ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਵੱਡੀਆਂ ਸੰਸਥਾਵਾਂ ਅਤੇ ਸਰਕਾਰੀ ਸੰਗਠਨਾਂ ਨੂੰ ਆਪਣੇ ਕਾਰਜਾਂ ਵਿੱਚ ਸਥਾਈ ਊਰਜਾ ਪੱਧਤੀਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ
ਵੱਡੀਆਂ ਇਮਾਰਤਾਂ ਵਿੱਚ ਰੂਫਟੌਪ ਸੋਲਰ ਪਲਾਂਟ ਅਤੇ ਮੀਂਹ ਦੇ ਪਾਣੀ ਦੀ ਸੰਭਾਲ਼ ਨੂੰ ਲਾਜ਼ਮੀ ਬਣਾਉਣ ਦਾ ਸੁਝਾਅ ਦਿੱਤਾ
ਸ਼੍ਰੀ ਨਾਇਡੂ ਨੇ ਰੂਫਟੌਪ ਸੋਲਰ ਸਿਸਟਮ ਅਤੇ ਸੋਲਰ ਵਾਟਰ ਹੀਟਰ ਅਪਣਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
'ਤਾਜ਼ੀ ਹਵਾ ਅਤੇ ਸੂਰਜ ਦੀ ਰੋਸ਼ਨੀ ਕੁਦਰਤ ਦੇ ਤੋਹਫ਼ੇ ਹਨ': ਉਪ ਰਾਸ਼ਟਰਪਤੀ ਨੇ ਰਹਿਣ ਦੇ ਸਥਾਨਾਂ ਅਤੇ ਕਾਰਜ ਸਥਾਨਾਂ ਵਿੱਚ ਲੋੜੀਂਦੀ ਵੈਂਟੀਲੇਸ਼ਨ ਅਤੇ ਸੂਰਜ ਦੀ ਰੋਸ਼ਨੀ ਰੱਖਣ ਦੀ ਅਪੀਲ ਕੀਤੀ
ਮੈਡੀਕਲ ਸੰਸਥਾਵਾਂ ਨੇ ਮਹਾਮਾਰੀ ਦੇ ਦੌਰਾਨ ਅਸਾਧਾਰਣ ਸੰਕਲਪ ਦਿਖਾਇਆ ਹੈ: ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਜੇਆਈਪੀਐੱਮਈਆਰ (JIPMER), ਪੁਦੂਚੇਰੀ ਵਿਖੇ 1.5 ਮੈਗਾਵਾਟ ਦਾ ਰੂਫਟੌਪ ਸੋਲਰ ਪਾਵਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ
Posted On:
12 SEP 2021 1:14PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਵੱਡੀਆਂ ਸੰਸਥਾਵਾਂ ਅਤੇ ਪਬਲਿਕ ਸੈਕਟਰ ਦੇ ਸੰਗਠਨਾਂ ਨੂੰ ਅਖੁੱਟ ਊਰਜਾ ਦੀ ਵਰਤੋਂ ਕਰਕੇ ਆਪਣੇ ਕਾਰਜਾਂ ਵਿੱਚ ਸਥਿਰਤਾ ਵੱਲ ਪ੍ਰਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉਦਯੋਗਾਂ ਅਤੇ ਯੂਨੀਵਰਸਿਟੀਆਂ ਅਤੇ ਸਰਕਾਰੀ ਇਮਾਰਤਾਂ ਅਤੇ ਗੋਦਾਮਾਂ ਜਿਹੀਆਂ ਵੱਡੀਆਂ ਸੰਸਥਾਵਾਂ ਵਿੱਚ ਛੱਤ ਵਾਲੇ ਸੋਲਰ ਪਲਾਂਟਾਂ ਨੂੰ ਵੱਧ ਤੋਂ ਵੱਧ ਅਪਣਾਉਣ ਦਾ ਸੁਝਾਅ ਦਿੱਤਾ।
ਇਸ ਸਬੰਧ ਵਿੱਚ, ਸ਼੍ਰੀ ਨਾਇਡੂ ਨੇ ਸਾਰੇ ਰਾਜਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਵੀਆਂ ਇਮਾਰਤਾਂ ਲਈ ਮਾਡਲ ਬਿਲਡਿੰਗ ਉਪ-ਨਿਯਮ ਅਪਣਾਉਣ ਬਾਰੇ ਵਿਚਾਰ ਕਰਨ। ਉਨ੍ਹਾਂ ਵੱਡੀਆਂ ਇਮਾਰਤਾਂ ਅਤੇ ਸਰਕਾਰੀ ਸੰਸਥਾਵਾਂ ਲਈ ਲੋੜੀਂਦੀ ਰੋਸ਼ਨੀ ਅਤੇ ਵੈਂਟੀਲੇਸ਼ਨ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਸੋਲਰ ਰੂਫਟੌਪ ਪਲਾਂਟ, ਸੋਲਰ ਵਾਟਰ ਹੀਟਰ ਅਤੇ ਰੇਨ ਵਾਟਰ ਹਾਰਵੈਸਟਿੰਗ ਨੂੰ ਲਾਜ਼ਮੀ ਬਣਾਉਣ ਦੀ ਜ਼ਰੂਰਤ ਦੀ ਵੀ ਵਕਾਲਤ ਕੀਤੀ।
ਜੇਆਈਪੀਐੱਮਈਆਰ (JIPMER), ਪੁਦੂਚੇਰੀ ਵਿਖੇ 1.5 ਮੈਗਾਵਾਟ ਦੇ ਛੱਤ ਵਾਲੇ ਸੌਰ ਊਰਜਾ ਪਲਾਂਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ 'ਊਰਜਾ ਪਰਿਵਰਤਨ' ਲਈ ਵਿਸ਼ਵ ਲੀਡਰ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਭਾਰਤ ਵਿੱਚ ਸਥਾਪਿਤ ਅਖੁੱਟ ਊਰਜਾ ਸਮਰੱਥਾ ਦੇ 100 ਗੀਗਾਵਾਟ ਦੇ ਹਾਲ ਹੀ ਦੇ ਮੀਲ ਪੱਥਰ ਦੀ ਪ੍ਰਸ਼ੰਸਾ ਕੀਤੀ।
ਭਾਰਤ ਦੇ 'ਊਰਜਾ ਪਰਿਵਰਤਨ' ਦੀ ਗਤੀ ਨੂੰ ਜਾਰੀ ਰੱਖਣ ਵਿੱਚ ਛੱਤ ਵਾਲੇ ਸੋਲਰ ਪਲਾਂਟਾਂ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਰੂਫਟੌਪ ਪਲਾਂਟ ਇਮਾਰਤਾਂ ‘ਤੇ ਖਾਲੀ ਖੇਤਰਾਂ ਦੀ ਵਰਤੋਂ ਕਰਦੇ ਹਨ, ਖਪਤ ਦੇ ਨਜ਼ਦੀਕ ਬਿਜਲੀ ਪੈਦਾ ਕਰਦੇ ਹਨ ਅਤੇ ਟ੍ਰਾਂਸਮਿਸ਼ਨ ਨੁਕਸਾਨ ਨੂੰ ਘਟਾਉਂਦੇ ਹਨ। ਉਪ ਰਾਸ਼ਟਰਪਤੀ ਨੇ ਸੌਰ ਊਰਜਾ ਦੀ ਵਰਤੋਂ ਨੂੰ ਮਕਬੂਲ ਬਣਾਉਣ ਅਤੇ ਲੋਕਾਂ ਵਿੱਚ ਉਨ੍ਹਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਦੇ ਲਾਭਾਂ ਬਾਰੇ ਵਧੇਰੇ ਜਾਗਰੂਕਤਾ ਲਿਆਉਣ ਲਈ ਰਾਜ, ਕੇਂਦਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਟੀਮ ਇੰਡੀਆ ਵਜੋਂ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੋਲਰ ਰੂਫਟੌਪ ਸਿਸਟਮ ਲਈ ਸਬਸਿਡੀ ਪ੍ਰੋਗਰਾਮਾਂ ਅਤੇ ਨਤੀਜੇ ਵਜੋਂ ਬਿਜਲੀ ਦੀ ਬਚਤ ਦੇ ਪ੍ਰਚਾਰ ਲਈ ਵਿਆਪਕ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ।
ਮਹਾਮਾਰੀ ਤੋਂ ਸਿੱਖੇ ਗਏ ਸਬਕ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਇਮਾਰਤਾਂ ਵਿੱਚ ਵੈਂਟੀਲੇਸ਼ਨ ਅਤੇ ਹਵਾ ਦੇ ਸੰਚਾਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਪ ਰਾਸ਼ਟਰਪਤੀ ਨੇ ਕਿਹਾ, "ਸੂਰਜ ਦੀ ਰੋਸ਼ਨੀ ਇੱਕ ਕੁਦਰਤੀ ਕੀਟਾਣੂਨਾਸ਼ਕ ਹੈ। ਸਾਡੇ ਪੂਰਵਜਾਂ ਨੇ ਇਸ ਨੂੰ ਸਮਝਿਆ - ਇਹ ਉਨ੍ਹਾਂ ਦੀ ਯੋਜਨਾਬੰਦੀ ਅਤੇ ਘਰਾਂ ਦੇ ਨਿਰਮਾਣ ਵਿੱਚ ਝਲਕਦਾ ਹੈ।" ਉਨ੍ਹਾਂ ਚੰਗੀ ਸਿਹਤ ਬਣਾਈ ਰੱਖਣ ਲਈ ਲੋੜੀਂਦੀ ਵੈਂਟੀਲੇਸ਼ਨ ਅਤੇ ਕੁਦਰਤੀ ਰੋਸ਼ਨੀ ਨਾਲ ਰਹਿਣ ਅਤੇ ਕੰਮ ਕਰਨ ਵਾਲੀਆਂ ਥਾਵਾਂ ਦੀ ਉਸਾਰੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਸ਼੍ਰੀ ਨਾਇਡੂ ਨੇ ਮਹਾਮਾਰੀ ਦੇ ਦੌਰਾਨ ਅਸਾਧਾਰਣ ਸੰਕਲਪ ਵਿਖਾਉਣ ਅਤੇ ਮੌਕੇ 'ਤੇ ਅੱਗੇ ਆਉਣ ਲਈ ਜੀਆਈਪੀਐੱਮਈਆਰ ਜਿਹੀਆਂ ਮੈਡੀਕਲ ਸੰਸਥਾਵਾਂ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ, ਡਾਕਟਰਾਂ, ਮੈਡੀਕਲ ਸਟਾਫ ਅਤੇ ਸਿਹਤ ਸੰਭਾਲ਼ ਕਰਮਚਾਰੀਆਂ ਦੇ ਸਮੂਹਿਕ ਪ੍ਰਯਤਨਾਂ ਸਦਕਾ ਦੇਸ਼ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਲੜ ਰਿਹਾ ਹੈ।
ਸਮਾਰੋਹ ਦੌਰਾਨ ਪੁਦੂਚੇਰੀ ਦੇ ਉਪ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ, ਮੁੱਖ ਮੰਤਰੀ, ਸ਼੍ਰੀ ਐੱਨ ਰੰਗਾਸਾਮੀ, ਸਪੀਕਰ, ਪੁਦੂਚੇਰੀ ਵਿਧਾਨ ਸਭਾ, ਸ਼੍ਰੀ ਇਮਬਲਮ ਆਰ ਸੇਲਵਮ, ਲੋਕ ਸਭਾ ਮੈਂਬਰ, ਸ਼੍ਰੀ ਵੀ ਵੈਥੀਲਿੰਗਮ, ਪੁਦੂਚੇਰੀ ਤੋਂ ਵਿਧਾਇਕ, ਸ਼੍ਰੀ ਵੀ ਅਰੂਮੋਗਾਮੇ, ਡਾਇਰੈਕਟਰ, ਜੇਆਈਪੀਐੱਮਈਆਰ, ਪੁਦੂਚੇਰੀ, ਡਾ. ਰਾਕੇਸ਼ ਅਗਰਵਾਲ ਅਤੇ ਹੋਰ ਲੋਕ ਮੌਜੂਦ ਸਨ।
*********
ਐੱਮਐੱਸ/ਆਰਕੇ
(Release ID: 1754347)
Visitor Counter : 167