ਉਪ ਰਾਸ਼ਟਰਪਤੀ ਸਕੱਤਰੇਤ

ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਨ ਲਈ ਖੋਜ ਅਤੇ ਵਿਕਾਸ ਲਈ ਇੱਕ ਸਮਰੱਥਕਾਰੀ ਈਕੋਸਿਸਟਮ ਜ਼ਰੂਰੀ ਹੈ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਨਤੀਜਾ-ਮੁਖੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ-ਅਕਾਦਮਿਕ ਇੰਟਰਫੇਸ ਵਧਾਉਣ ਦਾ ਸੱਦਾ ਦਿੱਤਾ

ਭਾਰਤ ਉੱਦਮਤਾ ਅਤੇ ਇਨੋਵੇਸ਼ਨ ਦੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਕਿਹਾ - ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਸੰਚਾਰ ਕਰੋ

ਉਦਯੋਗ ਨੂੰ ਸਾਡੇ ਨੌਜਵਾਨ ਸਟਾਰਟ-ਅੱਪਸ ਦਾ ਸਮਰਥਨ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਉੱਦਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਪੁਦੂਚੇਰੀ ਟੈਕਨੋਲੋਜੀਕਲ ਯੂਨੀਵਰਸਿਟੀ ਦਾ ਉਦਘਾਟਨ ਕੀਤਾ

Posted On: 13 SEP 2021 1:18PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਨ ਲਈ ਖੋਜ ਅਤੇ ਵਿਕਾਸ ਲਈ ਇੱਕ ਸਮਰੱਥਕਾਰੀ ਈਕੋਸਿਸਟਮ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਦੇ ਲਈ, ਉਨ੍ਹਾਂ ਅਕਾਦਮਿਕ ਸੰਸਥਾਵਾਂ ਨੂੰ ਤਾਕੀਦ ਕੀਤੀ ਕਿ ਉਹ ਉਦਯੋਗ ਨਾਲ ਵਧੇਰੇ ਸਬੰਧ ਸਥਾਪਿਤ ਕਰਨ ਤਾਂ ਜੋ ਸਮਕਾਲੀ ਚੁਣੌਤੀਆਂ ਜਿਵੇਂ ਕਿ ਜਲਵਾਯੂ ਪਰਿਵਰਤਨ, ਪ੍ਰਦੂਸ਼ਣ, ਸਿਹਤ ਅਤੇ ਗ਼ਰੀਬੀ ਨਾਲ ਨਜਿੱਠਣ ਲਈ ਨਤੀਜਾ-ਮੁਖੀ ਖੋਜ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

ਅੱਜ ਪੁਦੂਚੇਰੀ ਵਿੱਚ ਪੁਦੂਚੇਰੀ ਟੈਕਨੋਲੋਜੀਕਲ ਯੂਨੀਵਰਸਿਟੀ ਦਾ ਉਦਘਾਟਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਵਿਗਿਆਨ, ਟੈਕਨੋਲੋਜੀ ਅਤੇ ਹੋਰ ਖੇਤਰਾਂ ਵਿੱਚ ਅਤਿ-ਆਧੁਨਿਕ ਖੋਜ ਹੈ ਜੋ ਵਿਕਸਿਤ ਦੇਸ਼ਾਂ ਨੂੰ ਬਾਕੀ ਦੇਸ਼ਾਂ ਤੋਂ ਅੱਗੇ ਰੱਖਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜਿਕ ਤੌਰ 'ਤੇ ਢੁਕਵੀਂ ਖੋਜ ਕਰਨ ਅਤੇ ਰਾਸ਼ਟਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੇ ਜੀਵਨ ਵਿੱਚ ਸਮ੍ਰਿੱਧੀ ਅਤੇ ਖੁਸੀ ਲਿਆਉਣ ਲਈ ਨਵੇਂ ਵਿਚਾਰਾਂ ਨਾਲ ਅੱਗੇ ਆਉਣ ਲਈ ਕਿਹਾ।

ਇਹ ਗੱਲ ਧਿਆਨਯੋਗ ਹੈ ਕਿ ਪੁਦੂਚੇਰੀ ਟੈਕਨੋਲੋਜੀਕਲ ਯੂਨੀਵਰਸਿਟੀ (ਪੀਟੀਯੂ) ਕੇਂਦਰ ਸ਼ਾਸਿਤ ਪ੍ਰਦੇਸ਼ ਪੁਦੂਚੇਰੀ ਦੀ ਪਹਿਲੀ ਸਟੇਟ ਯੂਨੀਵਰਸਿਟੀ ਹੈ ਜਿਸ ਦਾ ਗਠਨ 1986 ਵਿੱਚ ਸਥਾਪਿਤ ਕੀਤੇ ਗਏ ਪਾਂਡੀਚੇਰੀ ਇੰਜੀਨੀਅਰਿੰਗ ਕਾਲਜ ਨੂੰ ਅੱਪਗ੍ਰੇਡ ਕਰਕੇ ਕੀਤਾ ਗਿਆ ਹੈ।

 

ਇਲੈਕਟ੍ਰੌਨਿਕ ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਡ੍ਰੋਨ ਟੈਕਨੋਲੋਜੀ ਜਿਹੇ ਵਿਭਿੰਨ ਖੇਤਰਾਂ ਵਿੱਚ 15 ਸਟਾਰਟ-ਅੱਪਸ ਨੂੰ ਸਫ਼ਲਤਾਪੂਰਵਕ ਸੰਚਾਲਿਤ ਕਰਨ ਲਈ ਸੰਸਥਾ ਵਿੱਚ ਸਥਾਪਿਤ ਕੀਤੇ ਗਏ ਅਟਲ ਇਨਕਿਊਬੇਸ਼ਨ ਸੈਂਟਰ ਦੀ ਪ੍ਰਸ਼ੰਸਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਉੱਦਮਤਾ ਅਤੇ ਇਨੋਵੇਸ਼ਨ ਦੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਬਣਨ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਪ੍ਰਾਈਵੇਟ ਖਿਡਾਰੀਆਂ ਲਈ ਸਪੇਸ ਸੈਕਟਰ ਦੇ ਖੁੱਲ੍ਹਣ ਦੇ ਨਾਲ, ਇਸ ਸੈਕਟਰ ਵਿੱਚ ਕਈ ਹੋਣਹਾਰ ਸਟਾਰਟ-ਅੱਪਸ ਅੱਗੇ ਆਏ ਹਨ।

 

 ਇਹ ਦਸਦੇ ਹੋਏ ਕਿ 45 ਪ੍ਰਤੀਸ਼ਤ ਸਟਾਰਟ-ਅੱਪਸ ਦੀਆਂ ਲੀਡਰਸ਼ਿਪ ਟੀਮਾਂ ਵਿੱਚ ਇੱਕ ਮਹਿਲਾ ਉੱਦਮੀ ਸ਼ਾਮਲ ਹੈ, ਉਨ੍ਹਾਂ ਉਮੀਦ ਜਤਾਈ ਕਿ ਇਹ ਸਿਹਤਮੰਦ ਰੁਝਾਨ ਹੋਰ ਮਹਿਲਾਵਾਂ ਨੂੰ ਵੀ ਉੱਦਮੀ ਬਣਨ ਲਈ ਪ੍ਰੇਰਿਤ ਕਰੇਗਾ। ਮਹਿਲਾਵਾਂ ਲਈ ਬਰਾਬਰ ਦੇ ਅਵਸਰ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਜਾਤ, ਧਰਮ ਅਤੇ ਲਿੰਗ ਦੇ ਨਾਮ ‘ਤੇ ਬਣੀਆਂ ਨਕਲੀ ਰੁਕਾਵਟਾਂ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਕਿਹਾ, “ਤੁਹਾਨੂੰ ਇੱਕ ਪੀੜ੍ਹੀ ਤਿਆਰ ਕਰਨੀ ਚਾਹੀਦੀ ਹੈ ਤਾਕਿ ਇਹ ਦੇਖਿਆ ਜਾ ਸਕੇ ਕਿ ਹਰ ਤਰ੍ਹਾਂ ਦੇ ਸਮਾਜਿਕ ਵਿਤਕਰੇ ਖ਼ਤਮ ਹੋ ਗਏ ਹਨ।”

 

ਨੌਜਵਾਨਾਂ ਦੀ ਵੱਡੀ ਆਬਾਦੀ ਨੂੰ ਨਵੇਂ ਭਾਰਤ ਦੀ ਮੁੱਖ ਤਾਕਤ ਦਸਦਿਆਂ, ਉਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਵਿੱਚ ਇਨੋਵੇਸ਼ਨ, ਉੱਦਮਤਾ ਅਤੇ ਪ੍ਰਯੋਗ ਦੀ ਭਾਵਨਾ ਪੈਦਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਦੇਸ਼ ਨੂੰ ਅੱਗੇ ਲਿਜਾ ਸਕਣ।

 

ਸਟਾਰਟ-ਅੱਪਸ ਦੇ ਸਮਰਥਨ ਲਈ ਪਰਿਭਾਸ਼ਾ ਨੂੰ ਵਿਆਪਕ ਬਣਾਉਣ, ਨਿਯਮਾਂ ਨੂੰ ਸਰਲ ਬਣਾਉਣ ਅਤੇ ਟੈਕਸ ਛੋਟ ਪ੍ਰਦਾਨ ਕਰਨ ਵਰਗੇ ਕਈ ਸਰਕਾਰੀ ਉਪਾਵਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਉਦਯੋਗ ਜਗਤ ਨੂੰ ਵੀ ਅੱਗੇ ਆਉਣ ਅਤੇ ਨੌਜਵਾਨ ਉੱਦਮੀਆਂ ਦਾ ਸਮਰਥਨ ਕਰਨ, ਫੰਡ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਉੱਦਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਬਿਹਤਰ ਉਦਯੋਗ-ਅਕਾਦਮਿਕ ਸਾਂਝੇਦਾਰੀ ਨੂੰ ਹੁਲਾਰਾ ਦੇਣਾ ਹੋਵੇਗਾ।”

 

ਉਪ ਰਾਸ਼ਟਰਪਤੀ ਨੇ ਕੋਵਿਡ -19 ਮਹਾਮਾਰੀ ਦੌਰਾਨ ਜੀਵਨ ਬਚਾਉਣ ਵਾਲੇ ਇਨੋਵੇਸ਼ਨਸ, ਜਿਵੇਂ ਕਿ ਟੈਸਟਿੰਗ ਕਿੱਟਾਂ ਅਤੇ ਕਿਫਾਇਤੀ ਵੈਂਟੀਲੇਟਰਾਂ ਦੇ ਨਾਲ-ਨਾਲ ਸਪਲਾਈ ਚੇਨ ਪ੍ਰਬੰਧਨ ਅਤੇ ਲੌਜਿਸਟਿਕਸ ਵਿੱਚ ਇਨੋਵੇਸ਼ਨਸ ਲਈ ਭਾਰਤੀ ਸਟਾਰਟ-ਅੱਪਸ ਦੀ ਪ੍ਰਸ਼ੰਸਾ ਵੀ ਕੀਤੀ।

 

ਇਹ ਦਸਦਿਆਂ ਕਿ ਸਿੱਖਿਆ ਖੇਤਰ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਖੇਤਰਾਂ ਵਿਚੋਂ ਇੱਕ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਸਭ ਤੋਂ ਬੁਰਾ ਸਮਾਂ ਖ਼ਤਮ ਹੋ ਗਿਆ ਜਾਪਦਾ ਹੈ ਅਤੇ ਅਸੀਂ ਕੋਵਿਡ ਤੋਂ ਬਾਅਦ ਦੀ ਰਿਕਵਰੀ ਵੱਲ ਦੇਖ ਰਹੇ ਹਾਂ। ਇਹ ਦੱਸਦੇ ਹੋਏ ਕਿ ਔਨਲਾਈਨ ਸਿੱਖਿਆ ਕਲਾਸਰੂਮ ਲਰਨਿੰਗ ਦਾ ਬਦਲ ਨਹੀਂ ਹੋ ਸਕਦੀ, ਉਨ੍ਹਾਂ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਸਕੂਲਾਂ ਅਤੇ ਕਾਲਜਾਂ ਵਿੱਚ ਵਾਪਸ ਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਦੇਸ਼ ਭਰ ਵਿੱਚ ਚੱਲ ਰਹੇ ਵਿਸ਼ਵ ਦੇ ਸਭ ਤੋਂ ਵੱਡੇ ਮੁਫ਼ਤ ਟੀਕਾਕਰਣ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦਿਆਂ, ਉਪ ਰਾਸ਼ਟਰਪਤੀ ਨੇ ਲੋਕਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਵੈਕਸੀਨ ਦੀ ਝਿਜਕ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਹ ਦੇਖਣ ਕਿ ਉਨ੍ਹਾਂ ਦੇ ਹਲਕਿਆਂ ਦੇ ਸਾਰੇ ਲੋਕ ਟੀਕਾਕਰਣ ਕਰਵਾਉਂਦੇ ਹਨ।

 

 

ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਾਂਡੀਚੇਰੀ ਇੰਜੀਨੀਅਰਿੰਗ ਕਾਲਜ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਲਜ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਉਠਾਉਣਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

 

ਪੁਦੂਚੇਰੀ ਦੇ ਲੋਕਾਂ ਨੂੰ ਉਨ੍ਹਾਂ ਦੀ ਪਹਿਲੀ ਸਟੇਟ ਯੂਨੀਵਰਸਿਟੀ ਮਿਲਣ 'ਤੇ ਵਧਾਈ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਉੱਤਮਤਾ ਦੇ ਬਹੁਤ ਸਾਰੇ ਵਧੀਕ ਅਵਸਰ ਪ੍ਰਦਾਨ ਕਰੇਗਾ ਜਿਵੇਂ ਕਿ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਸਹਿਯੋਗ ਅਤੇ ਨਵੇਂ ਕੋਰਸ ਸ਼ੁਰੂ ਕਰਨ ਵਿੱਚ ਖੁਦਮੁਖਤਿਆਰੀ। ਉਨ੍ਹਾਂ ਪੀਟੀਈ ਦੀ ਸਥਾਪਨਾ ਨੂੰ ਪੁਦੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤਕਨੀਕੀ ਸਿੱਖਿਆ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦਸਿਆ।

 

ਮਹਾਨ ਕ੍ਰਾਂਤੀਕਾਰੀ ਯੋਗੀ, ਦਾਰਸ਼ਨਿਕ ਅਤੇ ਕਵੀ, ਸ਼੍ਰੀ ਅਰੋਬਿੰਦੋ ਦੇ ਸ਼ਬਦਾਂ ਨੂੰ ਯਾਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਸਿਰਫ ਕਰੀਅਰ ਬਣਾਉਣ ਜਾਂ ਆਜੀਵਕਾ ਕਮਾਉਣ ਲਈ ਨਹੀਂ ਹੈ, ਬਲਕਿ ਇਸਦਾ ਮੁੱਖ ਉਦੇਸ਼ ਮਾਤ ਭੂਮੀ ਦੀ ਸੇਵਾ ਲਈ ਪ੍ਰਤੀਬੱਧ ਅਤੇ ਯੋਗ ਨਾਗਰਿਕ ਪੈਦਾ ਕਰਨਾ ਹੈ। ਉਨ੍ਹਾਂ ਪੀਟੀਯੂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ, “ਇਨ੍ਹਾਂ ਸਤਰਾਂ ਨੂੰ ਤੁਹਾਡੇ ਸਾਰਿਆਂ ਦੇ ਭਵਿੱਖ ਦੇ ਪ੍ਰਯਤਨਾਂ ਵਿੱਚ ਇੱਕ ਮਾਰਗਦਰਸ਼ਕ ਵਜੋਂ ਕੰਮ ਕਰਨ ਦਿਓ।” ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਾਡੇ ਨੌਜਵਾਨਾਂ ਨੂੰ ਸ਼੍ਰੀ ਅਰੋਬਿੰਦੋ, ਸੁਬਰਾਮਣਯ ਭਾਰਤੀ ਅਤੇ ਚਿਦੰਬਰਮ ਪਿੱਲਈ ਵਰਗੇ ਮਹਾਨ ਨੇਤਾਵਾਂ ਦੇ ਜੀਵਨ ਅਤੇ ਕਾਰਜਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਉਪ ਰਾਸ਼ਟਰਪਤੀ ਨੇ ਉਨ੍ਹਾਂ ਦੇ ਜੀਵਨ ਦੀਆਂ ਕਹਾਣੀਆਂ ਨੂੰ ਸਾਡੇ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕਰਨ ਦਾ ਸੱਦਾ ਦਿੱਤਾ।

 

ਵਿਸ਼ਵ ਭਰ ਵਿੱਚ ਹਾਲ ਹੀ ਵਿੱਚ ਜੰਗਲਾਂ ਵਿੱਚ ਲੱਗੀ ਅੱਗ, ਹੜ੍ਹਾਂ ਅਤੇ ਲੂ ਜਿਹੀਆਂ ਅਤਿ ਮੌਸਮ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਵਾਸਤਵਿਕ ਹੈ ਅਤੇ ਸਾਰਿਆਂ ਨੂੰ ਕੁਦਰਤ ਦਾ ਸਤਿਕਾਰ ਕਰਨ ਅਤੇ ਸਦਭਾਵ ਵਿੱਚ ਰਹਿਣ ਦਾ ਸੱਦਾ ਦਿੱਤਾ।

 

 ਇਸ ਸਮਾਗਮ ਦੌਰਾਨ ਪੁਦੂਚੇਰੀ ਦੇ ਉਪ ਰਾਜਪਾਲ, ਡਾ. ਤਮਿਲਿਸਾਈ ਸੁੰਦਰਰਾਜਨ, ਮੁੱਖ ਮੰਤਰੀ, ਸ਼੍ਰੀ ਐੱਨ ਰੰਗਾਸਾਮੀ, ਪੁਦੂਚੇਰੀ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਇਮਬਲਮ ਆਰ ਸੇਲਵਮ, ਪੁਦੂਚੇਰੀ ਵਿਧਾਨ ਸਭਾ ਦੇ ਡਿਪਟੀ ਸਪੀਕਰ, ਸ਼੍ਰੀ ਪੀ ਰਾਜਾਵੇਲੂ, ਪੁਦੂਚੇਰੀ ਸਰਕਾਰ ਦੇ ਮੰਤਰੀ, ਸ਼੍ਰੀ ਏ ਨਮਸੀਵਯਮ, ਸ਼੍ਰੀ ਕੇ ਲਕਸ਼ਮੀ ਨਾਰਾਇਣਨ, ਸ੍ਰੀ ਏ ਕੇ ਸਾਈ ਜੇ ਸਰਾਵਨਨ, ਪੁਦੂਚੇਰੀ ਵਿਧਾਨ ਸਭਾ ਦੇ ਮੈਂਬਰ, ਸ਼੍ਰੀ ਪੀ ਐੱਮ ਐੱਲ ਕਲਯਾਣ ਸੁੰਦਰਮ, ਪ੍ਰਿੰਸੀਪਲ, ਪੁਦੂਚੇਰੀ ਟੈਕਨੋਲੋਜੀਕਲ ਯੂਨੀਵਰਸਿਟੀ, ਡਾ. ਕੇ ਵਿਵੇਕਾਨੰਦਨ ਅਤੇ ਹੋਰ ਪਤਵੰਤੇ ਮੌਜੂਦ ਸਨ।

 

*********

ਐੱਮਐੱਸ/ਆਰਕੇ/ਡੀਪੀ



(Release ID: 1754622) Visitor Counter : 191