ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ 25 ਤੋਂ 30 ਅਕਤੂਬਰ ਤੱਕ ਮੁੱਖ ਸੂਚਨਾ ਸੁਰੱਖਿਆ ਅਧਿਕਾਰੀਆਂ ਲਈ 'ਡੀਪ ਡਾਈਵ ਟ੍ਰੇਨਿੰਗ' ਪ੍ਰੋਗਰਾਮ ਦਾ ਆਯੋਜਨ ਕੀਤਾ
ਸਾਈਬਰ ਸੁਰਕਸ਼ਿਤ ਭਾਰਤ ਪਹਿਲ ਦੇ ਤਹਿਤ ਆਯੋਜਿਤ ਪ੍ਰੋਗਰਾਮ ਭਾਰਤ ਵਿੱਚ ਸਾਈਬਰ ਅਨੁਕੂਲ ਸੂਚਨਾ ਟੈਕਨੋਲੋਜੀ ਵਿਵਸਥਾ ਬਣਾਉਣ ਵਿੱਚ ਮਦਦ
Posted On:
28 OCT 2021 11:59AM by PIB Chandigarh
ਭਾਰਤ ਵਿੱਚ ਸਾਈਬਰ ਸੁਰੱਖਿਆ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਮੁੱਖ ਸੂਚਨਾ ਸੁਰੱਖਿਆ ਅਫ਼ਸਰਾਂ (ਸੀਆਈਐੱਸਓ) ਲਈ ਇੱਕ ਹਫ਼ਤੇ ਦੇ 'ਡੀਪ ਡਾਈਵ ਟ੍ਰੇਨਿੰਗ' ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਸ ਵਿੱਚ ਕੇਂਦਰ, ਰਾਜ ਸਰਕਾਰਾਂ, ਵੱਖ-ਵੱਖ ਮੰਤਰਾਲਿਆਂ, ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਬੈਂਕ ਸੰਗਠਨਾਂ ਦੇ ਤਕਨੀਕੀ ਮੁਖੀ, ਅਗਲੀ ਕਤਾਰ ਦੇ ਆਈਟੀ ਸਟਾਫ਼ ਵੀ ਸ਼ਾਮਲ ਹੋਣਗੇ।
ਸੰਯੋਗ ਨਾਲ ਇਸ ਸਮੇਂ ਦੌਰਾਨ ਰਾਸ਼ਟਰੀ ਸਾਈਬਰ ਸੁਰੱਖਿਆ ਮਹੀਨੇ ਦੇ ਸਮਾਗਮ ਵੀ ਚੱਲ ਰਹੇ ਹਨ। ਇਹ ਟ੍ਰੇਨਿੰਗ ਪ੍ਰੋਗਰਾਮ ਰਾਸ਼ਟਰੀ ਈ-ਸ਼ਾਸਨ ਡਿਵੀਜ਼ਨ (ਐੱਨ-ਈ-ਜੀਡੀ) ਦੁਆਰਾ ਆਯੋਜਿਤ ਵਰਕਸ਼ਾਪਾਂ ਦੀ ਲੜੀ ਦਾ ਹਿੱਸਾ ਹੈ। ਇਹ ਵਰਕਸ਼ਾਪ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਐੱਨ-ਈ-ਜੀਡੀ ਦੀ ਸਾਈਬਰ ਸੁਰਕਸ਼ਿਤ ਭਾਰਤ ਪਹਿਲ ਦੇ ਤਹਿਤ ਆਯੋਜਿਤ ਕੀਤੀ ਜਾ ਰਹੀ ਹੈ। ਇਹ ਸੀਆਈਐੱਸਓ ਅਤੇ ਹੋਰ ਭਾਗੀਦਾਰਾਂ ਨੂੰ ਸਾਈਬਰ ਦੁਨੀਆ ਦੇ ਬਦਲਦੇ ਮਾਪਾਂ ਨਾਲ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਤਿਆਰ ਕਰਨ ਵਿੱਚ ਮਦਦ ਕਰਨਗੇ, ਤਾਂ ਜੋ ਉਹ ਇੱਕ ਸੁਰੱਖਿਅਤ ਸਾਈਬਰ-ਸਪੇਸ ਦੇ ਲਾਭਾਂ ਨੂੰ ਵਿਅਕਤੀਗਤ ਸੰਸਥਾਵਾਂ ਅਤੇ ਨਾਗਰਿਕਾਂ ਤੱਕ ਪਹੁੰਚਾਉਣ ਦੇ ਯੋਗ ਹੋ ਸਕਣ। ਸੀਆਈਐੱਸਓ ਦੀ ਭੂਮਿਕਾ ਸੰਗਠਨਾਂ ਵਿੱਚ ਸਾਈਬਰ ਸੁਰੱਖਿਆ ਕਮੀਆਂ ਦਾ ਵਿਸ਼ਲੇਸ਼ਣ ਕਰਨਾ ਅਤੇ ਉਹਨਾਂ ਕਾਮਿਆਂ ਨੂੰ ਸੁਧਾਰਨ ਲਈ ਯੋਜਨਾ ਬਣਾਉਣਾ ਅਤੇ ਉਹਨਾਂ ਨੂੰ ਸੁਧਾਰਨਾ ਹੈ।
ਆਪਣੇ ਕੁੰਜੀਵਤ ਬਿਆਨ ਵਿੱਚ, ਐੱਨ-ਈ-ਜੀਡੀ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ, ਬੈਂਕਾਂ ਵਿੱਚ ਮੁੱਖ ਸੂਚਨਾ ਸੁਰੱਖਿਆ ਅਧਿਕਾਰੀਆਂ ਨੂੰ ਨਾ ਸਿਰਫ਼ ਟ੍ਰੇਨਿੰਗ ਦਿੱਤੀ ਜਾਵੇ, ਬਲਕਿ ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਕਿ ਉਹ ਭਾਰਤ ਦੇ ਸਾਈਬਰ ਸੁਰੱਖਿਆ ਦੂਤ ਬਣ ਕੇ ਸਾਈਬਰ ਸੁਰੱਖਿਆ ਦਾ ਸੰਦੇਸ਼ ਹਰ ਥਾਂ ਫੈਲਾ ਸਕਣ।
ਉਨ੍ਹਾਂ ਕਿਹਾ, “ਜੇਕਰ ਅਸੀਂ ਸਹੀ ਅਭਿਆਸਾਂ ਤੋਂ ਜਾਣੂ ਹੋਵਾਂਗੇ, ਤਾਂ ਅਸੀਂ ਅਜਿਹੀ ਸੰਸਕ੍ਰਿਤੀ ਅਪਣਾ ਸਕਾਂਗੇ, ਜੋ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੋਵੇ। ਨਾਲ ਹੀ ਅਸੀਂ ਨਵੀਆਂ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕਾਂਗੇ।” ਵਿਸ਼ਵ ਸਾਈਬਰ ਸੁਰੱਖਿਆ ਸੂਚਕਾਂਕ 2018 ਵਿੱਚ ਭਾਰਤ 47ਵੇਂ ਸਥਾਨ 'ਤੇ ਸੀ। ਭਾਰਤ ਹੁਣ 2021 'ਚ ਦਸਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਭਾਰਤ ਨੂੰ ਸਭ ਤੋਂ ਵੱਧ ਸਾਈਬਰ-ਸੁਰੱਖਿਅਤ ਦੇਸ਼ ਬਣਾਉਣ ਦੇ ਸੱਦੇ ਦੀ ਬਦੌਲਤ ਸੂਚਕਾਂਕ ਵਿੱਚ ਸੁਧਾਰ ਹੋਇਆ ਹੈ।
ਟ੍ਰੇਨਿੰਗ ਪ੍ਰੋਗਰਾਮ ਦੌਰਾਨ, ਸੀਓਓ, ਐੱਨ-ਈ-ਜੀ-ਡੀ ਦੇ ਸੀਈਓ ਸ਼੍ਰੀ ਵਿਨੈ ਠਾਕੁਰ ਨੇ ਕਿਹਾ ਕਿ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਫੌਰੀ ਜ਼ਰੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਸਮੇਂ ਵਾਈ-ਫਾਈ, ਬਲੂਟੁੱਥ, ਆਰਐੱਫਆਈਡੀ, ਹਰ ਤਰ੍ਹਾਂ ਦੀਆਂ ਐਪਾਂ, ਨਿਜੀ ਡਾਊਨਲੋਡ ਅਤੇ ਉਨ੍ਹਾਂ ਦੀ ਵਰਤੋਂ ਦੇ ਸਮੇਂ ਮੋਬਾਈਲਾਂ ਅਤੇ ਕੰਪਿਊਟਰਾਂ ਰਾਹੀਂ ਜੋ ਵੀ ਵੱਡੀ ਮਾਤਰਾ ਵਿੱਚ ਡੇਟਾ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ, ਉਸ ਨਾਲ ਸਾਈਬਰ ਖ਼ਤਰਾ ਵਧ ਜਾਂਦਾ ਹੈ, ਜਿਸ ਨੂੰ ਘਟਾਉਣ ਲਈ ਉਪਾਅ ਕਰਨੇ ਹੋਣਗੇ।
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਸਾਈਬਰ ਸੁਰਕਸ਼ਿਤ ਭਾਰਤ ਪਹਿਲ ਜਨਵਰੀ 2018 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਆਪਣੀ ਕਿਸਮ ਦੀ ਪਹਿਲੀ ਜਨਤਕ-ਨਿਜੀ ਭਾਈਵਾਲੀ ਸੀ, ਜਿਸ ਵਿੱਚ ਸਾਈਬਰ ਸੁਰੱਖਿਆ ਵਿੱਚ ਸੂਚਨਾ ਟੈਕਨੋਲੋਜੀ ਉਦਯੋਗ ਦੀ ਮੁਹਾਰਤ ਦੀ ਵਰਤੋਂ ਕੀਤੀ ਗਈ ਸੀ। ਸੈਂਟਰ ਫਾਰ ਐਡਵਾਂਸਡ ਕੰਪਿਊਟਿੰਗ ਡਿਵੈਲਪਮੈਂਟ (ਸੀ-ਡੈਕ), ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ), ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨਆਈਸੀ), ਮਿਆਰੀਕਰਨ ਜਾਂਚ ਅਤੇ ਗੁਣਵੱਤਾ ਪ੍ਰਮਾਣੀਕਰਨ ਡਾਇਰੈਕਟੋਰੇਟ (ਐੱਸਟੀਕਿਊਸੀ) ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਗਿਆਨ-ਭਾਗੀਦਾਰ ਹਨ।
ਇਹ ਪ੍ਰੋਗਰਾਮ 25 ਅਕਤੂਬਰ ਤੋਂ 30 ਅਕਤੂਬਰ, 2021 ਤੱਕ ਚੱਲੇਗਾ। ਸੈਸ਼ਨਾਂ ਦੇ ਅੰਤ ਵਿੱਚ, ਇਹ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ਆਪੋ-ਆਪਣੇ ਸੰਗਠਨਾਂ ਵਿੱਚ ਸਾਈਬਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਾਈਬਰ ਅਪਰਾਧ ਬਾਰੇ ਲੋੜੀਂਦੀ ਜਾਗਰੂਕਤਾ ਫੈਲਾਉਣ ਦੇ ਯੋਗ ਹੋਣਗੇ। ਪ੍ਰੋਗਰਾਮ ਦੇ ਜ਼ਰੀਏ ਸਾਰੇ ਸਰਕਾਰੀ ਵਿਭਾਗਾਂ ਦੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀਆਂ ਅਤੇ ਫ੍ਰੰਟਲਾਈਨ ਆਈਟੀ ਸਟਾਫ਼ ਨੂੰ ਸੁਰੱਖਿਆ ਉਪਾਅ ਕਰਨ ਦੇ ਸਮਰੱਥ ਬਣਾ ਦਿੱਤਾ ਜਾਏਗਾ।
************
ਆਰਕੇਜੇ/ਐੱਮ
(Release ID: 1767384)