ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੈਰਾ–ਐਥਲੀਟ ਦਲ ਨਾਲ ਗੱਲਬਾਤ ਕੀਤੀ
ਅੱਜ ਦਾ ਨਵਾਂ ਭਾਰਤ ਆਪਣੇ ਐਥਲੀਟਾਂ ਉੱਤੇ ਬੋਝ ਨਹੀਂ ਪਾਉਂਦਾ, ਬਲਕਿ ਉਨ੍ਹਾਂ ਤੋਂ ਬਿਹਤਰੀਨ ਕਾਰਗੁਜ਼ਾਰੀ ਦੀ ਆਸ ਰੱਖਦਾ ਹੈ: ਪ੍ਰਧਾਨ ਮੰਤਰੀ
ਸਾਡੇ ਪਿੰਡ ਤੇ ਦੂਰ–ਦੁਰਾਡੇ ਦੇ ਖੇਤਰ ਪ੍ਰਤਿਭਾ ਨਾਲ ਭਰਪੂਰ ਹਨ ਅਤੇ ਪੈਰਾ ਐਥਲੀਟਾਂ ਦਾ ਦਲ ਇਸ ਦੀ ਜਿਊਂਦੀ–ਜਾਗਦੀ ਮਿਸਾਲ ਹੈ: ਪ੍ਰਧਾਨ ਮੰਤਰੀ
ਅੱਜ ਦੇਸ਼ ਖਿਡਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਗ੍ਰਾਮੀਣ ਖੇਤਰਾਂ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਸਥਾਨਕ ਪ੍ਰਤਿਭਾ ਨੂੰ ਪਹਿਚਾਣਨ ਦੇ ਲਈ ‘ਖੇਲੋ ਇੰਡੀਆ ਸੈਂਟਰਾਂ’ ਦੀ ਗਿਣਤੀ ਮੌਜੂਦਾ 360 ਤੋਂ ਵਧਾ ਕੇ 1,000 ਕੀਤੀ ਜਾਵੇਗੀ: ਪ੍ਰਧਾਨ ਮੰਤਰੀ
ਸਾਨੂੰ ਭਾਰਤ ‘ਚ ਖੇਡ ਸੱਭਿਆਚਾਰ ਵਿਕਸਿਤ ਕਰਨ ਲਈ ਆਪਣੇ ਤਰੀਕਿਆਂ ਤੇ ਪ੍ਰਣਾਲੀ ਵਿੱਚ ਨਿਰੰਤਰ ਸੁਧਾਰ ਲਿਆਉਣਾ ਹੋਵੇਗਾ, ਪਿਛਲੀਆਂ ਪੀੜ੍ਹੀਆਂ ਦੇ ਡਰ ਤਿਆਗਣੇ ਹੋਣਗੇ: ਪ੍ਰਧਾਨ ਮੰਤਰੀ
ਦੇਸ਼ ਖੁੱਲ੍ਹੇ ਦਿਲ ਨਾਲ ਆਪਣੇ ਖਿਡਾਰੀਆਂ ਦੀ ਮਦਦ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਤੁਸੀਂ ਕਿਸੇ ਵੀ ਰਾਜ, ਖੇਤਰ ਨਾਲ ਸਬੰਧਿਤ ਹੋਵੋ, ਕੋਈ ਵੀ ਭਾਸ਼ਾ ਬੋਲਦੇ ਹੋਵੋ, ਸਭ ਤੋਂ ਉੱਤੇ, ਅੱਜ ਤੁਸੀਂ ‘ਟੀਮ ਇੰਡੀਆ’ ਹੋ। ਇਹ ਭਾਵਨਾ ਸਾਡੇ ਸਮਾਜ ਦੇ ਹਰੇਕ ਪੱਧਰ ‘ਤੇ ਹਰ ਹਿੱਸੇ ‘ਚ ਰਚਣੀ–ਮਿਚਣੀ ਚਾਹੀਦੀ ਹੈ: ਪ੍ਰਧਾਨ ਮੰਤਰੀ
ਪਹਿਲਾਂ ਦਿੱਵਯਾਂਗ ਜਨ ਨੂੰ ਸੁਵਿਧਾਵਾਂ ਦੇਣਾ ਭਲਾਈ ਸਮਝਿਆ ਜਾਂਦਾ ਸੀ, ਅੱਜ ਦੇਸ਼ ਇਹ ਸਭ ਆਪਣੀ ਜ਼ਿੰਮੇਵਾਰੀ ਦਾ ਹਿੱਸਾ ਸਮਝ ਕੇ ਕੰਮ ਕਰ ਰਿਹਾ ਹੈ:
Posted On:
17 AUG 2021 1:38PM by PIB Chandigarh
https://youtu.be/RanHKiTz0Lo
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੈਰਾ–ਐਥਲੀਟ ਦਲ, ਉਨ੍ਹਾਂ ਦੇ ਪਰਿਵਾਰਾਂ, ਸਰਪ੍ਰਸਤਾਂ ਤੇ ਕੋਚਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ; ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਮੌਜੁਦ ਸਨ।
ਇਸ ਮੌਕੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਪੈਰਾ–ਐਥਲੀਟਾਂ ਦੇ ਆਤਮਵਿਸ਼ਵਾਸ ਤੇ ਇੱਛਾ–ਸ਼ਕਤੀ ਦੀ ਤਾਰੀਫ਼ ਕੀਤੀ। ਉਨ੍ਹਾਂ ਪੈਰਾਲੰਪਿਕ ਖੇਡਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੋਣ ਦਾ ਕ੍ਰੈਡਿਟ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਪੈਰਾ ਐਥਲੀਟਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਟੋਕੀਓ 2020 ਪੈਰਾਲੰਪਿਕ ਖੇਡਾਂ ਲਈ ਭਾਰਤ ਇੱਕ ਨਵਾਂ ਇਤਿਹਾਸ ਸਿਰਜੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਨਵਾਂ ਭਾਰਤ ਐਥਲੀਟਾਂ ਉੱਤੇ ਮੈਡਲਾਂ ਲਈ ਦਬਾਅ ਨਹੀਂ ਪਾਉਂਦਾ, ਬਲਕਿ ਉਨ੍ਹਾਂ ਤੋਂ ਬਿਹਤਰੀਨ ਕਾਰਗੁਜ਼ਾਰੀ ਦੀ ਆਸ ਰੱਖਦਾ ਹੈ। ਹਾਲੀਆ ਓਲੰਪਿਕ ਖੇਡਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਐਥਲੀਟ ਭਾਵੇਂ ਜਿੱਤਣ ਜਾਂ ਖੁੰਝ ਜਾਣ, ਦੇਸ਼ ਉਲ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਦ੍ਰਿੜ੍ਹਤਾਪੂਰਬਕ ਖੜ੍ਹਾ ਹੈ।
ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਸਰੀਰਕ ਤਾਕਤ ਦੇ ਨਾਲ ਮਾਨਸਿਕ ਸ਼ਕਤੀ ਦੇ ਮਹੱਤਵ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੈਰਾ–ਐਥਲੀਟਾਂ ਦੇ ਆਪਣੇ ਹਾਲਾਤ 'ਤੇ ਕਾਬੂ ਪਾਉਣ ਅਤੇ ਉਨ੍ਹਾਂ ਦੇ ਬਾਵਜੂਦ ਅੱਗੇ ਵਧਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਐਕਸਪੋਜ਼ਰ ਦੀ ਘਾਟ ਅਤੇ ਨਵੀਂ ਜਗ੍ਹਾ, ਨਵੇਂ ਲੋਕਾਂ ਅਤੇ ਅੰਤਰਰਾਸ਼ਟਰੀ ਸਥਿਤੀਆਂ ਦੇ ਤਣਾਅ ਵਰਗੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਦਲ ਲਈ ਖੇਡ ਮਨੋਵਿਗਿਆਨ ਤੇ ਵਰਕਸ਼ਾਪ ਅਤੇ ਸੈਮੀਨਾਰਾਂ ਦੇ ਤਿੰਨ ਸੈਸ਼ਨ ਕਰਵਾਏ ਗਏ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਪਿੰਡ ਅਤੇ ਦੂਰ–ਦੁਰਾਡੇ ਖੇਤਰ ਪ੍ਰਤਿਭਾ ਨਾਲ ਭਰਪੂਰ ਹਨ ਅਤੇ ਪੈਰਾ–ਐਥਲੀਟਾਂ ਦੀ ਟੋਲੀ ਇਸ ਦੀ ਜਿਉਂਦੀ–ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਨੌਜਵਾਨਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਾਰੇ ਸਰੋਤ ਅਤੇ ਸੁਵਿਧਾਵਾਂ ਮਿਲਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਬਹੁਤ ਸਾਰੇ ਨੌਜਵਾਨ ਖਿਡਾਰੀ ਮੈਡਲ ਜਿੱਤਣ ਦੀ ਸਮਰੱਥਾ ਵਾਲੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਗ੍ਰਾਮੀਣ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਥਾਨਕ ਪ੍ਰਤਿਭਾਵਾਂ ਨੂੰ ਪਹਿਚਾਣਨ ਲਈ 360 ‘ਖੇਲੋ ਇੰਡੀਆ ਕੇਂਦਰ’ ਸਥਾਪਿਤ ਕੀਤੇ ਗਏ ਹਨ। ਛੇਤੀ ਹੀ ਇਹ ਗਿਣਤੀ ਵਧਾ ਕੇ 1000 ਕੇਂਦਰਾਂ ਤੱਕ ਕਰ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਉਪਕਰਣ, ਮੈਦਾਨ ਅਤੇ ਹੋਰ ਸਰੋਤ ਤੇ ਬੁਨਿਆਦੀ ਢਾਂਚਾ ਉਪਲਬਧ ਕਰਵਾਇਆ ਜਾ ਰਿਹਾ ਹੈ। ਦੇਸ਼ ਆਪਣੇ ਖਿਡਾਰੀਆਂ ਦੀ ਖੁੱਲ੍ਹੇ ਦਿਲ ਨਾਲ ਮਦਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ‘ਟਾਰਗੈਟ ਓਲੰਪਿਕ ਪੋਡੀਅਮ ਸਕੀਮ’ ਰਾਹੀਂ ਲੋੜੀਂਦੀਆਂ ਸੁਵਿਧਾਵਾਂ ਅਤੇ ਟੀਚੇ ਮੁਹੱਈਆ ਕਰਵਾਏ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਖਰ 'ਤੇ ਪਹੁੰਚਣ ਲਈ, ਸਾਨੂੰ ਪੁਰਾਣੀ ਪੀੜ੍ਹੀ ਦੇ ਦਿਲਾਂ ਵਿੱਚੋਂ ਡਰ ਦੂਰ ਕਰਨੇ ਹੋਣਗੇ, ਤਦ ਪਰਿਵਾਰ ਡਰਦੇ ਸਨ; ਜਦੋਂ ਕੋਈ ਬੱਚਾ ਖੇਡਾਂ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਇੱਕ ਜਾਂ ਦੋ ਨੂੰ ਛੱਡ ਕੇ ਖੇਡਾਂ ਵਿੱਚ ਕਰੀਅਰ ਬਣਾਉਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਸੀ। ਇਸ ਅਸੁਰੱਖਿਆ ਨੂੰ ਨਸ਼ਟ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਭਾਰਤ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਿਤ ਕਰਨ ਦੇ ਆਪਣੇ ਤਰੀਕਿਆਂ ਅਤੇ ਪ੍ਰਣਾਲੀ ਵਿੱਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਖੇਡਾਂ ਅੰਤਰਰਾਸ਼ਟਰੀ ਖੇਡਾਂ ਦੇ ਪ੍ਰਚਾਰ ਦੇ ਨਾਲ-ਨਾਲ ਨਵੀਂ ਪਛਾਣ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਨੇ ਇੰਫਾਲ, ਮਣੀਪੁਰ ਵਿੱਚ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ, ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਵਿੱਚ ਖੇਡਾਂ ਦੀ ਸਥਿਤੀ ਅਤੇ ‘ਖੇਲੋ ਇੰਡੀਆ ਅੰਦੋਲਨ’ ਦਾ ਜ਼ਿਕਰ ਉਸ ਦਿਸ਼ਾ ਵਿੱਚ ਮੁੱਖ ਕਦਮਾਂ ਵਜੋਂ ਕੀਤਾ।
ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਕਿਹਾ ਕਿ ਉਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਚਾਹੇ ਉਹ ਕਿਸੇ ਵੀ ਖੇਡ ਦੀ ਨੁਮਾਇੰਦਗੀ ਕਰਦੇ ਹੋਣ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ‘ਤੇ ਜ਼ੋਰ ਦਿੰਦਿਆ ਕਿਹਾ,“ਤੁਸੀਂ ਕਿਸੇ ਵੀ ਰਾਜ, ਖੇਤਰ ਨਾਲ ਸਬੰਧਿਤ ਹੋ, ਤੁਸੀਂ ਜੋ ਵੀ ਭਾਸ਼ਾ ਬੋਲਦੇ ਹੋ, ਸਭ ਤੋਂ ਉੱਪਰ, ਅੱਜ ਤੁਸੀਂ ‘ਟੀਮ ਇੰਡੀਆ’ ਹੋ। ਇਹ ਭਾਵਨਾ ਸਾਡੇ ਸਮਾਜ ਦੇ ਹਰ ਹਿੱਸੇ ਦੇ ਹਰ ਪੱਧਰ 'ਤੇ ਫੈਲੀ ਹੋਣੀ ਚਾਹੀਦੀ ਹੈ''।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦਿੱਵਯਾਂਗ ਜਨ ਨੂੰ ਸੁਵਿਧਾਵਾਂ ਦੇਣ ਨੂੰ ‘ਭਲਾਈ ਕਰਨਾ’ ਮੰਨਿਆ ਜਾਂਦਾ ਸੀ, ਅੱਜ ਦੇਸ਼ ਆਪਣੀ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਸ ਲਈ ਕੰਮ ਕਰ ਰਿਹਾ ਹੈ। ਇਸੇ ਲਈ, ਸੰਸਦ ਨੇ ਦਿੱਵਯਾਂਗ ਜਨ ਨੂੰ ਵਿਆਪਕ ਸੁਰੱਖਿਆ ਪ੍ਰਦਾਨ ਕਰਨ ਲਈ 'ਦਿ ਰਾਈਟਸ ਫਾਰ ਪਰਸਨਸ ਵਿਦ ਡਿਸਏਬਿਲਿਟੀਜ਼ ਐਕਟ' ਜਿਹਾ ਕਾਨੂੰਨ ਬਣਾਇਆ। ਉਨ੍ਹਾਂ ਕਿਹਾ ਕਿ 'ਸੁਗਮਯ ਭਾਰਤ ਮੁਹਿੰਮ' ਇਸ ਨਵੀਂ ਸੋਚ ਦੀ ਸਭ ਤੋਂ ਵੱਡੀ ਉਦਾਹਰਣ ਹੈ। ਅੱਜ ਸੈਂਕੜੇ ਸਰਕਾਰੀ ਇਮਾਰਤਾਂ, ਰੇਲਵੇ ਸਟੇਸ਼ਨ, ਰੇਲ ਕੋਚ, ਘਰੇਲੂ ਹਵਾਈ ਅੱਡੇ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਦਿੱਵਯਾਂਗ ਵਿਅਕਤੀਆਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੰਤ ‘ਚ ਕਿਹਾ ਕਿ ਭਾਰਤੀ ਸੈਨਤ–ਭਾਸ਼ਾ (ਸਾਈਨ ਲੈਂਗੁਏਜ) ਦੇ ਮਿਆਰੀ ਸ਼ਬਦਕੋਸ਼, ਐੱਨਸੀਈਆਰਟੀ (NCERT) ਦਾ ‘ਸੈਨਤ–ਭਾਸ਼ਾ ਅਨੁਵਾਦ’ ਜਿਹੇ ਪ੍ਰਯਤਨ ਜੀਵਨ ਬਦਲ ਰਹੇ ਹਨ ਅਤੇ ਦੇਸ਼ ਭਰ ਵਿੱਚ ਕਈ ਪ੍ਰਤਿਭਾਵਾਂ ਨੂੰ ਵਿਸ਼ਵਾਸ ਦਿਵਾ ਰਹੇ ਹਨ।
9 ਖੇਡ ਅਨੁਸ਼ਾਸਨਾਂ ਦੇ 54 ਪੈਰਾ–ਐਥਲੀਟ ਰਾਸ਼ਟਰ ਦੀ ਨੁਮਾਇੰਦਗੀ ਕਰਨ ਲਈ ਟੋਕੀਓ ਜਾ ਰਹੇ ਹਨ। ਪੈਰਾਲੰਪਿਕ ਖੇਡਾਂ ਲਈ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੋਲੀ ਹੈ।
*******
ਡੀਐੱਸ
(Release ID: 1746797)
Visitor Counter : 249
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam