ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਵਿਗਿਆਨ ਸੰਚਾਰ ਅਤੇ ਐੱਸਟੀਆਈ ਨੀਤੀ ਰਿਸਰਚ ਨੂੰ ਉਤਸ਼ਾਹਤ ਕਰਨ ਲਈ ਜੇ ਸੀ ਬੋਸ ਯੂਨੀਵਰਸਿਟੀ ਨਾਲ ਸਮਝੌਤੇ 'ਤੇ ਦਸਤਖਤ ਕੀਤੇ
Posted On:
28 AUG 2021 7:05PM by PIB Chandigarh
ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ)-ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ), ਨਵੀਂ ਦਿੱਲੀ ਅਤੇ ਜੇ ਸੀ ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲੋਜੀ, ਵਾਇਐੱਮਸੀਏ, ਫਰੀਦਾਬਾਦ ਨਾਲ ਇੱਕ ਦੂਜੇ ਦੀਆਂ ਸਮਰੱਥਾਵਾਂ ਦਾ ਲਾਭ ਲੈਂਦੇ ਹੋਏ ਨੀਤੀ ਖੋਜ ਅਤੇ ਵਿਗਿਆਨ ਸੰਚਾਰ ਨੂੰ ਹੁਲਾਰਾ ਦੇਣ ਲਈ ਸਹਿਯੋਗ ਅਤੇ ਨੈਟਵਰਕਿੰਗ ਲਈ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ।
ਸੀਐੱਸਆਈਆਰ-ਐੱਨਆਈਐੱਸਸੀਪੀਆਰ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਦੀ ਇੱਕ ਸੰਘਟਕ ਪ੍ਰਯੋਗਸ਼ਾਲਾ ਹੈ ਜੋ 14 ਜਨਵਰੀ 2021 ਨੂੰ ਸੀਐੱਸਆਈਆਰ-ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਇਨਫਰਮੇਸ਼ਨ ਰਿਸੋਰਸਜ਼ (ਸੀਐੱਸਆਈਆਰ-ਐੱਨਆਈਐੱਸਸੀਪੀਆਰ) ਅਤੇ ਸੀਐੱਸਆਈਆਰ-ਨੈਸ਼ਨਲ ਇੰਸਟੀਚਿਟ ਆਫ਼ ਸਾਇੰਸ, ਟੈਕਨੋਲੋਜੀ ਐਂਡ ਡਿਵੈਲਪਮੈਂਟ ਸਟੱਡੀਜ਼ (CSIR-NISTADS) ਦੇ ਰਲੇਵੇਂ ਤੋਂ ਬਾਅਦ ਹੋਂਦ ਵਿੱਚ ਆਈ ਸੀ।


ਸੀਐੱਸਆਈਆਰ-ਐੱਨਆਈਐੱਸਸੀਪੀਆਰ ਅਤੇ ਜੇ ਸੀ ਬੋਸ ਯੂਨੀਵਰਸਿਟੀ ਵਿਚਕਾਰ ਸਮਝੌਤੇ 'ਤੇ ਦਸਤਖਤ ਸਮਾਰੋਹ
27 ਅਗਸਤ 2021 ਨੂੰ ਜੇ ਸੀ ਬੋਸ ਯੂਨੀਵਰਸਿਟੀ ਵਿੱਚ ਐੱਮਓਯੂ 'ਤੇ ਦਸਤਖਤ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਸੀਐੱਸਆਈਆਰ-ਐੱਨਆਈਐੱਸਸੀਪੀਆਰ, ਨਵੀਂ ਦਿੱਲੀ ਦੀ ਤਰਫੋਂ ਨਿਰਦੇਸ਼ਕ ਪ੍ਰੋ. ਰੰਜਨਾ ਅਗਰਵਾਲ ਅਤੇ ਜੇ ਸੀ ਬੋਸ ਯੂਨੀਵਰਸਿਟੀ ਦੀ ਤਰਫੋਂ ਰਜਿਸਟਰਾਰ ਡਾ. ਐੱਸ ਕੇ ਗਰਗ ਨੇ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਇਹ ਸਹਿਯੋਗ ਵਿਗਿਆਨ ਸੰਚਾਰ ਅਤੇ ਐੱਸਟੀਆਈ ਨੀਤੀ ਖੋਜ ਵਿੱਚ ਗਿਆਨ ਸਾਂਝਾ ਕਰਨ ਅਤੇ ਕੌਸ਼ਲ ਵਿਕਾਸ ਦੇ ਨਵੇਂ ਰਾਹ ਖੋਲ੍ਹੇਗਾ।
ਇਸ ਮੌਕੇ ਬੋਲਦਿਆਂ ਪ੍ਰੋ. ਰੰਜਨਾ ਅਗਰਵਾਲ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਕੋਲ 60 ਸਾਲਾਂ ਤੋਂ ਵੱਧ ਦੀ ਵਿਗਿਆਨ ਸੰਚਾਰ, ਨੀਤੀ ਖੋਜ ਅਤੇ ਵਿਗਿਆਨ ਸਿੱਖਿਆ ਦੀ ਸਮ੍ਰਿਧ ਵਿਰਾਸਤ ਹੈ। CSIR-NIScPR ਵਿਗਿਆਨ, ਤਕਨਾਲੋਜੀ ਅਤੇ ਸਮਾਜ ਦੇ ਇੰਟਰਫੇਸ ‘ਤੇ ਕੰਮ ਕਰਦਾ ਰਿਹਾ ਹੈ। ਇਹ ਆਮ ਲੋਕਾਂ ਵਿੱਚ ਵਿਵਹਾਰ ਸੰਬੰਧੀ ਤਬਦੀਲੀ, ਵਿਗਿਆਨਕ ਸੋਚ ਅਤੇ ਤਰਕਸ਼ੀਲਤਾ ਲਈ ਕੰਮ ਕਰਦਾ ਹੈ। ਦੂਜੇ ਪਾਸੇ, ਜੇ ਸੀ ਬੋਸ ਯੂਨੀਵਰਸਿਟੀ ਦੀ ਉਦਯੋਗ-ਅਕਾਦਮਿਕ ਜੁੜਾਵ, ਤਕਨੀਕੀ ਮੁਹਾਰਤ 'ਤੇ ਚੰਗੀ ਪਕੜ ਹੈ ਅਤੇ ਇਸਦਾ ਆਪਣੇ ਪੁਰਾਣੇ ਵਿਦਿਆਰਥੀਆਂ ਦਾ ਇੱਕ ਮਜ਼ਬੂਤ ਨੈਟਵਰਕ ਹੈ। ਇਸ ਤਰ੍ਹਾਂ, ਦੋਵੇਂ ਸੰਸਥਾਵਾਂ ਲਾਇਬ੍ਰੇਰੀਆਂ, ਪ੍ਰਕਾਸ਼ਨਾਂ, ਪ੍ਰੋਗਰਾਮਾਂ ਅਤੇ ਪ੍ਰਯੋਗਸ਼ਾਲਾਵਾਂ
ਸਮੇਤ ਸੰਸਾਧਨਾਂ ਨੂੰ ਸਾਂਝਾ ਕਰਕੇ ਆਪਣੀ ਸਮਰੱਥਾ ਅਤੇ ਯੋਗਦਾਨ ਨਾਲ ਇੱਕ ਦੂਸਰੇ ਨੂੰ ਮਜ਼ਬੂਤ ਕਰ ਸਕਦੀਆਂ ਹਨ।

ਪ੍ਰੋ. ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਅਤੇ ਡਾ. ਐੱਸ ਕੇ ਗਰਗ, ਰਜਿਸਟਰਾਰ, ਜੇ ਸੀ ਬੋਸ ਯੂਨੀਵਰਸਿਟੀ
ਪ੍ਰੋ. ਅਗਰਵਾਲ ਨੇ ਕਿਹਾ ਕਿ ਲੋਕਾਂ ਦਾ ਵਿਗਿਆਨ ਬਾਰੇ ਹਮੇਸ਼ਾ ਵੱਖਰਾ ਨਜ਼ਰੀਆ ਅਤੇ ਧਾਰਨਾ ਰਹੀ ਹੈ, ਜਿਸ ਕਾਰਨ ਵਿਗਿਆਨ ਸਮਾਜ ਨਾਲ ਜੁੜ ਨਹੀਂ ਸਕਿਆ ਹੈ। ਸੀਐੱਸਆਈਆਰ-ਐੱਨਆਈਐੱਸਸੀਪੀਆਰ ਵਿੱਚ, ਸਾਡੀਆਂ ਕੋਸ਼ਿਸ਼ਾਂ ਵਿਗਿਆਨ ਨੂੰ ਸਮਾਜ ਨਾਲ ਜੋੜਨ 'ਤੇ ਕੇਂਦਰਤ ਹਨ ਅਤੇ ਅਸੀਂ ਵਿਗਿਆਨ ਸੰਚਾਰ ਦੇ ਵੱਖ-ਵੱਖ ਯਤਨਾਂ ਦੁਆਰਾ ਵਿਗਿਆਨ ਅਤੇ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਹਿਯੋਗ ਨਾਲ, ਦੋਵੇਂ ਸੰਸਥਾਵਾਂ ਵਿਗਿਆਨ, ਤਕਨਾਲੋਜੀ, ਨਵੀਨਤਾ, ਖੋਜ, ਨੀਤੀ ਅਧਿਐਨ ਅਤੇ ਵਿਗਿਆਨ ਸੰਚਾਰ ਦੇ ਖੇਤਰ ਵਿੱਚ ਮਿਲ ਕੇ ਕੰਮ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਗਿਆਨ ਪੱਤਰਕਾਰੀ ਨੂੰ ਉਤਸ਼ਾਹਤ ਕਰਨ ਵਿੱਚ ਵੀ ਵੱਡਾ ਯੋਗਦਾਨ ਪਾ ਸਕਦੀ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਅਤੇ ਕਮਿਊਨਿਟੀ ਕਾਲਜ ਦੁਆਰਾ ਸਮਾਜਕ ਪਹਿਲਾਂ ਉਹ ਖੇਤਰ ਹਨ ਜਿੱਥੇ ਦੋਵੇਂ ਇਕਾਈਆਂ ਮਿਲ ਕੇ ਕੰਮ ਕਰ ਸਕਦੀਆਂ ਹਨ।

ਇਸ ਮੌਕੇ ਜੇ ਸੀ ਬੋਸ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐੱਸ ਕੇ ਗਰਗ ਨੇ ਯੂਨੀਵਰਸਿਟੀ ਅਤੇ ਇਸ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਸੰਸਥਾਵਾਂ ਦਰਮਿਆਨ ਸਹਿਯੋਗ ਵਿਗਿਆਨਕ ਅਤੇ ਤਕਨੀਕੀ ਖੋਜ ਨੂੰ ਉਤਸ਼ਾਹਤ ਕਰੇਗਾ ਜਿਸਦਾ ਅਖੀਰ ਸਮਾਜ ਨੂੰ ਲਾਭ ਹੋਵੇਗਾ।
ਇਸ ਮੌਕੇ ਬੋਲਦਿਆਂ, ਡੀਨ ਪਲੇਸਮੈਂਟ, ਅਲੂਮਨੀ ਅਤੇ ਕਾਰਪੋਰੇਟ ਮਾਮਲੇ, ਪ੍ਰੋ. ਵਿਕਰਮ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਕੌਸ਼ਲ ਅਤੇ ਰੋਜ਼ਗਾਰ ਯੋਗਤਾ ਨੂੰ ਹੋਰ ਵਧਾਉਣ ਲਈ ਨਵੇਂ ਉੱਤਮਤਾ ਕੇਂਦਰ ਜੋੜੇ ਹਨ। ਨਾਲ ਹੀ, ਯੂਨੀਵਰਸਿਟੀ ਨੇ ਖੋਜ ਪ੍ਰਕਾਸ਼ਨਾਂ ਵਿੱਚ ਮਹੱਤਵਪੂਰਣ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿੱਚ ਖੋਜ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।

ਇਸ ਮੌਕੇ “ਸਾਇੰਸ ਰਿਪੋਰਟਰ” ਦਾ ਕਲੈਕਟਰ ਐਡੀਸ਼ਨ (ਅਗਸਤ 2021 ਅੰਕ) ਵੀ ਜਾਰੀ ਕੀਤਾ ਗਿਆ
ਇਸ ਤੋਂ ਪਹਿਲਾਂ, ਡਾ. ਮੁਹੰਮਦ ਰਈਸ, ਮੁੱਖ ਵਿਗਿਆਨਕ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਸੀਐੱਸਆਈਆਰ ਅਤੇ ਇਸਦੇ ਦੇਸ਼ ਵਿਆਪੀ ਨੈਟਵਰਕ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੀਐੱਸਆਈਆਰ ਵਿਭਿੰਨ ਵਿਗਿਆਨ ਅਤੇ ਤਕਨਾਲੋਜੀ ਖੇਤਰਾਂ ਵਿੱਚ ਆਪਣੇ ਅਤਿਆਧੁਨਿਕ ਆਰਐਂਡਡੀ ਗਿਆਨ ਅਧਾਰ ਲਈ ਜਾਣਿਆ ਜਾਂਦਾ ਹੈ। ਪੂਰੇ ਭਾਰਤ ਵਿੱਚ ਮੌਜੂਦਗੀ ਹੋਣ ਦੇ ਨਾਲ-ਨਾਲ, ਸੀਐੱਸਆਈਆਰ ਕੋਲ 37 ਰਾਸ਼ਟਰੀ ਪ੍ਰਯੋਗਸ਼ਾਲਾਵਾਂ, 39 ਆਊਟਰੀਚ ਕੇਂਦਰਾਂ, 3 ਇਨੋਵੇਸ਼ਨ ਕੰਪਲੈਕਸਾਂ ਅਤੇ 5 ਯੂਨਿਟਾਂ ਦਾ ਇੱਕ ਗਤੀਸ਼ੀਲ ਨੈਟਵਰਕ ਹੈ। ਸੀਐੱਸਆਈਆਰ ਦੀ ਖੋਜ ਅਤੇ ਵਿਕਾਸ ਦੀ ਮੁਹਾਰਤ ਅਤੇ ਅਨੁਭਵ ਇਸਦੇ ਤਕਰੀਬਨ 8000 ਵਿਗਿਆਨਕ ਅਤੇ ਤਕਨੀਕੀ ਕਰਮਚਾਰੀਆਂ ਦੇ ਸਹਿਯੋਗ ਨਾਲ ਤਕਰੀਬਨ 4600 ਐਕਟਿਵ ਵਿਗਿਆਨਕਾਂ ਵਿੱਚ ਰੂਪਮਾਨ ਹੈ। ਇਹ ਨਵੇਂ ਭਾਰਤ ਲਈ ਨਵੇਂ ਸੀਐੱਸਆਈਆਰ ਦੇ ਵਿਜ਼ਨ ਦੇ ਨਾਲ ਕੰਮ ਕਰ ਰਿਹਾ ਹੈ।
ਪ੍ਰੋਗਰਾਮ ਦਾ ਸਮਾਪਨ ਡੀਨ (ਆਰਐਂਡਡੀ) ਪ੍ਰੋ. ਰਾਜੇਸ਼ ਕੁਮਾਰ ਆਹੂਜਾ ਦੁਆਰਾ ਪ੍ਰਸਤੁਤ ਧੰਨਵਾਦ ਦੇ ਮਤੇ ਨਾਲ ਹੋਇਆ।
ਇਸ ਮੌਕੇ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਪ੍ਰਸਿੱਧ ਵਿਗਿਆਨ ਰਸਾਲੇ “ਸਾਇੰਸ ਰਿਪੋਰਟਰ” ਦਾ ਇੱਕ ਕੁਲੈਕਟਰ ਐਡੀਸ਼ਨ (ਅਗਸਤ 2021 ਅੰਕ) ਵੀ ਜਾਰੀ ਕੀਤਾ ਗਿਆ।
ਇਸ ਮੌਕੇ CSIR- NIScPR ਤੋਂ ਐੱਨਆਈਐੱਸਸੀਪੀਆਰ ਦੇ ਮੁੱਖ ਵਿਗਿਆਨਕ ਅਤੇ ਡੀਨ-ਵਿਗਿਆਨ ਸੰਚਾਰ ਸ਼੍ਰੀ ਹਸਨ ਜਾਵੇਦ ਖਾਨ, ਮੁੱਖ ਵਿਗਿਆਨਕ ਅਤੇ ਡੀਨ-ਨੀਤੀ ਖੋਜ ਡਾ. ਸੁਜੀਤ ਭੱਟਾਚਾਰੀਆ, ਡਾ. ਨਰੇਸ਼ ਕੁਮਾਰ, ਮੁੱਖ ਵਿਗਿਆਨਕ, ਡਾ. ਕਨਿਕਾ ਮਲਿਕ, ਪ੍ਰਮੁੱਖ ਵਿਗਿਆਨਕ, ਡਾ. ਮਨੀਸ਼ ਮੋਹਨ ਗੋਰੇ, ਵਿਗਿਆਨਕ ਅਤੇ ਸੁਸ਼੍ਰੀ ਸ਼ਰਧਾ ਪਾਂਡੇ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਜੇ ਸੀ ਬੋਸ ਯੂਨੀਵਰਸਿਟੀ ਤੋਂ ਡੀਨ (ਐੱਫਈਟੀ) ਪ੍ਰੋਫੈਸਰ ਐੱਮ ਐੱਲ ਅਗਰਵਾਲ, ਡੀਨ (ਐੱਫਆਈਸੀ) ਪ੍ਰੋ. ਕੋਮਲ ਕੁਮਾਰ ਭਾਟੀਆ, ਡਾ. ਪੋਪਲੀ ਅਤੇ ਲਾਇਬ੍ਰੇਰੀਅਨ ਡਾ. ਪੀ ਐੱਨ ਬਾਜਪਾਈ ਵੀ ਇਸ ਮੌਕੇ ਮੌਜੂਦ ਸਨ।
*********
ਐੱਸਐੱਨਸੀ/ਪੀਕੇ/ਆਰਆਰ
(Release ID: 1750295)
Visitor Counter : 188