ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਖੇਤੀਬਾੜੀ, ਸਿਹਤ ਤੇ ਸਿੱਖਿਆ ਖੇਤਰਾਂ ‘ਚ ਲੋਕ–ਕੇਂਦ੍ਰਿਤ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਮਾਧਾਨਾਂ ਦਾ ਸੱਦਾ ਦਿੱਤਾ
ਯੂਨੀਵਰਸਿਟੀਜ਼ ਨੂੰ ਸਥਾਨਕ ਸਰਕਾਰਾਂ ਨਾਲ ਮਿਲ ਕੇ ਟੈਕਨੋਲੋਜੀ ‘ਚ ਵਾਧਾ ਤੇ ਸਰਵਿਸ ਡਿਲੀਵਰੀ ‘ਚ ਸੁਧਾਰ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਵਿਕਾਸ ਲਈ ਇਨੋਵੇਸ਼ਨ ਰਾਸ਼ਟਰੀ ਮੰਤਰ ਹੋਣਾ ਚਾਹੀਦਾ ਹੈ: ਸ਼੍ਰੀ ਨਾਇਡੂ
‘ਆਈਆਈਟੀਜ਼ ਜਿਹੇ ਪ੍ਰਮੁੱਖ ਸੰਸਥਾਨ ਜ਼ਰੂਰ ਹੀ ਇਨੋਵੇਸ਼ਨ ਦੇ ਧੁਰੇ ਬਣਨੇ ਚਾਹੀਦੇ ਹਨ; ਹੋਰ ਖੇਤਰੀ ਸੰਸਥਾਨਾਂ ਨਾਲ ਬਿਹਤਰੀਨ ਪਿਰਤਾਂ ਜ਼ਰੂਰ ਸਾਂਝੀਆਂ ਕਰਨੀਆਂ ਹੋਣਗੀਆਂ’: ਉਪ ਰਾਸ਼ਟਰਪਤੀ
ਯੂਨੀਵਰਸਿਟੀ ਪਾਠਕ੍ਰਮ ‘ਚ ਜ਼ਰੂਰ ਲਚਕਤਾ ਦੀ ਇਜਾਜ਼ਤ ਹੋਣੀ ਚਾਹੀਦੀ ਹੈ; ਵਿਭਿੰਨ ਖੇਤਰਾਂ ‘ਚ ਆਖ਼ਰੀ ਸਾਲ ਦੇ ਪ੍ਰੋਜੈਕਟਾਂ ਲਈ ਤਾਲਮੇਲ ਕਾਇਮ ਕਰਨ ਹਿਤ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਹੋਰ ਨੌਜਵਾਨਾਂ ਨੂੰ ਸਿਆਸਤ ‘ਚ ਆਉਣਾ ਚਾਹੀਦਾ ਹੈ; ਉਹ ਆਪਣੀ ਊਰਜਾ ਤੇ ਆਦਰਸ਼ਵਾਦ ਨਾਲ ਸਿਆਸਤ ਵਿੱਚ ਗੁਣਾਤਮਕ ਤਬਦੀਲੀ ਲਿਆ ਸਕਦੇ ਹਨ: ਉਪ ਰਾਸ਼ਟਰਪਤੀ
ਰਵਾਇਤੀ ਕਾਰੀਗਰਾਂ ਲਈ ਬਿਹਤਰ ਮਾਰਕਿਟਿੰਗ ਸਥਿਤੀਆਂ ਮੁਹੱਈਆ ਕਰਵਾਉਣ ਦਾ ਸੱਦਾ
ਸ਼੍ਰੀ ਨਾਇਡੂ ਨੇ ਆਈਆਈਟੀ ਜੋਧਪੁਰ ਦਾ ਦੌਰਾ ਤੇ ਜੋਧਪੁਰ ਸਿਟੀ ਨੌਲੇਜ ਤੇ ਇਨੋਵੇਸ਼ਨ ਕਲਸਟਰ ਦਾ ਉਦਘਾਟਨ ਕੀਤਾ; ‘ਆਰਟੀਫਿਸ਼ਲ ਇੰਟੈਲੀਜੈਂਸ ਆਵ੍ ਥਿੰਗਸ’ (ਏਆਈਓਟੀ) ਸਿਸਟਮਸ ਦਾ ਨੀਂਹ–ਪੱਥਰ ਰੱਖਿਆ’
Posted On:
28 SEP 2021 5:22PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਰਟੀਫਿਸ਼ਲ ਇੰਟੈਲੀਜੈਂਸ ਜਿਹੀ ਪਰਿਵਰਤਨਕਾਰੀ ਟੈਕਨੋਲੋਜੀ ਦੇ ਲਾਭ ਜਨਹਿਤ ਲਈ ਅਤੇ ਲੋਕਾਂ ਦਾ ਜੀਵਨ–ਪੱਧਰ ਸੁਧਾਰਨ ਵਾਸਤੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਵਿੱਦਿਅਕ ਅਦਾਰਿਆਂ ਤੇ ਖੋਜਕਾਰਾਂ ਨੂੰ ਸਿੱਖਿਆ, ਖੇਤੀਬਾੜੀ ਤੇ ਸਿਹਤ ਦੇ ਖੇਤਰ ‘ਚ ਆਰਟੀਫਿਸ਼ਲ ਇੰਟੈਲੀਜੈਂਸ ਅਧਾਰਿਤ ਸਮਾਧਾਨਾਂ ਦਾ ਪ੍ਰਯੋਗ ਕਰਨ ਲਈ ਕਿਹਾ।
ਇਸ ਸੰਦਰਭ ‘ਚ ਸ਼੍ਰੀ ਨਾਇਡੂ ਨੇ ਉਦਯੋਗ ਅਤੇ ਖੋਜਕਾਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ, ਪ੍ਰੀਸੀਜ਼ੀਅਨ ਖੇਤੀ ਰਾਹੀਂ ਖੇਤੀ ਉਤਪਾਦਨ ਦਾ ਮਿਆਰ ਸੁਧਾਰਨ ਲਈ ਕਿਹਾ ਕਿ ਤਾਂ ਜੋ ਕਿਸਾਨਾਂ ਨੂੰ ਉਤਪਾਦ ਦਾ ਬਿਹਤਰ ਮੁੱਲ ਮਿਲ ਸਕੇ। ਉਨ੍ਹਾਂ ਕਿਹਾ ਕਿ ਮੈਡੀਕਲ ਦੇ ਖੇਤਰ ‘ਚ ਰਿਮੋਟ ਡਾਇਓਗਨੌਸਿਸ ਜਾਂਚ ਵਿੱਚ ਅਤੇ ਸਿੱਖਿਆ ਦੇ ਖੇਤਰ ‘ਚ ਅੰਗ੍ਰੇਜ਼ੀ ‘ਚ ਉਪਲਬੁਧ ਸਮੱਗਰੀ ਦਾ ਨਿਰੰਤਰ ਭਾਰਤੀ ਭਾਸ਼ਾਵਾਂ ‘ਚ ਅਨੁਵਾਦ ਕਰਨ ਵਿੱਚ ਵੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਪ੍ਰਭਾਵੀ ਉਪਯੋਗ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਦੇ ਸਮਾਧਾਨਾਂ ਦਾ ਪ੍ਰਯੋਗ ਵਧਦਾ ਹੈ, ਤਾਂ ਕੰਮ ਦੀ ਸਮਰੱਥਾ ਵੀ ਵਧੇਗੀ ਤੇ ਉਤਪਾਦਕਤਾ ਵੀ, ਜਿਸ ਨਾਲ ਲੱਖਾਂ ਲੋਕਾਂ ਦੇ ਜੀਵਨ ਵਿੱਚ ਹਾਂ–ਪੱਖੀ ਤਬਦੀਲੀ ਆ ਸਕੇਗੀ।
ਉਪ ਰਾਸ਼ਟਰਪਤੀ ਅੱਜ ਆਈਆਈਟੀ ਜੋਧਪੁਰ ਕੈਂਪਸ ਵਿੱਚ ‘ਆਰਟੀਫਿਸ਼ਲ ਇੰਟੈਲੀਜੈਂਸ ਆਵ੍ ਦਿ ਥਿੰਗਸ’ ਦੇ ਫ਼ੈਬਰੀਕੇਸ਼ਨ ਲੈਬ ਦੇ ਨੀਂਹ–ਪੱਥਰ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਤੇ ਉਸ ਦੇ ਵਿਵਹਾਰਕ ਪ੍ਰਯੋਗ ਨੇ ਪਿਛਲੇ ਦਹਾਕੇ ‘ਚ ਵਿਸ਼ਵ ਅਰਥ–ਵਿਵਸਥਾ ‘ਚ ਵਿਲੱਖਣ ਤਬਦੀਲੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਤਕਨੀਕ ਦਾ ਅੰਤਿਮ ਉਦੇਸ਼ ਲੋਕਾਂ ਦਾ ਜੀਵਨ ਪੱਧਰ ਸੁਧਾਰਨਾ ਹੀ ਹੈ। ਅਤੇ ਇਹੋ ਉਦੇਸ਼ ਆਰਟੀਫਿਸ਼ਲ ਇੰਟੈਲੀਜੈਂਸ ਟੈਕਨੋਲੋਜੀ ਦਾ ਵੀ ਹੋਣਾ ਚਾਹੀਦਾ ਹੈ।
ਪ੍ਰਸ਼ਾਸਨ ‘ਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਪ੍ਰਯੋਗ ਦੀ ਸੰਭਾਵਨਾ ਦਾ ਜ਼ਿਕਰ ਕਰਦਿਆ ਸ਼੍ਰੀ ਨਾਇਡੂ ਨੇ ਕਿਹਾ ਕਿ ਜਨ–ਸੇਵਾਵਾਂ ਤਤਪਰਤਾ ਨਾਲ ਉਪਲਬਧ ਕਰਵਾਉਣ ‘ਚ ਆਰਟੀਫਿਸ਼ਲ ਇੰਟੈਲੀਜੈਂਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਉਸ ਸੰਦਰਭ ਵਿੱਚ ਉਨ੍ਹਾਂ ਜਨਧਨ ਖਾਤਿਆਂ ‘ਚ ਡਾਇਰੈਕਟ ਬੈਨੇਫਿਟ ਟ੍ਰਾਂਸਫ਼ਰ ਨਾਲ ਭ੍ਰਿਸ਼ਟਾਚਾਰ ਵਿੱਚ ਆਈ ਕਮੀ ਦਾ ਜ਼ਿਕਰ ਕੀਤਾ। ਉਨ੍ਹਾਂ ਯੂਨੀਵਰਸਿਟੀਜ਼ ਨੂੰ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਸ਼ਾਸਨ ਤੇ ਲੋਕ–ਭਲਾਈ ਨੂੰ ਹੋਰ ਵਧੇਰੇ ਕਾਰਗਰ ਬਣਾਉਣ ਲਈ ਨਵੇਂ ਹੱਲ ਲੱਭਣ ਦੀ ਅਪੀਲ ਕੀਤੀ। ਇਸ ਤਰ੍ਹਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਵੀ ਅਸਲੀਅਤ ਦਾ ਅਨੁਭਵ ਮਿਲੇਗਾ ਤੇ ਉਹ ਸਮਾਜ ਦੀਆਂ ਪੁਰਾਣੀਆਂ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਖੋਜ ਸਕਣਗੇ।
ਆਰਟੀਫਿਸ਼ਲ ਇੰਟੈਲੀਜੈਂਸ ਦੇ ਆਰਥਿਕ ਪੱਖ ਉੱਤੇ ਵਿਚਾਰ ਰੱਖਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਧਿਅਮ ਰਾਹੀਂ ਸਾਲ 2035 ਤੱਕ ਭਾਰਤ ਦੇ ਮੌਜੂਦਾ ਗ੍ਰੌਸ ਵੈਲਿਊ ਐਡਡ ‘ਚ 957 ਅਰਬ ਡਾਲਰ ਜਾਂ 15% ਵਾਧਾ ਹੋ ਸਕਣ ਦਾ ਅਨੁਮਾਨ ਹੈ। ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਨਿਯਮਿਤ ਰੋਜ਼ਗਾਰਾਂ ‘ਚ ਕਟੌਤੀ ਦੇ ਖ਼ਦਸ਼ਿਆਂ ਨੂੰ ਬੇਬੁਨਿਆਦ ਦੱਸਦਿਆਂ ਸ਼੍ਰੀ ਨਾਇਡੂ ਨੇ ਨਿਰੰਤਰ ਹੁਨਰ ਸਿਖਲਾਈ ਲੋੜ ਉੱਤੇ ਜ਼ੋਰ ਦਿੱਤਾ, ਜਿਸ ਨਾਲ ਸਾਡੇ ਨੌਜਵਾਨ ਚੌਥੇ ਉਦਯੋਗਿਕ ਇਨਕਲਾਬ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਖ਼ੁਦ ਨੂੰ ਸਿਖਿਅਤ ਕਰਕੇ ਤਿਆਰ ਕਰ ਸਕਣ।
ਉਪ ਰਾਸ਼ਟਰਪਤੀ ਨੇ ਕੰਪਿਊਟਿੰਗ ਤੇ ਡਾਟਾ ਸਾਇੰਸ ਨੂੰ ਸਾਰੇ ਪਾਠਕ੍ਰਮਾਂ ਲਈ ਲਾਜ਼ਮੀ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਨਾਲ ਸਾਡੇ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੇ ਖੇਤਰ ‘ਚ ਹੋ ਰਹੇ ਵਿਕਾਸ ਦੀ ਜਾਣਕਾਰੀ ਮਿਲਦੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਡਾਟਾ ਅਧਾਰਿਤ ਵਿਸ਼ਵ ਲਈ ਹਿਹ ਬਹੁਤ ਜ਼ਰੂਰੀ ਹੈ।
ਸ਼੍ਰੀ ਨਾਇਡੂ ਨੇ ਪਿੱਛੇ ਜਿਹੇ 8 ਰਾਜਾਂ ਦੇ 14 ਇੰਜੀਨੀਅਰਿੰਗ ਕਾਲਜਾਂ ਦੁਆਰਾ ਆਪਣੇ ਪਾਠਕ੍ਰਮ ਸਥਾਨਕ ਭਾਸ਼ਾਵਾਂ ‘ਚ ਉਪਲਬਧ ਕਰਵਾਉਣ ਦੇ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੇ ਪੱਧਰ ਉੱਤੇ ਹੋਰ ਵਧੇਰੇ ਪਾਠਕ੍ਰਮ ਭਾਰਤੀ ਭਾਸ਼ਾਵਾਂ ‘ਚ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਭਾਰਤੀ ਭਾਸ਼ਾਵਾਂ ਲਈ ਵੀ ਸੰਭਾਵਨਾਵਾਂ ਵਧਣਗੀਆਂ ਕਿਉਂਕਿ ਅੰਗਰੇਜ਼ੀ ‘ਚ ਉਪਲਬਧ ਪਾਠਕ੍ਰਮ ਸਮੱਗਰਬੀ ਦਾ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਸੁਖਾਲਾ ਉਪਲਬਧ ਹੋ ਸਕੇਗਾ।
ਇਸ ਮੌਕੇ ਸ਼੍ਰੀ ਨਾਇਡੂ ਨੇ ਆਈਆਈਟੀ ਜੋਧਪੁਰ ਦੇ ਕੈਂਪਸ ਵਿੱਚ ਜੋਧਪੁਰ ਸਿਟੀ ਨੌਲੇਜ ਤੇ ਇਨੋਵੇਸ਼ਨ ਕਲਸਟਰ (JCKIC) ਦਾ ਨੀਂਹ–ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ 2015 ‘ਚ ਗਲੋਬਲ ਇਨੋਵੇਸ਼ਨ ਇੰਡੈਕਸ ‘ਚ ਭਾਰਤ ਦਾ ਸਥਾਨ 81ਵਾਂ ਸੀ, ਜੋ ਹੁਣ 2021 ‘ਚ ਵਧ ਕੇ 46 ਤੱਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਇਨੋਵੇਸ਼ਨ ਨੂੰ ਰਾਸ਼ਟਰ ਦਾ ਮੰਤਰ ਬਣਾ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਨਾਲ ਵਿਭਿੰਨ ਵਿੱਦਿਅਕ ਸੰਸਥਾਨਾਂ ਦੀਆਂ ਸਮਰੱਥਾਵਾਂ ਨੂੰ ਇਕੱਠੀਆਂ ਕਰ ਕੇ ਸੰਗਠਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜਲ ਪ੍ਰਬੰਧ ਤੇ ਵਰਖਾ ਦਾ ਪਾਣੀ ਸੰਭਾਲਣ ਵਿੱਚ ਸਹਿਕਾਰਤਾ ਤੇ ਸਹਿਯੋਗ ਰਾਹੀਂ ਰਾਜਸਥਾਨ ਦੀ ਪਾਣੀ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ।
ਜੋਧਪੁਰ ਸਿਟੀ ਨੌਲੇਜ ਤੇ ਇਨੋਵੇਸ਼ਨ ਕਲਸਟਰ (JCKIC) ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਨੂੰ ਇਨੋਵੇਸ਼ਨ ਦਾ ਕੇਂਦਰ ਬਣਨਾ ਚਾਹੀਦਾ ਹੈ। ਉਨ੍ਹਾਂ ਆਈਆਈਟੀ ਜਿਹੇ ਵੱਕਾਰੀ ਸੰਸਥਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਨੁਭਵ ਤੇ ਬੈਸਟ ਪ੍ਰੈਕਟਿਸ ਹੋਰ ਵਿੱਦਿਅਕ ਅਦਾਰਿਆਂ ਨਾਲ ਵੀ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਇਨੋਵੇਸ਼ਨ ਤੇ ਸਹਿਯੋਗ ਤਾਂ ਉੱਚ ਵਿੱਦਿਅਕ ਅਦਾਰਿਆਂ ਦੇ DNA ਵਿੱਚ ਸ਼ਾਮਲ ਹੋਣੇ ਚਾਹੀਦੇ ਹਨ।
‘ਨਵੀਂ ਸਿੱਖਿਆ ਨੀਤੀ 2020’ ਨੂੰ ਦੂਰਦਰਸ਼ੀ ਨੀਤੀ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਅੰਤਰ-ਅਨੁਸ਼ਾਸਨੀ ਸਿੱਖਿਆ, ਸਿੱਖਿਆ ਵਿੱਚ ਸਹਿਯੋਗ ਅਤੇ ਇਨੋਵੇਸ਼ਨ ਦੇ ਮਹੱਤਵ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਯੂਨੀਵਰਸਿਟੀਆਂ ਗੋਲਡ ਕੋਰਸਾਂ ਵਿੱਚ ਵਧੇਰੇ ਲਚਕਤਾ ਲਿਆਉਣਗੀਆਂ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਆਪਣੇ ਫ਼ਾਈਨਲ ਸਾਲ ਵਿੱਚ ਆਪਣੀ ਦਿਲਚਸਪੀ ਦੇ ਵੱਖ-ਵੱਖ ਵਿਸ਼ਿਆਂ ਵਿੱਚ ਪ੍ਰੋਜੈਕਟਾਂ ਅਤੇ ਇੰਟਰਨਸ਼ਿਪਾਂ ਦੀ ਚੋਣ ਕਰਨ ਅਤੇ ਹੋਰ ਵਿਸ਼ਿਆਂ ਦੇ ਵਿਦਿਆਰਥੀਆਂ ਨਾਲ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਇਹ ਵਿਦਿਆਰਥੀਆਂ ਦੇ ਗਿਆਨ ਦੇ ਘੇਰੇ ਨੂੰ ਵਧਾਏਗਾ ਅਤੇ ਉਹ ਕਿਸੇ ਵੀ ਸਮੱਸਿਆ ਬਾਰੇ ਡੂੰਘਾਈ ਨਾਲ ਸੋਚਣ ਦੇ ਯੋਗ ਹੋਣਗੇ।
ਉਪ ਰਾਸ਼ਟਰਪਤੀ ਨੇ ਜੋਧਪੁਰ ਸਿਟੀ ਨੌਲੇਜ ਤੇ ਇਨੋਵੇਸ਼ਨ ਕਲਸਟਰ (JCKIC) ‘ਚ ਆਈਆਈਟੀ ਜੋਧਪੁਰ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਉਸ ਖੇਤਰ ਦੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿੱਦਿਅਕ ਅਦਾਰਿਆਂ, ਸਰਕਾਰੀ ਅਦਾਰਿਆਂ ਅਤੇ ਪ੍ਰਾਈਵੇਟ ਅਦਾਰਿਆਂ ਦੇ ਸਹਿਯੋਗ ਲਈ ਅਜਿਹੇ ਹੋਰ ਸਮੂਹਾਂ (ਕਲਸਟਰਸ) ਦੀ ਸਥਾਪਨਾ ਦੀ ਵਕਾਲਤ ਕੀਤੀ, ਤਾਂ ਜੋ ਉਹ ਆਪਸ ਵਿੱਚ ਇੱਕ ਦੂਸਰੇ ਦੀਆਂ ਸਮਰੱਥਾਵਾਂ ਦਾ ਲਾਭ ਉਠਾ ਸਕਣ।
ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਨਵੀਂ ਸਿੱਖਿਆ ਨੀਤੀ ਅਨੁਸਾਰ ਖੋਜ ਤੇ ਵਿਕਾਸ ਵਿੱਚ ਇਨੋਵੇਟਿਵ ਦ੍ਰਿਸ਼ਟੀ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਵਿੱਚ ਸ਼ਾਮਲ ਹੋਣ ਅਤੇ ਰਾਸ਼ਟਰ ਨਿਰਮਾਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮਹਾਮਾਰੀ ਦੌਰਾਨ ਤਿਆਰੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਕਿਰਿਆਸ਼ੀਲ ਜੀਵਨ ਸ਼ੈਲੀ ਅਪਣਾਉਣ ਲਈ ਕਿਹਾ।
ਇੱਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿੱਚ, ਉਪ ਰਾਸ਼ਟਰਪਤੀ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਦਰਸ਼ਵਾਦੀ, ਊਰਜਾ ਅਤੇ ਸਮਰੱਥਾ ਨਾਲ ਭਰਪੂਰ ਅਤੇ ਚਰਿੱਤਰ ਦੇ ਨੁਕਸਾਂ ਤੋਂ ਪਰ੍ਹਾਂ, ਨੌਜਵਾਨ ਭਾਰਤੀ ਰਾਜਨੀਤੀ ਵਿੱਚ ਗੁਣਾਤਮਕ ਤਬਦੀਲੀ ਲਿਆ ਸਕਦੇ ਹਨ। ਉਪ ਰਾਸ਼ਟਰਪਤੀ ਨੇ ਰਾਜਨੀਤੀ ਦੇ ਵਿਗੜਦੇ ਪੱਧਰ 'ਤੇ ਚਿੰਤਾ ਜ਼ਾਹਰ ਕਰਦਿਆਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਪ੍ਰਤੀਨਿਧੀ ਦੀ ਚੋਣ ਕਰਦੇ ਸਮੇਂ ਉਸਦੀ ਯੋਗਤਾ, ਚਰਿੱਤਰ, ਆਚਰਣ ਅਤੇ ਊਰਜਾ 'ਤੇ ਵਿਚਾਰ ਕਰਨ।
ਆਈਆਈਟੀ ਜੋਧਪੁਰ ਦੇ ਆਪਣੇ ਦੌਰੇ ਮੌਕੇ ਉਪ ਰਾਸ਼ਟਰਪਤੀ ਨੇ ਸਥਾਨਕ ਹੁਨਰਮੰਦਾਂ ਤੇ ਕਾਰੀਗਰਾਂ ਨਾਲ ਵੀ ਮੁਲਾਕਾਤ ਕੀਤੀ, ਰਵਾਇਤੀ ਸ਼ਿਲਪਕਾਰੀ ਵਿੱਚ ਰਾਜਸਥਾਨੀ ਕਾਰੀਗਰਾਂ ਦੇ ਹੁਨਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਾਰੀਗਰਾਂ ਦੇ ਸਮਾਨ ਦੀ ਵਿਕਰੀ ਲਈ ਬਿਹਤਰ ਸਥਿਤੀਆਂ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਆਈਆਈਟੀ ਜੋਧਪੁਰ ਦੇ ਆਰਕੀਟੈਕਚਰ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਆਈਆਈਟੀ ਜਿਹੀਆਂ ਸੰਸਥਾਵਾਂ ਨੂੰ ਨਵੇਂ ਆਰਕੀਟੈਕਚਰਲ ਡਿਜ਼ਾਈਨ ਲੈਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਸੁਵਿਧਾ ਤੇ ਰਵਾਇਤੀ ਸੁਹਜ ਸ਼ਾਸਤਰ ਨੂੰ ਮਿਸ਼ਰਣ ਹੋਵੇ।
ਇਸ ਮੌਕੇ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ, ਰਾਜਸਥਾਨ ਦੇ ਊਰਜਾ, ਜਨ ਸਿਹਤ ਅਤੇ ਇੰਜੀਨੀਅਰਿੰਗ ਮੰਤਰੀ ਡਾ. ਬੀ.ਡੀ. ਕੱਲਾ, ਰਾਜ ਸਭਾ ਮੈਂਬਰ ਸ਼੍ਰੀ ਰਾਜੇਂਦਰ ਗਹਿਲੋਤ, ਆਈਆਈਟੀ ਜੋਧਪੁਰ ਦੇ ਡਾਇਰੈਕਟਰ, ਪ੍ਰੋ. ਸ਼ਾਂਤਨੂ ਚੌਧਰੀ, ਡਿਪਟੀ ਡਾਇਰੈਕਟਰ, ਪ੍ਰੋ: ਸੰਪਤ ਰਾਏ ਵਡੇਰਾ, ਅਧਿਆਪਕ, ਵਿਦਿਆਰਥੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।
**********
ਐੱਮਐੱਸ/ਆਰਕੇ
(Release ID: 1759106)
Visitor Counter : 187