ਪ੍ਰਧਾਨ ਮੰਤਰੀ ‘ਜਨਜਾਤੀਯ ਗੌਰਵ ਦਿਵਸ ਮਹਾ–ਸੰਮੇਲਨ’ ’ਚ ਜਨਜਾਤੀਯ ਭਾਈਚਾਰੇ ਲਈ ਕਈ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕਰਨਗੇ



ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ’ਚ ‘ਰਾਸ਼ਨ ਆਪਕੇ ਗ੍ਰਾਮ’ ਯੋਜਨਾ ਦੀ ਸ਼ੁਰੂਆਤ ਕਰਨਗੇ



ਪ੍ਰਧਾਨ ਮੰਤਰੀ ‘ਮੱਧ ਪ੍ਰਦੇਸ਼ ਸਿੱਕਲ ਸੈੱਲ ਮਿਸ਼ਨ’ ਵੀ ਲਾਂਚ ਕਰਨਗੇ



ਪ੍ਰਧਾਨ ਮੰਤਰੀ ਦੇਸ਼ ਭਰ ’ਚ 50 ਏਕਲਵਯ ਮੋਡਲ ਰੈਜ਼ੀਡੈਂਸ਼ੀਅਨ ਸਕੂਲਾਂ ਦਾ ਨੀਂਹ–ਪੱਥਰ ਰੱਖਣਗੇ

Posted On: 14 NOV 2021 4:46PM by PIB Chandigarh

ਭਾਰਤ ਸਰਕਾਰ 15 ਨਵੰਬਰ ਨੂੰ ਅਮਰ ਸ਼ਹੀਦ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ‘ਜਨਜਾਤੀਯ ਗੌਰਵ ਦਿਵਸ’ ਵਜੋਂ ਮਨਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭੋਪਾਲ ਦੇ ਜੰਬੂਰੀ ਮੈਦਾਨ ’ਚ ਆਯੋਜਿਤ ‘ਜਨਜਾਤੀਯ ਗੌਰਵ ਦਿਵਸ ਮਹਾ–ਸੰਮੇਲਨ’ ’ਚ ਭਾਗ ਲੈਣਗੇ, ਜਿੱਥੇ ਉਹ ਦੁਪਹਿਰ 1:00 ਵਜੇ ਜਨਜਾਤੀਯ (ਕਬਾਇਲੀ) ਭਾਈਚਾਰੇ ਦੀ ਭਲਾਈ ਲਈ ਅਨੇਕ ਪਹਿਲਾਂ ਦੀ ਸ਼ੁਰੂਆਤ ਕਰਨਗੇ।

‘ਜਨਜਾਤੀਯ ਗੌਰਵ ਮਹਾ–ਸੰਮੇਲਨ’ ਮੌਕੇ ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ’ਚ ‘ਰਾਸ਼ਨ ਆਪਕੇ ਗ੍ਰਾਮ’ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਦਾ ਉਦੇਸ਼ ਜਨਜਾਤੀਯ ਭਾਈਚਾਰੇ ਦੇ ਲਾਭਾਰਥੀਆਂ ਨੂੰ ਜਨਤਕ ਵੰਡ ਪ੍ਰਣਾਲੀ (PDS) ਦੇ ਰਾਸ਼ਨ ਦਾ ਮਾਸਿਕ ਕੋਟਾ ਉਨ੍ਹਾਂ ਦੇ ਪਿੰਡਾਂ ’ਚ ਹਰ ਮਹੀਨੇ ਪਹੁੰਚਾਉਣਾ ਹੈ, ਤਾਂ ਜੋ ਉਨ੍ਹਾਂ ਆਪਣਾ ਰਾਸ਼ਨ ਲੈਣ ਲਈ ਡੀਪੂ (ਫ਼ੇਅਰ ਪ੍ਰਾਈਸ ਸ਼ੌਪ) ਤੱਕ ਨਾ ਜਾਣਾ ਪਵੇ।

ਮਹਾ–ਸੰਮੇਲਨ ਦੌਰਾਨ, ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਸਿੱਕਲ ਸੈੱਲ (ਹੀਮੋਗਲੋਬਿਨੋਪੈਥੀ) ਮਿਸ਼ਨ ਦੀ ਸ਼ੁਰੂਆਤ ਕਰਦਿਆਂ ਲਾਭਾਰਥੀਆਂ ਨੂੰ ਜੀਨੈਟਿਕ ਕਾਉਂਸਲਿੰਗ ਕਾਰਡ ਵੀ ਸੌਂਪਣਗੇ। ਮਿਸ਼ਨ ਨੂੰ ਸਿੱਕਲ ਸੈੱਲ ਅਨੀਮੀਆ, ਥੈਲੇਸੀਮੀਆ ਅਤੇ ਹੋਰ ਹੀਮੋਗਲੋਬਿਨੋਪੈਥੀ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਅਤੇ ਪ੍ਰਬੰਧਨ ਅਤੇ ਇਹਨਾਂ ਬਿਮਾਰੀਆਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਵਿਕਸਿਤ ਕੀਤਾ ਗਿਆ ਹੈ, ਜਿਸ ਦਾ ਪ੍ਰਭਾਵ ਮੱਧ ਪ੍ਰਦੇਸ਼ ਦੇ ਜਨਜਾਤੀਯ (ਕਬਾਇਲੀ) ਭਾਈਚਾਰੇ 'ਤੇ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਤ੍ਰਿਪੁਰਾ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਸਮੇਤ ਦੇਸ਼ ਭਰ ਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 50 ਏਕਲਵਯ ਮੋਡਲ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਜਨਜਾਤੀ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਏ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਮੱਧ ਪ੍ਰਦੇਸ਼ ਦੇ ਜਨਜਾਤੀ ਭਾਈਚਾਰੇ ਦੇ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਅਤੇ ਨਾਇਕਾਂ ਦੀ ਫੋਟੋ ਪ੍ਰਦਰਸ਼ਨੀ ਵੀ ਦੇਖਣਗੇ। ਉਹ ਨਵੇਂ ਨਿਯੁਕਤ ਖਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹਾਂ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਸੌਂਪਣਗੇ।

ਇਸ ਸਮਾਰੋਹ ਦੌਰਾਨ ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਮੁੱਖ ਮੰਤਰੀ ਡਾ. ਵੀਰੇਂਦਰ ਕੁਮਾਰ, ਸ਼੍ਰੀ ਨਰੇਂਦਰ ਸਿੰਘ ਤੋਮਰ, ਸ਼੍ਰੀ ਜਯੋਤਿਰਾਦਿੱਤਿਆ ਐੱਮ ਸਿੰਧੀਆ, ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਹਿਲਾਦ ਐੱਸ ਪਟੇਲ, ਸ਼੍ਰੀ ਫੱਗਨ ਸਿੰਘ ਕੁਲਸਤੇ ਅਤੇ ਡਾ. ਐੱਲ ਮੁਰੂਗਨ ਵੀ ਮੌਜੂਦ ਰਹਿਣਗੇ।

ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਪੁਨਰ-ਵਿਕਸਿਤ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ ਅਤੇ ਮੱਧ ਪ੍ਰਦੇਸ਼ ਵਿੱਚ ਰੇਲਵੇ ਦੀਆਂ ਕਈ ਪਹਿਲਾਂ ਦੀ ਸ਼ੁਰੂਆਤ ਕਰਨਗੇ।

 

************

 

ਡੀਐੱਸ/ਏਕੇਜੇ/ਏਕੇ


(Release ID: 1771762) Visitor Counter : 184