ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਮਹਿਲਾਵਾਂ ਦੇ ਵਿਕਾਸ ਅਤੇ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਲਈ ਇੱਕ ਸੁਰੱਖਿਅਤ ਅਤੇ ਅਨੁਕੂਲ ਮਾਹੌਲ ਸਿਰਜਣ ਦਾ ਸੱਦਾ ਦਿੱਤਾ


ਜਾਤ, ਧਰਮ, ਖੇਤਰ, ਭਾਸ਼ਾ ਅਤੇ ਲਿੰਗ ਦੇ ਅਧਾਰ ‘ਤੇ ਸਾਰੇ ਸਮਾਜਿਕ ਵਿਤਕਰਿਆਂ ਨੂੰ ਦੂਰ ਕਰਨ ਦੀ ਜ਼ਰੂਰਤ - ਉਪ ਰਾਸ਼ਟਰਪਤੀ



ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੇ ਕਾਰਜਾਂ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ



ਸ਼੍ਰੀ ਨਾਇਡੂ ਨੇ ਮਹਾਕਵੀ ਸੁਬਰਮਣਯ ਭਾਰਤੀ ਦੀ ਪੁਣਯ ਤਿਥੀ ਦੀ ਸ਼ਤਾਬਦੀ ਨੂੰ ਸੰਬੋਧਨ ਕੀਤਾ



ਭਰਥਿਆਰ ਨੂੰ ਭਰਪੂਰ ਸ਼ਰਧਾਂਜਲੀ ਭੇਟ ਕੀਤੀ; ਕਿਹਾ ਕਿ ਉਨ੍ਹਾਂ ਦੇ ਗੀਤਾਂ ਨੇ ਲੋਕਾਂ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ

Posted On: 18 SEP 2021 7:18PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਮਹਿਲਾਵਾਂ ਦੇ ਖ਼ਿਲਾਫ਼ ਹਰ ਤਰ੍ਹਾਂ ਦੇ ਭੇਦਭਾਵ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਵਿਕਾਸ ਅਤੇ ਆਪਣੀ ਪੂਰੀ ਸਮਰੱਥਾ ਪ੍ਰਾਪਤ ਕਰਨ ਲਈ ਇੱਕ ਸੁਰੱਖਿਅਤ ਅਤੇ ਅਨੁਕੂਲ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕੀਤੀ।

 

ਅੱਜ ਸੰਸਦ ਭਵਨ ਵਿਖੇ ਮਹਾਕਵੀ ਸੁਬਰਮਣਯ ਭਾਰਤੀ ਦੀ 100ਵੀਂ ਬਰਸੀ ਦੇ ਮੌਕੇ 'ਤੇ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਨੇ ਹਮੇਸ਼ਾ ਮਹਿਲਾਵਾਂ ਨੂੰ ਬ੍ਰਹਮਤਾ ਦੇ ਪ੍ਰਤੀਕ ਵਜੋਂ ਸਤਿਕਾਰਿਆ ਹੈ। ਉਪ ਰਾਸ਼ਟਰਪਤੀ ਨੇ ਉਨ੍ਹਾਂ ਸਾਰੀਆਂ ਰੁਕਾਵਟਾਂ ਅਤੇ ਵਿਤਕਰਿਆਂ ਨੂੰ ਦੂਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਸਮਾਜ ਨੂੰ ਜਾਤ, ਧਰਮ, ਖੇਤਰ, ਭਾਸ਼ਾ ਅਤੇ ਲਿੰਗ ਦੇ ਅਧਾਰ ਤੇ ਵੰਡਦੇ ਹਨ।

 

ਪੁਦੂਚੇਰੀ ਦੇ ਉਸ ਘਰ ਦੇ ਆਪਣੇ ਬੀਤੇ ਦਿਨੀਂ ਕੀਤੇ ਦੌਰੇ ਨੂੰ ਯਾਦ ਕਰਦੇ ਹੋਏ, ਜਿੱਥੇ ਕ੍ਰਾਂਤੀਕਾਰੀ ਕਵੀ ਦੇਸ਼ ਦੀ ਆਜ਼ਾਦੀ ਲਈ ਲੜਦੇ ਹੋਏ 11 ਸਾਲਾਂ ਤੋਂ ਵੱਧ ਸਮੇਂ ਤੱਕ ਰਹੇ ਸਨ, ਸ਼੍ਰੀ ਨਾਇਡੂ ਨੇ ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਕਵੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਤਾਕੀਦ ਕੀਤੀ।

 

ਮਹਾਕਵੀ ਭਾਰਤੀ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ, 'ਸਭ ਤੋਂ ਵਧੀਆ ਸਮਾਂ ਅੱਗੇ ਹੈ!', ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਅਤੇ ਗਰੀਬੀ, ਅਨਪੜ੍ਹਤਾ, ਭੁੱਖ ਅਤੇ ਵਿਤਕਰੇ ਤੋਂ ਮੁਕਤ ਭਾਰਤ ਦੀ ਸਿਰਜਣਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਮੈਨੂੰ ਯਕੀਨ ਹੈ ਕਿ ਸਾਡੇ ਨੌਜਵਾਨ ਆਪਣੀ ਅਥਾਹ ਊਰਜਾ ਅਤੇ ਉਤਸ਼ਾਹ ਨਾਲ ਭਾਰਤ ਦੀ ਤਰੱਕੀ ਅਤੇ ਤੇਜ਼ੀ ਨਾਲ ਵਿਕਾਸ ਨੂੰ ਤਾਕਤ ਦੇ ਸਕਦੇ ਹਨ।"

 

ਮਹਾਕਵੀ ਸੁਬਰਮਣਯ ਨੂੰ ਭਾਰਤ ਦੀਆਂ ਮਹਾਨ ਸਾਹਿਤਕ ਪ੍ਰਤਿਭਾਵਾਂ ਵਿੱਚੋਂ ਇੱਕ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਬਹੁਪੱਖੀ ਸ਼ਖਸੀਅਤ ਸਨ -ਇੱਕ ਕਵੀ, ਪੱਤਰਕਾਰ, ਸਵਤੰਤਰਤਾ ਸੈਨਾਨੀ ਅਤੇ ਸਮਾਜ ਸੁਧਾਰਕ ਜਿਨ੍ਹਾਂ ਨੇ ਗ਼ਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਗਹਿਨ ਦੇਖਭਾਲ਼ ਕੀਤੀ। ਉਨ੍ਹਾਂ ਕਿਹਾ, "ਉਨ੍ਹਾਂ ਦੀਆਂ ਉਤਸ਼ਾਹਵਰਧਕ ਕਵਿਤਾਵਾਂ ਅਤੇ ਲਿਖਤਾਂ ਨੇ ਤਮਿਲ ਨਾਡੂ ਅਤੇ ਭਾਰਤ ਦੇ ਲੋਕਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਦਾ ਸੰਚਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।"

 

ਸੁਭਾਵਿਕ ਕਵਿਤਾ ਵਿੱਚ ਅਸਧਾਰਨ ਯੋਗਤਾ ਲਈ 'ਰਾਸ਼ਟਰੀ ਕਵੀ' ਦੀ ਪ੍ਰਸ਼ੰਸਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਦੁਰਲੱਭ ਉਪਲਭਦੀ ਸੀ ਕਿ ਉਨ੍ਹਾਂ ਨੂੰ ਏਟਾਪੁਰਮ ਦਰਬਾਰ ਵਿਖੇ ਗਿਆਰਾਂ ਸਾਲ ਦੀ ਛੋਟੀ ਉਮਰ ਵਿੱਚ 'ਭਾਰਤੀ' ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਆਪਣੇ ਨਵੇਂ ਰੂਪਾਂ ਅਤੇ ਪ੍ਰਗਟਾਵਿਆਂ, ਸਰਲ ਸ਼ਬਦਾਂ, ਸਥਾਨਕ ਮੁਹਾਵਰਿਆਂ ਅਤੇ ਗੀਤਾਂ ਦੇ ਤਾਲਾਂ ਦੁਆਰਾ, ਮਹਾਕਵੀ ਭਾਰਤੀ ਦੀ ਕਵਿਤਾ ਨੇ ਤਮਿਲ ਸਾਹਿਤ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ।

 

ਬਾਲ ਗੰਗਾਧਰ ਤਿਲਕ, ਬਿਪਿਨ ਚੰਦਰ ਪਾਲ, ਲਾਲਾ ਲਾਜਪਤ ਰਾਏ, ਸ਼੍ਰੀ ਵੀ ਓ ਚਿਦੰਬਰਮ ਪਿੱਲੈ ਅਤੇ ਸ਼੍ਰੀ ਅਰਬਿੰਦੋ ਜਿਹੇ ਰਾਸ਼ਟਰੀ ਨੇਤਾਵਾਂ ਨਾਲ ਭਾਰਤੀ ਦੀ ਨਜ਼ਦੀਕੀ ਸਾਂਝ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਬਸਤੀਵਾਦੀ ਸ਼ਾਸਨ ਦੇ ਕਾਲੇ ਦਿਨਾਂ ਦੌਰਾਨ, ਮਹਾਕਵੀ ਸਾਡੇ ਰਾਸ਼ਟਰ ਵਿੱਚ ਫੈਲੇ ਹਨ੍ਹੇਰੇ ਨੂੰ ਦੂਰ ਕਰਨ ਲਈ ਰਾਸ਼ਟਰਵਾਦ ਦੇ ਆਪਣੇ ਸ਼ਕਤੀਸ਼ਾਲੀ ਸੰਦੇਸ਼ ਦੇ ਨਾਲ ਸੂਰਜ ਵਾਂਗ ਚੜ੍ਹੇ।

 

ਭੈਣ ਨਿਵੇਦਿਤਾ ਦੇ ਨਾਲ ਮਹਾਨ ਕਵੀ ਦੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਮੁਲਾਕਾਤ ਨੇ ਉਨ੍ਹਾਂ ਨੂੰ ਮਹਿਲਾਵਾਂ ਦੀ ਆਜ਼ਾਦੀ ਅਤੇ ਸਸ਼ਕਤੀਕਰਣ ਦੇ ਹੋਰ ਵੀ ਮਜ਼ਬੂਤ ਸਮਰਥਕ ਦੇ ਰੂਪ ਵਿੱਚ ਬਦਲ ਦਿੱਤਾ। ਉਨ੍ਹਾਂ ਯਾਦ ਕੀਤਾ ਚੱਕਰਵਰਤਿਨੀ ਮੈਗਜ਼ੀਨ ਦੇ ਸੰਪਾਦਕ ਵਜੋਂ, ਭਾਰਤੀ ਨੇ ਐਲਾਨ ਕੀਤਾ ਕਿ ਚੱਕਰਵਰਤਿਨੀ ਦਾ ਟੀਚਾ ਮਹਿਲਾਵਾਂ ਦਾ ਸਸ਼ਕਤੀਕਰਣ ਹੈ।

 

ਭਾਰਤੀ ਦੀ ਰਚਨਾ ਦੀ ਸਾਦਗੀ ਅਤੇ ਪ੍ਰਤੱਖ ਪ੍ਰਗਟਾਵੇ ਦੀ ਪ੍ਰਸ਼ੰਸਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਗੀਤਾਂ ਨੇ ਆਮ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਛੂਹਿਆ ਅਤੇ ਉਨ੍ਹਾਂ ਨੂੰ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਭਰ ਦਿੱਤਾ।

 

ਇਹ ਦੱਸਦੇ ਹੋਏ ਕਿ ਮਹਾਕਵੀ ਭਾਰਤੀ ਤਮਿਲ, ਅੰਗਰੇਜ਼ੀ, ਫ੍ਰੈਂਚ, ਸੰਸਕ੍ਰਿਤ, ਹਿੰਦੀ, ਹਿੰਦੁਸਤਾਨੀ ਅਤੇ ਤੇਲੁਗੂ ਸਮੇਤ ਕਈ ਭਾਸ਼ਾਵਾਂ ਵਿੱਚ ਬਹੁਤ ਚੰਗੀ ਤਰ੍ਹਾਂ ਮੁਹਾਰਤ ਰੱਖਦੇ ਸਨ, ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਗੱਦ ਅਤੇ ਕਵਿਤਾ ਜ਼ਰੀਏ ਆਜ਼ਾਦ ਭਾਰਤ ਦੇ ਉਦੇਸ਼ ਦਾ ਸਮਰਥਨ ਕਰਦੇ ਹੋਏ ਇੱਕ ਅਣਥੱਕ ਪੱਤਰਕਾਰ ਦਾ ਜੀਵਨ ਬਤੀਤ ਕੀਤਾ। ਉਨ੍ਹਾਂ ਕਿਹਾ ਕਿ ਕਵੀ ਪਾਸ ਕਿਸੇ ਵੀ ਉਸ ਨਵੀਂ ਚੀਜ਼ ਨੂੰ ਮਿਲਾਉਣ ਲਈ ਖੁੱਲਾ ਦਿਮਾਗ ਸੀ ਜੋ ਮਾਨਵਤਾ ਲਈ ਚੰਗਾ ਸੀ।

 

ਭਾਰਤੀ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਯਾਦ ਰੱਖਣ ਦੇ ਮਹੱਤਵ 'ਤੇ ਚਾਨਣਾ ਪਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਮਹੱਤਵਪੂਰਨ ਹੈ। ਉਨ੍ਹਾਂ ਮਹਾਨ ਕਵੀ ਦੀ 'ਇੱਕ ਚਮਕਦੀ ਪਾਲਕੀ, ਇੱਕ ਸੁਨਹਿਰੀ ਸ਼ਾਲ, ਇੱਕ ਪਰਸ ਅਤੇ ਇੱਕ ਰੇਟਿਨਯੂ' ਨਾਲ ਸਨਮਾਨਿਤ ਹੋਣ ਦੀ ਇੱਛਾ, ਜੋ ਉਨ੍ਹਾਂ ਨੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਏਟਾਪੁਰਮ ਦੇ ਜ਼ਿਮੀਦਾਰ ਨੂੰ ਪ੍ਰਗਟ ਕੀਤੀ ਸੀ, ਨੂੰ ਪੂਰਾ ਕਰਦੇ ਹੋਏ, ਹਰ ਸਾਲ ਭਰਥਿਆਰ ਦਾ ਜਨਮ ਦਿਨ ਮਨਾਉਣ ਲਈ ਵਨਵਿਲ ਕਲਚਰਲ ਸੈਂਟਰ ਦੀ ਪ੍ਰਸ਼ੰਸਾ ਕੀਤੀ।

 

ਉਪ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਵਿੱਚ ਰਾਸ਼ਟਰਵਾਦ, ਸੱਭਿਆਚਾਰ, ਅਧਿਆਤਮਿਕਤਾ ਅਤੇ ਸਮਾਜਿਕ ਜਾਗਰੂਕਤਾ ਦੀ ਜੋਤ ਜਗਾਉਣ ਲਈ ਮਹਾਕਵੀ ਸੁਬਰਮਣਯ ਭਾਰਤੀ ਦੇ ਜੀਵਨ ਅਤੇ ਕਾਰਜਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੰਦਿਆਂ ਕਿਹਾ, “ਮਹਾਨ ਕਵੀ ਦੀ ਵਿਰਾਸਤ ਨੂੰ ਯਾਦ ਰੱਖਣ ਦਾ ਇਹ ਇੱਕ ਸ਼ਾਨਦਾਰ ਤਰੀਕਾ ਹੈ।

 

ਉਪ ਰਾਸ਼ਟਰਪਤੀ ਨੇ ਕੇਂਦਰੀ ਸੱਭਿਆਚਾਰ ਮੰਤਰਾਲੇ, ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਅਤੇ ਦਿੱਲੀ ਤਮਿਲ ਸੰਗਮ ਵੱਲੋਂ ਭਰਥਿਆਰ ਦੀ 100ਵੀਂ ਬਰਸੀ ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਇਕੱਠੇ ਹੋਣ ਦੇ ਪ੍ਰਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।

 

ਸਮਾਗਮ ਦੌਰਾਨ ਸ਼੍ਰੀ ਅਰਜੁਨ ਰਾਮ ਮੇਘਵਾਲ, ਸੱਭਿਆਚਾਰ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ, ਸ਼੍ਰੀ ਕੇ ਰਵੀ, ਸੰਸਥਾਪਕ, ਵਨਾਵਿਲ ਸੱਭਿਆਚਾਰਕ ਕੇਂਦਰ, ਡਾ. ਸੁਧਾ ਸ਼ੇਸ਼ਯਾਨ, ਵਾਈਸ ਚਾਂਸਲਰ, ਤਮਿਲ ਨਾਡੂ ਐੱਮ ਜੀ ਆਰ ਮੈਡੀਕਲ ਯੂਨੀਵਰਸਿਟੀ, ਚੇਨਈ, ਡਾ. ਗੁਰਮੀਤ ਸਿੰਘ, ਵਾਈਸ ਚਾਂਸਲਰ, ਪਾਂਡੀਚੇਰੀ ਯੂਨੀਵਰਸਿਟੀ, ਡਾ. ਰਾਜਕੁਮਾਰ ਭਾਰਤੀ, ਮਹਾਕਵੀ ਸੁਬਰਮਣਯ ਭਾਰਤੀ ਦੇ ਪੜਪੋਤੇ, ਸ਼੍ਰੀ ਵੀ ਰੇਂਗਨਾਥਨ, ਪ੍ਰਧਾਨ, ਦਿੱਲੀ ਤਮਿਲ ਸੰਗਮ ਅਤੇ ਹੋਰ ਪਤਵੰਤੇ ਮੌਜੂਦ ਸਨ।

 

 

*********

 

 

ਐੱਮਐੱਸ/ਆਰਕੇ


(Release ID: 1756247) Visitor Counter : 232