ਉਪ ਰਾਸ਼ਟਰਪਤੀ ਸਕੱਤਰੇਤ
ਅਤੀਤ ਤੋਂ ਦੂਰ ਜਾ ਰਿਹਾ ਉੱਤਰ-ਪੂਰਬੀ ਖੇਤਰ; ਪੁਨਰ ਸੁਰਜੀਤੀ ਦੇ ਨਵੇਂ ਯੁਗ ਦਾ ਗਵਾਹ: ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਪਿਛਲੇ 7 ਸਾਲਾਂ ਵਿੱਚ ਆਰਥਿਕ ਅਤੇ ਮਾਨਵ ਵਿਕਾਸ ਸੂਚਕਾਂ ਦੀ ਪੁਨਰ ਸੁਰਜੀਤੀ, ਬੁਨਿਆਦੀ ਢਾਂਚੇ ਦੀ ਤਰੱਕੀ ਅਤੇ ਵਿਦਰੋਹ ਵਿੱਚ ਤੇਜ਼ੀ ਨਾਲ ਆਈ ਗਿਰਾਵਟ ਦਾ ਜ਼ਿਕਰ ਕੀਤਾ
ਵਿਕਾਸ ਦੀ ਵੱਡੀ ਪੁਲਾਂਘ ਲਈ 15-ਸੂਤਰੀ ਮਾਰਗ ਦਾ ਸੁਝਾਅ ਦਿੱਤਾ; ਨਿਜੀ ਨਿਵੇਸ਼ਾਂ ਅਤੇ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ, ਅੰਤਰ-ਰਾਜ ਸੀਮਾ ਵਿਵਾਦਾਂ ਦਾ ਸਮਾਧਾਨ ਕਰਨ, ਪ੍ਰਭਾਵੀ ਸ਼ਾਸਨ ਦਾ ਸੱਦਾ ਦਿੱਤਾ
ਸ਼੍ਰੀ ਨਾਇਡੂ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਰਾਜ ਪੱਧਰ ਦੀਆਂ 12 ਪਾਰਟੀਆਂ ਰਾਸ਼ਟਰੀ ਪਾਰਟੀਆਂ ਨਾਲ ਸੱਤਾ ਸਾਂਝੀ ਕਰ ਰਹੀਆਂ ਹਨ, ਜੋ ਕਿ ਰਾਸ਼ਟਰੀ ਇੱਛਾਵਾਂ ਦੇ ਨਾਲ ਸਥਾਨਕ ਇੱਛਾਵਾਂ ਦਾ ਮੇਲ ਹੈ
ਉੱਤਰ-ਪੂਰਬ ਵਿੱਚ ਸਿਰਫ਼ 4 ਪ੍ਰਤੀਸ਼ਤ ਮਹਿਲਾ ਵਿਧਾਇਕਾਂ ਅਤੇ ਵਿਧਾਨ ਸਭਾਵਾਂ ਦੀਆਂ ਬਹੁਤ ਘੱਟ ਬੈਠਕਾਂ ਉੱਤੇ ਚਿੰਤਾ ਪ੍ਰਗਟ ਕੀਤੀ
ਉਪ ਰਾਸ਼ਟਰਪਤੀ ਨੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ
ਉਪ ਰਾਸ਼ਟਰਪਤੀ ਨੇ ਈ-ਵਿਧਾਨ ਪ੍ਰਣਾਲੀ ਲਾਗੂ ਕਰਨ ਲਈ ਅਰੁਣਾਚਲ ਵਿਧਾਨ ਸਭਾ ਦੀ ਪ੍ਰਸ਼ੰਸਾ ਕੀਤੀ
Posted On:
09 OCT 2021 3:44PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉੱਤਰ-ਪੂਰਬੀ ਖੇਤਰ ਹੁਣ ਆਪਣੇ ਮੁਸੀਬਤਾਂ ਭਰੇ ਅਤੀਤ ਤੋਂ ਨਿਰਣਾਇਕ ਤੌਰ 'ਤੇ ਟੁੱਟ ਰਿਹਾ ਹੈ ਅਤੇ ਪਿਛਲੇ 7 ਸਾਲਾਂ ਵਿੱਚ ਆਰਥਿਕ ਅਤੇ ਮਾਨਵ ਵਿਕਾਸ ਸੂਚਕਾਂ ਵਿੱਚ ਮਹੱਤਵਪੂਰਨ ਸੁਧਾਰ, ਬੁਨਿਆਦੀ ਢਾਂਚੇ ਦੇ ਵਿਕਾਸ ਦੇ ਵਿਸਤਾਰ ਅਤੇ ਅਤਿਵਾਦ ਵਿੱਚ ਤੇਜ਼ੀ ਨਾਲ ਗਿਰਾਵਟ ਦੇ ਰੂਪ ਵਿੱਚ ਪੁਨਰ-ਉਥਾਨ ਦੇ ਇੱਕ ਨਵੇਂ ਯੁਗ (ਐੱਨਈਆਰ) ਨੂੰ ਦੇਖ ਰਿਹਾ ਹੈ।
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨਾਇਡੂ ਨੇ ਇਸ ਖੇਤਰ ਦੀ ਵਿਰਾਸਤ ਬਾਰੇ ਵਿਸਤਾਰ ਨਾਲ ਗੱਲ ਕੀਤੀ ਜਿਸ ਦੇ ਨਤੀਜੇ ਵਜੋਂ ਵਿਕਾਸ ਅਤੇ ਲੋਕਤੰਤਰ ਦੇ ਦੋਹਰੇ ਘਾਟੇ ਹੋਏ ਅਤੇ ਹਾਲ ਹੀ ਦੇ ਵਰ੍ਹਿਆਂ ਵਿੱਚ ਵਿਕਾਸ ਦੀ ਗਤੀ ਅਤੇ ਅੱਗੇ ਵਧਣ ਦੇ ਮਾਰਗ ਵਿੱਚ ਦਿਸ਼ਾ ਅਤੇ ਪ੍ਰਵੇਗ ਦੀ ਨਵੀਂ ਭਾਵਨਾ ਵਿੱਚ ਤਬਦੀਲੀ ਦੇਖਣ ਵਿੱਚ ਆਈ ਹੈ।
ਇਸ ਖੇਤਰ ਵਿੱਚ ਵਿਦਰੋਹ ਅਤੇ ਨਾਕਾਫ਼ੀ ਬੁਨਿਆਦੀ ਢਾਂਚੇ ਦਾ ਜ਼ਿਕਰ ਕਰਦੇ ਹੋਏ ਜੋ ਨਿਜੀ ਨਿਵੇਸ਼ਾਂ ਦੇ ਪ੍ਰਵਾਹ ਨੂੰ ਸੀਮਿਤ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਵਿਕਾਸ ਵਿੱਚ ਕਮੀ ਹੁੰਦੀ ਹੈ, ਉਪ ਰਾਸ਼ਟਰਪਤੀ ਨੇ ਕਿਹਾ, "ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਉੱਤਰ-ਪੂਰਬੀ ਖੇਤਰ ਵਰਗੇ ਮਹੱਤਵਪੂਰਨ ਖੇਤਰ ਨੇ ਅਤੀਤ ਦੀ ਅਜਿਹੀ ਸਥਿਤੀ ਤੋਂ ਛੁਟਕਾਰਾ ਪਾਉਣ ਦਾ ਦ੍ਰਿੜ੍ਹ ਸੰਕਲਪ ਲਿਆ ਹੈ ਤਾਂ ਜੋ ਵਰਤਮਾਨ ਨੂੰ ਉਸ ਦਿਸ਼ਾ ਵਿੱਚ ਢਾਲ ਕੇ ਨਵੇਂ ਭਵਿੱਖ ਦੀ ਰਚਨਾ ਕੀਤੀ ਜਾ ਸਕੇ। ਬੁਨਿਆਦੀ ਢਾਂਚੇ ਦੇ ਬਹੁਤ ਸਾਰੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਅਤੇ ਪ੍ਰਗਤੀ ਵਿੱਚ ਹਨ ਅਤੇ ਸਮਾਜਿਕ-ਆਰਥਿਕ ਵਿਕਾਸ ਦੇ ਪ੍ਰਮਾਣ ਇਸ ਸਬੰਧ ਵਿੱਚ ਇੱਕ ਸਪਸ਼ਟ ਸੰਕੇਤ ਹਨ।” ਉਨ੍ਹਾਂ ਅੱਗੇ ਕਿਹਾ ਕਿ ਨਾਕਾਫ਼ੀ ਅਤੇ ਨਾਬਰਾਬਰੀ ਵਾਲਾ ਵਿਕਾਸ ਦਾ ਘਾਟਾ, ਖਾਸ ਕਰਕੇ, ਵਿਆਪਕ ਨਸਲੀ ਵਿਭਿੰਨਤਾ ਵਾਲੇ ਖੇਤਰ ਵਿੱਚ ਲੋਕਾਂ ਵਿੱਚ ਅਸਮਾਨਤਾਵਾਂ ਨੂੰ ਵਧਾ ਕੇ, ਉਨ੍ਹਾਂ ਦੀ ਲੋਕਤੰਤਰੀ ਭਾਗੀਦਾਰੀ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਉਹ ਪਹਿਲਾਂ ਹੀ ਵਿਕਾਸ ਦੇ ਤਰੀਕਿਆਂ ਬਾਰੇ ਸ਼ੱਕ ਵਿੱਚ ਸਨ ਅਤੇ ਆਪਣੀ ਪਹਿਚਾਣ ਅਤੇ ਸੱਭਿਆਚਾਰ ਬਾਰੇ ਚਿੰਤਿਤ ਹਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਲੰਮੇ ਅਰਸੇ ਤੋਂ ਖੇਤਰ ਦੇ ਵਿਕਾਸ ਲਈ ਜ਼ਮੀਨੀ ਪੱਧਰ 'ਤੇ ਇਰਾਦਿਆਂ ਅਤੇ ਕਾਰਵਾਈਆਂ ਦੇ ਦਰਮਿਆਨ ਦੀ ਦੂਰੀ ਨੇ 2014 ਵਿੱਚ ਪ੍ਰਧਾਨ ਮੰਤਰੀ ਦੀ ‘ਐਕਟ ਈਸਟ ਪਾਲਿਸੀ’ ਨੂੰ ਜਨਮ ਦਿੱਤਾ, ਜਿਸ ਨੂੰ ਇੱਕ ਨਵੀਂ ਊਰਜਾ ਅਤੇ ਫੋਕਸ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਉੱਤਰ-ਪੂਰਬੀ ਖੇਤਰ ਵਿੱਚ ਨਵੇਂ ਪੁਨਰ ਉੱਥਾਨ ਦੇ ਸਮਰਥਨ ਵਿੱਚ, ਸ਼੍ਰੀ ਨਾਇਡੂ ਨੇ ਵਿਸਤਾਰ ਵਿੱਚ ਦੱਸਿਆ ਕਿ 2013-14 ਦੇ ਮੁਕਾਬਲੇ ਦੇਸ਼ ਵਿੱਚ ਪ੍ਰਤੀ ਵਿਅਕਤੀ ਸ਼ੁੱਧ ਰਾਸ਼ਟਰੀ ਆਮਦਨ ਵਿੱਚ ਹੁਣ 60% ਦਾ ਸੁਧਾਰ ਹੋਇਆ ਹੈ, ਪਰ ਪ੍ਰਤੀ ਵਿਅਕਤੀ ਸ਼ੁੱਧ ਰਾਜ ਘਰੇਲੂ ਉਤਪਾਦ ਦੇ ਮਾਮਲੇ ਵਿੱਚ 8 ਉੱਤਰ-ਪੂਰਬੀ ਰਾਜਾਂ ਵਿੱਚੋਂ 6 ਦਾ ਵਾਧਾ ਇਸ ਤੋਂ ਜ਼ਿਆਦਾ ਰਿਹਾ ਹੈ। ਖੇਤਰ ਦੇ ਅੱਠ ਰਾਜਾਂ ਵਿੱਚੋਂ ਪੰਜ ਦਾ ਪ੍ਰਤੀ ਵਿਅਕਤੀ ਸ਼ੁੱਧ ਰਾਜ ਘਰੇਲੂ ਉਤਪਾਦ 2018-20 ਦੌਰਾਨ ਪ੍ਰਤੀ-ਵਿਅਕਤੀ ਐੱਨਐੱਨਆਈ (NNI) ਤੋਂ ਵੱਧ ਜਾਂ ਤਕਰੀਬਨ ਬਰਾਬਰ ਸੀ, ਜਦਕਿ 2013-14 ਦੌਰਾਨ ਸਿਰਫ਼ 2 ਰਾਜਾਂ ਦੇ ਮਾਮਲੇ ਵਿੱਚ ਅਜਿਹਾ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਹਿਊਮਨ ਡਿਵੈਲਪਮੈਂਟ ਇੰਡੈਕਸ (ਐੱਚਡੀਆਈ) ਦੇ ਹਿਸਾਬ ਨਾਲ ਮਾਪੇ ਗਏ ਸਮਾਜਿਕ ਵਿਕਾਸ ਦੇ ਸੰਬੰਧ ਵਿੱਚ, ਖੇਤਰ ਦੇ 8 ਰਾਜਾਂ ਵਿੱਚੋਂ ਸੱਤ ਨੇ 2019 ਵਿੱਚ ਦੇਸ਼ ਦੇ ਇੰਡੈਕਸ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। 78.50% ਸਾਖਰਤਾ ਦਰ ਦੇ ਨਾਲ, ਐੱਨਈਆਰ ਨੇ ਦੇਸ਼ ਦੀ 74% ਦਰ ਤੋਂ ਵਧੀਆ ਪ੍ਰਦਰਸ਼ਨ ਕੀਤਾ।
ਪਿਛਲੇ 7 ਸਾਲਾਂ ਦੌਰਾਨ ਖੇਤਰ ਦੇ ਵਿਕਾਸ ਲਈ ਕੇਂਦਰ ਸਰਕਾਰ ਦੀਆਂ ਪਹਿਲਾਂ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਸ਼੍ਰੀ ਨਾਇਡੂ ਨੇ 2014-15 ਦੇ ਮੁਕਾਬਲੇ 2021-22 ਦੌਰਾਨ ਖੇਤਰ ਲਈ ਕੁੱਲ ਬਜਟ ਸਹਾਇਤਾ ਤਕਰੀਬਨ ਦੁੱਗਣੀ ਕਰਨ, ਸਟਾਰਟਅੱਪ ਇੰਡੀਆ ਸਕੀਮ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਸਹਾਇਤਾ, ਵੱਡੀ ਗਿਣਤੀ ਵਿੱਚ ਸੜਕੀ ਅਤੇ ਹਵਾਈ ਸੰਪਰਕ ਪ੍ਰੋਜੈਕਟਾਂ ਆਦਿ ਅਤੇ ਉਨ੍ਹਾਂ ਦੇ ਅਮਲ ਦੀ ਗਤੀ ਜਿਹੀਆਂ ਵਿਭਿੰਨ ਯੋਜਨਾਵਾਂ ਤਹਿਤ ਲੋੜੀਂਦੀਆਂ ਅਲਾਟਮੈਂਟਾਂ ਦੇ ਵੇਰਵੇ ਦਿੱਤੇ।
ਕੇਂਦਰ ਸਰਕਾਰ ਦੇ ਪ੍ਰਯਤਨਾਂ ਸਦਕਾ ਖੇਤਰ ਵਿੱਚ ਅਤਿ-ਜ਼ਰੂਰੀ ਅਮਨ ਦੀ ਵਾਪਸੀ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਦੱਸਿਆ ਕਿ 2013 ਦੇ ਮੁਕਾਬਲੇ, 2019 ਵਿੱਚ ਵਿਦਰੋਹ ਨਾਲ ਜੁੜੀਆਂ ਘਟਨਾਵਾਂ ਵਿੱਚ 70%; ਨਾਗਰਿਕਾਂ ਦੀਆਂ ਮੌਤਾਂ ਵਿੱਚ 80% ਅਤੇ ਸੁਰੱਖਿਆ ਬਲਾਂ ਦੀਆਂ ਹੱਤਿਆਵਾਂ ਵਿੱਚ 78% ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਵਿਆਪਕ ਬੋਡੋ ਅਤੇ ਕਾਰਬੀ ਆਂਗਲੌਂਗ ਸਮਝੌਤਿਆਂ 'ਤੇ ਦਸਤਖ਼ਤ ਖੇਤਰ ਵਿੱਚ ਅਮਨ-ਸ਼ਾਂਤੀ ਦੇ ਯੁਗ ਦੀ ਸ਼ੁਰੂਆਤ ਕਰਨ ਦੀ ਉਤਸੁਕਤਾ ਨੂੰ ਦਰਸਾਉਂਦੇ ਹਨ।
ਦੇਸ਼ ਵਿੱਚ ਵਿਧਾਨ ਸਭਾਵਾਂ ਦੇ ਕੰਮਕਾਜ 'ਤੇ ਚਿੰਤਾ ਪ੍ਰਗਟਾਉਂਦੇ ਹੋਏ, ਸ਼੍ਰੀ ਨਾਇਡੂ ਨੇ 2015-20 ਦੌਰਾਨ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਸਲਾਨਾ ਹੋਈਆਂ ਇੱਕ ਤੋਂ ਛੇ ਬੈਠਕਾਂ ਦਾ ਜ਼ਿਕਰ ਕਰਦੇ ਹੋਏ, ਖੇਤਰ ਦੇ ਰਾਜਾਂ ਨੂੰ ਜ਼ਿਆਦਾ ਬੈਠਕਾਂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਰਾਸ਼ਟਰ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਫੈਸਲਾ ਲੈਣ ਲਈ ਸਾਰਥਕ ਬਹਿਸਾਂ ਅਤੇ ਵਿਚਾਰ ਵਟਾਂਦਰੇ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਹ ਚਾਹੁੰਦੇ ਸਨ ਕਿ ਵਿਧਾਇਕ 3ਡੀਜ਼ (3Ds) - ਬਹਿਸ, ਵਿਚਾਰ ਵਟਾਂਦਰੇ ਅਤੇ ਫ਼ੈਸਲੇ (debate, discussion and decision) 'ਤੇ ਧਿਆਨ ਕੇਂਦ੍ਰਿਤ ਕਰਨ।
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਇਸ ਖੇਤਰ ਦੀਆਂ 8 ਵਿਧਾਨ ਸਭਾਵਾਂ ਵਿੱਚ ਸਿਰਫ਼ 20 ਮਹਿਲਾ ਵਿਧਾਇਕਾਂ ਹਨ, ਜੋ ਕੁੱਲ 498 ਦਾ ਸਿਰਫ਼ 4 ਪ੍ਰਤੀਸ਼ਤ ਬਣਦੀਆਂ ਹਨ, ਸ਼੍ਰੀ ਨਾਇਡੂ ਨੇ ਕਿਹਾ: “ਇਸ ਖੇਤਰ ਵਿੱਚ ਕਾਨੂੰਨ ਬਣਾਉਣ ਵਿੱਚ ਵਧੇਰੇ ਮਹਿਲਾ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਇੱਕ ਮਜ਼ਬੂਤ ਕੇਸ ਹੈ। ਇੱਥੋਂ ਤੱਕ ਕਿ ਸੰਸਦ ਵਿੱਚ ਵੀ ਮਹਿਲਾਵਾਂ ਸਿਰਫ਼ 11 ਫੀਸਦੀ ਹਨ।”
ਉੱਤਰੀ-ਪੂਰਬੀ ਖੇਤਰ ਦੀਆਂ 17 ਵਿੱਚੋਂ 12 ਰਾਜ ਅਤੇ ਖੇਤਰੀ ਪਾਰਟੀਆਂ ਦੇ ਸੱਤਾ ਵਿੱਚ ਹੋਣ ਬਾਰੇ ਨੋਟ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ: “ਤਕਰੀਬਨ 5 ਕਰੋੜ ਦੀ ਆਬਾਦੀ ਵਾਲੇ ਇਸ ਖੇਤਰ ਦੇ ਸ਼ਾਸਨ ਵਿੱਚ ਰਾਜ ਪੱਧਰੀ ਪਾਰਟੀਆਂ ਦੀ ਵੱਡੀ ਭਾਗੀਦਾਰੀ ਦਾ ਇਹ ਆਦੇਸ਼, ਰਾਸ਼ਟਰੀ ਪਾਰਟੀਆਂ ਦੇ ਸੰਗਮ ਨਾਲ ਰਾਸ਼ਟਰੀ ਇੱਛਾਵਾਂ ਦੇ ਨਾਲ ਸਥਾਨਕ ਇੱਛਾਵਾਂ ਦੇ ਅਨੁਕੂਲ ਹੋਣ ਦਾ ਇੱਕ ਬਿਆਨ ਹੈ। ਇਸ ਦੇ ਅਨੁਰੂਪ ਨਤੀਜੇ ਨਿਕਲਣੇ ਚਾਹੀਦੇ ਹਨ ਜੋ ਖੇਤਰ ਅਤੇ ਰਾਸ਼ਟਰ ਦੇ ਹਿੱਤਾਂ ਨੂੰ ਅੱਗੇ ਵਧਾਉਂਦੇ ਹਨ।”
ਉਨ੍ਹਾਂ ਸੰਵਿਧਾਨ ਦੀਆਂ ਵਿਵਸਥਾਵਾਂ ਦੇ ਅਨੁਸਾਰ ਰਾਜ ਸਰਕਾਰਾਂ ਨੂੰ, ਸਥਾਨਕ ਸੰਸਥਾਵਾਂ ਨੂੰ 29 ਸਬਜੈਕਟਸ ਦਾ ਤਬਾਦਲਾ ਕਰਨ ਅਤੇ 3ਐੱਫ (3Fs) - ਫੰਕਸ਼ਨਸ, ਫੰਡਸ ਅਤੇ ਫੰਕਸ਼ਨਰੀਜ਼ (functions, funds and functionaries) ਨੂੰ ਸੌਂਪਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਮੌਜੂਦਾ ਦਹਾਕਾ ਇਸ ਖੇਤਰ ਲਈ ਖੁੰਝੇ ਹੋਏ ਅਵਸਰਾਂ ਅਤੇ ਸਮੇਂ ਦਾ ਲਾਭ ਉਠਾਉਣ ਲਈ ਮਹੱਤਵਪੂਰਨ ਹੈ, ਸ਼੍ਰੀ ਨਾਇਡੂ ਨੇ ਕੇਂਦ੍ਰਿਤ ਕਾਰਵਾਈ ਲਈ 15 ਸੂਤਰੀ ਰੂਪਰੇਖਾ ਦਾ ਸੁਝਾਅ ਦਿੱਤਾ। ਇਸ ਵਿੱਚ, ਸਾਰੇ ਨਸਲੀ ਸਮੂਹਾਂ ਨੂੰ ਸਾਂਝੀ ਕਿਸਮਤ ਦੀ ਭਾਵਨਾ ਦੁਆਰਾ ਸੇਧ ਦੇਣਾ; ਅੰਤਰ-ਰਾਜ ਸੀਮਾ ਵਿਵਾਦਾਂ ਦਾ ਨਿਪਟਾਰਾ; ਵਿਦਰੋਹ ਅਤੇ ਹਿੰਸਾ ਦੇ ਅਵਸ਼ੇਸ਼ਾਂ ਨੂੰ ਖ਼ਤਮ ਕਰਨਾ; ਨਿਜੀ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨਾ; ਵਿਕਾਸ ਅਤੇ ਲੋਕਤੰਤਰੀ ਜੁੜਵੇਂ ਘਾਟੇ ਨੂੰ ਦੂਰ ਕਰਨਾ; ਕੇਂਦਰੀ ਟ੍ਰਾਂਸਫਰਾਂ 'ਤੇ ਨਿਰਭਰਤਾ ਘੱਟਾਉਣ ਦੇ ਉਦੇਸ਼ ਨਾਲ ਉਤਪਾਦਕ ਆਰਥਿਕ ਗਤੀਵਿਧੀਆਂ ਅਤੇ ਸੰਪਤੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੁਆਰਾ ਸਵੈ-ਨਿਰਭਰਤਾ ਨੂੰ ਟਾਰਗਿਟ ਕਰਨਾ; ਦਕਸ਼ ਸੰਸਾਧਨਾਂ ਦੀ ਵਰਤੋਂ ਲਈ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਾਲਾ ਪ੍ਰਭਾਵੀ ਸ਼ਾਸਨ; ਨੀਤੀਆਂ ਅਤੇ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਅਮਲ, ਉੱਦਮਤਾ ਅਤੇ ਕੌਸ਼ਲ ਵਿਕਾਸ, ਟਿਕਾਊ ਵਿਕਾਸ ਆਦਿ ਵਿੱਚ ਭਾਈਚਾਰਿਆਂ ਦੀ ਸ਼ਮੂਲੀਅਤ; ਸ਼ਾਮਲ ਹਨ।
ਰਾਜ ਦੀ ਤਰੱਕੀ ਲਈ ਅਰੁਣਾਚਲ ਪ੍ਰਦੇਸ਼ ਸਰਕਾਰ, ਵਿਧਾਇਕਾਂ ਅਤੇ ਹੋਰ ਹਿਤਧਾਰਕਾਂ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਬਾਲ ਮੌਤ ਦਰ, ਵਿਦਿਆਰਥੀਆਂ ਦੁਆਰਾ ਸੈਕੰਡਰੀ ਪੱਧਰ 'ਤੇ ਪੜ੍ਹਾਈ ਵਿੱਚੇ ਹੀ ਛੱਡ ਜਾਣ, ਲਿੰਗ ਅਨੁਪਾਤ, ਸਾਖਰਤਾ ਅਤੇ ਰੋਡ ਨੈੱਟਵਰਕ ਨਾਲ ਸਬੰਧਿਤ ਚਿੰਤਾਵਾਂ ਦੇ ਸਮਾਧਾਨ ਲਈ ਫੋਕਸਡ ਪ੍ਰਯਤਨਾਂ ਦਾ ਸੱਦਾ ਦਿੱਤਾ। ਉਨ੍ਹਾਂ ਸਾਰਿਆਂ ਨੂੰ ਗ਼ਰੀਬੀ-ਮੁਕਤ, ਅਨਪੜ੍ਹਤਾ-ਮੁਕਤ, ਭ੍ਰਿਸ਼ਟਾਚਾਰ-ਮੁਕਤ ਅਤੇ ਵਿਤਕਰੇ-ਮੁਕਤ ਭਾਰਤ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕੀਤੀ।
ਸ਼੍ਰੀ ਨਾਇਡੂ ਨੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਲਾਇਬ੍ਰੇਰੀ, ਪੇਪਰ ਰੀਸਾਈਕਲਿੰਗ ਯੂਨਿਟ ਅਤੇ ਦੋਰਜੀ ਖਾਂਡੂ ਆਡੀਟੋਰੀਅਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ “ਇਹ ਨਿਸ਼ਚਿਤ ਰੂਪ ਵਿੱਚ ਇਸ ਆਲੀਸ਼ਾਨ ਅਸੈਂਬਲੀ ਇਮਾਰਤ ਵਿੱਚ ਬਹੁਤ ਕੀਮਤੀ ਵਾਧੇ ਹਨ।”
ਉਪ-ਰਾਸ਼ਟਰਪਤੀ ਨੇ ਈ-ਵਿਧਾਨ ਪ੍ਰਣਾਲੀ ਲਾਗੂ ਕਰਨ ਵਾਲੀ ਉੱਤਰ-ਪੂਰਬੀ ਖੇਤਰ ਦੀ ਪਹਿਲੀ ਅਤੇ ਦੇਸ਼ ਦੀ ਤੀਜੀ ਵਿਧਾਨ ਸਭਾ ਬਣਨ ਲਈ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀ ਪ੍ਰਸ਼ੰਸਾ ਕੀਤੀ।
ਇਹ ਦੇਖਦਿਆਂ ਕਿ ਅਰੁਣਾਚਲ ਪ੍ਰਦੇਸ਼ ਵਿੱਚ ਅਥਾਹ ਸੰਭਾਵਨਾਵਾਂ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਦੇਸ਼ ਅੱਜ ਅਰੁਣਾਚਲ ਨੂੰ ਇਸ ਦੇ ਲੋਕਾਂ ਦੀ ਸਮਰੱਥਾ ਅਤੇ ਪ੍ਰਾਪਤੀਆਂ ਦੇ ਕਾਰਨ ਨਵੇਂ ਸਿਰਿਓਂ ਦਿਲਚਸਪੀ ਨਾਲ ਦੇਖ ਰਿਹਾ ਹੈ। ਅਰੁਣਾਚਲ ਵਿੱਚ ਇਸ ਦੇ ਕੁਦਰਤੀ ਸੰਸਾਧਨਾਂ ਦੇ ਕਾਰਨ ਭਾਰਤ ਦੀ ਫਲਾਂ ਦੀ ਟੋਕਰੀ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ ਮਨਮੋਹਕ ਦ੍ਰਿਸ਼ਾਂ ਦੇ ਕਾਰਨ ਇੱਕ ਗਲੋਬਲ ਸੈਲਾਨੀ ਸਥਾਨ ਬਣ ਸਕਦਾ ਹੈ।
ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਬੀ ਡੀ ਮਿਸ਼ਰਾ (ਸੇਵਾਮੁਕਤ), ਮੁੱਖ ਮੰਤਰੀ, ਸ਼੍ਰੀ ਪੇਮਾ ਖਾਂਡੂ, ਅਰੁਣਾਚਲ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਪਾਸੰਗ ਦੋਰਜੀ ਸੋਨਾ, ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਸਨ।
********* *********
ਐੱਮਐੱਸ/ਆਰਕੇ/ਡੀਪੀ
(Release ID: 1762795)
Visitor Counter : 195