ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਸਾਡੀ ਜੀਵਨ–ਸ਼ੈਲੀ ਤੇ ਸੋਚ ਦੇ ਹਰ ਪੱਖ ਦੇ ਪੁਨਰ–ਮੁੱਲਾਂਕਣ ਦਾ ਸੱਦਾ ਦਿੱਤਾ


ਧਰਮ–ਧੰਮ ਪਰੰਪਰਾਵਾਂ ’ਚ ਕੋਵਿਡ ਤੋਂ ਬਾਅਦ ਵਿਸ਼ਵ ਦੇ ਸਾਹਮਣੇ ਉੱਭਰਦੀਆਂ ਚੁਣੌਤੀਆਂ ਲਈ ਸਮਾਵੇਸ਼ੀ ਜਵਾਬ ਮੌਜੂਦ ਹਨ: ਉਪ ਰਾਸ਼ਟਰਪਤੀ



ਧਰਮ–ਧੰਮ ਨੇ ਸਦੀਆਂ ਤੋਂ ਵਿਭਿੰਨ ਪ੍ਰਗਟਾਵਿਆਂ ਨਾਲ ਇੱਕ ਨੈਤਿਕ ਉਪਕਰਣ ਵਜੋਂ ਕੰਮ ਕੀਤਾ ਹੈ



ਉਪ ਰਾਸ਼ਟਰਪਤੀ ਨੇ ਨਾਲੰਦਾ ਯੂਨੀਵਰਸਿਟੀ ਦਾ ਪੁਰਾਣਾ ਮਾਣ ਵਾਪਸ ਹਾਸਲ ਕਰਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਦੁਨੀਆ ਦਾ ਸਭ ਤੋਂ ਵੱਡਾ ਆਤਮਨਿਰਭਰ ਨੈੱਟ ਜ਼ੀਰੋ ਕੈਂਪਸ ਬਣਾਉਣ ਦੀ ਮੰਗ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ



ਉਪ ਰਾਸ਼ਟਰਪਤੀ ਨੇ ਨਾਲੰਦਾ ਯੂਨੀਵਰਸਿਟੀ ’ਚ ਛੇਵੇਂ ਧੰਮ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ

Posted On: 07 NOV 2021 5:31PM by PIB Chandigarh

ਦੁਨੀਆ ’ਚ ਸ਼ਾਂਤੀ ਤੇ ਸਦਭਾਵਨਾ ਦੀ ਸਥਾਪਨਾ ਲਈ ਉਪ–ਰਾਸ਼ਟਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਸਾਡੀ ਜੀਵਨ–ਸ਼ੈਲੀ ਤੇ ਸੋਚ ਦੇ ਹਰ ਪੱਖ ਦਾ ਮੁੱਲਾਂਕਣ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਲੋਕਾਂ ਦੇ ਜੀਵਨ ’ਚ ਤਣਾਅ ਘਟਾਉਣ ਤੇ ਉਨ੍ਹਾਂ ਨੂੰ ਸੁਖੀ ਤੇ ਪ੍ਰਸੰਨ ਬਣਾਉਣ ਦਾ ਰਾਹ ਲੱਭਣਾ ਹੋਵੇਗਾ।

ਕੋਵਿਡ–19 ਤੋਂ ਬਾਅਦ ਵਿਸ਼ਵ ਵਿਵਸਥਾ ਦੇ ਨਿਰਮਾਣ ’ਚ ਧਰਮ–ਧੰਮ ਪਰੰਪਰਾਵਾਂ ਦੀ ਭੂਮਿਕਾ ਉੱਤੇ ਨਾਲੰਦਾ ’ਚ ਛੇਵੇਂ ਧਰਮ–ਧੰਮ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਦੂਜੀਆਂ ਧਾਰਮਿਕ ਮਾਨਤਾਵਾਂ ਨਾਲ ਹਿੰਦੂ ਧਰਮ ਤੇ ਬੁੱਧ ਧਰਮ–ਧੰਮ ਪਰੰਪਰਾਵਾਂ ’ਚ ਕੋਵਿਡ ਤੋਂ ਬਾਅਦ ਵਿਸ਼ਵ ਸਾਹਵੇਂ ਉੱਭਰਦੀਆਂ ਚੁਣੌਤੀਆਂ ਲਈ ਸਮੁੱਚੇ ਅਤੇ ਸਮਾਵੇਸ਼ੀ ਜਵਾਬ ਮੌਜੂਦ ਹਨ। ਨਾਲ ਹੀ ਉਨ੍ਹਾਂ ਇਹ ਵੀ ਭਰੋਸਾ ਪ੍ਰਗਟਾਇਆ ਕਿ ਹਿੰਦੂ ਧਰਮ ਤੇ ਬੁੱਧ ਧਰਮ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਅਤੇ ਆਪਣੇ ਜੀਵਨ ’ਚ ਉਤਾਰ ਕੇ ਵਿਅਕਤੀ ਆਪਣੇ ਅੰਤਰ–ਮਨ ਤੇ ਬਾਹਰੀ ਜਗਤ ’ਚ ਸ਼ਾਂਤੀ ਨੂੰ ਪ੍ਰਾਪਤ ਕਰ ਸਕਦਾ ਹੈ।

ਸ਼੍ਰੀ ਨਾਇਡੂ ਨੇ ਕਿਹਾ ਕਿ ਕਾਨਫਰੰਸ ਇਹ ਪਰਖਣ ਦਾ ਮੌਕਾ ਪ੍ਰਦਾਨ ਕਰਦੀ ਹੈ ਕਿ ਸਾਡੇ ਆਲ਼ੇ–ਦੁਆਲ਼ੇ ਦੇ ਸੰਸਾਰ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਧਰਮ ਅਤੇ ਧੰਮ ਦੀਆਂ ਸਿੱਖਿਆਵਾਂ ਅਤੇ ਅਭਿਆਸਾਂ ਨੂੰ ਕਿਸ ਹੱਦ ਤੱਕ ਲਾਗੂ ਕੀਤਾ ਜਾ ਸਕਦਾ ਹੈ। ਸ਼ਾਂਤੀਪੂਰਨ ਸਹਿ-ਹੋਂਦ, ਸਹਿਯੋਗ, ਆਪਸੀ ਦੇਖਭਾਲ ਅਤੇ ਸਾਂਝ, ਅਹਿੰਸਾ, ਦੋਸਤੀ, ਦਇਆ, ਸ਼ਾਂਤੀ, ਸਚਾਈ, ਇਮਾਨਦਾਰੀ, ਨਿਸ਼ਕਾਮ ਸੇਵਾ ਅਤੇ ਤਿਆਗ ਦੇ ਵਿਸ਼ਵ-ਵਿਆਪੀ ਸਿਧਾਂਤ ਧਾਰਮਿਕ ਨੈਤਿਕ ਸਿਧਾਂਤਾਂ ਦਾ ਅਭਿੰਨ ਅੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਵਿਆਖਿਆ ਸਾਡੇ ਰਿਸ਼ੀ-ਮੁਨੀਆਂ, ਸਾਧੂਆਂ, ਸੰਨਿਆਸੀਆਂ, ਸਾਧੂਆਂ, ਮਹਾਪੁਰਖਾਂ ਨੇ ਵਾਰ-ਵਾਰ ਕੀਤੀ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਧਰਮ-ਧੰਮ ਦੀ ਧਾਰਨਾ ਸੱਚ ਅਤੇ ਅਹਿੰਸਾ, ਸ਼ਾਂਤੀ ਅਤੇ ਸਦਭਾਵਨਾ, ਮਨੁੱਖਤਾ ਅਤੇ ਅਧਿਆਤਮਿਕ ਸਬੰਧ ਅਤੇ ਵਿਸ਼ਵਵਿਆਪੀ ਭਾਈਚਾਰਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਜਿਹੇ ਬਹੁਤ ਸਾਰੇ ਪ੍ਰਗਟਾਵਿਆਂ ’ਚ ਸ਼ਾਮਲ ਹੈ, ਇੱਕ ਨੈਤਿਕ ਸਰੋਤ ਵਜੋਂ ਕੰਮ ਕਰਦੀ ਹੈ, ਜਿਸ ਨੇ ਭਾਰਤੀ ਉਪ ਮਹਾਦੀਪ ਦੇ ਲੋਕਾਂ ਨੂੰ ਸਦੀਆਂ ਤੋਂ ਸੇਧ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵਾਨ ਬੁੱਧ ਨੇ ਸਾਨੂੰ ਸਰਲ ਤਰੀਕੇ ਨਾਲ ਸਮਝਾਇਆ ਹੈ ਕਿ "ਧਰਮ ਦਾ ਪਾਲਣ ਕਰੋ, ਨੈਤਿਕ ਕਦਰਾਂ-ਕੀਮਤਾਂ ਦਾ ਸਤਿਕਾਰ ਕਰੋ, ਆਪਣੀ ਹਉਮੈ ਨੂੰ ਤਿਆਗ ਦਿਓ ਅਤੇ ਸਾਰਿਆਂ ਤੋਂ ਚੰਗੀਆਂ ਗੱਲਾਂ ਸਿੱਖੋ।"

ਸ਼੍ਰੀ ਨਾਇਡੂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਕਾਨਫਰੰਸ ਕੋਵਿਡ ਤੋਂ ਬਾਅਦ ਦੀ ਦੁਨੀਆ ਨੂੰ ਮਨੁੱਖਤਾ ਲਈ ਇੱਕ ਬਿਹਤਰ ਸਥਾਨ ਬਣਾਉਣ ਲਈ ਨਵੇਂ ਸਬਕ ਅਤੇ ਸਮਝ ਪ੍ਰਦਾਨ ਕਰੇਗੀ - ਇੱਕ ਅਜਿਹਾ ਸੰਸਾਰ ਜਿੱਥੇ ਮੁਕਾਬਲਾ ਹਮਦਰਦੀ ਦਾ ਰਾਹ ਦਿੰਦਾ ਹੈ, ਦੌਲਤ ਸਿਹਤ ਨੂੰ ਰਾਹ ਦਿੰਦੀ ਹੈ। ਖਪਤਵਾਦ ਅਧਿਆਤਮਿਕਤਾ ਅਤੇ ਸਰਬਉੱਚਤਾ ਲਈ ਰਾਹ ਪੱਧਰਾ ਕਰਦਾ ਹੈ। ਅਤੇ ਦਬਦਬੇ ਦੀ ਭਾਵਨਾ ਸ਼ਾਂਤੀਪੂਰਨ ਸਹਿ-ਹੋਂਦ ਲਈ ਰਾਹ ਪੱਧਰਾ ਕਰਦੀ ਹੈ।

ਇਤਿਹਾਸਿਕ ਤੌਰ 'ਤੇ ਪ੍ਰਸਿੱਧ ਨਾਲੰਦਾ ਯੂਨੀਵਰਸਿਟੀ ਦੀ ਅਕਾਦਮਿਕ ਭਾਵਨਾ ਨੂੰ ਮਜ਼ਬੂਤ ਕਰਨ ਅਤੇ ਨਵੇਂ ਤਰੀਕੇ ਨਾਲ ਯਤਨ ਕਰਨ ਲਈ, ਵਾਈਸ ਚਾਂਸਲਰ ਪ੍ਰੋ. ਸੁਨੈਨਾ ਸਿੰਘ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀ ਦੀ ਉਹੀ ਸ਼ਾਨ ਮੁੜ ਹਾਸਲ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ, ਨਾਲੰਦਾ ਯੂਨੀਵਰਸਿਟੀ ਨੂੰ ਗਿਆਨ ਦੀ ਸ਼ਕਤੀ ਰਾਹੀਂ ਭਾਰਤ ਨੂੰ ਬਾਹਰੀ ਦੁਨੀਆ ਨਾਲ ਜੋੜਨ ਲਈ ਇੱਕ ਵਾਰ ਫਿਰ 'ਪੁਲ ਅਤੇ ਨੀਂਹ' ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ,'ਸਿੱਖਿਆ ਦੇ ਇਸ ਮਹਾਨ ਕੇਂਦਰ ਨੂੰ ਰਚਨਾਤਮਕ ਸਹਿਯੋਗ ਦੀ ਭਾਵਨਾ ਨਾਲ ਹਰੇਕ ਵਿਦਿਆਰਥੀ ਲਈ ਇੱਕ ਪਰਿਵਰਤਨਸ਼ੀਲ ਵਿਦਿਅਕ ਅਨੁਭਵ ਪ੍ਰਦਾਨ ਕਰਨਾ ਚਾਹੀਦਾ ਹੈ'।

ਜਲਵਾਯੂ ਪਰਿਵਰਤਨ ਦੇ ਗੰਭੀਰ ਨਤੀਜਿਆਂ ਬਾਰੇ ਸੁਚੇਤ ਕਰਦਿਆਂ ਉਪ ਰਾਸ਼ਟਰਪਤੀ ਨੇ ਕੁਦਰਤ ਨਾਲ ਇਕਸੁਰਤਾ ਵਿਚ ਰਹਿਣ 'ਤੇ ਜ਼ੋਰ ਦਿੱਤਾ। ਉਨ੍ਹਾਂ ਆਪਣੀਆਂ ਜੜ੍ਹਾਂ ਵੱਲ ਪਰਤਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਦੀ ਰਵਾਇਤੀ ਜੀਵਨ ਸ਼ੈਲੀ ਨੂੰ ਮੁੜ ਤੋਂ ਅਪਣਾਉਣਾ ਚਾਹੀਦਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਵਾਤਾਵਰਨ ਅਤੇ ਕੁਦਰਤ ਨਾਲ ਮੇਲ ਖਾਂਦਾ ਜੀਵਨ ਬਤੀਤ ਕੀਤਾ ਸੀ। ਇਸ ਮੌਕੇ 'ਤੇ ਬੋਲਦਿਆਂ, ਉਪ ਰਾਸ਼ਟਰਪਤੀ ਨੇ ਨਾਲੰਦਾ ਯੂਨੀਵਰਸਿਟੀ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਆਤਮਨਿਰਭਰ ਨੈੱਟ-ਜ਼ੀਰੋ ਕੈਂਪਸ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਸ਼੍ਰੀ ਫੱਗੂ ਚੌਹਾਨ, ਬਿਹਾਰ ਦੇ ਰਾਜਪਾਲ, ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਸ਼੍ਰੀਮਤੀ ਪਵਿਤ੍ਰਾ ਵੰਨਿਆਰਾਚੀ, ਟਰਾਂਸਪੋਰਟ ਮੰਤਰੀ, ਸ਼੍ਰੀਲੰਕਾ ਸਰਕਾਰ, ਪ੍ਰੋ. ਸੁਨੈਨਾ ਸਿੰਘ, ਵਾਈਸ ਚਾਂਸਲਰ, ਨਾਲੰਦਾ ਯੂਨੀਵਰਸਿਟੀ, ਸ਼੍ਰੀਮਤੀ ਲਲਿਤਾ ਕੁਮਾਰ ਮੰਗਲਮ, ਡਾਇਰੈਕਟਰ, ਇੰਡੀਆ ਫਾਊਂਡੇਸ਼ਨ ਅਤੇ ਸ਼੍ਰੀ ਧਰੁਵ ਕਟੋਚ, ਡਾਇਰੈਕਟਰ, ਇੰਡੀਆ ਫਾਊਂਡੇਸ਼ਨ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

 

*****

 

ਐੱਮਐੱਸ/ਐੱਨਐੱਸ/ਡੀਪੀ



(Release ID: 1769940) Visitor Counter : 158


Read this release in: English , Urdu , Hindi , Tamil