ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਅਤੇ ਉਪ ਰਾਜਪਾਲ ਸ਼੍ਰੀ ਸਿਨਹਾ ਨੇ ਕਸ਼ਮੀਰ ਵਿੱਚ ਸੇਬ ਮਹੋਤਸਵ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਦੁਆਰਾ ਮੁਹੱਈਆ ਕਰਵਾਈ ਗਈ ਰਾਸ਼ੀ ਨਾਲ ਜੰਮੂ ਤੇ ਕਸ਼ਮੀਰ ਵਿੱਚ ਖੇਤੀ ਵਿਕਾਸ 'ਤੇ ਬਿਹਤਰ ਕੰਮ ਹੋ ਰਿਹਾ ਹੈ - ਸ਼੍ਰੀ ਤੋਮਰ
ਸ਼੍ਰੀ ਤੋਮਰ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਧਾਕ ਅਤੇ ਸਾਖ ਨੂੰ ਵਧਾਉਣ ਲਈ ਜੀ-ਜਾਨ ਨਾਲ ਪ੍ਰਯਤਨ ਕਰ ਰਹੇ ਹਨ
Posted On:
28 OCT 2021 6:05PM by PIB Chandigarh
ਜੰਮੂ ਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਪਹਿਲੀ ਵਾਰ ਆਯੋਜਿਤ ਸੇਬ ਮਹੋਤਸਵ ਦਾ ਅੱਜ ਵਰਚੂਅਲੀ ਸ਼ੁੱਭ ਆਰੰਭ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਨੇ ਕੀਤਾ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇਸ਼ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰ ਦੇ ਵਿਕਾਸ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਸਾਖ ਵਧਾਉਣ ਅਤੇ ਧਾਕ ਜਮਾਉਣ ਲਈ ਹਰ ਜੀ-ਜਾਨ ਨਾਲ ਕੋਸ਼ਿਸ਼ ਕਰ ਰਹੇ ਹਨ। ਸ਼੍ਰੀ ਤੋਮਰ ਨੇ ਜੰਮੂ ਤੇ ਕਸ਼ਮੀਰ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਖ-ਵੱਖ ਯੋਜਨਾਵਾਂ ਤਹਿਤ ਮੁਹੱਈਆ ਕਰਵਾਈ ਰਾਸ਼ੀ ਨਾਲ ਰਾਜ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਬਹੁਤ ਵਧੀਆ ਅਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਸੇਬ ਅਤੇ ਕਸ਼ਮੀਰ ਇੱਕ ਦੂਜੇ ਦੇ ਸਮਾਨਾਰਥੀ ਹਨ, ਇਹ ਮੁੱਖ ਫਸਲ ਹੈ ਅਤੇ ਇਹ ਮਹੱਤਵਪੂਰਨ ਆਯੋਜਨ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਦੀ ਕੁਸ਼ਲ ਅਗਵਾਈ ਵਿੱਚ ਸੇਬ ਉਤਪਾਦਕਾਂ ਅਤੇ ਹੋਰ ਹਿੱਸੇਦਾਰਾਂ ਨੂੰ ਇੱਕ ਬਿਹਤਰ ਪਲੈਟਫਾਰਮ ਪ੍ਰਦਾਨ ਕਰੇਗਾ। 2.2 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਦੇ ਸਾਲਾਨਾ ਉਤਪਾਦਨ ਦੇ ਨਾਲ, ਇੱਥੇ ਸੇਬ ਰਾਸ਼ਟਰੀ ਉਤਪਾਦਨ ਵਿੱਚ 87 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ ਅਤੇ ਜੰਮੂ ਤੇ ਕਸ਼ਮੀਰ ਦੀ ਲਗਭਗ 30 ਪ੍ਰਤੀਸ਼ਤ ਆਬਾਦੀ ਦੀ ਆਜੀਵਿਕਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਸਿਨਹਾ ਦੀ ਅਗਵਾਈ ਹੇਠ ਖੇਤੀਬਾੜੀ ਦੇ ਖੇਤਰ ਵਿੱਚ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਘਾਟਾਂ ਦੀ ਪੂਰਤੀ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਸੇਬ ਮਹੋਤਸਵ ਦਾ ਆਯੋਜਨ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਸ਼੍ਰੀ ਤੋਮਰ ਨੇ ਖੁਸ਼ੀ ਜਤਾਈ ਕਿ ਰਾਜ ਵਿੱਚ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ 2300 ਹੈਕਟੇਅਰ ਖੇਤਰ ਵਿੱਚ ਉੱਚ ਘਣਤਾ ਵਾਲੇ ਪੌਦੇ ਲਗਾਏ ਗਏ ਹਨ ਅਤੇ ਉੱਚ ਘਣਤਾ ਵਾਲੇ ਪੌਦੇ ਲਗਾਉਣ ਸਬੰਧੀ ਸਮੱਗਰੀ ਲਈ ਸਭ ਤੋਂ ਵੱਡਾ ਸੰਗਰੋਧ ਕੇਂਦਰ ਵੀ ਖੋਲ੍ਹਿਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਪਿੰਡਾਂ ਅਤੇ ਖੇਤੀਬਾੜੀ ਖੇਤਰ ਵਿੱਚ ਇੱਕ ਪੈਰਾਡਾਈਮ ਪਰਿਵਰਤਨ ਲਿਆਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਕਿਸਾਨਾਂ ਦੀ ਮਿਹਨਤ, ਵਿਗਿਆਨੀਆਂ ਦੀ ਖੋਜ ਅਤੇ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਕਾਰਨ ਦੇਸ਼ ਵਿੱਚ ਖੇਤੀਬਾੜੀ ਖੇਤਰ ਲਗਾਤਾਰ ਵਿਕਾਸ ਕਰ ਰਿਹਾ ਹੈ। ਇਸ ਨਾਲ ਯਕੀਨੀ ਤੌਰ 'ਤੇ ਨਵੀਂ ਪੀੜ੍ਹੀ ਖੇਤੀ ਵੱਲ ਆਕਰਸ਼ਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੰਮੂ ਤੇ ਕਸ਼ਮੀਰ ਸਰਕਾਰ ਨੂੰ ਖੇਤੀਬਾੜੀ ਖੇਤਰ ਦੇ ਹੋਰ ਵਿਕਾਸ ਲਈ ਹਰ ਸੰਭਵ ਮਦਦ ਜਾਰੀ ਰੱਖੇਗੀ।
ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਨੇ ਕਿਹਾ ਕਿ ਜੀਡੀਪੀ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਜ਼ਿਆਦਾਤਰ ਵਸਨੀਕ ਖੇਤੀਬਾੜੀ 'ਤੇ ਅਧਾਰਤ ਹਨ, ਜਿਸ ਦੀ ਉੱਨਤੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। ਰਾਜ ਦੇ ਕਿਸਾਨ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਗਿਆਨੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਖੋਜ ਦਾ ਲਾਭ ਲੈਬ ਤੋਂ ਜ਼ਮੀਨ ਤੱਕ ਪਹੁੰਚਾਉਣ। ਸ਼੍ਰੀ ਸਿਨਹਾ ਨੇ ਭਰੋਸਾ ਦਿੱਤਾ ਕਿ ਜੰਮੂ ਤੇ ਕਸ਼ਮੀਰ ਵਿੱਚ ਖਰਾਬ ਮੌਸਮ ਕਾਰਨ ਹੋਏ ਨੁਕਸਾਨ ਦੇ ਬਦਲੇ ਵਿੱਚ ਸੂਬਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੂਰੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਕਰਨਾ ਜੰਮੂ ਤੇ ਕਸ਼ਮੀਰ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਸਬੰਧੀ ਕਾਨੂੰਨੀ ਪ੍ਰਬੰਧ ਵੀ ਕਿਸਾਨਾਂ ਦੇ ਹਿੱਤ ਵਿੱਚ ਹਨ।
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚੁੱਕੇ ਗਏ ਠੋਸ ਕਦਮਾਂ ਕਾਰਨ ਕਿਸਾਨਾਂ ਦੀ ਪ੍ਰਗਤੀ ਹੋਣੀ ਨਿਸ਼ਚਿਤ ਹੈ। ਕੇਂਦਰ ਦਾ ਖੇਤੀ ਬਜਟ ਹੁਣ 1.23 ਲੱਖ ਕਰੋੜ ਰੁਪਏ ਹੈ, ਜੋ ਕਿ ਮੋਦੀ ਸਰਕਾਰ ਆਉਣ ਤੋਂ ਪਹਿਲਾਂ ਕਰੀਬ 22 ਹਜ਼ਾਰ ਕਰੋੜ ਰੁਪਏ ਸੀ। ਐੱਮਐੱਸਪੀ 'ਤੇ ਖਰੀਦ, 1 ਲੱਖ ਕਰੋੜ ਰੁਪਏ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਜਿਹੇ ਉਪਾਵਾਂ ਤੋਂ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ।
ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਨਾਲ ਸਬੰਧਿਤ ਰਾਸ਼ੀ ਦੇ ਚੈਕ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਬਾਗਬਾਨੀ ਬਾਰੇ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਥਾਨਕ ਲੋਕ ਨੁਮਾਇੰਦੇ, ਸੇਬ ਉਤਪਾਦਕ, ਕਿਸਾਨ, ਉੱਦਮੀ, ਖੇਤੀ ਵਿਗਿਆਨੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਜੰਮੂ ਤੇ ਕਸ਼ਮੀਰ ਦੇ ਪ੍ਰਮੁੱਖ ਸਕੱਤਰ (ਖੇਤੀਬਾੜੀ) ਸ਼੍ਰੀ ਨਵੀਨ ਕੁਮਾਰ ਚੌਧਰੀ ਨੇ ਸੁਆਗਤੀ ਭਾਸ਼ਣ ਦਿੱਤਾ ਅਤੇ ਡਾਇਰੈਕਟਰ ਜਨਰਲ (ਬਾਗਬਾਨੀ) ਸ਼੍ਰੀ ਏਜਾਜ਼ ਅਹਿਮਦ ਭੱਟ ਨੇ ਧੰਨਵਾਦ ਕੀਤਾ।
**********
ਏਪੀਐੱਸ/ਜੇਕੇ/ਆਈਏ
(Release ID: 1767392)
ਵਿਜ਼ੀਟਰ ਕਾਊਂਟਰ : 181